ਸੁਰਜੀਤ ਜੱਸਲ
ਫੋਨ: 91-98146-07737
ਭਾਵੇਂ ਗੀਤ-ਸੰਗੀਤ ਹੋਵੇ ਜਾਂ ਫਿਲਮਾਂ, ਅਮਰਦੀਪ ਸਿੰਘ ਗਿੱਲ ਹਮੇਸ਼ਾ ਸਮਰਪਿਤ ਹੋ ਕੇ ਤੁਰਿਆ ਹੈ। ਜਿੱਥੇ ਉਸ ਨੇ ਗੀਤ ਲਿਖੇ ਉਥੇ ਕਈ ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਤੇ ਡਾਇਲਾਗ ਵੀ ਲਿਖੇ, ਸਾਹਿਤਕ ਕਿਰਤਾਂ ਦਾ ਫਿਲਮੀ ਚਿਤਰਣ ਕੀਤਾ। ਇਨ੍ਹੀਂ ਦਿਨੀਂ ਅਮਰਦੀਪ ਸਿੰਘ ਗਿੱਲ ਬਤੌਰ ਨਿਰਦੇਸ਼ਕ ਇੱਕ ਵੱਡੀ ਫਿਲਮ ‘ਜੋਰਾ 10 ਨੰਬਰੀਆ’ ਨਾਲ ਚਰਚਾ ਵਿਚ ਹੈ।
ਪਹਿਲੀ ਸਤੰਬਰ ਨੂੰ ਰਿਲੀਜ਼ ਹੋ ਰਹੀ ‘ਬਠਿੰਡੇ ਵਾਲੇ ਬਾਈ’ ਬੈਨਰ ਹੇਠ ਬਣੀ ਇਹ ਫਿਲਮ ਪੰਜਾਬ ਦੇ ਗੁੰਡਾਗਰਦੀ ਤੇ ਗੈਂਗਵਾਰ ਆਧਾਰਤ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੇ ਟਰੇਲਰ ਨੇ ਪੰਜਾਬ ਭਰ ਵਿਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਬਹੁਤੇ ਲੋਕ ਇਸ ਫਿਲਮ ਨੂੰ ਬੀਤੇ ਦਿਨਾਂ ਦੌਰਾਨ ਪੰਜਾਬ ਦੀਆਂ ਘਟਨਾਵਾਂ ਨਾਲ ਜੋੜ ਕੇ ਵੇਖ ਰਹੇ ਹਨ। ਫਿਲਮ ਸਬੰਧੀ ਅਮਰਦੀਪ ਸਿੰਘ ਗਿੱਲ ਨਾਲ ਹੋਈ ਗੱਲਬਾਤ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।
ਸਵਾਲ: ‘ਸੁੱਤਾ ਨਾਗ’ ਅਤੇ ‘ਖੂਨ’ ਫਿਲਮਾਂ ਨਾਲ ਸਾਰਥਕ ਸਿਨੇਮਾ ਦਾ ਆਗਾਜ਼ ਕਰਨ ਵਾਲੇ ਅਮਰਦੀਪ ਗਿੱਲ ਦੇ ਜ਼ਿਹਨ ਵਿਚ ਇੱਕ ਮਾਰਧਾੜ ਵਾਲੀ ਐਕਸ਼ਨ ਭਰਪੂਰ ਫਿਲਮ ਦਾ ਖਿਆਲ ਕਿਵੇਂ ਆਇਆ?
ਜਵਾਬ: ਦਰਅਸਲ ਮੈਨੂੰ ਇਸੇ ਤਰ੍ਹਾਂ ਦਾ ਸਿਨੇਮਾ ਪਸੰਦ ਹੈ ਜੋ ਸੱਚਾਈ ਦੇ ਨੇੜੇ ਹੋਵੇ, ਸਮਾਜ ਦਾ ਹਿੱਸਾ ਹੋਵੇ। ਮੇਰੀ ਫਿਲਮ ਜਾਂ ਤਾਂ ਬਹੁਤ ਜਜ਼ਬਾਤੀ ਹੋਵੇਗੀ ਜਾਂ ਬਹੁਤ ਐਕਸ਼ਨ ਵਾਲੀ ਹੋਵੇਗੀ ਜਾਂ ਫਿਰ ਡਰਾਮਾ ਹੋਵੇਗੀ। ਫਿਲਮ ‘ਜੋਰਾ 10 ਨੰਬਰੀਆ’ 1995 ਦੇ ਦੌਰ ਦੀ ਕਹਾਣੀ ਹੈ। ਇਸ ਵਿਸ਼ੇ ‘ਤੇ ਮੈਂ ਪਿਛਲੇ ਅੱਠ-ਦਸ ਸਾਲਾਂ ਤੋਂ ਕੰਮ ਕਰ ਰਿਹਾ ਸਾਂ। ਮੇਰੀ ਸੋਚ ਸੀ ਕਿ ਜਦ ਵੀ ਫੀਚਰ ਫਿਲਮ ਬਣਾਈ ਤਾਂ ਇਸੇ ਕਹਾਣੀ ‘ਤੇ ਬਣਾਵਾਂਗਾ। ਕਾਮੇਡੀ ਜਾਂ ਹਲਕੇ ਪੱਧਰ ਦੀਆਂ ਫਿਲਮਾਂ ਬਣਾਉਣਾ ਮੇਰੇ ਵੱਸ ਦੀ ਗੱਲ ਨਹੀਂ।
ਸੁਵਾਲ: ਕੀ ਇਸ ਫਿਲਮ ਰਾਹੀਂ ਪੰਜਾਬ ਦੇ ਗੈਂਗਸਟਰਾਂ ਦੀ ਗੱਲ ਕੀਤੀ ਹੈ?
ਜੁਆਬ: ਉਹ ਗੱਲ ਨਹੀਂ ਹੈ ਜੋ ਹਰ ਕੋਈ ਸੋਚ ਰਿਹਾ ਹੈ। ਇਸ ਫਿਲਮ ਰਾਹੀਂ ਰਾਜਨੀਤੀ ਦੀ ਸ਼ਰਨ ‘ਚ ਪਲ ਰਹੇ ਗੁੰਡਾ ਰਾਜ ਬਾਰੇ ਗੱਲ ਕੀਤੀ ਹੈ ਪਰ ਇਸ ਫਿਲਮ ਦਾ ਬੀਤੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਨਾਲ ਕੋਈ ਲੈਣ-ਦੇਣ ਨਹੀਂ। ਇਹ ਇੱਕ ਵੱਖਰੀ ਕਹਾਣੀ ਹੈ। ਫਿਲਮ ਦੇ ਸਾਰੇ ਹੀ ਪਾਤਰ ਸਾਡੇ ਸਮਾਜ, ਆਲੇ-ਦੁਆਲੇ ਵਿਚੋਂ ਹੀ ਹਨ, ਜਿਨ੍ਹਾਂ ਨੂੰ ਮੈਂ ਆਪਣੀ ਕਲਪਨਾ ਸਹਾਰੇ ਫਿਲਮੀ ਪਰਦੇ ‘ਤੇ ਉਤਾਰਿਆ ਹੈ। ਇਹ 1995 ਦੇ ਸਮੇਂ ਦੀ ਕਹਾਣੀ ਹੈ ਜੋ ਇੱਕ ਬਹੁਤ ਹੀ ਲੰਬੀ ਗੱਲਬਾਤ ਅਤੇ ਘਟਨਾਵਾਂ ਦੇ ਆਧਾਰਤ ਹੈ। ਇੱਕ ਹੋਰ ਖਾਸ ਗੱਲ ਕਿ ‘ਜ਼ੋਰਾ 10 ਨੰਬਰੀਆ’ ਦੋ ਭਾਗਾਂ ਵਿਚ ਬਣਨ ਵਾਲੀ ਫਿਲਮ ਹੈ। ਇਸ ਫਿਲਮ ਦੀ ਕਹਾਣੀ ਦਾ ਅਗਲਾ ਭਾਗ ਵੀ ਲਿਖਿਆ ਪਿਆ ਹੈ, ਜੋ ਜਲਦੀ ਹੀ ਫਿਲਮਾਇਆ ਜਾਵੇਗਾ। ਕਿਉਂਕਿ ਇਹ ਫਿਲਮ ਪੰਜ ਘੰਟਿਆਂ ਦੀ ਕਹਾਣੀ ਸੀ, ਜੋ ਇੱਕ ਭਾਗ ਵਿਚ ਵਿਖਾਈ ਜਾਣੀ ਮੁਸ਼ਕਿਲ ਸੀ।
ਸਵਾਲ: ਤੁਸੀਂ ਇਸ ਫਿਲਮ ਵਿਚ ਬਹੁਤ ਸਾਰੇ ਨਵੇਂ ਪੁਰਾਣੇ ਕਲਾਕਾਰਾਂ ਨੂੰ ਲਿਆ ਹੈ, ਅਦਾਕਾਰ ਦੀਪ ਸਿੱਧੂ ਦੇ ਨਾਲ ਪੰਜਾਬੀ ਬਾਲੀਵੁੱਡ ਫਿਲਮਾਂ ਦੇ ‘ਹੀਮੈਨ’ ਅਤੇ ਪੰਜਾਬੀਆਂ ਦੇ ਚਹੇਤੇ ਧਰਮਿੰਦਰ ਨੂੰ ਸ਼ਾਮਿਲ ਕੀਤਾ ਹੈ, ਉਨ੍ਹਾਂ ਦੇ ਕਿਹੋ ਜਿਹੇ ਕਿਰਦਾਰ ਹਨ?
ਜਵਾਬ: ਜਦੋਂ ਮੈਂ ਇਹ ਫਿਲਮ ਲਿਖ ਰਿਹਾ ਸਾਂ ਤਾਂ ਮੇਰੀ ਸੋਚ ਸੀ ਕਿ ਇੱਕ ਕਿਰਦਾਰ ਬਾਲੀਵੁੱਡ ਦਾ ਸ਼ਾਮਿਲ ਕਰਾਂਗਾ, ਜੋ ਕਿ ਫਿਲਮ ਵਿਚ ਅਹਿਮ ਹੋਵੇਗਾ। ਮੈਂ ਕਈ ਪੁਰਾਣੇ ਨਾਮੀਂ ਕਲਾਕਾਰਾਂ ਨਾਲ ਗੱਲਬਾਤ ਕੀਤੀ। ਪਰ ਮੈਨੂੰ ਧਰਮਿੰਦਰ ਦੀ ਆਵਾਜ਼ ਅਤੇ ਅੰਦਾਜ਼ ਆਪਣੇ ਪਾਤਰ ਅਨੁਸਾਰ ਠੀਕ ਲੱਗਿਆ। ਮੈਂ ਸੋਚਿਆ ਕਿ ਇਹ ਕਿਰਦਾਰ ਉਹ ਹੀ ਵਧੀਆ ਨਿਭਾ ਸਕਦੇ ਹਨ। ਉਨ੍ਹਾਂ ਨੇ ਇਸ ਫਿਲਮ ਵਿਚ ‘ਜੱਗਾ ਬਾਈ’ ਦਾ ਕਿਰਦਾਰ ਨਿਭਾਇਆ ਹੈ, ਜੋ ਫਿਲਮ ਦਾ ਇੱਕ ਸੂਤਰਧਾਰ ਹੈ। ਉਸ ਦਾ ਇਕ ਡਾਇਲਾਗ ‘ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ’ ਬਹੁਤ ਹੀ ਪ੍ਰਭਾਵਸ਼ਾਲੀ ਸਾਬਿਤ ਹੁੰਦਾ ਹੈ।
ਸਵਾਲ: ਇੱਕ ਵੱਡੀ ਸਟਾਰ ਕਾਸ਼ਟ ਵਾਲੀ ਫਿਲਮ ਨੂੰ ਨੇਪਰੇ ਚਾੜ੍ਹਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ?
