ਕੇਂਦਰ ਦੀ ਸਹਿਮਤੀ ਪਿੱਛੋਂ ਵੀ ਜਲ੍ਹਿਆਂਵਾਲਾ ਬਾਗ ਵਿਚ ਨਾ ਲੱਗਾ ਊਧਮ ਸਿੰਘ ਦਾ ਬੁੱਤ

ਅੰਮ੍ਰਿਤਸਰ: 13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਹੋਏ ਖੂਨੀ ਕਾਂਡ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਆਦਮਕੱਦ ਬੁੱਤ ਇਸ ਬਾਗ ਵਿਚ ਲਗਾਉਣ ਲਈ ਇੰਟਰਨੈਸ਼ਨਲ ਸਰਵ ਕੰਬੋਜ਼ ਸਮਾਜ ਮੁਹਾਲੀ ਵੱਲੋਂ ਜੁਲਾਈ 2016 ਵਿਚ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਸੀ।

ਇਸ ਦੇ ਦੋ ਮਹੀਨੇ ਬਾਅਦ ਕੇਂਦਰ ਸਰਕਾਰ ਵੱਲੋਂ ਲਿਖਤੀ ਪੱਤਰ ਜਾਰੀ ਕਰਦਿਆਂ ਉਪਰੋਕਤ ਸੰਸਥਾ ਨੂੰ ਬਾਗ ਵਿਚ ਉਚਿਤ ਜਗ੍ਹਾ ਉਤੇ ਬੁੱਤ ਲਗਾਉਣ ਤੇ ਉਸ ਦੇ ਹੇਠਾਂ ਸ਼ਹੀਦ ਨਾਲ ਸਬੰਧਤ ਜਾਣਕਾਰੀ ਲਿਖਣ ਦੀ ਮਨਜ਼ੂਰੀ ਦੇ ਦਿੱਤੀ ਗਈ, ਪਰ ਇਸ ਦੇ ਬਾਵਜੂਦ ਅਜੇ ਤੱਕ ਉਪਰੋਕਤ ਸੰਸਥਾ ਜਾਂ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਬੁੱਤ ਲਗਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਕਤ ਸਮਾਰਕ ਦੀ ਦੇਖ-ਰੇਖ ਲਈ 1951 ਵਿਚ ਗਠਿਤ ਕੀਤੀ ਗਈ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੌਜੂਦਾ ਸਕੱਤਰ ਐਸ਼ਕੇæ ਮੁਖਰਜੀ ਨੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਗ ਵਿਚ ਟਰੱਸਟ ਦੀ ਸੰਪਤੀ ਵਜੋਂ ਮੌਜੂਦ ਪੁਰਾਣੇ ਸਮੇਂ ਦੇ ਬਣੇ ਇਕ ਘਰ ਨੂੰ ਵੱਡੀ ਜੱਦੋ-ਜਹਿਦ ਨਾਲ ਕਬਜ਼ਾਧਾਰੀਆਂ ਤੋਂ ਖਾਲੀ ਕਰਵਾਇਆ ਗਿਆ ਹੈ, ਜਿਸ ਵਿਚ ਸ਼ਹੀਦ ਊਧਮ ਸਿੰਘ ਦੇ ਨਾਂ ਉਤੇ ਲਾਇਬ੍ਰੇਰੀ ਖੋਲ੍ਹੇ ਜਾਣ ਦੀ ਯੋਜਨਾ ਬਣਾਈ ਗਈ ਹੈ, ਪਰ ਇਸ ਘਰ ਦੀਆਂ ਦੀਵਾਰਾਂ ਤੇ ਬੂਹੇ-ਬਾਰੀਆਂ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਇਸ ਦਾ ਵੱਡਾ ਹਿੱਸਾ ਕਦੇ ਵੀ ਦਰਸ਼ਕਾਂ ‘ਤੇ ਡਿੱਗ ਕੇ ਇਕ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਉਪਰੋਕਤ ਯਾਦਗਾਰੀ ਘਰ ਦੀ ਸਾਂਭ ਸੰਭਾਲ ਤੇ ਇਸ ਵਿਚ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਕਾਇਮ ਕਰਨ ਸਬੰਧੀ ਕੇਂਦਰ ਸਰਕਾਰ ਪਾਸੋਂ ਕਈ ਵਾਰ ਮੰਗ ਕੀਤੀ ਗਈ ਹੈ, ਪਰ ਅਜੇ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜਲ੍ਹਿਆਂਵਾਲਾ ਬਾਗ ਸਮਾਰਕ ਦੇ ਸੋਵੀਨੀਅਰ ਹਾਲ ਦੇ ਸਾਧਾਰਨ ਜਿਹੇ ਸ਼ੋਅਕੇਸ ‘ਚ ਰੱਖੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੀ ਭਸਮ ਵਾਲੇ ਕਲਸ਼ ਨਾਲ ਲਗਾਈ ਤਖਤੀ ਉਤੇ ਸ਼ਹੀਦ-ਏ-ਆਜ਼ਮ ਊਧਮ ਸਿੰਘ ਨੂੰ ‘ਸ਼ਹੀਦ’ ਸ਼ਬਦ ਨਾਲ ਸੰਬੋਧਤ ਕਰਨ ਦੀ ਬਜਾਇ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ‘ਊਧਮ ਸਿੰਘ ਦੀਆਂ ਅਸਥੀਆਂ’ ਲਿਖੇ ਜਾਣ ਸਬੰਧੀ ਪੁੱਛੇ ਜਾਣ ਉਤੇ ਸ੍ਰੀ ਮੁਖਰਜੀ ਨੇ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਬਾਰੇ ਕਦੇ ਕਿਸੇ ਸੰਸਥਾ ਜਾਂ ਵਿਅਕਤੀ ਵੱਲੋਂ ਕੋਈ ਵਿਰੋਧ ਨਹੀਂ ਜਤਾਇਆ ਗਿਆ ਹੈ, ਜਿਸ ਕਾਰਨ ਉਪਰੋਕਤ ਸ਼ਬਦਾਵਲੀ ਵਿਚ ਸੁਧਾਰ ਸਬੰਧੀ ਕਮੇਟੀ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ।