ਚੰਡੀਗੜ੍ਹ: ਪੰਜਾਬ ਵਿਚ ਨਕਲੀ ਕੀੜੇਮਾਰ ਦਵਾਈਆਂ ਅਤੇ ਘਟੀਆ ਬੀਜਾਂ ਦੀ ਸਪਲਾਈ ਬਾਰੇ ਸੱਚਾਈ ਸਾਹਮਣੇ ਆਉਣ ਪਿੱਛੋਂ ਕਿਸਾਨਾਂ ਵਿਚ ਮੁੜ ਦਹਿਸ਼ਤ ਦਾ ਮਾਹੌਲ ਹੈ। ਸਾਫ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਨਰਮਾ ਕਾਸ਼ਤਕਾਰਾਂ ਨੂੰ ਮਿਆਰੀ ਕੀਟਨਾਸ਼ਕ ਮੁਹੱਈਆ ਕਰਾਉਣ ਵਿਚ ਨਾਕਾਮ ਰਹੀ ਹੈ।
ਨਰਮਾ ਪੱਟੀ ਦੇ ਕਿਸਾਨਾਂ ਦਾ ਰੋਹ ਤਿੱਖਾ ਹੋਣ ਲੱਗਾ ਹੈ ਅਤੇ ਉਹ ਨਵੀਂ ਹਕੂਮਤ ਵੱਲ ਉਂਗਲ ਕਰਨ ਲੱਗੇ ਹਨ। ਮੁਢਲੇ ਪੜਾਅ ਉਤੇ ਭਰੇ 34 ਨਮੂਨਿਆਂ ‘ਚੋਂ ਜਦੋਂ 24 ਫੇਲ੍ਹ ਹੋ ਗਏ ਸਨ ਤਾਂ ਸਰਕਾਰ ਨੇ ਰਾਤੋਂ ਰਾਤ ਖੇਤੀ ਅਫਸਰਾਂ ਦੀਆਂ ਟੀਮਾਂ ਨਰਮਾ ਪੱਟੀ ਵਿਚ ਭੇਜ ਦਿੱਤੀਆਂ ਸਨ। ਇਨ੍ਹਾਂ ਟੀਮਾਂ ਨੇ ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ‘ਚੋਂ ਤਕਰੀਬਨ 99 ਨਮੂਨੇ ਦੋ ਦਿਨਾਂ ਮੁਹਿੰਮ ਦੌਰਾਨ ਭਰੇ ਸਨ। ਨਕਲੀ ਕੀਟਨਾਸ਼ਕਾਂ ਕਾਰਨ ਕਿਸਾਨਾਂ ਨੂੰ ਅਕਸਰ ਦੋਹਰੀ ਮਾਰ ਝੱਲਣੀ ਪੈਂਦੀ ਹੈ। ਅੱਜ ਕੱਲ੍ਹ ਸੂਬੇ ਦੀ ਕਪਾਹ ਪੱਟੀ ਵਿਚ ਕਪਾਹ ਦੀ ਫਸਲ ‘ਤੇ ਚਿੱਟੀ ਮੱਖੀ ਮਾਰੂ ਸਿੱਧ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਖੇਤਰ ਵਿਚ ਗਏ ਸਨ ਅਤੇ ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਦੀਆਂ ਫਸਲਾਂ ਦਾ ਮੁਆਇਨਾ ਵੀ ਕੀਤਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਅਤੇ ਪ੍ਰਭਾਵਿਤ ਹੋਈ ਫਸਲ ਦਾ ਪੂਰਾ ਮੁਆਵਜ਼ਾ ਦੇਣ ਦਾ ਭਰੋਸਾ ਵੀ ਦਿੱਤਾ ਹੈ, ਪਰ ਪਿਛਲਾ ਤਜਰਬਾ ਦੱਸਦਾ ਹੈ ਕਿ ਸਰਕਾਰੀ ਫੈਸਲੇ ਤੇ ਉਨ੍ਹਾਂ ਦੇ ਲਾਗੂ ਹੋਣ ਦੀ ਪ੍ਰਕਿਰਿਆ ਇੰਨੀ ਲੰਬੀ ਅਤੇ ਪੇਚੀਦਾ ਹੁੰਦੀ ਹੈ ਕਿ ਪੀੜਤ ਬੰਦੇ ਤੱਕ ਸਹਾਇਤਾ ਪਹੁੰਚਦਿਆਂ-ਪਹੁੰਚਦਿਆਂ ਰਸਤੇ ਵਿਚ ਦਮ ਤੋੜ ਜਾਂਦੀ ਹੈ।