ਜਵਾਬ: ਮੇਰਾ ਇਸ ਫਿਲਮ ‘ਤੇ ਹੋਮ ਵਰਕ ਹੀ ਬਹੁਤ ਸੀ। ਇਕੱਲੇ-ਇਕੱਲੇ ਕਿਰਦਾਰ ਬਾਰੇ ਮੇਰਾ ਤਜਰਬਾ ਹੋ ਚੁਕਾ ਸੀ। ਜੇ ਮੈਂ ‘ਹੌਬੀ ਧਾਲੀਵਾਲ’ ਦੇ ਕਿਰਦਾਰ ਨੂੰ ਫਿਲਮਾ ਰਿਹਾ ਹੁੰਦਾ ਤਾਂ ਮੈਨੂੰ ਉਸ ਦੇ ਪਹਿਰਾਵੇ, ਅੰਦਾਜ਼ ਅਤੇ ਲੋਕੇਸ਼ਨ ਦਾ ਪੂਰਾ ਪੂਰਾ ਖਿਆਲ ਹੁੰਦਾ ਸੀ। ਮੈਂ ਕਦੇ ਸ਼ੂਟਿੰਗ ਵੇਲੇ ਸਕਰਿਪਟ ਆਪਣੇ ਹੱਥਾਂ ਵਿਚ ਨਹੀਂ ਰੱਖੀ। ਹਰੇਕ ਕਲਕਾਰ ਦੇ ਗੈਟਅੱਪ, ਪਹਿਰਾਵੇ, ਡਾਇਲਾਗ ਡਲੀਵਰੀ ਸਬੰਧੀ ਇਕੱਲੀ-ਇਕੱਲੀ ਜਾਣਕਾਰੀ ਮੇਰੇ ਜ਼ਿਹਨ ਵਿਚ ਹੁੰਦੀ ਸੀ। ਵੱਡੀ ਗੱਲ ਕਿ ਸਾਰੇ ਹੀ ਕਲਾਕਾਰ ਮੇਰੇ ਕੰਮ ਤੋਂ ਸੰਤੁਸ਼ਟ ਸਨ। ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਜੋ ਕਿਰਦਾਰ ਇਸ ਫਿਲਮ ਵਿਚ ਨਿਭਾਏ ਹਨ, ਉਹ ਲੰਬੀ ਉਮਰ ਤੱਕ ਦੇ ਕਿਰਦਾਰ ਹੋਣਗੇ। ਦਰਸ਼ਕਾਂ ਨੇ ਉਨ੍ਹਾਂ ਨੂੰ ਅਜਿਹੇ ਕਿਰਦਾਰਾਂ ਵਿਚ ਪਹਿਲਾਂ ਨਹੀਂ ਵੇਖਿਆ ਹੋਵੇਗਾ।
ਸਵਾਲ: ਫਿਲਮ ਦਾ ਨਾਇਕ ‘ਦੀਪ ਸਿੱਧੂ’ ਜੋ ਪਹਿਲਾਂ ਫਿਲਮ ‘ਰਮਤਾ ਜੋਗੀ’ ਵਿਚ ਚਾਕਲਿਟੀ ਹੀਰੋ ਵਜੋਂ ਕੰਮ ਕਰ ਚੁਕਾ ਹੈ। ਤੁਸੀਂ ਇਸ ਫਿਲਮ ਵਿਚ ਖਲਨਾਇਕ ਵਜੋਂ ਪੇਸ਼ ਕਰ ਰਹੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਕਿਰਦਾਰ ਨਾਲ ਇਨਸਾਫ ਕਰ ਪਾਏਗਾ?
ਜਵਾਬ: ਜਦੋਂ ਮੈਂ ਫਿਲਮ ‘ਰਮਤਾ ਜੋਗੀ’ ਦਾ ਟਰੇਲਰ ਵੇਖਿਆ ਸੀ ਤਾਂ ਉਸ ਦੀ ਆਵਾਜ਼ ਸੁਣ ਕੇ ਮੈਨੂੰ ਲੱਗਿਆ ਕਿ ਇਹ ਜ਼ੋਰੇ ਦਾ ਕਿਰਦਾਰ ਨਿਭਾਉਣ ਵਾਲਾ ਹੈ। ਜਦੋਂ ਮੈਂ ਉਸ ਨੂੰ ਫਿਲਮ ਦੀ ਕਹਾਣੀ ਸੁਣਾਈ ਤਾਂ ਉਹ ਝੱਟ ਮੰਨ ਗਿਆ ਅਤੇ ਜ਼ੋਰੇ ਦੇ ਕਿਰਦਾਰ ਨੂੰ ਨਿਭਾਉਣ ਲਈ ਮਿਹਨਤ ਕਰਨ ਲੱਗ ਪਿਆ। ਉਸ ਨੇ ਆਪਣਾ ਸਰੀਰਕ ਅਤੇ ਮਾਨਸਿਕ ਬਦਲਾਓ ਜ਼ੋਰੇ ਵਾਲਾ ਕੀਤਾ ਅਤੇ ਮਹਿਸੂਸ ਕੀਤਾ ਕਿ ਇਹ ਕਿਰਦਾਰ ਮੇਰੇ ਲਈ ਸੌਖਾ ਹੈ ਤੇ ਰਮਤਾ ਜੋਗੀ ਬਣਨਾ ਔਖਾ ਰਿਹਾ।
ਸਵਾਲ: ਪਤਾ ਲੱਗਾ ਹੈ ਕਿ ਤੁਸੀਂ ਇਸ ਫਿਲਮ ਵਿਚ ਬਹੁਤ ਸਾਰੇ ਨਵੇਂ ਅਤੇ ਪੁਰਾਣੇ ਕਲਾਕਾਰ ਲਏ ਹਨ?
ਜਵਾਬ: ਹਾਂ ਇਹ ਸਹੀ ਹੈ। ਧਰਮਿੰਦਰ, ਦੀਪ ਸਿੱਧੂ, ਸਰਦਾਰ ਸੋਹੀ, ਹੌਬੀ ਧਾਲੀਵਾਲ, ਮੁਕਲ ਦੇਵ, ਅਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਕੁਲ ਸਿੱਧੂ, ਯਾਦ ਗਰੇਵਾਲ, ਮਹਾਂਵੀਰ ਭੁੱਲਰ ਅਤੇ ਨੀਟੂ ਪੰਧੇਰ ਫਿਲਮ ਦੇ ਅਹਿਮ ਕਿਰਦਾਰਾਂ ਵਿਚ ਹਨ, ਜਦਕਿ ਥੀਏਟਰ ਨਾਲ ਜੁੜੇ ਕੋਈ ਪੰਜਾਹ ਕੁ ਕਲਾਕਾਰ ਅਜਿਹੇ ਹਨ ਜਿਨ੍ਹਾਂ ਨੇ ਪਹਿਲੀ ਵਾਰ ਫਿਲਮੀ ਕੈਮਰੇ ਦਾ ਸਾਹਮਣਾ ਕੀਤਾ।
ਸਵਾਲ: ਫਿਲਮ ਵਿਚਲਾ ਗੀਤ-ਸੰਗੀਤ ਕਿਸ ਤਰ੍ਹਾਂ ਦਾ ਹੈ?
ਜਵਾਬ: ਵੇਖਿਆ ਜਾਵੇ ਤਾਂ ਕਹਾਣੀ ਮੁਤਾਬਿਕ ਫਿਲਮ ਵਿਚ ਗੀਤ-ਸੰਗੀਤ ਦੀ ਕੋਈ ਅਹਿਮੀਅਤ ਨਹੀਂ ਬਣਦੀ, ਪਰ ਕੁਝ ਗੀਤ ਫਿਲਮ ਦੇ ਮਾਹੌਲ ਮੁਤਾਬਿਕ ਲਏ ਗਏ ਹਨ। ਮੇਰਾ ਲਿਖਿਆ ਤੇ ਗਿੱਪੀ ਗਿੱਲ ਦਾ ਗਾਇਆ ਇੱਕ ਗੀਤ ਹੈ। ਇਸ ਤੋਂ ਇਲਾਵਾ ਇਸ ਫਿਲਮ ਰਾਹੀਂ ਗਾਇਕ ਲਾਭ ਹੀਰਾ ਦਾ ਅਖਾੜਾ ਫਿਲਮਾਉਣ ਦੀ ਮੇਰੀ ਪੁਰਾਣੀ ਰੀਝ ਸੀ, ਕਿਉਂਕਿ ‘ਜ਼ੋਰਾ 10 ਨੰਬਰੀਆ’ ਫਿਲਮ ਦੇ ਕਿਰਦਾਰਾਂ ਦੀ ਪਸੰਦ ਵੇਖੀਏ ਤਾਂ ਲਾਭ ਹੀਰੇ ਜਿਹੇ ਗਾਇਕਾਂ ਦੀ ਗੱਲ ਹੁੰਦੀ ਸੀ। ਇਸ ਤੋਂ ਇਲਾਵਾ ਇਕ ਹੋਰ ਗੀਤ ਹੈ, ਜੋ ਪਹਿਲਾਂ ਕਿਸੇ ਵੀ ਫਿਲਮ ਵਿਚ ਨਹੀਂ ਹੋਵੇਗਾ। ਜਦੋਂ ਮੁੰਡਾ ਹੋਣ ‘ਤੇ ਮਹੰਤ (ਖੁਸਰੇ) ਨੱਚਦੇ-ਗਾਉਂਦੇ ਹਨ, ਉਨ੍ਹਾਂ ਦੇ ਮਾਹੌਲ ਦਾ ਹੈ। ਸੁਰਜੀਤ ਪਾਤਰ ਦੀ ਇੱਕ ਗਜ਼ਲ ਜਿਸ ਨੂੰ ਪਾਕਿਸਤਾਨੀ ਗਾਇਕਾ ਸ਼ਾਜੀਆ ਮਨਜ਼ੂਰ ਨੇ ਗਾਇਆ ਹੈ, ਵੀ ਫਿਲਮ ਦਾ ਹਿੱਸਾ ਬਣੀ ਹੈ। ਇਸ ਤੋਂ ਇਲਾਵਾ ਇੱਕ ਪ੍ਰੋਮੋਸ਼ਨ ਟਰੈਕ ਗੀਤ ‘ਬਠਿੰਡਾ ਵਾਲੇ ਬਾਈ’ ਨਿੰਜਾ ਨੇ ਵੀ ਗਾਇਆ ਹੈ। ਫਿਲਮ ਦਾ ਸੰਗੀਤ ਸਚਿਨ ਆਹੂਜਾ ਨੇ ਦਿੱਤਾ ਹੈ। ਸਨੀ ਬਾਬਰਾ ਅਤੇ ਇੰਦਰ ਬਾਬਰਾ ਨੇ ਫਿਲਮ ਵਿਚ ਪਰਦੇ ਪਿੱਛੇ ਸੰਗੀਤ ਤਿਆਰ ਕੀਤਾ ਹੈ।