ਫੀਫਾ ਵਿਸ਼ਵ ਕੱਪ ਖੇਡਣ ਲਈ ਦੌੜ ਹੋਈ ਤੇਜ਼

ਅਗਲੇ ਸਾਲ ਰੂਸ ਵਿਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਵਾਸਤੇ ਭਿੜਨ ਵਾਲੇ ਦੇਸ਼ਾਂ ਵਿਚਕਾਰ ਕੁਆਲੀਫਾਇੰਗ ਮੁਕਾਬਲੇ ਆਪਣੇ ਅੰਤਿਮ ਦੌਰ ਵਿਚ ਪਹੁੰਚ ਚੁਕੇ ਹਨ। ਇਨ੍ਹਾਂ ਵਿਚੋਂ ਕਿਹੜਾ ਮੁਲਕ ਐਂਟਰੀ ਮਾਰ ਚੁਕਾ ਹੈ, ਕਿਹੜਾ ਸੰਘਰਸ਼ ਕਰ ਰਿਹਾ ਹੈ ਅਤੇ ਕਿਹੜਾ ਸ਼ਰਤੀਆ ਟਿਕਟ ਹਾਸਿਲ ਕਰੇਗਾ, ਬਾਰੇ ਜਾਣਕਾਰੀ ਦਿੰਦਾ ਪ੍ਰੋæ ਸੁਦੀਪ ਸਿੰਘ ਢਿੱਲੋਂ ਦਾ ਇਹ ਲੇਖ ਪਾਠਕਾਂ ਲਈ ਹਾਜ਼ਰ ਹੈ।

-ਸੰਪਾਦਕ

ਪ੍ਰੋæ ਸੁਦੀਪ ਸਿੰਘ ਢਿੱਲੋਂ
ਅਗਲੇ ਸਾਲ ਰੂਸ ਵਿਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਵਿਚ ਖੇਡਣ ਦਾ ਮਾਣ ਹਾਸਲ ਕਰਨ ਵਾਲੇ ਵੱਖ ਵੱਖ ਮੁਲਕਾਂ ਵਿਚਾਲੇ ਲੱਗੀ ਦੌੜ ਹੋਰ ਤੇਜ਼ ਹੋ ਗਈ ਹੈ। ਵਿਸ਼ਵ ਕੱਪ ਲਈ ਹੋ ਰਹੇ ਕੁਆਲੀਫਾਇੰਗ ਮੁਕਾਬਲਿਆਂ ਦਾ ਇਸ ਸੀਜ਼ਨ ਦਾ ਆਖਰੀ ਅਤੇ ਮੁੱਖ ਦੌਰ ਲੰਘੇ ਦਿਨੀਂ ਸ਼ੁਰੂ ਹੋਇਆ ਹੈ। ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਜਿੱਥੇ ਸਿੱਧਾ ਦਾਖਲਾ ਮਿਲਿਆ ਹੈ, ਉਥੇ ਹੁਣ ਤੱਕ ਕੁਆਲੀਫਾਇੰਗ ਗੇੜ ਰਾਹੀਂ ਦੋ ਮੁਲਕ ਵਿਸ਼ਵ ਕੱਪ ਦਾ ਟਿਕਟ ਕਟਾ ਚੁਕੇ ਹਨ।
ਵਿਸ਼ਵ ਕੱਪ ਦੀ ਇਸ ਫਸਵੀਂ ਦੌੜ ਵਿਚ ਸਭ ਤੋਂ ਪਹਿਲਾਂ ਬ੍ਰਾਜ਼ੀਲ ਨੇ ਉਰੂਗੁਏ ਨੂੰ ਹਰਾ ਕੇ ਆਪਣੀ ਥਾਂ ਪੱਕੀ ਕੀਤੀ। ਦੂਜਾ ਮੁਲਕ ਇਰਾਨ ਹੈ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਤੋਂ ਇਲਾਵਾ ਦੱਖਣੀ ਅਮਰੀਕੀ ਮਹਾਂਦੀਪ ਵਿਚੋਂ ਸਿਖਰਲੀਆਂ ਚਾਰ ਟੀਮਾਂ ਆਪਣੇ-ਆਪ ਕੁਆਲੀਫਾਈ ਕਰਨਗੀਆਂ। ਅਰਜਨਟੀਨਾ ਆਪਣੇ ਸਟਾਰ ਖਿਡਾਰੀ ਲਿਓਨੇਲ ਮੈਸੀ ਦੇ ਚਿਲੀ ਖਿਲਾਫ ਇਕਮਾਤਰ ਗੋਲ ਦੇ ਜ਼ੋਰ ਉਤੇ ਆਪਣੀ ਕੁਆਲੀਫਿਕੇਸ਼ਨ ਮੁਹਿੰਮ ਨੂੰ ਮੁੜ ਲੀਹ ਉਤੇ ਲੈ ਆਇਆ ਹੈ ਅਤੇ ਪੂਰੀ ਸੰਭਾਵਨਾ ਹੈ ਕਿ ਅਰਜਨਟੀਨਾ ਆਪਣੇ ਬਾਕੀ ਮੈਚਾਂ ਵਿਚ ਲੋੜੀਂਦੇ ਅੰਕ ਲੈ ਕੇ ਫੀਫਾ ਵਿਸ਼ਵ ਕੱਪ ਤੱਕ ਪਹੁੰਚ ਜਾਵੇਗਾ।
ਉਧਰ, ਯੂਰਪੀ ਦੇਸ਼ਾਂ ਦੀ ਦੌੜ ਵੇਖੀਏ ਤਾਂ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਯੂਰਪੀਅਨ ਚੈਂਪੀਅਨ ਪੁਰਤਗਾਲ ਹੰਗਰੀ ਨੂੰ ਵਿਸ਼ਵ ਕੱਪ ਫੁਟਬਾਲ ਕੁਆਲੀਫਾਇਰ ਵਿਚ 3-0 ਨਾਲ ਹਰਾ ਕੇ ਗਰੁਪ ‘ਬੀ’ ਵਿਚ ਸਿਖਰ ਉਤੇ ਚੱਲ ਰਹੇ ਸਵਿਟਜ਼ਰਲੈਂਡ ਤੋਂ ਸਿਰਫ ਤਿੰਨ ਅੰਕ ਪਿੱਛੇ ਹੈ। ਸਵਿਟਜ਼ਰਲੈਂਡ ਨੇ ਲਾਤੀਵੀਆ ਨੂੰ ਹਰਾ ਕੇ ਪੰਜ ਮੈਚਾਂ ਵਿਚ ਪੰਜਵੀਂ ਜਿੱਤ ਅਤੇ 15 ਅੰਕਾਂ ਨਾਲ ਆਪਣਾ ਸੌ ਫੀਸਦੀ ਰਿਕਾਰਡ ਬਰਕਰਾਰ ਰੱਖਿਆ ਹੈ। ਰੋਨਾਲਡੋ ਵੱਲੋਂ ਕੀਤੇ ਗਏ ਦੋ ਗੋਲਾਂ ਨਾਲ ਉਸ ਦੇ ਕੌਮਾਂਤਰੀ ਗੋਲਾਂ ਦੀ ਗਿਣਤੀ 138 ਮੈਚਾਂ ਵਿਚ 70 ਨੂੰ ਪਹੁੰਚ ਗਈ ਸੀ।
ਯਾਦ ਰਹੇ, ਪੁਰਤਗਾਲ ਦੀ ਟੀਮ ਯੂਰੋ 2016 ਵਿਚ ਹੰਗਰੀ ਤੋਂ ਹਾਰ ਕੇ ਬਾਹਰ ਹੁੰਦੇ-ਹੁੰਦੇ ਬੱਚ ਗਈ ਸੀ ਤੇ ਉਸ ਨੇ ਤਿੰਨ ਵਾਰ ਪੱਛੜਨ ਪਿਛੋਂ 3-3 ਨਾਲ ਬਰਾਬਰੀ ਕੀਤੀ ਅਤੇ ਫੇਰ ਅੱਗੇ ਜਾ ਕੇ ਖਿਤਾਬ ‘ਤੇ ਕਬਜ਼ਾ ਕੀਤਾ। ਯੂਰਪ ਵਿਚ ਨੌਂ ਗਰੁਪਾਂ ਵਿਚੋਂ ਹਰ ਗਰੁਪ ਦਾ ਜੇਤੂ ਵਿਸ਼ਵ ਕੱਪ ਵਿਚ ਸਿੱਧਾ ਦਾਖਲਾ ਹਾਸਲ ਕਰੇਗਾ। ਅੱਠ ਵਧੀਆ ਅੰਕਾਂ ਵਾਲੇ ਰਨਰਅੱਪ ਮੁਲਕ ਚਾਰ ਹੋਰਨਾਂ ਸਥਾਨਾਂ ਲਈ ਪਲੇਆਫ ਰਾਊਂਡ ਖੇਡਣਗੇ।
ਉਧਰ ਬੁਲਗਾਰੀਆ ਨੇ ਹਾਲੈਂਡ ਨੂੰ ਗਰੁਪ ‘ਏ’ ਵਿਚ 2-0 ਨਾਲ ਹਰਾ ਕੇ 1998 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਵਿਚ ਖੇਡਣ ਦੀਆਂ ਆਪਣੀਆਂ ਆਸਾਂ ਨੂੰ ਜਿਊਂਦਾ ਰੱਖਿਆ ਹੈ। ਬੈਲਜੀਅਮ ਅਤੇ ਯੂਨਾਨ ਨੇ ਗਰੁਪ ‘ਐਚ’ ਵਿਚ 1-1 ਨਾਲ ਡਰਾਅ ਖੇਡਿਆ ਅਤੇ ਦੋਵਾਂ ਦੀਆਂ ਆਸਾਂ ਬਰਕਰਾਰ ਹਨ। ਹਾਲੈਂਡ ਦੇ ਯੂਰੋ ਕੱਪ ਨਾ ਖੇਡ ਸਕਣ ਮਗਰੋਂ ਹੁਣ ਇਸ ਦੇ ਵਿਸ਼ਵ ਕੱਪ ਖੇਡਣ ਉਤੇ ਵੀ ਸ਼ੰਕਾ ਖੜ੍ਹਾ ਹੋ ਗਿਆ ਹੈ। ਤਿੰਨ ਵਾਰ ਦੇ ਉਪ ਜੇਤੂ ਹਾਲੈਂਡ ਦੀਆਂ ਵਿਸ਼ਵ ਕੱਪ ਖੇਡਣ ਦੀਆਂ ਆਸਾਂ ਨੂੰ ਬੁਲਗਾਰੀਆ ਤੋਂ ਮਿਲੀ 2-0 ਦੀ ਹਾਰ ਨਾਲ ਵੱਡਾ ਝਟਕਾ ਲੱਗਾ ਸੀ। ਹਾਲੈਂਡ ਦੀ ਟੀਮ ਗਰੁਪ ‘ਏ’ ਵਿਚ ਸਿਖਰ ‘ਤੇ ਚੱਲ ਰਹੇ ਫਰਾਂਸ ਅਤੇ ਸਵੀਡਨ ਤੋਂ ਤਿੰਨ ਅੰਕ ਪਿੱਛੇ ਹੈ। ਸਪੇਨ ਨੇ ਇਸਰਾਈਲ ਨੂੰ ਹਰਾ ਕੇ ਗਰੁਪ ‘ਜੀ’ ਵਿਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਇਟਲੀ ਦੀ ਟੀਮ ਵੀ 16 ਅੰਕਾਂ ਨਾਲ ਸਪੇਨ ਨਾਲ ਸਾਂਝੇ ਤੌਰ ‘ਤੇ ਆਪਣੇ ਗਰੁਪ ਵਿਚ ਚੋਟੀ ਉਤੇ ਕਾਇਮ ਹੈ।
ਉਧਰ ਇੰਗਲੈਂਡ ਦਾ ਜੇਤੂ ਸਫਰ ਜਾਰੀ ਹੈ। ਏਸ਼ੀਆਈ ਖਿੱਤੇ ਵਿਚੋਂ ਇਰਾਨ ਨੇ ਸਭ ਨੂੰ ਹੈਰਾਨ ਕੀਤਾ ਹੈ ਜਦਕਿ ਦੱਖਣੀ ਕੋਰੀਆ, ਜਾਪਾਨ ਅਤੇ ਸਾਊਦੀ ਅਰਬ ਦੀ ਸਥਿਤੀ ਵਿਸ਼ਵ ਕੱਪ ਖੇਡਣ ਲਈ ਕਾਫੀ ਮਜ਼ਬੂਤ ਲੱਗ ਰਹੀ ਹੈ। ਸਾਲ ਦੇ ਅੰਤ ਤੱਕ ਵਿਸ਼ਵ ਕੱਪ 2018 ਦੀ ਤਸਵੀਰ ਸਾਫ ਹੋ ਜਾਵੇਗੀ।