ਮੋਦੀ ਵੱਲੋਂ ਦੇਸ਼ ਭਗਤੀ ਦੀ ਜਬਰੀ ਖੁਰਾਕ

ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਭਾਰਤ ਦੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਕੇਂਦਰ ਦੀ ਭਗਵਾ ਸਰਕਾਰ ਵੱਲੋਂ ਦੇਸ਼ ਭਗਤੀ ਦੇ ਨਾਂ ‘ਤੇ ਕੀਤੀਆਂ ‘ਕੋਝੀਆਂ ਹਰਕਤਾਂ’ ਕੁਝ ਫਿਰਕਿਆਂ ਦੇ ਲੋਕਾਂ ਲਈ ਹਮੇਸ਼ਾਂ ਕੌੜੀਆਂ ਯਾਦਾਂ ਬਣੀਆਂ ਰਹਿਣਗੀਆਂ।

ਭਾਰਤ ਦੀ ਆਜ਼ਾਦੀ ਦੇ 70 ਸਾਲਾ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕੁਝ ਵਰਗਾਂ ਦੇ ਲੋਕਾਂ ਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਗਿਆ। ਇਥੋਂ ਤੱਕ ਕਿ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੂਬੇ ਵਿਚਲੇ ਸਾਰੇ ਮਦਰੱਸਿਆਂ (ਇਸਲਾਮਿਕ ਸਕੂਲਾਂ) ਨੂੰ ਆਜ਼ਾਦੀ ਦਿਹਾੜਾ ਮਨਾਉਣ ਦਾ ਫਰਮਾਨ ਸੁਣਾਉਂਦਿਆਂ ਇਨ੍ਹਾਂ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਲਈ ਆਖ ਦਿੱਤਾ। ਯੋਗੀ ਦੇ ਹੁਕਮਾਂ ਮੁਤਾਬਕ ਮਦਰੱਸਿਆਂ ਵਿਚ ਪਹਿਲਾਂ ਤਿਰੰਗਾ ਲਹਿਰਾਇਆ ਜਾਵੇ, ਉਥੇ ਰਾਸ਼ਟਰੀ ਗੀਤ ਗਾਉਣਾ ਲਾਜ਼ਮੀ ਹੋਵੇਗਾ।
ਯੂæਪੀæ ਵਿਚ ਇਸ ਵੇਲੇ ਅੱਠ ਹਜ਼ਾਰ ਦੇ ਕਰੀਬ ਮਦਰੱਸੇ ਹਨ। ਇਹ ਹੁਕਮ ਜਾਰੀ ਕਰਨ ਪਿੱਛੇ ਸਰਕਾਰ ਦਾ ਤਰਕ ਸੀ ਕਿ ਮਦਰੱਸੇ ਸਰਕਾਰ ਕੋਲੋਂ ਫੰਡ ਲੈਂਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਸਮੇਤ ਹੋਰ ਕੌਮੀ ਤਿਉਹਾਰ ਮਨਾਉਣੇ ਚਾਹੀਦੇ ਹਨ। ਇਨ੍ਹਾਂ ਹੁਕਮਾਂ ਤੋਂ ਤੁਰਤ ਪਿੱਛੋਂ ਮਹਾਰਾਸ਼ਟਰ ਅਸੈਂਬਲੀ ਵਿਚ ਭਾਜਪਾ ਦੇ ਚੀਫ ਵ੍ਹਿਪ ਰਾਜ ਪੁਰੋਹਿਤ ਨੇ ਮੰਗ ਕਰ ਦਿੱਤੀ ਕਿ ਮੁਲਕ ਦੇ ਸਾਰੇ ਸਕੂਲਾਂ ‘ਚ ਕੌਮੀ ਗੀਤ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕੀਤਾ ਜਾਵੇ। ਚੇਤੇ ਰਹੇ ਕਿ ਮਹਾਰਾਸ਼ਟਰ ਸਰਕਾਰ ‘ਚ ਭਾਈਵਾਲ ਸ਼ਿਵ ਸੈਨਾ ਦੀ ਅਗਵਾਈ ਵਾਲੀ ਮੁੰਬਈ ਦੀ ਮਿਉਂਸਪਲ ਕਾਰਪੋਰੇਸ਼ਨ ਨੇ ਨਿਗਮ ਅਧੀਨ ਚਲਦੇ ਸਕੂਲਾਂ ਵਿਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕੀਤਾ ਹੋਇਆ ਹੈ।
ਅਸਲ ਵਿਚ, ਨਰੇਂਦਰ ਮੋਦੀ ਸਰਕਾਰ ਦੀਆਂ ਇਹ ਫਿਰਕੂ ਰਣਨੀਤੀਆਂ ਘੱਟ ਗਿਣਤੀਆਂ, ਖਾਸ ਕਰ ਕੇ ਮੁਸਲਿਮ ਭਾਈਚਾਰੇ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਅੱਜ ਤੋਂ ਤਿੰਨ ਸਾਲ ਪਹਿਲਾਂ ਜਦੋਂ ਮੋਦੀ ਸਰਕਾਰ ਹੋਂਦ ਵਿਚ ਆਈ ਸੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਇਹ ਆਪਣੇ ਫਿਰਕੂ ਏਜੰਡੇ ਲਾਗੂ ਕਰਨ ਲਈ ਇਸ ਹੱਦ ਤੱਕ ਵੀ ਪਹੁੰਚ ਕਰ ਸਕਦੀ ਹੈ। ਇਹ ਸਭ ਮੋਦੀ ਦੀ ਰਣਨੀਤੀ ਹੈ, ਜਿਸ ਦਾ ‘ਫਲ’ ਇਸ ਭਗਵਾ ਧਿਰ ਨੂੰ ਮਿਲਿਆ ਹੈ। ਭਾਜਪਾ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ‘ਘਰ ਵਾਪਸੀ’ ਦੇ ਨਾਂ ‘ਤੇ ਘੱਟ ਗਿਣਤੀਆਂ ਨੂੰ ਜਬਰੀ ਹਿੰਦੂ ਬਣਾ ਕੇ ਆਪਣਾ ਏਜੰਡਾ ਸਾਫ ਕਰ ਦਿੱਤਾ ਸੀ। ਉਸ ਤੋਂ ਬਾਅਦ ਗਊ ਰੱਖਿਆ ਦੇ ਨਾਂ ‘ਤੇ ਜੋ ਬੁਰਛਾਗਰਦੀ ਹੋਈ ਜਾਂ ਹੋ ਰਹੀ ਹੈ, ਉਹ ਘੱਟ ਗਿਣਤੀਆਂ ਵਿਚ ਸਹਿਮ ਪੈਦਾ ਕਰਨ ਲਈ ਕਾਫੀ ਸੀ। ਮੋਦੀ ਸਰਕਾਰ ਇਨ੍ਹੀਂ ਦਿਨੀਂ ਜੰਮੂ ਕਸ਼ਮੀਰ ਵਿਚ ਧਾਰਾ 35-ਏ ਦੇ ਖਾਤਮੇ ਤੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਹਰ ਹਰਬਾ ਵਰਤ ਰਹੀ ਹੈ।
ਲੋਕ ਸਭਾ ਚੋਣਾਂ ਵਿਚ ਇਹ ਭਾਜਪਾ ਦੇ ਚੋਣ ਏਜੰਡੇ ਸਨ। ਮੋਦੀ ਨੇ ਭਾਵੇਂ 71ਵੇਂ ਆਜ਼ਾਦੀ ਦਿਹਾੜੇ ‘ਤੇ ਲਾਲ ਕਿਲ੍ਹੇ ਤੋਂ ਬਗੈਰ ਗਾਲ ਤੇ ਗੋਲੀ ਤੋਂ ਕਸ਼ਮੀਰੀਆਂ ਨੂੰ ਗਲ ਲਾ ਕੇ ਹਰ ਸਮੱਸਿਆ ਦੇ ਹੱਲ ਦਾ ਦਾਅਵਾ ਕੀਤਾ, ਪਰ ਸਰਕਾਰ ਦੀਆਂ ਰਣਨੀਤੀਆਂ ਇਸ ਦਾਅਵੇ ਨਾਲ ਮੇਲ ਨਹੀਂ ਖਾਂਦੀਆਂ। ਇਹ ਦਾਅਵਾ ਉਸ ਵੇਲੇ ਕੀਤਾ ਗਿਆ ਜਦੋਂ ਵੱਖਵਾਦੀ ਧਿਰਾਂ ਦੇ ਆਗੂ ਅਤਿਵਾਦੀਆਂ ਨੂੰ ਫੰਡ ਦੇਣ ਦੇ ਨਾਂ ‘ਤੇ ਜੇਲ੍ਹਾਂ ਵਿਚ ਬੰਦ ਹਨ, ਜਿਨ੍ਹਾਂ ਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਲਈ ਆਖਿਆ ਜਾ ਰਿਹਾ ਹੈ। ਇਥੋਂ ਤੱਕ ਕਿ ਦਿੱਲੀ ਦੀ ਇਕ ਅਦਾਲਤ ਵਿਚ ਸਰਕਾਰੀ ਵਕੀਲ ਨੇ ਕਸ਼ਮੀਰੀ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ‘ਭਾਰਤ ਮਾਤਾ ਦੀ ਜੈ’ ਬੋਲਣ ਲਈ ਕਹਿ ਦਿੱਤਾ। ਮੋਦੀ ਸਰਕਾਰ ਭਾਵੇਂ ਦਾਅਵਾ ਕਰ ਰਹੀ ਹੈ ਕਿ ਉਸ ਦੇ ਸੱਤਾ ਵਿਚ ਆਉਣ ਪਿੱਛੋਂ ਵਾਦੀ ਵਿਚ ਤਣਾਅ ਘਟਿਆ ਹੈ, ਪਰ ਸੱਚਾਈ ਕੁਝ ਹੋਰ ਹੈ।
ਪਿਛਲੇ ਸੱਤ ਮਹੀਨਿਆਂ ਦੌਰਾਨ 70 ਨੌਜਵਾਨਾਂ ਨੇ ਹਥਿਆਰ ਚੁੱਕੇ। ਇਹ ਨਵੀਂ ਭਰਤੀ ਦੱਖਣੀ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ‘ਚੋਂ ਹੋਈ ਹੈ ਜੋ ਤਕਨੀਕ ਪੱਖੀ ਦਹਿਸ਼ਤਗਰਦਾਂ ਦੇ ਗੜ੍ਹ ਬਣ ਗਏ ਹਨ। ਖੁਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ 2016 ਵਿਚ 88 ਕਸ਼ਮੀਰੀ ਨੌਜਵਾਨਾਂ ਨੇ ਹਥਿਆਰ ਚੁੱਕੇ ਤੇ 2014 ਤੋਂ ਅਜਿਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 2014 ਵਿਚ ਹੀ ਮੋਦੀ ਸਰਕਾਰ ਸੱਤਾ ਵਿਚ ਆਈ ਸੀ। ਅਸਲ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ‘ਅੱਛੇ ਦਿਨਾਂ’ ਦੇ ਲਾਰੇ ਲਾ ਕੇ ਸੱਤਾ ਹਥਿਆਉਣ ਵਾਲੀ ਮੋਦੀ ਸਰਕਾਰ ਲੋਕ ਮੁੱਦਿਆਂ ਦੀ ਥਾਂ ਉਨ੍ਹਾਂ ਦਾ ਢਿੱਡ ਦੇਸ਼ ਭਗਤੀ ਨਾਲ ਭਰਨ ਵਿਚ ਲੱਗੀ ਹੋਈ ਹੈ। ਇਸ ਵੇਲੇ ਭਾਰਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਇਸ ਸਰਵੇਖਣ ਮੁਤਾਬਕ ਸਾਡਾ ਮੁਲਕ ਦੱਖਣ ਏਸ਼ਿਆਈ ਖਿੱਤੇ ਵਿਚ ਸਰਕਾਰੀ ਇਮਾਨਦਾਰੀ ਤੇ ਪਾਰਦਰਸ਼ਤਾ ਪੱਖੋਂ ਬੰਗਲਾਦੇਸ਼ ਤੋਂ ਵੀ ਪਿੱਛੇ ਹੈ। ਸਾਡੇ ਮੁਲਕ ਕੋਲ ਅਨਾਜ ਦੇ ਇੰਨੇ ਭੰਡਾਰ ਪਏ ਹਨ ਕਿ ਪੂਰਾ ਇਕ ਸਾਲ ਖੇਤਾਂ ਵਿਚ ਕੁਝ ਵੀ ਨਾ ਉਗਾਏ ਬਿਨਾਂ ਆਪਣੇ ਗੁਜ਼ਾਰਾ ਚਲਾ ਸਕਦਾ ਹੈ, ਪਰ ਇਸ ਦੇ ਬਾਵਜੂਦ ਕੁਲ ਕੌਮੀ ਵਸੋਂ ਦਾ 12æ3 ਫੀਸਦੀ ਹਿੱਸਾ ਅਜਿਹਾ ਹੈ ਜਿਸ ਨੂੰ ਹਰ ਰੋਜ਼ ਦੋ ਡੰਗ ਦੀ ਰੋਟੀ ਨਸੀਬ ਨਹੀਂ ਹੁੰਦੀ। ਬੁਨਿਆਦੀ ਸਿਹਤ ਸੰਭਾਲ, ਜਣੇਪਾ ਮੌਤ ਦਰ ਅਤੇ ਬਾਲ ਮੌਤ ਦਰ ਆਦਿ ਪੱਖੋਂ ਵੀ ਭਾਰਤ ਦੱਖਣੀ ਏਸ਼ੀਆ ਵਿਚ ਸਿਰਫ ਪਾਕਿਸਤਾਨ ਤੋਂ ਅੱਗੇ ਹੈ, ਬਾਕੀ ਸਾਰੇ ਸਾਰਕ ਦੇਸ਼ਾਂ ਤੋਂ ਪਿੱਛੇ। ਅੰਨ ਭੰਡਾਰਾਂ ਦੀ ਭਰਪੂਰਤਾ ਦੇ ਬਾਵਜੂਦ ਅੰਨਦਾਤਿਆਂ ਦੀਆਂ ਖੁਦਕੁਸ਼ੀਆਂ ਦਾ ਜੋ ਰੁਝਾਨ ਹੈ, ਉਹ ਹੋਰ ਕਿਤੇ ਵੀ ਨਹੀਂ। ਅਜਿਹੇ ਨਾਂਹ-ਮੁਖੀ ਪੈਮਾਨਿਆਂ ਦੀ ਫਹਿਰਿਸਤ ਬੜੀ ਲੰਮੀ ਹੈ। ਇਹ ਦਰਸਾਉਂਦੀ ਹੈ ਕਿ ਪਿਛਲੇ 70 ਸਾਲਾਂ ਦੌਰਾਨ ਵਿਕਾਸ ਦੀਆਂ ਤਰਜੀਹਾਂ ਕਿੰਨੀਆਂ ਅਸਾਵੀਆਂ ਰਹੀਆਂ ਹਨ।
_______________________________
ਜਦੋਂ ਮੋਹਨ ਭਾਗਵਤ ਅੰਦਰ ਬੇਕਾਬੂ ਹੋਈ ਦੇਸ਼ ਭਗਤੀæææ
ਪਲੱਕਡ (ਕੇਰਲਾ): ਆਜ਼ਾਦੀ ਦੀ ਵਰ੍ਹੇਗੰਢ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਅੰਦਰ ਇੰਨੀ ਦੇਸ਼ ਭਗਤੀ ਜਾਗ ਉਠੀ ਕਿ ਉਹ ਸਾਰੀਆਂ ਹੱਦਾਂ ਪਾਰ ਕਰ ਗਏ। ਭਾਗਵਤ ਨੇ ਇਕ ਆਰæਐਸ਼ਐਸ਼ ਸਮਰਥਕ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਅਧਿਕਾਰੀਆਂ ਦਾ ਮਨ੍ਹਾ ਕਰਨ ਦੇ ਬਾਵਜੂਦ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਕੇ ਨਵਾਂ ਵਿਵਾਦ ਸਹੇੜ ਲਿਆ। ਅਧਿਕਾਰੀਆਂ ਨੇ ਸਮਝਾਇਆ ਕਿ ਝੰਡਾ ਲਹਿਰਾਉਣ ਦੀ ਰਸਮ ਕੋਈ ਸਿਆਸੀ ਨੇਤਾ ਉਨਾ ਚਿਰ ਨਹੀਂ ਕਰ ਸਕਦਾ ਜਿੰਨਾ ਚਿਰ ਉਸ ਨੂੰ ਕਿਸੇ ਸੰਵਿਧਾਨਕ ਅਹੁਦੇ ਲਈ ਲੋਕਾਂ ਨੇ ਚੁਣਿਆ ਨਾ ਹੋਵੇ। ਇਸ ਦੇ ਬਾਵਜੂਦ ਮੋਹਨ ਭਾਗਵਤ ਨਾ ਟਲਿਆ। ਇਸ ‘ਤੇ ਸੀæਪੀæਐਮæ ਨੇਤਾ ਐਮæਬੀæ ਰਾਜੇਸ਼ ਨੇ ਵਿਰੋਧ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਆਰæਐਸ਼ਐਸ਼ ਕੇਰਲਾ ਵਿਚ ਨਵਾਂ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਕੇæਸੀæ ਵੇਣੂਗੋਪਾਲ ਨੇ ਕਿਹਾ ਕਿ ਇਹ ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਲੁਕਵੇਂ ਏਜੰਡਿਆਂ ਨੂੰ ਕੇਰਲਾ ਵਿਚ ਲਾਗੂ ਕਰਨ ਦੀ ਕੋਝੀ ਚਾਲ ਹੈ।