ਨਕਲੀ ਕੀਟਨਾਸ਼ਕ ਦਵਾਈਆਂ ਅਤੇ ਘਟੀਆ ਬੀਜਾਂ ਦੀ ਸਮੱਸਿਆ ਪੰਜਾਬ ਵਿਚ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਕਈ ਵਾਰ ਗੰਭੀਰ ਰੂਪ ਵਿਚ ਸਾਹਮਣੇ ਆਉਂਦੀ ਰਹੀ ਹੈ। ਨਕਲੀ ਕੀਟਨਾਸ਼ਕਾਂ ਦਾ ਵੱਡਾ ਘਪਲਾ ਸਾਹਮਣੇ ਆਉਣ ‘ਤੇ ਉਸ ਦੌਰ ‘ਚ ਕਈ ਵੱਡੇ ਅਫਸਰਾਂ ‘ਤੇ ਕਾਰਵਾਈ ਵੀ ਹੋਈ ਸੀ, ਪਰ ਅਜਿਹਾ ਹੋਣ ਦੇ ਬਾਵਜੂਦ ਇਹ ਵਰਤਾਰਾ ਜਾਰੀ ਹੈ। ਦਵਾਈਆਂ ਦੇ ਜਿਹੜੇ ਨਮੂਨੇ ਫੇਲ੍ਹ ਹੋਏ ਹਨ, ਉਹ ਕੀਟਨਾਸ਼ਕ ਦਵਾਈਆਂ ਵੇਚਣ ਵਾਲੀਆਂ ਤਿੰਨ ਵੱਡੀਆਂ ਕੰਪਨੀਆਂ ਦੀ ਵਿਕਰੀ ਨਾਲ ਜੁੜੇ ਹੋਏ ਹਨ।
ਮੁੱਖ ਮੰਤਰੀ ਨੇ ਕਪਾਹ ਪੱਟੀ ਦੇ ਆਪਣੇ ਤਾਜ਼ਾ ਦੌਰੇ ਦੇ ਦੌਰਾਨ ਬੇਸ਼ਕ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਸੰਕੇਤ ਦਿੱਤੇ ਹਨ, ਪਰ ਇਸ ਪੂਰੇ ਘਟਨਾਕ੍ਰਮ ਵਿਚ ਵਪਾਰੀਆਂ ਦੀ ਕਈ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਬਾਕਾਇਦਾ ਮਿਲੀਭੁਗਤ ਦਿਖਾਈ ਦਿੰਦੀ ਹੈ। ਇਥੋਂ ਤੱਕ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲ ਵੀ ਕਈ ਵਾਰ ਉਂਗਲ ਉਠਦੀ ਰਹੀ ਹੈ। ਕਪਾਹ ਪੱਟੀ ਨਾਲ ਜੁੜੇ ਚਾਰ ਜ਼ਿਲ੍ਹਿਆਂ ਵਿਚ ਹਰ ਸਾਲ ਚਿੱਟੀ ਮੱਖੀ ਦਾ ਹਮਲਾ ਹੁੰਦਾ ਹੈ ਅਤੇ ਹਰ ਵਾਰ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ ਜੋ ਬੇਅਸਰ ਸਿੱਧ ਹੁੰਦਾ ਹੈ। ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਮੰਤਰੀ ਅਤੇ ਸੱਤਾ ਪੱਖ ਨਾਲ ਜੁੜੇ ਨੇਤਾਵਾਂ ਦੇ ਬਿਆਨ ਆਉਂਦੇ ਹਨ, ਪਰ ਇਸ ਸਮੱਸਿਆ ‘ਤੇ ਰੋਕ ਲਗਾਉਣ ਦੀਆਂ ਸੰਭਾਵਨਾਵਾਂ ਵਿਚ ਰੱਤੀ ਭਰ ਵੀ ਸੁਧਾਰ ਨਹੀਂ ਦਿਖਾਈ ਦਿੰਦਾ।