ਬੀਂਡੇ ਬੋਲਦੇ ਹਨ ਤਾਂ ਨਰਿੰਦਰ ਦੀ ਯਾਦ ਸਤਾਉਂਦੀ ਹੈ

ਅਮੋਲਕ ਸਿੰਘ ਜੰਮੂ
ਹੁਣ ਇਨ੍ਹੀਂ ਦਿਨੀਂ ਜਦੋਂ ਬੀਂਡੇ ਬੋਲਦੇ ਹਨ ਤਾਂ ਨਰਿੰਦਰ ਭੁੱਲਰ ਦੀ ਯਾਦ ਮੈਨੂੰ ਇਕਦਮ ਸਤਾਉਣ ਲਗਦੀ ਹੈ। ਜਦੋਂ ਬੀਂਡੇ ਇਕ ਪਿਛੋਂ ਇਕ ਆਵਾਜ਼ ਚੁਕਦੇ ਹਨ ਤਾਂ ਨਰਿੰਦਰ ਦੇ ਇਹ ਸ਼ਬਦ ਮੇਰੇ ਕੰਨਾਂ ਵਿਚ ਗੂੰਜਣ ਲਗਦੇ ਹਨ ਜੋ ਬੀਂਡਿਆਂ ਦੇ ਇੰਜ ਗੂੰਜਣ ‘ਤੇ ਉਸ ਦੇ ਮੂੰਹੋਂ ਸੁਤੇਸਿਧ ਨਿਕਲ ਤੁਰਦੇ, “ਯਾਰ ਇਨ੍ਹਾਂ ਬੀਂਡਿਆਂ ਨੇ ਵੀ ਕੰਮ ਚੁਕਿਆ ਪਿਐ।” ਮੈਂ ਅਗੋਂ ਕਹਿਣਾ, ਇਹ ਭਲਾ ਕਿਹੜੀ ਨਵੀਂ ਗੱਲ ਹੈ? ਉਸ ਦਾ ਜਵਾਬ ਹੁੰਦਾ, “ਹਾਂ, ਮੇਰੇ ਲਈ ਤਾਂ ਇਹ ਗੱਲ ਨਵੀਂ ਹੀ ਹੈ, ਹੁਣ ਪੰਜਾਬ ਵਿਚ ਰੁਖ ਹੀ ਨਹੀਂ ਰਹੇ, ਭਲਾ ਬੀਂਡੇ ਕਿਥੋਂ ਬੋਲਣਗੇ?”

ਨਰਿੰਦਰ ਮੇਰਾ ਸਾਥੀ ਪੱਤਰਕਾਰ ਹੀ ਨਹੀਂ, ਗੂੜ੍ਹਾ ਦੋਸਤ ਵੀ ਸੀ। ਹੁਣ ਨਰਿੰਦਰ ਨੂੰ ਗਿਆਂ 10 ਸਾਲ ਹੋ ਗਏ ਹਨ ਤਾਂ ਜਦੋਂ ਬੀਂਡੇ ਬੋਲਦੇ ਹਨ ਤਾਂ ਮੈਨੂੰ ਉਸ ਦੀ ਯਾਦ ਹੋਰ ਵੀ ਸਤਾਉਣ ਲਗਦੀ ਹੈ। ਉਸ ਦੇ ਤੁਰ ਜਾਣ ਪਿਛੋਂ ਮੈਂ ਸ਼ਰਧਾਂਜਲੀ ਵਜੋਂ ਲੇਖ ਲਿਖਿਆ ਸੀ, ਜੋ ਦੋਸਤਾਂ ਦੇ ਕਹਿਣ ‘ਤੇ ਜਿਉਂ ਦਾ ਤਿਉਂ ਪਾਠਕਾਂ ਦੀ ਨਜ਼ਰ ਹੈ- ਉਸ ਦੇ ਨਾਲ ਬਿਤਾਏ ਦਿਨ ਚੇਤੇ ਕਰਨ ਲਈ:
ਕਾਹਲੀ ਨਿਕਲੀ ਮੌਤ ਨਰਿੰਦਰ ਭੁੱਲਰ ਤਂੋ
ਨਰਿੰਦਰ ਸਿੰਘ ਭੁੱਲਰ ਇਸ ਜਹਾਨ ‘ਤੇ ਨਹੀਂ ਰਿਹਾ। ਅਜੇ 10 ਅਗਸਤ ਨੂੰ ਹੀ ਤਾਂ ਮੈਂ, ਜੈ ਰਾਮ ਸਿੰਘ ਕਾਹਲੋਂ ਅਤੇ ਗੁਰਮੁਖ ਸਿੰਘ ਭੁੱਲਰ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਦਿੱਲੀ ਲਈ ਚੜ੍ਹਾ ਕੇ ਆਏ ਸਾਂ, ਹਮੇਸ਼ਾ ਵਾਂਗ ਹਸਮੁਖ, ਜੀਵਨ ਨਾਲ ਭਰਪੂਰ ਟਹਿਕਦੇ ਹੋਏ ਨਰਿੰਦਰ ਨੂੰ। ਉਥੇ ਹੀ ਡਾæ ਹਰਜਿੰਦਰ ਸਿੰਘ ਖਹਿਰਾ ਨਾਲ ਫੋਨ ‘ਤੇ ਉਸ ਹੱਸ ਹੱਸ ਗੱਲਾਂ ਕੀਤੀਆਂ। ਜਦੋਂ ਉਸ ਦੇ ਇਸ ਜਹਾਨੋਂ ਤੁਰ ਜਾਣ ਦੀ ਖਬਰ ਮਿਲੀ, ਕਿਸੇ ਨੂੰ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਨਰਿੰਦਰ ਨਹੀਂ ਰਿਹਾ। 