ਸੁਖਬੀਰ ਬਾਦਲ ਦੇ ਇਕ ਹੋਰ ਸੁਪਨਮਈ ਪ੍ਰਾਜੈਕਟ ਨੂੰ ਤਾਲੇ

ਅੰਮ੍ਰਿਤਸਰ: ਲਾਹੌਰ ਦੀ ਫੂਡ ਸਟਰੀਟ ਦੀ ਤਰਜ਼ ਉਤੇ ਤਕਰੀਬਨ 11 ਕਰੋੜ ਰੁਪਏ ਦੀ ਲਾਗਤ ਨਾਲ ਵਿਕਟੋਰੀਆ ਜੁਬਲੀ ਹਸਪਤਾਲ ਦੀ 125 ਸਾਲ ਪੁਰਾਣੀ ਇਮਾਰਤ ‘ਚ ਸ਼ੁਰੂ ਕੀਤੇ ਅਰਬਨ ਹਾਟ ਨੂੰ ਤਾਲੇ ਲੱਗ ਚੁੱਕੇ ਹਨ ਅਤੇ ਭਵਿੱਖ ‘ਚ ਇਸ ਦੀ ਵਾਗਡੋਰ ਕਿਸੇ ਨਿੱਜੀ ਕੰਪਨੀ ਨੂੰ ਦਿੱਤੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਪਿਛਲੀ ਅਕਾਲੀ-ਭਾਜਪਾ ਗੱਠਜੋੜ ਵਾਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਸੰਬਰ 2012 ਵਿਚ ਪਾਕਿਸਤਾਨ ਯਾਤਰਾ ਦੌਰਾਨ ਲਾਹੌਰ ਦੀ ਗਵਾਲ ਮੰਡੀ ਤੇ ਪੁਰਾਣੀ ਅਨਾਰਕਲੀ ਆਬਾਦੀ ਦੀ ਫੂਡ ਸਟਰੀਟ ਦੇ ਰਿਵਾਇਤੀ ਪਕਵਾਨਾਂ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਵਿਚ ਅਰਬਨ ਹਾਟ ਸ਼ੁਰੂ ਕੀਤੇ ਜਾਣ ਦੀ ਯੋਜਨਾ ਬਣਾਈ ਸੀ, ਜਿਸ ਲਈ ਕਈ ਜਗਾਵਾਂ ਦੀ ਚੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਹਸਪਤਾਲ ‘ਚ ਤਬਦੀਲ ਹੋ ਚੁੱਕੀ ਵਿਕਟੋਰੀਆ ਜੁਬਲੀ ਹਸਪਤਾਲ ਦੀ ਪੁਰਾਣੀ ਵਿਰਾਸਤੀ ਇਮਾਰਤ ਨੂੰ ਚੁਣਿਆ ਗਿਆ। ਸੁਖਬੀਰ ਨੇ ਉਪਰੋਕਤ ਪ੍ਰੋਜੈਕਟ ਨੂੰ ਆਪਣਾ ਡਰੀਮ ਪ੍ਰੋਜੈਕਟ ਦੱਸਦਿਆਂ ਮਈ 2013 ‘ਚ ਇਸ ਨੂੰ ਸ਼ੁਰੂ ਕਰਨ ਹਿੱਤ ਹਰੀ ਝੰਡੀ ਦਿੱਤੀ, ਜਿਸ ਲਈ ਪੁੱਡਾ (ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਿਟੀ) ਵੱਲੋਂ 14 ਜੁਲਾਈ 2013 ਨੂੰ ਜਨਤਕ ਤੌਰ ‘ਤੇ ਟੈਂਡਰ ਮੰਗੇ ਗਏ ਅਤੇ ਅਰਬਨ ਹਾਟ ਦੇ ਨਿਰਮਾਣ ਸਬੰਧੀ ਜ਼ਿੰਮੇਵਾਰੀ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਕੰਸਲਟੈਂਟ ਨੂੰ ਸੌਂਪੀ ਗਈ। ਉਪਰੋਕਤ ਕੰਪਨੀ ਵੱਲੋਂ ਪੁੱਡਾ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰੀਬ 4æ5 ਏਕੜ ਵਿਚ ਬਣੀ ਉਪਰੋਕਤ ਇਮਾਰਤ ਨੂੰ ਪੰਜ ਬਲਾਕਾਂ ‘ਚ ਵੰਡਦਿਆਂ ਉਪਰੋਕਤ ਅਰਬਨ ਹਾਟ ‘ਚ 32 ਹਾਲ, 20 ਰਸੋਈਆਂ, ਜਿਮ, ਸਪਾ, ਦਸਤਕਾਰੀ ਬਾਜ਼ਾਰ, ਫੂਡ ਕੋਰਟ, ਸਟੇਟ ਇਮਪੋਰੀਅਮ, ਸੋਵੀਨਰ ਹਾਲ, ਰੈਸਟੋਰੈਂਟ, ਗੈਸਟ ਹਾਊਸ ਤੇ ਬੁਟੀਕ ਹੋਟਲ ਆਦਿ
ਉਸਾਰੇ ਗਏ, ਜਿਸ ਦੇ ਬਾਅਦ ਸੁਖਬੀਰ ਵੱਲੋਂ ਮਈ 2016 ‘ਚ ਅਰਬਨ ਹਾਟ ਦੀ ਰਸਮੀ ਸ਼ੁਰੂਆਤ ਕਰਦਿਆਂ ਇਸ ਵਿਚ 10 ਦਿਨਾਂ ਅੰਮ੍ਰਿਤਸਰੀ ਵਿਰਾਸਤੀ ਮੇਲਾ ਲਗਾਇਆ ਗਿਆ, ਜਿਸ ਵਿਚ ਸਥਾਨਕ ਨਾਗਰਿਕਾਂ ਤੇ ਸੈਲਾਨੀਆਂ ਵੱਲੋਂ ਕੋਈ ਵਿਸ਼ੇਸ਼ ਰੁਚੀ ਨਹੀਂ ਵਿਖਾਈ ਗਈ ਅਤੇ ਇਹ ਵਿਰਾਸਤੀ ਮੇਲਾ ਪੂਰੀ ਤਰ੍ਹਾਂ ਫਲਾਪ ਰਿਹਾ। ਲੋਕਾਂ ਦੀ ਰੁਚੀ ਨਾ ਬਣਦੀ ਵੇਖ ਖਾਣੇ ਦੇ ਸ਼ੌਕੀਨਾਂ ਨੂੰ ਅਰਬਨ ਹਾਟ ਵੱਲ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਪੁੱਡਾ ਵੱਲੋਂ ਉਪਰੋਕਤ ਇਮਾਰਤ ‘ਚ ਇਕ-ਦੋ ਢਾਬੇ ਵੀ ਸ਼ੁਰੂ ਕਰਵਾਏ ਗਏ ਪਰ ਗਾਹਕਾਂ ਦੀ ਆਮਦ ਆਟੇ ‘ਚ ਲੂਣ ਤੋਂ ਘੱਟ ਰਹਿਣ ਕਰ ਕੇ ਉਪਰੋਕਤ ਢਾਬੇ ਵੀ ਜਲਦੀ ਬੰਦ ਹੋ ਗਏ। ਸ਼ਹਿਰ ਦੇ ਸਭ ਤੋਂ ਰਾਇਲ ਮੰਨੇ ਜਾਂਦੇ ਇਲਾਕੇ ਕੰਵੀਜ਼ ਰੋਡ ‘ਚ ਬੰਦ ਪਏ ਸੁਖਬੀਰ ਦੇ ਉਪਰੋਕਤ ਡਰੀਮ ਪ੍ਰੋਜੈਕਟ ਦੇ ਬੂਹੇ, ਬਾਰੀਆਂ ਤੇ ਦੀਵਾਰਾਂ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਖਰਾਬ ਹੋ ਰਹੀਆਂ ਹਨ ਅਤੇ ਅੰਦਰ-ਬਾਹਰ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਿਟੀ ਦੇ ਅਧਿਕਾਰੀਆਂ ਅਨੁਸਾਰ ਅਰਬਨ ਹਾਟ ਨੂੰ ਮੁੜ ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਜਲਦੀ ਇਸ ਨੂੰ ਨਵੇਂ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ।