ਸੱਤਰ ਸਾਲਾਂ ਪਿੱਛੋਂ ਵੀ ਅੱਲ੍ਹੇ ਜ਼ਖਮ

ਚੰਡੀਗੜ੍ਹ: ਸਰਹੱਦ ਕੰਢੇ ਵੱਸਦੇ ਲੋਕ ਅੱਜ ਵੀ ਆਜ਼ਾਦੀ ਦਾ ਆਨੰਦ ਮਾਣਨ ਦੀ ਬਜਾਏ ਇਸ ਦਾ ਸੰਤਾਪ ਹੰਢਾ ਰਹੇ ਹਨ। ਰਾਤ ਨੂੰ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਸਰਹੱਦ ਨਾਲ ਲੱਗਦੇ ਇਕ ਦਰਜਨ ਪਿੰਡਾਂ ਦੇ ਲੋਕ ਬੀæਐਸ਼ਐਫ਼ ਦੀ ਇਜਾਜ਼ਤ ਤੋਂ ਬਗੈਰ ਨਾ ਪਿੰਡ ਵਿਚ ਦਾਖਲ ਹੋ ਸਕਦੇ ਹਨ ਤੇ ਨਾ ਪਿੰਡੋਂ ਬਾਹਰ ਜਾ ਸਕਦੇ ਹਨ। ਕਿਸਾਨਾਂ ਨੂੰ ਵੀ ਤਾਰੋਂ ਪਾਰ ਖੇਤੀ ਕਰਨ ਲਈ ਜਾਣ ਤੇ ਵਾਪਸ ਆਉਣ ਵਾਸਤੇ ਬੀæਐਸ਼ਐਫ਼ ਦੇ ਜਵਾਨਾਂ ਨੂੰ ਤਲਾਸ਼ੀ ਦੇਣੀ ਪੈਂਦੀ ਹੈ।

ਬਹੁਤੇ ਪਿੰਡਾਂ ਦੀਆਂ ਕੁੜੀਆਂ ਅਜਿਹੀਆਂ ਹਨ, ਜਿਨ੍ਹਾਂ ਸ਼ਹਿਰ ਦੇ ਕਾਲਜਾਂ ਦਾ ਮੂੰਹ ਤੱਕ ਨਹੀਂ ਦੇਖਿਆ ਕਿਉਂਕਿ ਕਾਲਜਾਂ ਵਿਚ ਪੜ੍ਹਾਈ ਕਰਨ ਲਈ ਉਨ੍ਹਾਂ ਦੇ ਮਾਪਿਆਂ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਟਰਾਂਸਪੋਰਟ ਦੀ ਸੁਵਿਧਾ। ਫਾਜ਼ਿਲਕਾ ਜ਼ਿਲ੍ਹੇ ਵਿਚ ਵੰਡ ਤੋਂ ਪਹਿਲਾਂ ਏਸ਼ੀਆ ਦੀ ਸਭ ਤੋਂ ਵੱਡੀ ਉੱਨ ਦੀ ਮੰਡੀ ਹੁੰਦੀ ਸੀ, ਜੋ ਖਤਮ ਹੋ ਗਈ। ਸੈਨਿਕ ਨਜ਼ਰੀਏ ਤੋਂ ਫਿਰੋਜ਼ਪੁਰ ਜ਼ਿਲ੍ਹਾ ਸੂਬੇ ਵਿਚ ਸਭ ਤੋਂ ਅਹਿਮ ਮੰਨਿਆ ਜਾਂਦਾ ਸੀ। ਅੰਗਰੇਜ਼ਾਂ ਦੇ ਜ਼ਮਾਨੇ ਵਿਚ ਬਣਿਆ ਰੇਲਵੇ ਦਾ ਡਿਵੀਜ਼ਨਲ ਦਫਤਰ ਅਜੇ ਵੀ ਇਥੇ ਸਥਿਤ ਹੈ। ਸਿੱਖਿਆ ਸੰਸਥਾਵਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਪਹਿਲਾ ਬੀæਐਡæ ਕਾਲਜ ਫਿਰੋਜ਼ਪੁਰ ਵਿਚ ਖੋਲ੍ਹਿਆ ਗਿਆ ਸੀ, ਜੋ ਅਜੇ ਵੀ ਚੱਲ ਰਿਹਾ ਹੈ ਪਰ ਹਿੰਦੂਆਂ ਤੇ ਸਿੱਖਾਂ ਦੀਆਂ ਲੜਕੀਆਂ ਲਈ ਉਚੇਚੇ ਤੌਰ ‘ਤੇ ਬਣਾਏ ਦੋ ਸਕੂਲਾਂ ਵਿਚੋਂ ਇਕ ਹਿੰਦੂ ਗਰਲਜ਼ ਸਕੂਲ ਬੰਦ ਹੋ ਗਿਆ ਹੈ ਤੇ ਸਿੱਖ ਕੰਨਿਆ ਮਹਾਂਵਿਦਿਆਲਿਆ ਬੰਦ ਹੋਣ ਕੰਢੇ ਹੈ।