12 ਅਗਸਤ ਨੂੰ ਤਾਂ ਉਹ ਚੰਡੀਗੜ੍ਹ ਪਹੁੰਚਿਆ ਸੀ ਕਿ 15 ਨੂੰ ਇਹ ਹਾਦਸਾ ਵਾਪਰ ਗਿਆ। ਅਜੇ ਤਾਂ ਉਸ ਨੇ ਅਮਰੀਕਾ ਵਿਚ ਗੁਜ਼ਾਰੇ ਸਾਢੇ ਤਿੰਨ ਮਹੀਨਿਆਂ ਦੇ ਆਪਣੇ ਅਨੁਭਵ ਆਪਣੇ ਪਰਿਵਾਰ, ਆਪਣੇ ਦੋਸਤਾਂ ਅਤੇ ਆਪਣੇ ਪਾਠਕਾਂ ਨਾਲ ਸਾਂਝੇ ਵੀ ਨਹੀਂ ਸਨ ਕੀਤੇ। ਆਪਣੀ ਮਾਂ ਨੂੰ ਵੀ ਅਜੇ ਨਹੀਂ ਸੀ ਮਿਲਿਆ। ਉਸ ਦਾ ਮੁਰਸ਼ਦਾਂ ਜਿਹਾ ਦੋਸਤ ਗੁਰਦਿਆਲ ਬਲ ਉਸ ਨੂੰ ਪਟਿਆਲੇ ਉਡੀਕ ਰਿਹਾ ਸੀ ਅਤੇ ਜਿਸ ਸ਼ੁਕਰਵਾਰ ਨਰਿੰਦਰ ਨੇ ਬਲ ਨਾਲ ਪਟਿਆਲੇ ਆਉਣ ਦਾ ਵਾਅਦਾ ਕੀਤਾ ਸੀ, ਉਸੇ ਸ਼ੁਕਰਵਾਰ ਬਲ ਨੂੰ ਨਰਿੰਦਰ ਦੇ ਜਨਾਜੇ ਵਿਚ ਸ਼ਾਮਲ ਹੋਣਾ ਪਿਆ। ਹੋਣੀ ਦੀ ਆਪਣੀ ਹੀ ਦਲੀਲ ਹੁੰਦੀ ਹੈ। ਇਹ ਕਦੋਂ ਸੁਣਦੀ ਹੈ ਕਿ ਕਿਸੇ ਦੇ ਮਨ ਵਿਚ ਕੀ ਹੈ?
ਮੈਂ ਨਰਿੰਦਰ ਨੂੰ ਬੜਾ ਜ਼ੋਰ ਪਾ ਕੇ ਕਿਹਾ ਸੀ ਕਿ ਇਕ ਮਹੀਨਾ ਉਹ ਮੇਰੇ ਪਾਸ ਹੋਰ ਰਹਿ ਜਾਵੇ। 25 ਅਗਸਤ ਨੂੰ ਸ਼ਿਕਾਗੋ ਵਿਚ ਹੋ ਰਹੇ ਕਬੱਡੀ ਮੇਲੇ ਤਕ ਰੁਕਣ ਲਈ ਪੰਜਾਬ ਸਪੋਰਟਸ ਕਲੱਬ ਦੇ ਚੇਅਰਮੈਨ ਮਿੱਕੀ ਕਾਹਲੋਂ ਨੇ ਵੀ ਬਥੇਰਾ ਜੋਰ ਪਾਇਆ ਸੀ। ਹੁਣ ਸਾਰੇ ਹੱਥਾਂ ‘ਤੇ ਦੰਦੀਆਂ ਵਢ ਰਹੇ ਹਾਂ, ਹਾਏ! ਜੇ ਪਤਾ ਹੁੰਦਾ ਇੰਜ ਹੋਣੀ ਹੈ ਤਾਂ ਉਸ ਨੂੰ ਜਬਰਦਸਤੀ ਹੀ ਰੋਕ ਲੈਂਦੇ। ਹੱਸਮੁਖ ਇਨਾ ਕਿ ਗੁਰਮੁਖ ਭੁੱਲਰ ਨੂੰ ਕਹਿਣ ਲੱਗਾ ਜਿਹੜੀ ਗਲਤੀ ਤੁਸੀਂ 26 ਅਪਰੈਲ ਨੂੰ ਕੀਤੀ ਸੀ, ਉਸ ਨੂੰ 10 ਅਗਸਤ ਨੂੰ ਸੁਧਾਰ ਲਉ। ਇਹ ਗੁਰਮੁਖ ਹੀ ਸੀ ਜਿਹੜਾ 26 ਅਪਰੈਲ ਨੂੰ ਓ-ਹੇਅਰ ਏਅਰਪੋਰਟ ਤੋਂ ਨਰਿੰਦਰ ਨੂੰ ਲੈ ਕੇ ਆਇਆ ਸੀ। ਕੁਝ ਹਫਤੇ ਪਹਿਲਾਂ ਹੀ ਤਾਂ ਜਦੋਂ ‘ਜਗਤ ਤਮਾਸ਼ੇ’ ਵਾਲੇ ਪੱਤਰਕਾਰ ਦਲਬੀਰ ਦੇ ਦਿਹਾਂਤ ਦੀ ਖਬਰ ਆਈ ਤਾਂ ਮੈਨੂੰ ਉਸ ਵਲੋਂ ਆਪਣੀ ਮੌਤ ਤੋਂ ਛੇ ਹਫਤੇ ਪਹਿਲਾਂ ਲਿਖਿਆ ਲੇਖ ‘ਠਹਿਰ ਨੀ ਮੌਤੇ ਕਾਹਲੀਏ’ ਇਕਦਮ ਚੇਤੇ ਆਇਆ ਸੀ। ਨਰਿੰਦਰ ਦੇ ਜ਼ਿੰਦਗੀ ‘ਤੇ ਵਡੇ ਦਾਈਏ ਸਨ। ਅਮਰੀਕੀ ਕਮਿਊਨਿਸਟ ਬਾਬ ਅਵੇਕੀਅਨ ਦੇ ਹਮਾਇਤੀਆਂ ਵਲੋਂ ਕਿਤਾਬਾਂ ਦੀ ਲਾਈ ਗਈ ਇਕ ਨੁਮਾਇਸ਼ ਦੇਖਣ ਤੋਂ ਬਾਅਦ ਕਿਸੇ ਗੱਲ ਦੇ ਜਵਾਬ ਵਿਚ ਉਸ ਕਿਹਾ ਸੀ, ਜੇ ਬਾਬ ਅਵੇਕੀਅਨ ਨਾਲ ਮੁਲਾਕਾਤ ਹੋ ਜਾਵੇ ਤਾਂ ਜੀਵਨ ਸਫਲਾ ਹੋ ਜਾਵੇ। ਇਸ ਮੁਲਾਕਾਤ ਨੂੰ ਉਡੀਕਣ ਤੋਂ ਪਹਿਲਾਂ ਹੀ ਉਹ ਤੁਰ ਗਿਆ। ਨਰਿੰਦਰ ਨੇ ਅਜੇ 23 ਤਾਰੀਖ ਨੂੰ 50 ਸਾਲਾਂ ਦਾ ਹੋਣਾ ਸੀ। ਸ਼ਿਕਾਗੋ ‘ਚ ਉਹ ਕਈਆਂ ਤੋਂ ਵਾਅਦੇ ਲੈ ਗਿਆ ਸੀ ਕਿ ਉਸ ਦੇ 50ਵੇਂ ਜਨਮ ਦਿਨ ‘ਤੇ ਉਹ ਉਸ ਨੂੰ ਵਧਾਈ ਦੇਣਗੇ। ਇਨ੍ਹਾਂ ਵਿਚ ਮਦਾਮ ਬਵਾਰੀ ਨਾਵਲ ਦਾ ਅਨੁਵਾਦਕ ਪ੍ਰੋæ ਜੋਗਿੰਦਰ ਸਿੰਘ ਰਮਦੇਵ, ਅਮਰੀਕਨ ਗੋਰਾ ਬਾਬ ਅਤੇ ਸੁਰਿੰਦਰ ਸਿੰਘ ਭਾਟੀਆ ਵੀ ਸ਼ਾਮਲ ਹਨ। ਮੌਤ ਨਰਿੰਦਰ ਤੋਂ ਕਾਹਲੀ ਨਿਕਲੀ। ਨਰਿੰਦਰ ਦੀ ਵਿਹਲ ਨਹੀਂ ਉਡੀਕੀ ਕਿ ਕਦੋਂ ਉਹ ਆਪਣਾ 50ਵਾਂ ਜਨਮ ਦਿਨ ਮਨਾਵੇ ਜਾਂ ਫਿਰ ਅਮਰੀਕਾ ਦੇ ਸਫਰ ਦੌਰਾਨ ਕੀਤੀਆਂ ਮੁਲਾਕਾਤਾਂ ਲਿਖਣ ਤੋਂ ਵਿਹਲਾ ਹੋਵੇ। ਨਿਊ ਯਾਰਕ ਵਾਲਾ ਦੀਪ ਮੰਗਲੀ ਤਾਂ ਉਡੀਕਦਾ ਹੀ ਰਹਿ ਗਿਆ ਕਿ ਉਸ ਦੀ ਆਉਣ ਵਾਲੀ ਕਿਤਾਬ ਦਾ ਮੁਖ ਬੰਦ ਨਰਿੰਦਰ ਕਦੋਂ ਲਿਖੂ।
ਨਰਿੰਦਰ ਮੇਰਾ ਦੋਸਤ ਸੀ। ਮੈਨੂੰ ਵਡੇ ਭਰਾਵਾਂ ਤੋਂ ਵੀ ਵੱਧ ਪਿਆਰ ਦੇਣ ਵਾਲਾ ਦੋਸਤ। ਸਾਡੀ ਦੋਸਤੀ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਨ ਦੇ ਸਮੇਂ ਤੋਂ ਪਈ। ਹਾਲਾਤ ਉਤੇ ਕ੍ਰਿਝਣ ਦੀ ਆਦਤ ਸਾਡੀ ਸਾਂਝੀ ਸੀ। ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਡੈਸਕ ‘ਤੇ ਕੰਮ ਕਰਦਿਆਂ ਸਹਿਯੋਗੀ ਸ਼ਮਸ਼ੇਰ ਸਿੰਘ ਸੰਧੂ ਤੇ ਅਰਵਿੰਦਰ ਕੌਰ ਨੇ ਕਹਿਣਾ ਇਹ ਦੋਵੇਂ ਵਡੇ ਕਲੇਸ਼ੀ ਹਨ, ਜੌੜੇ ਭਰਾ। ਮੇਰਾ ਅਗੋਂ ਜਵਾਬ ਹੁੰਦਾ, ਪਰ ਮੈਂ ਘੰਟਾ ਕੁ ਇਸ ਤੋਂ ਵਡਾ ਹਾਂ। 26 ਅਪਰੈਲ ਤੋਂ 10 ਅਗਸਤ ਤਕ ਮੇਰੇ ਪਾਸ ਠਹਿਰਾਓ ਦੌਰਾਨ ਅਸੀਂ ਇਕ ਦੂਜੇ ਨੂੰ ਬਹੁਤ ਕਰੀਬ ਤੋਂ ਜਾਨਣ ਦੀ ਕੋਸ਼ਿਸ਼ ਕੀਤੀ। ਮੇਰੀ ਬਿਮਾਰੀ ਦੇ ਇਸ ਦੌਰ ਦੌਰਾਨ ਨਰਿੰਦਰ ਨੇ ਮੈਨੂੰ ਨਾ ਸਿਰਫ ਬਹੁਤ ਵਡਾ ਸਹਾਰਾ ਦਿਤਾ, ਸਗੋਂ ਮੇਰੇ ਅੰਦਰ ਇਕ ਨਵਾਂ ਉਤਸ਼ਾਹ, ਜਿਊਣ ਦੀ ਇਕ ਨਵੀਂ ਲਲਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਵਿਚੋਂ ਪੰਜਾਬ ਟਾਈਮਜ਼ ਦਾ ਅਗਲਾ ਸੰਪਾਦਕ ਵੇਖਣ ਲਗ ਪਿਆ ਸਾਂ। ਨਰਿੰਦਰ ਵੀ ਮਨੋਂ ਇਸ ਜਿੰਮੇਵਾਰੀ ਨੂੰ ਓਟਣ ਲਗ ਪਿਆ ਸੀ। ਨਰਿੰਦਰ ਦੇ ਜਾਣ ਨਾਲ ਮੇਰੇ ਪਾਸੋਂ ਇਕ ਦੋਸਤ ਤਾਂ ਖੁਸਿਆ ਹੀ ਹੈ, ਪੰਜਾਬ ਟਾਈਮਜ਼ ਵੀ ਇਕ ਸੰਭਾਵੀ ਸੰਪਾਦਕ ਤੋਂ ਵਿਰਵਾ ਰਹਿ ਗਿਆ ਹੈ।
ਨਰਿੰਦਰ ਦੇ ਦੋਸਤਾਂ ਦਾ ਦਾਇਰਾ ਬਹੁਤ ਵਸੀਹ ਸੀ। ਇਨ੍ਹਾਂ ਦੋਸਤਾਂ ਵਿਚ ਬਲਦੇਵ ਧਾਲੀਵਾਲ, ਸੰਦੀਪ ਚੌਧਰੀ ਅਤੇ ਬਖਸ਼ਿੰਦਰ ਜਿਹੇ ਉਸ ਦੇ ਹਮਉਮਰ ਵੀ ਸ਼ਾਮਲ ਸਨ, ਜਸਵੀਰ ਸਮਰ ਅਤੇ ਦਲਜੀਤ ਅਮੀ ਜਿਹੇ ਉਮਰ ਤੋਂ ਬਹੁਤ ਛੋਟੇ ਵੀ, ਲੇਖਕ ਤੇ ਪੱਤਰਕਾਰ ਗੁਰਬਚਨ ਭੁੱਲਰ, ਡਾæ ਪ੍ਰੇਮ ਸਿੰਘ ਅਤੇ ਮੋਹਨ ਭੰਡਾਰੀ ਜਿਹੇ ਆਪਣੇ ਬਾਪ ਦੀ ਉਮਰ ਦੇ ਲੋਕ ਵੀ। ਜਿਥੇ ਵੀ ਜਾਂਦਾ ਨਵੇਂ ਦੋਸਤਾਂ ਦੀ ਸੂਚੀ ਵਿਚ ਹੋਰ ਵਾਧਾ ਕਰ ਲੈਂਦਾ। ਵਰਜੀਨੀਆ ਗਿਆ ਤਾਂ ਗੁਰਮੇਲ ਕੰਗ ਨੂੰ ਆਪਣੇ ਦੋਸਤਾਂ ਦੀ ਸੂਚੀ ਵਿਚ ਸ਼ਾਮਲ ਕਰ ਆਇਆ। ਪ੍ਰੋæ ਰਮਦੇਵ ਨੂੰ ਨਰਿੰਦਰ ਨਾਲ ਆਖਰੀ ਮੁਲਾਕਾਤ ਨਹੀਂ ਭੁਲਦੀ ਜਦੋਂ ਨਰਿੰਦਰ ਨੇ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਸੀ। ਪ੍ਰੋæ ਸਾਹਿਬ ਦੇ ਇਸ ਸਵਾਲ ਕਿ ਅਗੇ ਤਾਂ ਹਮੇਸ਼ਾਂ ਜੱਫੀ ਪਾ ਕੇ ਮਿਲਦਾ ਸੀ, ਅੱਜ ਇਹ ਕਿਉਂ? ਨਰਿੰਦਰ ਦਾ ਜਵਾਬ ਸੀ, ਤੁਸੀਂ ਮੇਰੇ ਪਿਤਾ ਸਮਾਨ ਹੋ, ਆਸ਼ੀਰਵਾਦ ਦਿਓ।
ਕਿਤਾਬਾਂ ਖਰੀਦਣ ਤੇ ਪੜ੍ਹਨ ਦਾ ਨਰਿੰਦਰ ਨੂੰ ਖਬਤ ਸੀ। ਹਰ ਮਹੀਨੇ ਤਨਖਾਹ ਦਾ ਦਸਵੰਧ ਕਿਤਾਬਾਂ ‘ਤੇ ਲਾਉਣਾ ਉਸ ਦਾ ਨੇਮ ਸੀ। ਅਮਰੀਕਾ ਆਏ ਲੋਕ ਆਪਣੇ ਮਿੱਤਰ ਪਿਆਰਿਆਂ ਲਈ ਵੰਨ ਸੁੰਨੇ ਤੋਹਫੇ ਖਰੀਦਦੇ ਹਨ ਪਰ ਨਰਿੰਦਰ ਕਿਤਾਬਾਂ ਖਰੀਦੀ ਗਿਆ। ਵਾਪਸੀ ਲਈ ਜਹਾਜ ਚੜ੍ਹਨ ਸਮੇਂ ਉਸ ਦੇ ਸਾਮਾਨ ਵਿਚ ਬਾਕੀ ਚੀਜ਼ਾਂ ਘੱਟ ਸਨ ਤੇ ਕਿਤਾਬਾਂ ਬਹੁਤੀਆਂ। ਮੈਂ ਹੱਸ ਕੇ ਕਿਹਾ ਤੇਰੀ ਘਰਵਾਲੀ ਤੇਰਾ ਸਾਮਾਨ ਵੇਖ ਕੇ ਗਾਉਣ ਲਗੇਗੀ, “ਸਭ ਲਾਏ ਫੂਲ ਮੇਰਾ ਬੁਢਾ ਗੋਭੀ ਲੇ ਕੇ ਆ ਗਿਆ, ਹਾਏ ਰਾਮ ਮੁਝੇ ਬੁਢਾ ਮਿਲ ਗਿਆ।”
ਕਿਤਾਬਾਂ ਪੜ੍ਹਨ ਦੀ ਆਦਤ ਤਾਂ ਪਹਿਲਾਂ ਤੋਂ ਹੀ ਸੀ ਪਰ ਕਿਤਾਬਾਂ ਨੂੰ ਗੁੜ੍ਹਨ ਲਈ ਉਹ ਹਮੇਸ਼ਾਂ ਆਪਣੇ ਮੁਰਸ਼ਦ ਦੋਸਤ ਗੁਰਦਿਆਲ ਸਿੰਘ ਬਲ ਦਾ ਰਿਣੀ ਰਿਹਾ। ਕੁਝ ਹਫਤੇ ਪਹਿਲਾਂ ਹੀ ਨਰਿੰਦਰ ਨੇ ਕਿਹਾ ਸੀ, ਜ਼ਿੰਦਗੀ ਦੇ ਆਰ ਪਾਰ ਦੇਖਣ ਦੀ ਜਿੰਨੀ ਸੂਝ ਬਲ ਵਿਚ ਹੈ, ਮੈਨੂੰ ਹੋਰ ਕਿਧਰੇ ਨਹੀਂ ਦਿਸੀ। ਮਾਨਵੀ ਸਬੰਧਾਂ ਨੂੰ ਜਾਨਣ ਬਾਰੇ ਕਿਸੇ ਵੀ ਫੈਸਲੇ ਸਮੇਂ ਬਲ ਦੀ ਸਲਾਹ ਤੋਂ ਬਾਹਰ ਜਾ ਕੇ ਮੈਂ ਕੁਝ ਕੀਤਾ ਹੈ ਤਾਂ ਮਾਰ ਖਾਧੀ ਹੈ। ਨਰਿੰਦਰ ਉਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਤੇ ਕਹਾਣੀਕਾਰ ਗੁਰਬਚਨ ਭੁੱਲਰ ਅਤੇ ਗੁਰਦਿਆਲ ਬਲ ਦਾ ਬਹੁਤ ਡੂੰਘਾ ਅਸਰ ਸੀ।
ਨਰਿੰਦਰ ਦਾ ਸਾਰਾ ਜੀਵਨ ਇਕ ਸੰਘਰਸ਼ ਦਾ ਜੀਵਨ ਰਿਹਾ ਹੈ। ਅਜੇ 10-11 ਸਾਲ ਦਾ ਸੀ ਕਿ ਪਿਤਾ ਬਿਮਾਰ ਹੋ ਕੇ ਮੰਜੇ ‘ਤੇ ਪੈ ਗਏ ਅਤੇ ਫਿਰ ਛੇਤੀ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਆਪਣੇ ਬਲਬੂਤੇ ਪੜ੍ਹਾਈ ਕੀਤੀ, ਭੈਣਾਂ ਦੇ ਘਰ ਵਸਾਏ। ਅਜੇ ਪਿਛਲੇ ਸਾਲ ਹੀ ਉਸ ਨੇ ਚੰਡੀਗੜ੍ਹ ਤੋਂ ਬਾਹਰਵਾਰ ਜ਼ੀਰਕਪੁਰ ਵਿਚ ਘਰ ਬਣਾਇਆ ਸੀ। ਬੜੇ ਚਾਅ ਨਾਲ ਉਹ ਸਭਨਾਂ ਨੂੰ ਸੱਦੇ ਦਿੰਦਾ ਗਿਆ ਕਿ ਚੰਡੀਗੜ੍ਹ ਆਓ ਤਾਂ ਮੇਰੇ ਪਾਸ ਰੁਕਣਾ। ਹਰ ਕਿਸੇ ਨੂੰ ਆਪਣਾ ਅਤਾ-ਪਤਾ ਲਿਖ ਲਿਖ ਦੇਂਦਾ ਰਿਹਾ ਅਤੇ ਖੁਦ ਕਿਤੇ ਹੋਰ ਹੀ ਜਾ ਵੱਸਿਆ, ਜਿਥੋਂ ਦਾ ਕਿਸੇ ਨੂੰ ਥਹੁ-ਪਤਾ ਨਹੀਂ।
ਅਮਰੀਕਾ ਵਿਚ ਜਿਸ ਗੱਲ ਤੋਂ ਉਹ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਉਹ ਸੀ ਇਥੋਂ ਦੀਆਂ ਸੜਕਾਂ ਅਤੇ ਟਰੈਫਿਕ। ਜਿੰæਦਗੀ ਵਿਚ ਜਿਸ ਗੱਲ ਤੋਂ ਉਹ ਸਭ ਤੋਂ ਵੱਧ ਤ੍ਰਹਿੰਦਾ ਸੀ, ਉਹ ਸੀ ਸੜਕ ਹਾਦਸੇ। ਪਿਛਲੇ ਸਾਲ ਠੀਕ 17 ਅਗਸਤ ਨੂੰ ਉਸ ਦਾ ਪੰਜਾਬੀ ਟ੍ਰਿਬਿਊਨ ਵਿਚ ਹਾਦਸਿਆਂ ਬਾਰੇ ਇਕ ਲੰਮਾ ਲੇਖ ਛਪਿਆ ਸੀ। ਇਸ 17 ਅਗਸਤ ਨੂੰ ਨਰਿੰਦਰ ਦਾ ਸਸਕਾਰ ਹੋ ਰਿਹਾ ਸੀ। ਵਿਡੰਬਨਾ ਇਹ ਹੈ ਕਿ ਜਿਸ ਹਾਦਸੇ ਤੋਂ ਉਹ ਡਰਦਾ ਸੀ, ਉਸੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਨਰਿੰਦਰ ਧੁਰ ਅੰਦਰੋਂ ਕਮਿਊਨਿਸਟ ਸੀ ਪਰ ਆਮ ਕਾਮਰੇਡਾਂ ਵਾਂਗ ਦਰਸ਼ਨੀ ਕਾਮਰੇਡ ਨਹੀਂ। ਧਰਮ ਦੀਆਂ ਵਲਗਣਾਂ ਤੋਂ ਮੁਨਕਰ ਸੀ ਪਰ ਸਿੱਖ ਫਲਸਫੇ ਦੇ ਮਾਨਵਵਾਦ ਵਿਚ ਉਸ ਨੂੰ ਡੂੰਘਾ ਯਕੀਨ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਇਨਕਲਾਬ ਆਵੇਗਾ। ਮੈਂ ਉਸ ਨੂੰ ਦਿਨ ਵਿਚ ਕਈ ਕਈ ਵਾਰ ਚਹੇਡ ਕਰਨੀ, ‘ਕਾਮਰੇਡ ਤੇਰਾ ਇਨਕਲਾਬ ਨਹੀਂ ਆਉਣ ਲੱਗਾ, ਘਟੋ-ਘੱਟ ਤੇਰੀ ਤੇ ਮੇਰੀ ਜ਼ਿੰਦਗੀ ਵਿਚ ਨਹੀਂ।’ ਉਸ ਅਗੋਂ ਹੱਸ ਕੇ ਕਹਿਣਾ, “ਸ਼ਾਇਦ ਤੂੰ ਠੀਕ ਕਹਿਨੈਂ।” ਪਿਛਲੇ ਮਹੀਨੇ ਅਮਰੀਕੀ ਸਿਟੀਜ਼ਨਸ਼ਿਪ ਲਈ ਹਲਫ ਲੈਣ ਦੀਆਂ ਸ਼ਰਤਾਂ ਦੀ ਗੱਲ ਤੁਰੀ ਤਾਂ ਇਨ੍ਹਾਂ ਵਿਚੋਂ ਇਕ ਸ਼ਰਤ ਸੀ ਕਿ ਤੁਸੀਂ ਕਮਿਊਨਿਸਟ ਨਹੀਂ ਹੋ, ਦੂਜੀ ਸੀ ਕਿ ਜੇ ਲੋੜ ਪਈ ਤਾਂ ਤੁਸੀਂ ਆਪਣੇ ਨਵੇਂ ਅਪਨਾਏ ਦੇਸ਼ ਲਈ ਜਾਨ ਵਾਰ ਦਿਉਗੇ। ਮੈਂ ਹੱਸ ਕੇ ਕਿਹਾ, ‘ਕਾਮਰੇਡ ਤੇਰਾ ਕੀ ਖਿਆਲ ਹੈ, ਇਨ੍ਹਾਂ ਸ਼ਰਤਾਂ ਨਾਲ ਸਿਟੀਜ਼ਨ ਬਣੇਂਗਾ?’ ਕਹਿਣ ਲੱਗਾ, ਕਮਿਊਨਿਸਟ ਹੋਣ ਬਾਰੇ ਤਾਂ ਢਿਲ ਦਿਤੀ ਜਾ ਸਕਦੀ ਹੈ ਪਰ ਜਾਨ ਵਾਲੀ ਗੱਲ ‘ਤੇ ਨਹੀਂ। ਜਾਨ ਨੂੰ ਸੌਖੀ ਕਰਨ ਵਾਸਤੇ ਤਾਂ ਅਮਰੀਕਾ ਆਉਣਾ ਹੈ ਅਤੇ ਉਹ ਵੀ ਵਾਰ ਦਿਉ! ਜੇ ਜਾਨ ਹੀ ਵਾਰਨੀ ਹੈ ਤਾਂ ਇੰਡੀਆ ਮਾੜੈ? ਇਸ ਗੱਲ ਤੋਂ ਦੋ ਹਫਤੇ ਬਾਅਦ ਉਹ ਜਾਨ ਵਾਰ ਗਿਆ, ਹਿੰਦੋਸਤਾਨ ਦੀਆਂ ਸੜਕਾਂ ਤੋਂ।
_________________________________________________
ਨਰਿੰਦਰ ਭੁੱਲਰ ਦਾ ਜਾਣਾ: ਦਹਾਕਾ ਲੰਮਾ ਦਰਦ
-ਜਸਵੀਰ ਸਮਰ
ਪੂਰੇ ਦਸ ਵਰ੍ਹੇ ਪਹਿਲਾਂ ਝਕਾਨੀ ਜਿਹੀ ਦੇ ਕੇ ਤੁਰ ਜਾਣ ਵਾਲਾ ਯਾਰ ਨਰਿੰਦਰ ਸਿੰਘ ਭੁੱਲਰ ਅੱਜ ਹੁੰਦਾ ਤਾਂ ਉਹਨੇ ‘ਪੰਜਾਬੀ ਟ੍ਰਿਬਿਊਨ’ ਤੋਂ ਇਸੇ ਮਹੀਨੇ ਰਿਟਾਇਰ ਹੋਣਾ ਸੀ। ਪੁਰਾਣੀਆਂ ਫਾਈਲਾਂ ਫਰੋਲਦਿਆਂ ਉਹਦੀ ਲਿਖੀਆਂ ਰਚਨਾਵਾਂ ਪੜ੍ਹੀਆਂ, ਦੰਗ ਕਰਨ ਵਾਲੇ ਅਹਿਸਾਸ ਇਨ੍ਹਾਂ ਰਚਨਾਵਾਂ ਵਿਚ ਪਰੋਏ ਹੋਏ ਹਨ। ਉਹ ਜਿਸ ਸਹਿਜ, ਸਬਰ, ਸਿਦਕ ਅਤੇ ਸਿਰੜ ਨਾਲ ਪੱਤਰਕਾਰੀ ਦੀ ਪੌੜੀ ਚੜ੍ਹ ਰਿਹਾ ਸੀ, ਉਸ ਦੀਆਂ ਗੱਲਾਂ ਅਜੇ ਹੋਣੀਆਂ ਸਨ, ਪਰ ਇਸ ਅਮਲ ਨੂੰ 16 ਅਗਸਤ 2007 ਵਾਲੇ ਦਿਨ ਇਕਲਖਤ ਵੱਢ ਵੱਜ ਗਿਆ।
ਉਦੋਂ ਉਹ 12 ਅਗਸਤ ਦਿਨ ਐਤਵਾਰ ਨੂੰ ਹੀ ਤਾਂ ਅਮਰੀਕਾ ਰਹਿ ਰਹੇ ਆਪਣੇ ਯਾਰ ਅਮੋਲਕ ਸਿੰਘ ਜੰਮੂ ਕੋਲ ਕੁਝ ਮਹੀਨੇ ਬਿਤਾ ਕੇ ਭਾਰਤ ਪੁੱਜਾ ਸੀ। ਜਿਸ ਤੀਬਰਤਾ ਨਾਲ ਉਸ ਦਾ ਦਫਤਰ, ਪਰਿਵਾਰ ਅਤੇ ਸੱਜਣ-ਮਿੱਤਰ ਉਸ ਨੂੰ ਅਮਰੀਕਾ ਤੋਂ ਉਡੀਕ ਰਹੇ ਸਨ, ਉਨੀ ਹੀ ਤੇਜ਼ੀ ਨਾਲ ਉਹ ਅਗਾਂਹ ਨਿਕਲ ਗਿਆ। ਇੰਨਾ ਨਿਰਮੋਹਾ ਤਾਂ ਉਹ ਕਦੀ ਵੀ ਨਹੀਂ ਸੀ!æææ ਸਰੀਰ ਅਤੇ ਮਨ ਦੇ ਆਰਾਮ ਖਾਤਰ ਸਿਰਫ 15 ਮਿੰਟਾਂ ਦਾ ਠੌਂਕਾ ਲਾਉਣ ਵਾਲਾ ਨਰਿੰਦਰ ਸਿਰ ਦੀ ਸੱਟ ਕਾਰਨ ਹਸਪਤਾਲ ਵਿਚ 15 ਘੰਟੇ ਲਗਾਤਾਰ ਬੇਹਰਕਤ ਪਿਆ ਰਿਹਾ। ਉਹਦੀ ਇੱਡੀ ਲੰਮੀ ਖਾਮੋਸ਼ੀ ਅੱਜ ਵੀ ਜਾਨ ਕੱਢੀ ਜਾਂਦੀ ਹੈ।
ਉਹਦੇ ਹੁੰਦਿਆਂ ਅਜਿਹੀ ਖਾਮੋਸ਼ੀ ਦਾ ਮਤਲਬ ਹੀ ਕੋਈ ਨਹੀਂ ਸੀ। ਉਹ ਰਾਹ ਜਾਂਦਿਆਂ ਅਣਜਾਣਾਂ ਨਾਲ ਵੀ ਗੱਲੀਂ ਜੁਟ ਜਾਂਦਾ। ਉਸ ਦੇ ਸੰਵਾਦ ਦਾ ਇਹ ਅਮਲ ਬਚਪਨ ਵਿਚ ਹੀ ਸ਼ੁਰੂ ਹੋ ਗਿਆ ਸੀ। ਉਹਨੇ ਛੇਵੀਂ ਵਿਚ ਪੜ੍ਹਦੇ ਨੇ ਪੰਜਾਬੀ ਯੂਨੀਵਰਸਿਟੀ ਦੇ ਵੀæਸੀæ ਨੂੰ ਲੰਮੀ ਚਿੱਠੀ ਲਿਖੀ। ਸੱਤਵੀਂ ਵਿਚ ਪੜ੍ਹਦਿਆਂ ਕਹਾਣੀਕਾਰ ਗੁਰਬਚਨ ਭੁੱਲਰ ਨੂੰ ਚਿੱਠੀ ਲਿਖੀ ਤਾਂ ਉਮਰ ਭਰ ਦਾ ਰਿਸ਼ਤਾ ਬਣ ਗਿਆ। ਉਨ੍ਹਾਂ ਨੇ ਹੀ ਉਹਨੂੰ ਦਿੱਲੀ ਬੁਲਾਇਆ, ਨੌਕਰੀ ਦਿਵਾਈ। ਫਿਰ 1992 ਵਿਚ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ’ ਵਿਚ ਸਬ ਐਡੀਟਰੀ ਮਿਲ ਗਈ। ਦਸ ਸਾਲ ਪਹਿਲਾਂ ਨਰਿੰਦਰ ਨੂੰ ਸਦਾ-ਸਦਾ ਲਈ ਵਿਦਾ ਕਰਦਿਆਂ ਗੁਰਬਚਨ ਭੁੱਲਰ ਦੀ ਧਾਹ ਨਿਕਲ ਗਈ ਸੀ। ਉਨ੍ਹਾਂ ਲਿਖਿਆ ਸੀ: “ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਆਈ, ਮੇਰਾ ਉਹਦੇ ਨਾਲ ਰਿਸ਼ਤਾ ਕੀ ਹੈ/ਸੀ। ਕਦੀ ਪੁੱਤ ਲੱਗਦਾ, ਕਦੀ ਨਿੱਕਾ ਭਰਾ ਅਤੇ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਕਦੀ ਪਿਓ ਲਗਦਾ।” ਉਹਦੇ ਸਾਰੇ ਰਿਸ਼ਤੇ ਤੇ ਸੰਪਰਕ ਬੱਸ ਇੱਦਾਂ ਦੇ ਹੀ ਸਨ। ਜਿੰਨੀ ਤੇਜ਼ੀ ਨਾਲ ਉਹ ਦੋਸਤੀਆਂ ਪਾਉਂਦਾ, ਸਿਰੇ ਦੇ ਮੱਤਭੇਦ ਹੁੰਦਿਆਂ ਵੀ ਥੋੜ੍ਹੀ ਕੀਤੇ ਦੋਸਤੀ ਦਾ ਪੱਲਾ ਨਾ ਛੱਡਦਾ। ਆਖਦਾ, ਦੋਸਤੀਆਂ ਤੋੜਨ ਲਈ ਨਹੀਂ ਹੁੰਦੀਆਂ।
ਕੰਮ ਦੇ ਮਾਮਲੇ ਵਿਚ ਉਹ ਕਿਸੇ ਦਾ ਸਕਾ ਨਹੀਂ ਸੀ ਹੁੰਦਾ; ਉਹ ਸਿਰਫ ਕਾਮਿਆਂ ਦਾ ਹੀ ਸਕਾ ਬਣਦਾ ਸੀ। ਦਫਤਰ ਦੀ ਯੂਨੀਅਨ ਦੀਆਂ 2000 ਵਾਲੀਆਂ ਚੋਣਾਂ ਮੌਕੇ ਉਹ ਪਹਿਲੀ ਵਾਰ ਸਟੇਜ ਤੋਂ ਬੋਲਿਆ। ਪੰਜ ਮਿੰਟ ਦਾ ਭਾਸ਼ਣ ਕਰ ਕੇ ਸਟੇਜ ਤੋਂ ਹੇਠਾਂ ਉਤਰਿਆ ਤਾਂ ਲੋਕ ਕਹਿਣ: “ਇਸ ਬੰਦੇ ਨੂੰ ਬਣਾਓ ਪ੍ਰਧਾਨ।” ਉਹਨੇ ਵਿਰੋਧੀ ਧੜੇ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਦੇ ਤੂੰਬੇ ਹੀ ਉਡਾ ਛੱਡੇ ਸਨ। ਇਹ ਉਮੀਦਵਾਰ ਉਹਦਾ ਮਿੱਤਰ ਸੀ, ਪਰਿਵਾਰਾਂ ਦੀ ਸਾਂਝ ਵੀ ਸੀ, ਪਰ ਨਰਿੰਦਰ ਲਈ ਕੰਮ ਅਤੇ ਦਫਤਰ ਪਹਿਲਾਂ ਸੀ।
ਉਹਦੇ ਸਰੋਕਾਰ ਸਿੱਧੇ ਲੋਕਾਂ ਨਾਲ ਸਨ। ਇਨ੍ਹਾਂ ਸਰੋਕਾਰਾਂ ਖਾਤਰ ਹੀ ਉਹ ਲਿਖਦਾ, ਪੜ੍ਹਦਾ, ਵਿਚਰਦਾ ਅਤੇ ਬਹਿਸਾਂ ਕਰਦਾ ਸੀ। ਸਮਾਜਵਾਦੀਆਂ ਕੋਲੋਂ ਰਹਿ ਗਈਆਂ ਰੜਕਾਂ ਬਾਰੇ ਅਕਸਰ ਗੱਲਾਂ ਤੋਰਦਾ। ਇਹ ਗੱਲਾਂ ਉਹਦੇ 1987 ਵਿਚ ਛਪੇ ਕਹਾਣੀ ਸੰਗ੍ਰਿਹ ‘ਚਾਨਣ ਕਤਲ ਨਹੀਂ ਹੁੰਦੇ’ ਵਿਚ ਵੀ ਆਈਆਂ। ਟ੍ਰੈਫਿਕ ਦੇ ਮਾੜੇ ਹਾਲਾਤ ਬਾਰੇ ਅਕਸਰ ਗੱਲਾਂ ਕਰਦਾ। ਸਰਕਾਰ ਦੀ ਨਾ-ਅਹਿਲੀਅਤ ਖਿਲਾਫ ਰਿੱਟਾਂ ਪਾਉਣ ਦੀਆਂ ਵਿਉਂਤਾਂ ਬਣਾਉਂਦਾ। ਲਾਪ੍ਰਵਾਹੀ ਵਾਲੀ ਟ੍ਰੈਫਿਕ ਕਾਰਨ ਹੁੰਦੇ ਹਾਦਸਿਆਂ ਬਾਰੇ ਉਹਨੇ ਲੰਮਾ ਲੇਖ ਵੀ ਲਿਖਿਆ ਸੀ। ਭਰੂਣ ਹੱਤਿਆ ਖਿਲਾਫ ਲੇਖ ਹੀ ਨਹੀਂ ਲਿਖਿਆ, ਇਕ ਗੈਰ ਸਰਕਾਰੀ ਸੰਸਥਾ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਵੀ ਭੇਜ ਛੱਡੀ। ਉਦੋਂ ਇਹਦਾ ਤੁਰੰਤ ਅਸਰ ਹੋਇਆ ਸੀ।
ਉਹਨੂੰ ਅਮਰੀਕਾ ਤੋਂ ਰਵਾਨਾ ਕਰ ਕੇ ਅਮੋਲਕ ਸਿੰਘ ਜੰਮੂ ਨੇ ਕਿਹਾ ਸੀ, “ਆਹ ਸਾਂਭੋ ਆਪਣਾ ਕਾਮਰੇਡ! ‘ਭੇਜੋ ਭੇਜੋ’ ਦੀ ਰਟ ਲਾਈ ਸੀ।” ਹੁਣ ਉਨ੍ਹਾਂ (ਅਮੋਲਕ ਸਿੰਘ ਜੰਮੂ) ਦੀ ਆਖੀ ਗੱਲ ਭੁਲਾਇਆਂ ਵੀ ਨਹੀਂ ਭੁੱਲਦੀ, ਸਗੋਂ ਸੀਨੇ ਵਿਚ ਚੀਰ ਪਾਉਂਦੀ ਲੰਘ ਜਾਂਦੀ ਹੈ। ਸੜਕ ਹਾਦਸੇ ਤੋਂ ਬਾਅਦ ਨਰਿੰਦਰ ਦੇ ਤੁਰ ਜਾਣ ਪਿਛੋਂ ਉਨ੍ਹਾਂ ਦਾ ਉਲਾਂਭਾ ਸੀ, “ਇਸੇ ਕੰਮ ਲਈ ਉਹਨੂੰ ਸੱਦ ਰਹੇ ਸੀæææ?” ਇਹ ਅਸਲ ਵਿਚ ਯਾਰ ਦਾ ਆਪਣੇ ਯਾਰ ਲਈ ਉਮਰਾਂ ਜਿੱਡਾ ਲੰਮੇਰਾ ਹਉਕਾ ਸੀ! ਨਰਿੰਦਰ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ, ਪਰ ਆਪਣੀ ਜ਼ਿੰਦਾਦਿਲੀ ਕਰ ਕੇ ਉਹ ਅੱਜ ਵੀ ਆਪਣੇ ਮਿੱਤਰਾਂ ਦੇ ਅੰਗ-ਸੰਗ ਹੈ।