ਸ਼ਰਧਾਲੂਆਂ ਲਈ ਰਿਹਾਇਸ਼ੀ ਪ੍ਰਬੰਧਾਂ ਵਿਚ ਸ਼੍ਰੋਮਣੀ ਕਮੇਟੀ ਦੀ ਨਾਕਾਮੀ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ-ਇਸ਼ਨਾਨ ਕਰਨ ਆਉਂਦੀਆਂ ਸੰਗਤਾਂ ਦੀ ਦਿਨੋ-ਦਿਨ ਵਧ ਰਹੀ ਆਮਦ ਮੁਤਾਬਕ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਰਿਹਾਇਸ਼ ਲਈ ਪ੍ਰਬੰਧ ਕਰਨ ਵਿਚ ਅਸਫਲ ਰਹੀ ਹੈ। ਸੰਗਤਾਂ ਦੀ ਰਿਹਾਇਸ਼ ਲਈ ਬਣੀਆਂ ਸਰਾਵਾਂ ਤੇ ਨਿਵਾਸਾਂ ‘ਚ ਕਮਰਿਆਂ ਦੀ ਘਾਟ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਦੇ ਪ੍ਰਬੰਧ ਲਈ ਤਾਇਨਾਤ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼ਰਧਾਲੂਆਂ ਨਾਲ ਕੀਤੇ ਜਾਂਦੇ ਮਾੜੇ ਵਤੀਰੇ ਕਾਰਨ ਸ਼ਰਧਾਲੂਆਂ ਨੂੰ ਖੱਜਲ-ਖੁਆਰ ਹੋਣ ਬਾਅਦ ਮਜ਼ਬੂਰਨ ਜਾਂ ਤਾਂ ਨਜ਼ਦੀਕੀ ਹੋਟਲਾਂ ‘ਚ ਕਮਰੇ ਕਿਰਾਏ ਉਤੇ ਲੈਣੇ ਪੈਂਦੇ ਹਨ ਜਾਂ ਫਿਰ ਗਰਮੀ ਸਰਦੀ ਦੇ ਮੌਸਮ ‘ਚ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਸਰਾਵਾਂ ਦੇ ਬਾਹਰ ਬਣੇ ਵਰਾਂਡਿਆਂ, ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਜਾਂ ਫਿਰ ਨਵੇਂ ਬਣੇ ਘੰਟਾ ਘਰ ਪਲਾਜ਼ਾ ਦੇ ਉਪਰ ਖੁੱਲ੍ਹੇ ਅਸਮਾਨ ਹੇਠ ਰਾਤ ਕੱਟਣੀ ਪੈਂਦੀ ਹੈ।

ਅਜਿਹੇ ਵਿਚ ਸ਼ਰਧਾਲੂਆਂ ਦੀਆਂ ਜੇਬਾਂ ਕੱਟੇ ਜਾਣ ਜਾਂ ਕੀਮਤੀ ਸਮਾਨ ਚੋਰੀ ਹੋਣ ਵਰਗੀਆਂ ਕਈ ਘਟਨਾਵਾਂ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਣੇ ਸਮਿਆਂ ਤੋਂ ਹੀ ਦੂਰੋਂ-ਨੇੜਿਓਂ ਦਰਸ਼ਨਾਂ ਲਈ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਲਈ ਜਿਥੇ ਪਰਕਰਮਾਂ ‘ਚ ਸਥਿਤ ਬੁੰਗੇ ਇਹ ਸੇਵਾਵਾਂ ਨਿਭਾਉਂਦੇ ਸਨ, ਉਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ 228 ਕਮਰਿਆਂ ਵਾਲੀ ਸ੍ਰੀ ਗੁਰੂ ਰਾਮਦਾਸ ਸਰਾਂ ਤਿਆਰ ਕਰਵਾਈ ਗਈ ਸੀ, ਜਿਥੇ ਬਾਹਰੋਂ ਆਏ ਸ਼ਰਧਾਲੂਆਂ ਨੂੰ ਕੁਝ ਦਿਨਾਂ ਲਈ ਮੁਫਤ ਰਿਹਾਇਸ਼ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੇ ਇਸ ਦੇ ਆਸ-ਪਾਸ ਸਮੇਂ-ਸਮੇਂ ਹੋਰ ਸਰਾਵਾਂ ਤੇ ਨਿਵਾਸਾਂ ਦੀ ਉਸਾਰੀ ਕਰਵਾਈ ਗਈ।
ਇਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਚੱਲ ਰਹੀਆਂ 9 ਦੇ ਕਰੀਬ ਯਾਤਰੀ ਸਰਾਵਾਂ ਵਿਚ 900 ਕਮਰੇ ਹਨ। ਪਿਛਲੇ ਦੋ ਢਾਈ ਦਹਾਕਿਆਂ ਤੋਂ ਸੰਗਤ ਦੀ ਆਮਦ ਪਹਿਲਾਂ ਨਾਲੋਂ ਕਈ ਗੁਣਾਂ ਵਧ ਗਈ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਸਰਾਵਾਂ ਦਾ ਨਿਰਮਾਣ ਕਰਾਉਣ ਪ੍ਰਤੀ ਅੱਖਾਂ ਮੀਟੀਆਂ ਹੋਈਆਂ ਹਨ।
ਅਨੁਮਾਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮ ਦਿਨਾਂ ਵਿਚ ਇਕ ਲੱਖ ਦੇ ਕਰੀਬ ਤੇ ਸਨਿਚਰਵਾਰ, ਐਤਵਾਰ ਤੇ ਹੋਰ ਛੁੱਟੀਆਂ ਅਤੇ ਗੁਰਪੁਰਬਾਂ ਮੌਕੇ 3 ਲੱਖ ਸ਼ਰਧਾਲੂ ਇਥੇ ਰੋਜ਼ਾਨਾ ਇਥੇ ਪੁੱਜਦੇ ਹਨ। ਸ਼ਰਧਾਲੂਆਂ ਦੀ ਇੰਨੀ ਵੱਡੀ ਗਿਣਤੀ ਵਿਚ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਉਨ੍ਹਾਂ ਦੀ ਯੋਗ ਰਿਹਾਇਸ਼ ਦੇ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹਨ।
______________________________
ਸਿਫਾਰਸ਼ੀਆਂ ਨੂੰ ਦਿੱਤੀ ਜਾ ਰਹੀ ਹੈ ਪਹਿਲ
ਅੰਮ੍ਰਿਤਸਰ: ਇਹ ਦੋਸ਼ ਆਮ ਲੱਗਦੇ ਹਨ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਹੋਰ ਉਚ ਅਧਿਕਾਰੀਆਂ ਦੀਆਂ ਸਿਫਾਰਸ਼ਾਂ ਵਾਲਿਆਂ ਨੂੰ ਝੱਟ ਕਮਰਿਆਂ ਦੀਆਂ ਚਾਬੀਆਂ ਹੱਥ ਫੜਾ ਦਿੱਤੀਆਂ ਜਾਂਦੀਆਂ ਹਨ ਪਰ ਆਮ ਯਾਤਰੀਆਂ ਨੂੰ ਜਾਣਬੁਝ ਕੇ ਖੱਜਲ-ਖੁਆਰ ਕੀਤਾ ਜਾਂਦਾ ਹੈ, ਜਿਸ ਕਾਰਨ ਉਥੇ ਬੁਕਿੰਗ ਕੇਂਦਰਾਂ ਦੇ ਆਸ-ਪਾਸ ਹੀ ਫਿਰ ਰਹੇ ਪ੍ਰਾਈਵੇਟ ਹੋਟਲਾਂ ਤੇ ਗੈਸਟ ਹਾਊਸਾਂ ਦੇ ਏਜੰਟ ਉਨ੍ਹਾਂ ਨੂੰ ਮਹਿੰਗੇ ਮੁੱਲ ਆਪਣੇ ਕਮਰੇ ਦਿਵਾਉਣ ਲਈ ਲੈ ਜਾਂਦੇ ਹਨ।