ਸ਼੍ਰੋਮਣੀ ਕਮੇਟੀ ਦੇ ਜਾਇਦਾਦ ਸੌਦਿਆਂ ‘ਚ ਗੜਬੜ

ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਉਚ ਤਾਕਤੀ ਕਮੇਟੀ ਵੱਲੋਂ ਖਰੀਦੀਆਂ ਗਈਆਂ 13 ਕਰੋੜ 14 ਲੱਖ ਰੁਪਏ ਦੀਆਂ ਜਾਇਦਾਦਾਂ ਸੁਆਲਾਂ ਦੇ ਘੇਰੇ ਵਿਚ ਆ ਗਈਆਂ ਹਨ ਅਤੇ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਮਤ ਤੈਅ ਕੀਤੇ ਬਿਨਾਂ ਲੱਗੀ ਫੱਬੀ ਦੇ ਨਾਲ ਹੋਏ ਇਸ ਸਮੁੱਚੇ ਸੌਦੇ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ।

ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਚ ਮਨਾਏ ਜਾ ਰਹੇ 350 ਸਾਲਾਂ ਜਸ਼ਨਾਂ ਦੇ ਮੱਦੇਨਜ਼ਰ ਅਤੇ ਇਥੇ ਆਉਣ ਵਾਲੀ ਸੰਗਤ ਦੀ ਆਮਦ ਵਿਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਵੇਖਦੇ ਹੋਏ ਜ਼ਮੀਨ-ਜਾਇਦਾਦ ਖਰੀਦਣ ਦਾ ਫੈਸਲਾ ਲਿਆ ਸੀ, ਜਿਸ ਤਹਿਤ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਇਕ ਪੰਜ ਮੈਂਬਰੀ ਉਚ ਤਾਕਤੀ ਕਮੇਟੀ ਤਿਆਰ ਕੀਤੀ।
ਇਸ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਚੜ੍ਹਾਈ ਤੇ ਅੱਧ ਵਿਚਕਾਰ ਪੈਂਦੀ 19 ਮਰਲੇ ਦੀ ਕੋਠੀ ਦੋ ਕਰੋੜ, 70 ਲੱਖ, ਵੀæਆਈæਪੀæ ਰੋਡ ਦੇ ਨਾਲ ਲੱਗਦੇ ਅਟਾਰੀ ਵਾਲਾ ਮਹੱਲ ਵਿਚ 7 ਮਰਲੇ ਜ਼ਮੀਨ 21 ਲੱਖ, 49 ਹਜ਼ਾਰ ਰੁਪਏ ਵਿਚ, 18æ75 ਮਰਲੇ ਇਕ ਕਰੋੜ, 35 ਲੱਖ ਰੁਪਏ ਵਿਚ, ਦਸਮੇਸ਼ ਨਗਰ ਵਿਚ 12 ਮਰਲੇ 74 ਲੱਖ, 64 ਹਜ਼ਾਰ ਰੁਪਏ ਵਿਚ, ਗੁਰਦੁਆਰਾ ਭੋਰਾ ਸਾਹਿਬ ਨੇੜੇ 12 ਮਰਲੇ 70 ਲੱਖ ਰੁਪਏ ਵਿਚ, ਵੀæਆਈæਪੀæ ਰੋਡ ਉਤੇ 10æ50 ਮਰਲੇ 26æ25 ਲੱਖ ਰੁਪਏ ਵਿਚ, 9 ਮਰਲੇ 23æ75 ਲੱਖ ਰੁਪਏ ਵਿਚ, 12æ50 ਮਰਲੇ 92æ50 ਲੱਖ ਰੁਪਏ ਵਿਚ, 3æ75 ਮਰਲੇ 27æ50 ਲੱਖ ਰੁਪਏ ਵਿਚ ਅਤੇ 8 ਮਰਲੇ 29 ਲੱਖ, 25 ਹਜ਼ਾਰ ਰੁਪਏ ਵਿਚ ਖਰੀਦੇ ਗਏ। ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਿਥੋਂ ਤੱਕ ਜ਼ਮੀਨ ਦੀਆਂ ਕੀਮਤਾਂ ਦਾ ਸੁਆਲ ਹੁੰਦਾ ਹੈ ਤਾਂ ਉਹ ਸਬੰਧਤ ਇਲਾਕੇ ਦੇ ਅਧਿਕਾਰੀਆਂ ਨੇ ਦੱਸਣਾ ਹੁੰਦਾ ਹੈ, ਜਿਨ੍ਹਾਂ ਵਿਚ ਮੈਨੇਜਰ, ਪਟਵਾਰੀ ਜਾਂ ਹੋਰ ਅਧਿਕਾਰੀ ਸ਼ਾਮਲ ਹਨ।
____________________________
ਗੋਲਕ ਦੀ ਦੁਰਵਰਤੋਂ ਨਹੀਂ ਹੋਣ ਦਿਆਂਗੇ: ਬਡੂੰਗਰ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰਣ ਹੈ ਤੇ ਉਨ੍ਹਾਂ ਇਸ ਜ਼ਿੰਮੇਵਾਰ ਅਹੁਦੇ ‘ਤੇ ਬੈਠਣ ਤੋਂ ਪਹਿਲਾਂ ਇਹ ਫੈਸਲਾ ਕੀਤਾ ਸੀ ਕਿ ਘਰ ਦੀ ਗੋਲਕ ਦੀ ਦੁਰਵਰਤੋਂ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈ। ਇਸ ਲਈ ਜਿਥੇ ਕਿਤੇ ਵੀ ਕੋਈ ਗਬਨ ਹੈ, ਉਸ ਦੀ ਨਿਰਪੱਖਤਾ ਦੇ ਨਾਲ ਜਾਂਚ ਹੋਵੇਗੀ।