ਤਸਵੀਰਾਂ ਨੇ ਬਿਆਨਿਆ ਸ਼ਿਵ ਬਟਾਲਵੀ ਦਾ ਹਾਲ

ਚੰਡੀਗੜ੍ਹ: ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵਿਚ ਉਨ੍ਹਾਂ ਦੇ ਪਾਕਿਸਤਾਨ ਵਿਚਲੇ ਘਰ ਤੇ ਕਈ ਹੋਰ ਦੁਰਲੱਭ ਤਸਵੀਰਾਂ ਵੀ ਜਨਤਕ ਗਈਆਂ।

ਸ਼ਿਵ ਕੁਮਾਰ ਬਟਾਲਵੀ ਨਾਲ ਸਬੰਧਤ 50 ਤਸਵੀਰਾਂ ਨੂੰ ਇਸ ਨੁਮਾਇਸ਼ ਦਾ ਹਿੱਸਾ ਬਣਾਇਆ ਗਿਆ ਹੈ। 23 ਜੁਲਾਈ 1936 ਨੂੰ ਬਾਰਾ ਪਿੰਡ ਲਹੋਟੀਆ, ਸ਼ੰਕਰਗੜ੍ਹ ਤਹਿਸੀਲ, ਸਿਆਲਕੋਟ ਲਹਿੰਦੇ ਪੰਜਾਬ (ਪਾਕਿਸਤਾਨ) ‘ਚ ਜੰਮੇ ਸ਼ਿਵ ਕੁਮਾਰ ਬਟਾਲਵੀ ਦੇ ਘਰ ਦੀਆਂ ਤਸਵੀਰਾਂ ਵਿਸ਼ੇਸ਼ ਤੌਰ ‘ਤੇ ਦਰਸ਼ਕਾਂ ਵਿਚ ਖਿੱਚ ਦਾ ਕੇਂਦਰ ਬਣੀਆਂ। ਇਨ੍ਹਾਂ ਤੋਂ ਇਲਾਵਾ ਪ੍ਰਦਰਸ਼ਨੀ ‘ਚ ਹਰਭਜਨ ਬਾਜਵਾ, ਬੀਬਾ ਬਲਵੰਤ, ਜਾਹਿਦ, ਕ੍ਰਿਸ਼ਨ ਅਦੀਬ, ਵਿਸ਼ਵ ਭਾਰਤੀ, ਗੋਲਡੀ, ਤਾਰਾ, ਹਰਪ੍ਰੀਤ ਸਿੰਘ ਭੱਟੀ ਤੇ ਪ੍ਰੀਤਮ ਸਿੰਘ ਰੁਪਾਲ ਦੀ ਪਿਟਾਰੀ ਵਿਚੋਂ ਮਿਲੀਆਂ ਤਸਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਬਟਾਲਵੀ ਦੇ ਨਿੱਘੇ ਦੋਸਤ ਮੋਹਨ ਭੰਡਾਰੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਪ੍ਰਦਰਸ਼ਨੀ ਵਿਚ ਸ਼ਿਵ ਬਟਾਲਵੀ ਦੀਆਂ ਕਰੀਬ 50 ਤਸਵੀਰਾਂ ਲਗਾਈਆਂ ਗਈਆਂ ਹਨ, ਜਿਹੜੀਆਂ ਪਹਿਲਾਂ ਕਦੇ ਸਾਹਮਣੇ ਨਹੀਂ ਆਈਆਂ। ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ ਨੇ ਆਖਿਆ ਕਿ ਅੱਜ ਦੀ ਪੀੜ੍ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੀ। ਇਹ ਪ੍ਰਦਰਸ਼ਨੀ ਲਾਉਣ ਦਾ ਉਨ੍ਹਾਂ ਦਾ ਇਕੋ-ਇਕ ਮਕਸਦ ਇਹੀ ਸੀ ਕਿ ਸਾਰੇ ਇਸ ਸ਼ਖ਼ਸੀਅਤ ਤੋਂ ਜਾਣੂ ਹੋ ਸਕਣ। ਇਹ ਤਸਵੀਰਾਂ ਸ਼ਿਵ ਕੁਮਾਰ ਦੀ ਨਿੱਜੀ ਜ਼ਿੰਦਗੀ ਦੀਆਂ ਹਨ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਲੋਕਾਂ ਨੂੰ ਬਟਾਲਵੀ ਦਾ ਅਸਲੀ ਘਰ ਦੇਖਣ ਨੂੰ ਮਿਲਿਆ, ਜਿਹੜਾ ਪਾਕਿਸਤਾਨ ਵਿਚ ਹੈ।
23 ਜੁਲਾਈ 1936 ਨੂੰ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦੇ ਪਿੰਡ ਬਾਰਾ ਵਿਚ ਹੋਇਆ ਸੀ। ਇਹ ਪ੍ਰਦਰਸ਼ਨੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਲਗਾਈ ਜਾਵੇਗੀ ਤਾਂ ਜੋ ਸਾਰਾ ਪੰਜਾਬ ਇਹ ਤਸਵੀਰਾਂ ਦੇਖ ਸਕੇ।
44 ਸਾਲ ਬਾਅਦ ਸ਼ਿਵ ਕੁਮਾਰ ਬਟਾਲਵੀ ਦਾ ਇਨ੍ਹਾਂ ਤਸਵੀਰਾਂ ਵਿਚ ਇਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਸ੍ਰੀ ਮੰਨਾ ਨੇ ਦੱਸਿਆ ਕਿ ਇਹ ਤਸਵੀਰਾਂ ਇਕੱਠੀਆਂ ਕਰਨ ਵਿਚ ਬੀਬਾ ਬਲਵੰਤ, ਅਮਰਜੀਤ ਚੰਦਨ, ਜ਼ਦੀਦ, ਹਰਭਜਨ ਬਾਜਵਾ, ਗੋਲਡੀ ਤਾਰਾ, ਕ੍ਰਿਸ਼ਨ ਅਦੀਬ, ਰਾਜੀਵ ਬਟਾਲਵੀ, ਵਿਸ਼ਵ ਭਾਰਤੀ, ਪੰਜਾਬ ਡਿਜੀਟਲ ਲਾਇਬਰੇਰੀ, ਹਰਪ੍ਰੀਤ ਸਿੰਘ ਭੱਟੀ ਤੇ ਪ੍ਰੀਤਮ ਸਿੰਘ ਰੂਪਾਲ ਨੇ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੇ ਕਿਸੇ ਹੋਰ ਕੋਲ ਵੀ ਸ਼ਿਵ ਬਟਾਲਵੀ ਦੀ ਕੋਈ ਤਸਵੀਰ ਹੋਵੇ ਤਾਂ ਉਨ੍ਹਾਂ ਤੱਕ ਪੁੱਜਦੀ ਕਰਨ।