ਫ਼ਿਰੋਜ਼ਪੁਰ ਵਿਚ ਵਪਾਰ ਦੀ ਮੰਦੀ ਹਾਲਤ ਸਾਲ 1971 ਤੋਂ ਸ਼ੁਰੂ ਹੋ ਗਈ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ 1971 ਤੱਕ ਇਥੋਂ ਹੁਸੈਨੀਵਾਲਾ ਬਾਰਡਰ ਤੋਂ ਪਾਕਿਸਤਾਨ ਨਾਲ ਵਪਾਰਕ ਸਾਂਝ ਬਣੀ ਰਹੀ। ਸ਼ਹਿਰ ਦੇ ਕਈ ਲੋਕਾਂ ਕੋਲ ਵਪਾਰ ਲਈ ਲਾਇਸੈਂਸ ਬਣੇ ਹੋਏ ਸਨ। ਇਸ ਬਾਰਡਰ ਤੋਂ ਜ਼ਿਆਦਾਤਰ ਸੁੱਕੇ ਮੇਵੇ, ਅੰਗੂਰ, ਚਾਹਪੱਤੀ ਤੇ ਹੋਰ ਘਰੇਲੂ ਵਸਤੂਆਂ ਦਾ ਵਪਾਰ ਹੁੰਦਾ ਸੀ, ਜਿਸ ਕਾਰਨ ਲੋਕ ਖੁਸ਼ਹਾਲ ਸਨ। 1971 ਦੀ ਹਿੰਦ-ਪਾਕਿ ਜੰਗ ਨੇ ਇਸ ਵਪਾਰ ਨੂੰ ਵੀ ਤਬਾਹ ਕਰ ਦਿੱਤਾ, ਜਿਸ ਦਾ ਖਮਿਆਜ਼ਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੱਜ ਤੱਕ ਭੁਗਤ ਰਹੇ ਹਨ।
________________________________________
ਕੰਢੀ ਵਾਲੇ ਪਿੰਡਾਂ ਦੀ ਅੱਜ ਤੱਕ ਕਿਸੇ ਨਾ ਪੁੱਛੀ ਬਾਤ
ਘਨੌਲੀ: ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਵਸੇ ਚਾਰ ਪਿੰਡਾਂ ਮਕੌੜੀ ਕਲਾਂ, ਮਨਸਾਲੀ, ਚੱਕ ਕਰਮਾ ਅਤੇ ਡੰਗੌਲੀ ਦੇ ਵਿਦਿਆਰਥੀ ਆਪਣੀ ਜਾਨ ਖਤਰੇ ਵਿਚ ਪਾ ਕੇ ਘਨੌਲੀ ਕਸਬੇ ਦੇ ਸਕੂਲਾਂ ਵਿਚ ਪੜ੍ਹਨ ਲਈ ਜਾਂਦੇ ਹਨ। ਪੈਦਲ ਜਾਂ ਸਾਈਕਲਾਂ ਰਾਹੀਂ ਸਕੂਲ ਜਾਣ ਵਾਲੇ ਇਹ ਪਾੜ੍ਹੇ ਕਾਹਲੀ ਦੇ ਚੱਕਰ ਵਿਚ ਰੋਜ਼ਾਨਾ ਸਤਲੁਜ ਯਮੁਨਾ ਲਿੰਕ ਨਹਿਰ ਤੋਂ ਚੋਏ ਦਾ ਪਾਣੀ ਲੰਘਾਉਣ ਲਈ ਬਣਾਏ ਸਾਈਫਨ ਦੇ ਉਤੋਂ ਦੀ ਲੰਘ ਕੇ ਸਕੂਲ ਜਾਂਦੇ ਹਨ। ਸਾਈਫਨ ਦੀਆਂ ਮਸਾਂ ਹੀ ਡੇਢ ਦੋ ਫੁੱਟ ਚੌੜੀਆਂ ਦੀਵਾਰਾਂ ਜਿਨ੍ਹਾਂ ਤੋਂ ਪੈਦਲ ਹੀ ਬੜੀ ਮੁਸ਼ਕਲ ਨਾਲ ਲੰਘਿਆ ਜਾ ਸਕਦਾ ਹੈ, ਉਨ੍ਹਾਂ ਦੀਵਾਰਾਂ ਉਤੋਂ ਦੀ ਇਹ ਬੱਚੇ ਆਪਣੇ ਸਾਈਕਲ ਵੀ ਟਪਾਉਂਦੇ ਹਨ। ਪਿਛਲੇ ਸਮੇਂ ਦੌਰਾਨ ਸਾਈਫਨ ਪਾਰ ਕਰਦੇ ਹੋਏ ਇਨ੍ਹਾਂ ਪਿੰਡਾਂ ਦੇ ਕਈ ਵਿਅਕਤੀ ਸੱਟਾਂ ਖਾ ਚੁੱਕੇ ਹਨ ਅਤੇ ਵਿਦਿਆਰਥੀਆਂ ਦਾ ਘੱਟ ਚੌੜੀਆਂ ਦੀਵਾਰਾਂ ਤੇ ਸਾਈਕਲ ਲੈ ਕੇ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ ਤੇ ਇਨ੍ਹਾਂ ਵਿਦਿਆਰਥੀਆਂ ਨਾਲ ਕਿਸੇ ਸਮੇਂ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ।
________________________________________
ਮਿਊਜ਼ੀਅਮ ਦੱਸੇਗਾ ਉਜਾੜੇ ਦਾ ਦਰਦ
ਅੰਮ੍ਰਿਤਸਰ: ਸੱਤ ਦਹਾਕਿਆਂ ਵਿਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵੰਡ ਦੀ ਪੀੜ ਅਤੇ ਉਸ ਵੇਲੇ ਦੇ ਹਾਲਾਤ ਮਿਊਜ਼ੀਅਮ ਰਾਹੀਂ ਪੇਸ਼ ਕੀਤੇ ਜਾਣਗੇ। ਵੰਡ ਦੀ ਕਹਾਣੀ ਬਿਆਨ ਕਰਦੇ ਮਿਊਜ਼ੀਅਮ ਦਾ ਇਕ ਭਾਗ ਪਿਛਲੇ ਵਰ੍ਹੇ ਨਵੰਬਰ ਵਿਚ ਚਾਲੂ ਕੀਤਾ ਗਿਆ ਸੀ ਤੇ ਦੂਜਾ ਹੁਣ ਸ਼ੁਰੂ ਹੋ ਗਿਆ ਹੈ। ਦੇਸ਼ ਵੰਡ ਨਾਲ ਸਬੰਧਤ ਇਸ ਅਜਾਇਬਘਰ ਵਿਚ ਕਈ ਅਜਿਹੀਆਂ ਯਾਦਾਂ ਸਮੋਈਆਂ ਹਨ, ਜਿਸ ਨਾਲ ਨਵੀਂ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਕਿਵੇਂ ਬਟਵਾਰੇ ਨਾਲ ਉਨ੍ਹਾਂ ਦੇ ਬਜ਼ੁਰਗ ਉਜੜੇ।
