ਸਿਸਕਦੀ ਸ਼ਬਦ-ਗਾਥਾ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਆਪਣੀ ਕਲਮ ਦੀ ਕਾਰਕਰਦਗੀ ਅਤੇ ਪਾਠਕਾਂ ਦੇ ਹੁੰਗਾਰੇ ਦੀ ਬਾਤ ਪਾਈ ਸੀ, “ਇਨ੍ਹਾਂ ਅੱਖਰਾਂ ਨੇ ਬੜਾ ਕੁਝ ਦਿੱਤਾ ਏ। ਕਦੇ ਮਿਲਦੀ ਏ ਮਾਂਵਾਂ ਦੀ ਅਸੀਸ ਅਤੇ ਕਦੇ ਮਿਲਦਾ ਏ ਬਾਪ ਵਰਗੇ ਪਾਠਕਾਂ ਦਾ ਥਾਪੜਾ।”

ਹਥਲੇ ਲੇਖ ਵਿਚ ਡਾæ ਭੰਡਾਲ ਨੇ ਸਾਡੇ ਭਾਈਚਾਰੇ ਵਿਚ ਕਿਤਾਬਾਂ ਪੜ੍ਹਨ ਦੀ ਘਟਦੀ ਜਾ ਰਹੀ ਰੁਚੀ ਉਤੇ ਰੁਦਨ ਕੀਤਾ ਹੈ ਅਤੇ ਹੋਕਾ ਲਾਇਆ ਹੈ, “ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਹਰਫਾਂ ਦੀ ਦੁਨੀਆਂ ਵੱਲ ਮੋੜ ਲਿਆਵੋ। ਇਨ੍ਹਾਂ ਦੀ ਮਾਸੂਮ ਅਤੇ ਸ਼ਫਾਫ ਸੋਚ ਦੀ ਬੀਹੀ ਵਿਚ ਚਾਨਣ-ਚਿਰਾਗ ਜਗਾਵੋ। ਇਨ੍ਹਾਂ ਦੀ ਚੇਤਨਾ ਵਿਚ ਸੰਵੇਦਨਾ ਦਾ ਜਾਗ ਲਾਵੋ ਅਤੇ ਮਨੁੱਖ ਤੇ ਕੁਦਰਤ ਦੀ ਸਦੀਵੀ ਹੋਂਦ ਲਈ ਕੁਝ ਕਰਨ ਦਾ ਚਾਅ ਇਨ੍ਹਾਂ ਦੀ ਸੋਚ ਵਿਚ ਉਪਜਾਵੋ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਮੈਂ ਅਕਸਰ ਆਪਣੀਆਂ ਕਿਤਾਬਾਂ ਨਾਲ ਸੰਵਾਦ ਰਚਾਉਂਦਾ ਹਾਂ। ਨਿੱਕੀਆਂ ਗੱਲਾਂ, ਛੋਟੀਆਂ ਛੋਟੀਆਂ ਬਾਤਾਂ ਅਤੇ ਹੁੰਗਾਰੇ। ਕਦੇ ਕਿਤਾਬਾਂ ਦੇ ਪ੍ਰਸ਼ਨ ਅਤੇ ਕਦੇ ਜਵਾਬ। ਕਿਤਾਬਾਂ ਨਾਲ ਗੁਫਤਗੂ ‘ਚ ਭੁੱਲ ਜਾਂਦੇ ਜਗਤ ਤਮਾਸ਼ੇ। ਕਦੇ ਕਿਤਾਬਾਂ ਨੂੰ ਹਿੱਕ ਨਾਲ ਲਾਉਣ ਦਾ ਸਕੂਨ ਅਤੇ ਕਦੇ ਇਨ੍ਹਾਂ ਦੀ ਸਾਂਝ ‘ਚੋਂ ਕੁਝ ਸਾਰਥਕ ਕਰਨ ਦਾ ਉਦਮ। ਮੇਰੇ ਸਰੋਕਾਰਾਂ ਸੰਗ ਸੰਵਾਦ ਨੇ ਕਿਤਾਬਾਂ। ਕਿਤਾਬਾਂ ਮੇਰਾ ਹਾਸਲ। ਮੇਰੀਆਂ ਸਭ ਤੋਂ ਪਿਆਰੀਆਂ ਦੋਸਤ ਅਤੇ ਇਨ੍ਹਾਂ ਦੀ ਪਨਾਹ ਵਿਚ ਗਮਾਂ ਤੋਂ ਰਾਹਤ।
ਜਦ ਵੀ ਦੁਨੀਆਂ ਤੋਂ ਰੁਖਸਤਗੀ ਦਾ ਖਿਆਲ ਮਨ ਵਿਚ ਆਉਂਦਾ ਏ ਤਾਂ ਮੇਰੇ ਦੀਦਿਆਂ ਮੂਹਰੇ ਕਿਤਾਬਾਂ ਦੇ ਹਰਫ ਹਾਜਰੀ ਭਰਦੇ। ਚੰਗਾ ਲੱਗਦਾ ਇਨ੍ਹਾਂ ਸ਼ਬਦਾਂ ਦੀ ਅਕੀਦਤ ਵਿਚ ਆਪਣੇ ਆਪ ਨਾਲ ਸੰਵਾਦ ਰਚਾਉਣਾ ਅਤੇ ਇਸ ਸੰਵਾਦ ਨੂੰ ਆਪਣੇ ਅੰਤਰ ਮਨ ਦੀ ਜੂਹੇ ਫੇਰੇ ਪਾਉਣ ਦੀ ਦਾਅਵਤ ਦੇਣਾ।
ਕਦੇ ਕਦੇ ਇਨ੍ਹਾਂ ਹਰਫਾਂ ਦੇ ਮੱਥਿਆਂ ਵਿਚ ਧਰੇ ਹੋਏ ਚਿਰਾਗਾਂ ਦੀ ਲੋਅ ਵਿਚ ਹਟਕੋਰੇ ਉਗ ਪੈਂਦੇ ਅਤੇ ਮੇਰੀ ਆਤਮਾ ਸਿਸਕ ਕੇ ਰਹਿ ਜਾਂਦੀ ਕਿ ਇਹ ਹਰਫ ਕਿਉਂ ਰੋਂਦੇ ਨੇ। ਮੈਂ ਇਨ੍ਹਾਂ ਨੂੰ ਪੁਚਕਾਰਦਾ ਅਤੇ ਹੌਲੀ ਹੌਲੀ ਇਹ ਹਰਫ ਆਪਣੇ ਦਿਲ ਦੀ ਵੇਦਨਾ ਮੇਰੇ ਨਾਲ ਸਾਂਝੀ ਕਰਦੇ। ਵੇਦਨਾ ਜਿਹੜੀ ਕਦੇ ਕਦੇ ਮੇਰੇ ਮਨ ਵਿਚ ਵੀ ਉਗਮਦੀ ਪਰ ਮੈਂ ਇਸ ਨੂੰ ਦਬਾਅ ਦਿੰਦਾ। ਇਸ ਵੇਦਨਾ ਦਾ ਮੈਨੂੰ ਵੀ ਅਹਿਸਾਸ ਏ ਅਤੇ ਹਰ ਸੰਵੇਦਨਸ਼ੀਲ ਵਿਅਕਤੀ ਦੀ ਮਾਨਸਿਕ ਨੁੱਕਰੇ ਅਜਿਹੇ ਅਹਿਸਾਸ ਸਿਰਫ ਧੁੱਖਣ ਜੋਗੇ ਹੀ ਰਹਿ ਗਏ ਨੇ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਹਰਫਾਂ ਨੇ ਹੀ ਮੇਰੀ ਵੇਦਨਾ ਨੂੰ ਜ਼ੁਬਾਨ ਦਿਤੀ ਏ ਜੋ ਅਕਸਰ ਮੇਰੀ ਕਲਮ ਦੀ ਬੀਹੀ ਫੇਰਾ ਪਾਉਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ।
ਮੇਰੀ ਗੈਰਹਾਜ਼ਰੀ ਵਿਚ ਇਨ੍ਹਾਂ ਹਰਫਾਂ ‘ਤੇ ਪਈ ਗਰਦ ਦੀ ਮੋਟੀ ਪਰਤ ਬੜਾ ਕੁਝ ਮੇਰੀ ਸੋਚ ਦੇ ਹਵਾਲੇ ਕਰ ਆਪ ਸੁਰਖਰੂ ਹੋਣ ਦਾ ਭਰਮ ਪਾਲਦੀ ਏ ਪਰ ਮੇਰੀਆਂ ਕਿਤਾਬਾਂ ‘ਤੇ ਜੰਮੀ ਗਰਦ ਦਾ ਆਪਣੇ ਦਰਦ ਨੂੰ ਇਜ਼ਹਾਰ ਕਰਨ ਦਾ ਵਿਲੱਖਣ ਅੰਦਾਜ਼ ਏ।
ਕਈ ਪ੍ਰਸ਼ਨ ਮੇਰੇ ਮਨ ਵਿਚ ਉਗਮਦੇ ਨੇ। ਕੀ ਮੇਰੀਆਂ ਕਿਤਾਬਾਂ ਨੂੰ ਮੇਰੀ ਅਣਹੋਂਦ ਵਿਚ ਸਿਰਫ ਇਕੱਲ ਅਤੇ ਗਰਦ ਦਾ ਹੀ ਸਾਥ ਨਸੀਬ ਹੋਵੇਗਾ? ਕੀ ਕਿਤਾਬਾਂ ਵਿਚਲੇ ਹਰਫ ਸਿਸਕੀਆਂ ਦੀ ਅਉਧ ਹੰਢਾਉਣ ਲਈ ਮਜਬੂਰ ਹੋ ਜਾਣਗੇ? ਕੀ ਕਿਤਾਬਾਂ ਦੀ ਹਿੱਕ ਵਿਚ ਡੂੰਘੀ ਲਹਿ ਚੁਕੀ ਸਲ੍ਹਾਬ ਵਰਕਿਆਂ ਨੂੰ ਸਦੀਵੀ ਜ਼ਰਜ਼ਰਾ ਕਰਕੇ ਇਨ੍ਹਾਂ ਦੀ ਹੋਂਦ ਨੂੰ ਸਦਾ ਲਈ ਖੋਰ ਦੇਵੇਗੀ? ਕੀ ਇਨ੍ਹਾਂ ਹਰਫਾਂ ਵਿਚ ਜਗਦੇ ਚਿਰਾਗ ਦੀ ਰੌਸ਼ਨੀ ਨੂੰ ਘਰ ਵਿਚ ਪਸਰੇ ਹਨੇਰੇ ਜਜ਼ਬ ਕਰ ਜਾਣਗੇ? ਕੀ ਇਨ੍ਹਾਂ ਵਿਚ ਸਮੋਈ ਜੀਵਨ-ਜਾਚ ਸਿਰਫ ਕਬਰਾਂ ਦੀ ਜੂਨ ਹੰਢਾਉਣ ਤੱਕ ਹੀ ਸੀਮਤ ਹੋ ਜਾਵੇਗੀ? ਕੀ ਇਨ੍ਹਾਂ ਕਿਤਾਬਾਂ ਦੀ ਰੂਹ ਵਿਚ ਵਗਦੀ ਗਿਆਨ-ਗੰਗਾ ਫੌਤ ਹੋ ਸੁੱਕ ਕੇ ਬਰੇਤਿਆਂ ਵਰਗੀ ਆਖਰੀ ਅਲਵਿਦਾ ਬਣ ਜਾਵੇਗੀ? ਕੀ ਇਨ੍ਹਾਂ ਵਿਚ ਉਕਰੀਆਂ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਰਚਨਹਾਰੇ ਆਪਣੀ ਹੋਣੀ ‘ਤੇ ਝੂਰਨ ਤੋਂ ਬਗੈਰ ਕੁਝ ਵੀ ਕਹਿਣ ਤੋਂ ਆਕੀ ਹੋ ਜਾਣਗੇ? ਕੀ ਇਨ੍ਹਾਂ ਕਿਤਾਬਾਂ ਦੀ ਆਤਮਾ ਵਿਚ ਸੂਰਜੀ ਤਪਸ਼ ਨੂੰ ਮਨੁੱਖੀ ਮਨ ਦੀ ਸਰਦ ਕਠੋਰਤਾ ਸਦਾ ਲਈ ਯਖ ਬਣਾ ਦੇਵੇਗੀ ਅਤੇ ਅਸੀਂ ਸਿਰਫ ਆਪਣਾ ਮਰਸੀਆ ਖੁਦ-ਬ-ਖੁਦ ਪੜ੍ਹਨ ਜੋਗੇ ਹੀ ਰਹਿ ਜਾਵਾਂਗੇ?
ਪ੍ਰਸ਼ਨਾਂ ਦਾ ਇਕ ਜੰਗਲ ਮੇਰੇ ਮਸਤਕ ਦੀ ਕਰਮਭੂਮੀ ਅਤੇ ਇਨ੍ਹਾਂ ਦੇ ਹੱਲ ਵਿਚ ਉਲਝ ਕੇ ਰਹਿ ਗਈ ਅਜੋਕੇ ਮਨੁੱਖ ਦੀ ਅਦਨੀ ਸੋਚ। ਇਹ ਪ੍ਰਸ਼ਨ ਸਿਰਫ ਮੇਰੇ ਨਹੀਂ, ਤੁਹਾਡੇ ਵੀ ਨੇ, ਸਾਡੇ ਸਭ ਦੇ ਨੇ। ਪਰ ਥੋੜ੍ਹੇ ਲੋਕ ਹੀ ਇਨ੍ਹਾਂ ਨੂੰ ਮੁਖਾਤਬ ਹੁੰਦੇ ਨੇ ਕਿਉਂਕਿ ਮਕਾਨਕੀ ਮਨੁੱਖ ਦੀ ਕਰਮਯੋਗਤਾ ਵਿਚੋਂ ਕਾਫੂਰ ਹੋ ਚੁਕੀ ਏ ਸੰਵੇਦਨਾ ਅਤੇ ਮਰ ਗਈ ਸੰਵੇਦਨਾ ਵਾਲੇ ਲੋਕ ਸਿਰਫ ਇਕ ਲਾਸ਼ ਹੋਇਆ ਕਰਦੇ ਨੇ।
ਹਰਫਾਂ ਵਿਚ ਸਮੋਈ ਵੇਦਨਾ ਮੇਰਾ ਹਾਸਲ। ਮੇਰੇ ਮਸਤਕ ਵਿਚ ਜਗਦਾ ਚਿਰਾਗ। ਮੇਰੇ ਦੀਦਿਆਂ ਦੀ ਲੋਅ। ਮੇਰੇ ਰਾਹਾਂ ਵਿਚ ਪਸਰਿਆ ਚਾਨਣ ਅਤੇ ਇਸ ਚਾਨਣ ਵਿਚ ਰੌਸ਼ਨ ਰੌਸ਼ਨ ਹੋਈਆਂ ਪੈੜਾਂ ਅਤੇ ਜਾਗਦੇ ਰਾਹਾਂ ਵਾਲੇ ਲੋਕ ਹੀ ਮੰਜ਼ਿਲ ਦਾ ਹਾਸਲ ਬਣਦੇ। ਆਪਣੀ ਸੋਚ ਵਿਚ ਟੀਚਿਆਂ ਦਾ ਸਿਰਨਾਵਾਂ ਖੁਣਨ ਵਾਲੇ ਲੋਕ ਹੀ ਵਕਤ ਦਾ ਹਾਸਲ ਅਤੇ ਤਹਿਜ਼ੀਬ ਉਨ੍ਹਾਂ ਦੇ ਸਦਕੇ ਅਤੇ ਵਾਰੇ ਜਾਂਦੀ।
ਕੁਝ ਲੋਕ ਕਿਤਾਬਾਂ ਦਾ ਹਾਸਲ ਪਰ ਕੁਝ ਕਿਤਾਬਾਂ ਲੋਕਾਂ ਦੀਆਂ ਰਿਣੀ। ਉਨ੍ਹਾਂ ਕਲਮਕਾਰਾਂ ਦੀਆਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਿ ਉਨ੍ਹਾਂ ਦੀ ਕਲਮ ਨੂੰ ਇਹ ਤੌਫੀਕ ਹਾਸਲ ਹੋਈ ਕਿ ਜਿਉਂਦੇ ਜਾਗਦੇ ਹਰਫ ਵਕਤ ