ਭਾਰਤ ਵਿਚੋਂ ਅੰਗਰੇਜ਼ਾਂ ਦਾ ਸ਼ਾਸਨ ਖਤਮ ਹੋਏ ਨੂੰ ਸੱਤਰ ਸਾਲ ਲੰਘ ਗਏ ਹਨ। ਉਸ ਦਿਨ ਤੋਂ ਬਾਅਦ ਮੁਲਕ ਦੀ ਕਮਾਨ ‘ਆਪਣੇ ਲੋਕਾਂ’ ਦੇ ਹੱਥ ਆਈ ਸੀ ਅਤੇ ਆਪਣੀ ਸਰਕਾਰ ਨੂੰ ਆਪਣੇ ਢੰਗ ਨਾਲ ਮੁਲਕ ਨੂੰ ਅੱਗੇ ਲਿਜਾਣ ਦਾ ਮੌਕਾ ਮਿਲਿਆ ਸੀ। ਇਸ ਸਮੇਂ ਦੌਰਾਨ ਮੁਲਕ ਵਿਚ ਹਰ ਪੱਧਰ ਉਤੇ ਬੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਕਈ ਖੇਤਰਾਂ ਵਿਚ ਤਾਂ ਭਾਰਤ ਸੰਸਾਰ ਦੇ ਸਿਰ ਕੱਢਵੇਂ ਮੁਲਕਾਂ ਦੇ ਬਰਾਬਰ ਤੁਲਦਾ ਰਿਹਾ ਹੈ, ਪਰ ਸਦੀਆਂ ਤੋਂ ਚਲਿਆ ਆ ਰਿਹਾ ਆਰਥਿਕ ਪਾੜਾ ਅੱਜ ਵੀ ਮੂੰਹ ਅੱਡੀ ਖੜ੍ਹਾ ਹੈ।
ਸਦੀਆਂ ਪਹਿਲਾਂ ਰਾਜਿਆਂ-ਮਹਾਰਾਜਿਆਂ ਦੇ ਜ਼ਮਾਨੇ ਵਿਚ ਵੀ ਬਥੇਰੇ ਲੋਕ ਗੁਰਬਤ ਦਾ ਭਾਰ ਢੋਅ ਰਹੇ ਸਨ, ਅੱਜ ਵੀ ਢੋਅ ਰਹੇ ਹਨ। ਕਿੰਨੇ ਰਾਜ ਬਦਲ ਗਏ, ਪਰ ਇਨ੍ਹਾਂ ਲੋਕਾਂ ਦੇ ਹਾਲਾਤ ਵਿਚ ਕੋਈ ਸਿਫਤੀ ਤਬਦੀਲੀ ਨਹੀਂ ਆਈ ਹੈ। ਸਮਾਜ ਉਤੇ ਪਿਆ ਇਹ ਭਾਰ ਜਿਉਂ ਦਾ ਤਿਉਂ ਚੱਲ ਰਿਹਾ ਹੈ। ਸਮਾਜ ਵਿਚ ਜਾਤ-ਪਾਤ ਦਾ ਪਹਿਲਾਂ ਹੀ ਕੋਹੜ ਮੌਜੂਦ ਸੀ, ਪਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਫਿਰਕਾਪ੍ਰਸਤੀ ਦੀ ਇਕ ਹੋਰ ਅਲਾਮਤ ਸਮਾਜ ਨੂੰ ਚਿੰਬੜ ਗਈ। ਅਸਲ ਵਿਚ, ਇਹ ਸ਼ਾਸਕਾਂ ਦੀ ਰਾਜਨੀਤੀ ਅਤੇ ਰਣਨੀਤੀ ਦਾ ਹੀ ਇਕ ਹਿੱਸਾ ਸੀ ਤਾਂ ਕਿ ਇਸ ਮੁਲਕ ਉਤੇ ਲੰਮੇ ਸਮੇਂ ਤੱਕ ਰਾਜ ਕੀਤਾ ਜਾ ਸਕੇ। ਆਖਰਕਾਰ, ਅੰਗਰੇਜ਼ਾਂ ਦਾ ਰਾਜ ਸਮਾਪਤ ਹੋ ਗਿਆ, ਪਰ ਤਰੱਕੀਆਂ ਦੇ ਬਾਵਜੂਦ ਅਮੀਰ-ਗਰੀਬ ਦਾ ਪਾੜਾ ਘਟਣ ਦਾ ਨਾਂ ਨਹੀਂ ਲੈ ਰਿਹਾ। ਅੰਕੜੇ ਤਾਂ ਇਹ ਵੀ ਦੱਸਦੇ ਹਨ ਕਿ 1990ਵਿਆਂ ਵਿਚ ਡਾæ ਮਨਮੋਹਨ ਸਿੰਘ ਦੀ ਅਗਵਾਈ ਹੇਠ ਵਿਚ ਸ਼ੁਰੂ ਹੋਏ ਨਵੇਂ ਆਰਥਿਕ ਸੁਧਾਰਾਂ ਨੇ ਇਹ ਪਾੜਾ ਹੋਰ ਵਧਾਇਆ ਹੈ। ਮੁਲਕ ਦੀ ਮਾਇਆ ਕੁਝ ਕੁ ਪਰਿਵਾਰਾਂ ਕੋਲ ਇਕੱਠੀ ਹੋ ਰਹੀ ਹੈ ਅਤੇ ਇਸ ਕਾਰਜ ਵਿਚ ਸਿਆਸੀ ਢਾਂਚਾ ਸਰਗਰਮ ਭੂਮਿਕਾ ਹੀ ਨਹੀਂ ਨਿਭਾ ਰਿਹਾ ਹੈ, ਸਗੋਂ ਬਰਾਬਰ ਦਾ ਭਾਈਵਾਲ ਬਣਿਆ ਹੋਇਆ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਨਿਕਲਦਾ ਹੈ ਕਿ ਗੁਰਬਤ ਮਾਰਿਆਂ ਨੂੰ ਰਲ-ਮਿਲ ਲੁਟਿਆ ਜਾ ਰਿਹਾ ਹੈ। ਇਕ ਪਾਸੇ ਸੰਸਾਰ ਵਿਚ ਇਕ ਵੱਡੀ ਤਾਕਤ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਲੋਕ ਸਿਹਤ, ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਵੀ ਤੜਫ ਰਹੇ ਹਨ। ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੁਕ ਨਹੀਂ ਰਹੀਆਂ। ਭ੍ਰਿਸ਼ਟਾਚਾਰ ਨੇ ਆਵਾਮ ਦਾ ਜੀਣਾ ਔਖਾ ਕੀਤਾ ਹੋਇਆ ਹੈ ਅਤੇ ਫਿਲਹਾਲ ਇਸ ਅਲਾਮਤ ਤੋਂ ਛੁਟਕਾਰੇ ਦਾ ਕੋਈ ਬੰਨ੍ਹ-ਸੁਬ ਬਣਦਾ ਨਜ਼ਰ ਨਹੀਂ ਆ ਰਿਹਾ। ਦਰਅਸਲ, ਇਥੇ ਮਸਲਾ ਇੱਛਾ ਸ਼ਕਤੀ ਅਤੇ ਤਰਜੀਹਾਂ ਦਾ ਹੈ। ਮੁਲਕ ਵਿਚ ਤਾਂ ਕਿਸੇ ਕਿਸਮ ਦੀ ਕੋਈ ਤੋਟ ਨਹੀਂ ਹੈ। ਹੁਕਮਰਾਨ ਜਮਾਤਾਂ ਦੀਆਂ ਤਰਜੀਹਾਂ ਕੁਝ ਹੋਰ ਹੀ ਹਨ।
ਮੁਲਕ ਦੇ ਹੁਣ ਵਾਲੇ ਹਾਕਮਾਂ ਦੀਆਂ ਤਰਜੀਹਾਂ ਤਾਂ ਹਨ ਹੀ ਹੋਰ। ਫਿਰਕਾਪ੍ਰਸਤੀ ਦਾ ਤਾਣਾ-ਬਾਣਾ ਜੀਵਨ ਦੇ ਹਰ ਪੱਖ ਉਤੇ ਬਹੁਤ ਬੁਰੀ ਤਰ੍ਹਾਂ ਅਸਰ-ਅੰਦਾਜ਼ ਹੋ ਰਿਹਾ ਹੈ। ਅਸਲ ਵਿਚ ਤਿੰਨ ਸਾਲ ਪਹਿਲਾਂ ਜਦੋਂ ਤੋਂ ਮੁਲਕ ਵਿਚ ਮੋਦੀ ਸਰਕਾਰ ਦੀ ਕਾਇਮੀ ਹੋਈ ਹੈ, ਮੁਲਕ ਦਾ ਮੁਹਾਣ ਹੀ ਬਦਲ ਗਿਆ ਹੈ। ਮਈ 2014 ਵਿਚ ਜਦੋਂ ਆਰæਐਸ਼ਐਸ਼ ਪ੍ਰਚਾਰਕ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਦੋ ਹਫਤੇ ਬਾਅਦ ਹੀ ਹਿੰਦੂ ਕੱਟੜਪੰਥੀਆਂ ਨੇ ਪੁਣੇ (ਮਹਾਂਰਾਸ਼ਟਰ) ਵਿਚ 24 ਵਰ੍ਹਿਆਂ ਦੇ ਮੁਸਲਮਾਨ ਨੌਜਵਾਨ ਮੋਹਸਿਨ ਸਾਦਿਕ ਸ਼ੇਖ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਹਰ ਮਸਲੇ ‘ਤੇ ਤੁਰੰਤ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਉਦੋਂ ਖਾਮੋਸ਼ ਰਹੇ ਅਤੇ ਇਹ ਖਾਮੋਸ਼ੀ ਅੱਜ ਤੱਕ ਬਰਕਰਾਰ ਹੈ। ਹਾਂ, ਕੁਝ ਵਧੇਰੇ ਹੀ ਜ਼ੋਰ ਪੈਣ ਪਿਛੋਂ ਉਹ ਕੁਝ ਮਾਮਲਿਆਂ ਬਾਰੇ ਬੋਲਦੇ ਤਾਂ ਹਨ, ਪਰ ਅਜਿਹੇ ਬਿਆਨਾਂ ਵਿਚ ਵੀ ਉਨ੍ਹਾਂ ਦਾ ਸੁਨੇਹਾ ਖਾਸ ਹੀ ਹੁੰਦਾ ਹੈ। ਜਦੋਂ ਤੋਂ ਮੁਲਕ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦਾ ਰਾਜ ਆਇਆ ਹੈ ਅਤੇ ਉਥੇ ਆਰæਐਸ਼ਐਸ਼ ਦੇ ਥਾਪੜੇ ਨਾਲ ਕੱਟੜ ਹਿੰਦੂਵਾਦੀ ਆਗੂ ਯੋਗੀ ਅਦਿਤਿਆਨਾਥ ਨੇ ਕਮਾਨ ਸੰਭਾਲੀ ਹੈ, ਹਵਾ ਦੇ ਰੁਖ ਨੇ ਸਭ ਕੁਝ ਸਪਸ਼ਟ ਕਰ ਦਿੱਤਾ ਹੈ। 70ਵੇਂ ਆਜ਼ਾਦੀ ਦਿਵਸ ਮੌਕੇ ਤਾਂ ਇਹ ਆਗੂ ਚਾਰ ਕਦਮ ਅਗਾਂਹ ਨਿਕਲ ਗਿਆ ਅਤੇ ਸੂਬੇ ਵਿਚ ਚੱਲਦੇ ਮਦਰੱਸਿਆਂ ਵਿਚ ਆਜ਼ਾਦੀ ਦਿਵਸ ਸਮਾਗਮਾਂ ਦੀ ਵੀਡੀਓਗ੍ਰਾਫੀ/ਫੋਟੋਗ੍ਰਾਫੀ ਦੇ ਹੁਕਮ ਲਾ ਦਿੱਤੇ। ਦੁਨੀਆਂ ਜਾਣਦੀ ਹੈ ਕਿ ਇਨ੍ਹਾਂ ਮਦਰੱਸਿਆਂ ਵਿਚ ਹਰ ਸਾਲ ਇਹ ਸਮਾਗਮ ਮਨਾਇਆ ਜਾਂਦਾ ਹੈ, ਪਰ ਨਵੇਂ ਹੁਕਮ ਉਸ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਘੱਟ-ਗਿਣਤੀਆਂ ਤੋਂ ਦੇਸ਼ ਭਗਤ ਹੋਣ ਦੇ ਸਬੂਤ ਮੰਗੇ ਜਾ ਰਹੇ ਹਨ। ਮੁਲਕ ਦੀਆਂ ਅਹਿਮ ਸੰਸਥਾਵਾਂ ਜਿਨ੍ਹਾਂ ਉਤੇ ਅੱਜ ਕੱਟੜਪੰਥੀ ਕਾਬਜ਼ ਹੋ ਗਏ ਹਨ, ਇਸ ਪਾਸੇ ਗਿਣ-ਮਿਥ ਕੇ ਮੁਹਿੰਮਾਂ ਚਲਾ ਰਹੀਆਂ ਹਨ। ਜ਼ਾਹਰ ਹੈ ਕਿ ਆਜ਼ਾਦੀ ਦੀ ਲੜਾਈ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਨ ਵਾਲਿਆਂ ਨੇ ਅਜਿਹੀ ਆਜ਼ਾਦੀ ਬਾਰੇ ਕਦੀ ਅਜਿਹਾ ਤਸੱਵਰ ਨਹੀਂ ਕੀਤਾ ਹੋਣਾ। ਭਗਤ ਸਿੰਘ ਵਰਗੇ ਲੜਾਕਿਆਂ ਨੇ ਸਾਫ ਕਿਹਾ ਸੀ ਕਿ ਆਜ਼ਾਦੀ ਦਾ ਮਤਲਬ ਅੰਗਰੇਜ਼ਾਂ ਨੂੰ ਮੁਲਕ ਵਿਚੋਂ ਕੱਢਣ ਤੱਕ ਸੀਮਤ ਨਹੀਂ ਹੈ, ਇਸ ਦਾ ਮਤਲਬ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤੀ ਹੈ। ਇਕ ਨੁਕਤਾ ਹੋਰ ਵੀ ਵਿਚਾਰਨ ਅਤੇ ਪ੍ਰਚਾਰਨ ਵਾਲਾ ਹੈ ਕਿ ਕੱਟੜਪੰਥੀਆਂ ਦੀ ਚੜ੍ਹਤ ਦਾ ਇਕ ਕਾਰਨ ਇਹ ਵੀ ਹੈ ਕਿ ਪਹਿਲੀਆਂ ਸ਼ਾਸਕ ਧਿਰਾਂ ਵੀ ਬਹੁਤ ਸਾਰੇ ਮਾਮਲਿਆਂ ‘ਤੇ ਚੰਮ ਦੀਆਂ ਚਲਾਉਂਦੀਆਂ ਰਹੀਆਂ ਹਨ। ਅਜਿਹੀਆਂ ਧਿਰਾਂ ਨੂੰ ਨੱਥ ਪਾਉਣ ਵਾਲੀਆਂ ਸੰਜੀਦਾ ਧਿਰਾਂ ਦੀ ਵੁਕਅਤ ਅੱਜ ਕੱਲ੍ਹ ਬਹੁਤ ਘਟ ਗਈ ਹੋਈ ਹੈ। ਇਸ ਨਿਘਾਰ ਕਾਰਨ ਹੀ ਅੰਤਾਂ ਦੇ ਨਿਘਰੇ ਹੋਏ ਕੱਟੜਪੰਥੀਆਂ ਦਾ ਦਾਅ ਲੱਗਿਆ ਹੋਇਆ ਹੈ ਅਤੇ ਹੁਣ ਇਹ ਆਏ ਦਿਨ ਮਨਮਰਜ਼ੀਆਂ ਕਰ ਰਹੇ ਹਨ। ਮੁਲਕ ਦੇ ਆਵਾਮ ਨੂੰ ਗਾਹੇ-ਬਗਾਹੇ ਅਜਿਹੇ ਹਾਲਾਤ ਨਾਲ ਪਹਿਲਾਂ ਵੀ ਜੂਝਣਾ ਪਿਆ ਹੈ ਅਤੇ ਚੰਗੀ ਗੱਲ ਇਹੀ ਰਹੀ ਹੈ ਕਿ ਲੋਕ ਹਰ ਕਿਸਮ ਦੀ ਜ਼ਿਆਦਤੀ ਨਾਲ ਆਪਣੇ ਢੰਗ ਨਾਲ ਨਜਿੱਠਦੇ ਰਹੇ ਹਨ। ਹੁਣ ਇਹ ਦੇਖਣਾ ਬਾਕੀ ਹੈ ਕਿ ਮੁਲਕ ਦਾ ਆਵਾਮ ਕੱਟੜਪੰਥੀਆਂ ਦੀ ਗੁਲਾਮੀ ਤੋਂ ਨਿਜਾਤ ਹਾਸਲ ਕਰਨ ਲਈ ਨਵੀਂ ਆਜ਼ਾਦੀ ਦਾ ਅੰਦੋਲਨ ਕਿਸ ਰੂਪ ਵਿਚ ਚਲਾਉਂਦਾ ਹੈ!