ਇਨ੍ਹਾਂ ਯਾਦਾਂ ਵਿਚ ਵੰਡ ਵੇਲੇ ਲੋਕਾਂ ਵੱਲੋਂ ਲਿਖੇ ਖਤ, ਘਟਨਾਵਾਂ ਨੂੰ ਬਿਆਨ ਕਰਦੀਆਂ ਉਸ ਸਮੇਂ ਦੀਆਂ ਅਖਬਾਰਾਂ ਦੀਆਂ ਕਾਤਰਾਂ, ਫੋਟੋਆਂ, ਪੀੜਤਾਂ ਦੀਆਂ ਹੱਡਬੀਤੀਆਂ ਅਤੇ ਉਨ੍ਹਾਂ ਦੀ ਆਵਾਜ਼ ਦੇ ਰੂਪ ਵਿਚ ਸੰਭਾਲੀਆਂ ਯਾਦਾਂ ਸਣੇ ਬਹੁਤ ਕੁਝ ਸ਼ਾਮਲ ਹੈ। ਇਥੇ ਰੱਖਿਆ ਇਕ ਖਤ ਇਕ ਸਤੰਬਰ 1947 ਨੂੰ ਗੁਜਰਾਤ (ਜੋ ਹੁਣ ਪਾਕਿਸਤਾਨ ਵਿਚ ਹੈ) ਦੇ ਸ਼ਰਨਾਰਥੀ ਕੈਂਪ ਵਿਚੋਂ ਦੀਵਾਨ ਚੰਦ ਨਾਂ ਦੇ ਸ਼ਰਨਾਰਥੀ ਨੇ ਸ਼ਿਮਲੇ ਆਪਣੇ ਬੇਟੇ ਨੂੰ ਭੇਜਿਆ ਸੀ। ਇਹ ਅਸਲ ਚਿੱਠੀ ਉਰਦੂ ਵਿਚ ਹੈ ਪਰ ਇਸ ਦਾ ਅਨੁਵਾਦ ਅੰਗਰੇਜ਼ੀ ਵਿਚ ਕੀਤਾ ਹੋਇਆ ਹੈ। ਪੱਤਰ ਵਿਚ ਚੁੰਨੀ ਲਾਲ ਨੂੰ ਸੰਬੋਧਨ ਹੁੰਦਿਆਂ ਦੱਸਿਆ ਹੈ, ”ਨਰਾਇਣ ਦਾਸ ਦਾ ਪਰਿਵਾਰ 14 ਅਗਸਤ 1947 ਨੂੰ ਬਿੰਬਰ ਵਾਸਤੇ ਰਵਾਨਾ ਹੋ ਗਿਆ ਸੀ, ਪਰ ਹੁਣ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਹਾਲਾਤ ਇੰਨੇ ਖਰਾਬ ਹਨ ਕਿ ਸ਼ਬਦਾਂ ਵਿਚ ਦੱਸਣਾ ਮੁਸ਼ਕਲ ਹੈ। ਹੁਣ ਤੂੰ ਇਧਰ ਨਾ ਆਵੀਂ। ਮੈਂ ਕਿਸੇ ਢੰਗ-ਤਰੀਕੇ ਨਾਲ ਦੇਹਰਾਦੂਨ ਪੁੱਜਣ ਦਾ ਯਤਨ ਕਰਾਂਗਾ, ਪਰ ਇਹ ਕੰਮ ਬੜਾ ਜ਼ੋਖਿਮ ਵਾਲਾ ਹੈ।”
ਪਾਰਟੀਸ਼ਨ ਮਿਊਜ਼ੀਅਮ ‘ਦਿ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ’ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਟਰੱਸਟ ਚਲਾ ਰਹੀ ਕਿਸ਼ਵਰ ਦੇਸਾਈ ਉਘੇ ਅਰਥ ਸ਼ਾਸਤਰੀ ਮੇਘਨਾਦ ਦੇਸਾਈ ਦੀ ਪਤਨੀ ਹੈ। ਇਨ੍ਹਾਂ ਦੋਵਾਂ ਦੇ ਪਰਿਵਾਰ ਵੰਡ ਦੇ ਉਜਾੜੇ ਦਾ ਸ਼ਿਕਾਰ ਬਣੇ ਸਨ।
_________________________________________________
ਪ੍ਰੀਤ ਨਗਰ ਦੇ ਸੁਪਨਸਾਜ਼ ਦਾ ਦਰਦæææ
ਚੰਡੀਗੜ੍ਹ: ”ਪ੍ਰੀਤ ਨਗਰ ਮੇਰੇ ਸੁਫਨਿਆਂ ਦਾ ਖੰਡਰ ਹੈ।” 1947 ਵਿਚ ਹੋਈ ਦੇਸ਼ ਵੰਡ ਸਮੇਂ ਫਿਰਕੂ ਹਿੰਸਾ ਕਾਰਨ ਦਿੱਲੀ ਨੇੜੇ ਮਹਿਰੌਲੀ ਜਾ ਵੱਸਣ ਤੋਂ ਤਿੰਨ ਸਾਲ ਬਾਅਦ ਪ੍ਰੀਤ ਨਗਰ ਪੁੱਜੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇਹ ਟਿੱਪਣੀ ਉਨ੍ਹਾਂ ਦੇ ਦਰਦ ਦੀ ਗਹਿਰਾਈ ਦਾ ਪ੍ਰਤੀਕ ਹੈ।
ਪੰਜਾਬ ਵਿਚ 1933 ਵਿੱਚ ‘ਪ੍ਰੀਤਲੜੀ’ ਰਸਾਲੇ ਰਾਹੀਂ ਹਜ਼ਾਰਾਂ ਨੌਜਵਾਨਾਂ ਦੇ ਮਨਾਂ ਉਤੇ ਛਾਪ ਛੱਡਣ ਵਾਲੇ ਪ੍ਰੀਤ ਨਗਰ ਦੇ ਸੁਪਨਸਾਜ਼ ਗੁਰਬਖਸ਼ ਸਿੰਘ ਨੇ ਜਾਤ-ਪਾਤ, ਧਰਮਾਂ, ਨਸਲਾਂ ਸਮੇਤ ਹਰ ਤਰ੍ਹਾਂ ਦੀ ਊਚ-ਨੀਚ ਖਿਲਾਫ਼ ਬਰਾਬਰੀ ਦੀ ਧਾਰਨਾ ਨੂੰ ਅਮਲੀ ਰੂਪ ਦੇਣ ਲਈ ਸਾਂਝੀ ਰਸੋਈ, ਸਾਂਝੀ ਡੇਅਰੀ, ਕੁੜੀਆਂ-ਮੁੰਡਿਆਂ ਦੇ ਸਾਂਝੇ ਸਕੂਲ ਸਮੇਤ ਪੰਜਾਬ ਦੇ ਪਹਿਲੇ ਯੋਜਨਾਬੱਧ ਨਗਰ ਨੂੰ ‘ਪ੍ਰੀਤ ਨਗਰ’ ਦਾ ਨਾਮ ਦਿੱਤਾ। 1938 ਵਿਚ ਬਣੇ ਇਸ ਨਗਰ ਦੀ ਧੂਮ ਮਹਾਂਕਵੀ ਰਬਿੰਦਰ ਨਾਥ ਟੈਗੋਰ ਤੱਕ ਵੀ ਪੁੱਜੀ। ਪੰਜਾਬੀ ਨਾਟਕ ਦੀ ਨੱਕੜਦਾਦੀ ਨੋਰਾ ਰਿਚਰਡ ਅਤੇ ਕਲਾਕਾਰ ਸੋਭਾ ਸਿੰਘ ਇਥੇ ਵੱਸਣਾ ਚਾਹੁੰਦੇ ਸਨ। ਨਾਨਕ ਸਿੰਘ ਤਾਂ ਸਥਾਈ ਤੌਰ ਉਤੇ ਵੱਸ ਗਏ ਸਨ। ਪੰਜਾਬ ਦੇ ਕਲਾ ਅਤੇ ਸਾਹਿਤ ਦੇ ਕੇਂਦਰ ਵਜੋਂ ਸਥਾਪਤ ਲਾਹੌਰ ਅਤੇ ਅੰਮ੍ਰਿਤਸਰ ਦੇ ਲਗਭਗ ਦਰਮਿਆਨ ਵਸਾਏ ਪ੍ਰੀਤ ਨਗਰ ਰਾਹੀਂ ਭਵਿੱਖ ਦੀ ਬੁਨਿਆਦ ਰੱਖੀ ਗਈ ਸੀ ਪਰ ਜੋਬਨ ਵੱਲ ਵਧਦਾ ਇਹ ਸੁਪਨਾ ਇਕ ਦਹਾਕੇ ਤੋਂ ਪਹਿਲਾਂ ਹੀ ਖੰਡਰ ਹੋ ਗਿਆ।
ਗੁਰਬਖਸ਼ ਸਿੰਘ ਦਾ ਬੇਟਾ ਹਿਰਦੇਪਾਲ ਸਿੰਘ ਇਸ ਵੇਲੇ ਉਨ੍ਹਾਂ ਦੇ ਪੁਸ਼ਤੈਨੀ ਘਰ ਵਿਚ ਰਹਿ ਰਿਹਾ ਹੈ। ਹਿਰਦੇਪਾਲ ਦੇ ਦੱਸਣ ਮੁਤਾਬਕ ਸ਼ੁਰੂਆਤੀ ਤੌਰ ‘ਤੇ 1938 ਵਿਚ ਵਸੇ ਇਸ ਨਗਰ ਵਿਚ 8 ਮਕਾਨਾਂ ਵਿਚ 16 ਪਰਿਵਾਰਾਂ ਨੇ ਰਿਹਾਇਸ਼ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਮਕਾਨ ਬਣਾਉਣ ਤੋਂ ਲੈ ਕੇ ਹਰ ਕੰੰਮ ਲਈ ਸਾਰੇ ਮਿਸਤਰੀ, ਰਾਜ ਮਿਸਤਰੀ ਅਤੇ ਲੇਬਰ ਪ੍ਰੀਤ ਨਗਰ ਦੇ ਇਲਾਕੇ ਵਿਚੋਂ ਹੀ ਸਨ। ਆਪਣੇ ਆਲੇ-ਦੁਆਲੇ ਵਿਚੋਂ ਹੀ ਸਭ ਜ਼ਰੂਰਤਾਂ ਪੂਰੀਆਂ ਕਰਨ ਅਤੇ ਉਨ੍ਹਾਂ ਲਈ ਹੀ ਰੁਜ਼ਗਾਰ ਦੇ ਮੌਕੇ ਦੇਣ ਦਾ ਇਹ ਬਿਹਤਰੀਨ ਨਮੂਨਾ ਸੀ। ਲੰਗਰ, ਸੰਗਤ ਤੇ ਪੰਗਤ ਦੀ ਲੜੀ ਨੂੰ ਗੁਰਦੁਆਰਿਆਂ ਤੋਂ ਅੱਗੇ ਤੋਰਦਿਆਂ ਪ੍ਰੀਤ ਨਗਰ ਵਿਚ ਸਾਂਝੀ ਰਸੋਈ ਬਣਾਈ ਗਈ। ਸਾਂਝੀ ਖੇਤੀ ਵਿਚੋਂ ਖਾਣ-ਪੀਣ ਦੇ ਸਾਮਾਨ ਦਾ ਬੰਦੋਬਸਤ ਵੀ ਇਸ ਯੋਜਨਾ ਦਾ ਹਿੱਸਾ ਸੀ।
ਸਾਂਝੀ ਡੇਅਰੀ ਵਿਚੋਂ ਹਰੇਕ ਦੇ ਘਰ ਦੀ ਲੋੜ ਅਨੁਸਾਰ ਦੁੱਧ ਦੀ ਪਹੁੰਚ ਦੀ ਗਾਰੰਟੀ ਪਿੱਛੇ ਮਕਸਦ ਔਰਤ ਨੂੰ ਘਰੇਲੂ ਕੰਮਾਂ ਦੀ ਬਜਾਇ ਸਮਾਜਿਕ, ਸਾਹਿਤਕ ਤੇ ਹੋਰ ਕੰਮਾਂ ਲਈ ਸਮਾਂ ਦੇਣ ਦਾ ਰਿਹਾ। ਇਸ ਨਜ਼ਰੀਏ ਦੀ ਪ੍ਰੇਰਨਾ ਸੀ ਕਿ 1940 ਵਿਚ ਪੰਜਾਬ ਵਿਚ ਅੱਠ ਏਕੜ ਜ਼ਮੀਨ ਵਿਚ ਪਹਿਲਾ ਕੋ-ਐਜੂਕੇਸ਼ਨਲ ਸਕੂਲ ਬਣਿਆ। ਪਹਿਲੀ ਮਹਿਲਾ ਥੀਏਟਰ ਕਲਾਕਾਰ ਦੇ ਰੂਪ ਵਿਚ ਗੁਰਬਖਸ਼ ਸਿੰਘ ਹੋਰਾਂ ਨੇ ਆਪਣੀ ਬੇਟੀ ਉਮਾ ਨੂੰ ਅੱਗੇ ਲਿਆਂਦਾ। ਪਿੰਡ ਵਿਚ ਸਾਰੀਆਂ ਜ਼ਰੂਰੀ ਚੀਜ਼ਾਂ ਲਈ ਇਕ ਵੱਡੇ ਸਟੋਰ ਅਤੇ ਰੈਸਤਰਾਂ ਦਾ ਪ੍ਰਬੰਧ ਅਤੇ ਪ੍ਰਿੰਟਿੰਗ ਪ੍ਰੈੱਸ ਦਾ ਕਾਗਜ਼ ਵੀ ਪ੍ਰੀਤ ਨਗਰ ਨੇ ਆਪਣਾ ਬਣਾਇਆ।
ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ‘ਤੇ ਵੰਡ ਦੀ ਕਤਲੋਗਾਰਦ ਭਾਰੀ ਪੈ ਗਈ। ਇਸ ਭਰਾ ਮਾਰੂ ਜੰਗ ਵਿਚ ਲਗਭਗ 10 ਲੱਖ ਮਾਸੂਮਾਂ ਦਾ ਖੂਨ ਡੁੱਲਿਆ, ਇਨ੍ਹਾਂ ਵਿਚੋਂ 8 ਲੱਖ ਪੰਜਾਬੀ ਸਨ। ਵੰਡ ਦੇ ਹਿੱਸੇ ਵਜੋਂ ਹੀ ਪ੍ਰੀਤ ਨਗਰ ਹੁਣ ਸਰਹੱਦੀ ਖੇਤਰ ਬਣ ਚੁੱਕਾ ਸੀ, ਜਿਥੇ ਹਰ ਲੜਾਈ ਵੇਲੇ ਗੋਲੀਆਂ ਦੀ ਬੁਛਾੜ ਘਰਾਂ ਦੀਆਂ ਚੂਲਾਂ ਹਿਲਾਉਂਦੀ ਰਹੀ। ਖਾੜਕੂਵਾਦ ਨੇ ਵੀ ਪ੍ਰੀਤਲੜੀ ਦੇ ਰਹਿੰਦੇ-ਖੂੰਹਦੇ ਸੁਪਨੇ ਨੂੰ ਉਜਾੜਨ ਦਾ ਕੰਮ ਕੀਤਾ।
ਪ੍ਰੀਤਲੜੀ ਦੀ ਸੰਪਾਦਕ ਤੇ ਗੁਰਬਖ਼ਸ਼ ਸਿੰਘ ਦੀ ਪੋਤ ਨੂੰਹ ਪੂਨਮ ਸਿੰਘ ਦਾ ਕਹਿਣਾ ਹੈ ਕਿ ਅਜੇ ਵੀ ਪਾਕਿਸਤਾਨ ਤੋਂ ਲੋਕ ਪ੍ਰੀਤਲੜੀ ਨੂੰ ਯਾਦ ਕਰਦੇ ਹਨ। ਪ੍ਰੀਤਲੜੀ ਨੇ ਆਪਣੀ ਪੁਰਾਣੀ ਭਾਸ਼ਾ ਅਪਣਾਈ ਹੋਈ ਹੈ, ਜੋ ਉਰਦੂ ਦੇ ਜ਼ਿਆਦਾ ਨੇੜੇ ਹੈ। ਜੇ ਸਰਹੱਦਾਂ ਮੋਕਲੀਆਂ ਹੁੰਦੀਆਂ ਹਨ ਤਾਂ ਲਾਹੌਰ ਤੇ ਅੰਮ੍ਰਿਤਸਰ ਦੀ ਸੱਭਿਅਤਾ ਵਿਚ ਬੋਲੀ, ਵਿਰਸੇ ਤੇ ਸੱਭਿਆਚਾਰ ਦੀ ਸਾਂਝ ਮੁੜ ਪ੍ਰੀਤ ਨਗਰ ਦੇ ਸੁਪਨੇ ਵਿਚ ਜਾਨ ਪਾ ਸਕਦੀ ਹੈ। ਪ੍ਰੀਤ ਨਗਰ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਲੱਗੇ ਲੇਖਕ ਮੁਖਤਾਰ ਗਿੱਲ ਨੇ ਸੇਵਾ ਮੁਕਤੀ ਤੋਂ ਬਾਅਦ ਪ੍ਰੀਤ ਨਗਰ ਵਿਚ ਹੀ ਰਹਿਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਹ ਸੁਪਨਾ ਕਾਮਯਾਬ ਹੋ ਜਾਂਦਾ ਤਾਂ ਪੰਜਾਬ ਵਿਚ ਇਹ ਇਕ ਅਜੂਬਾ ਹੋਣਾ ਸੀ।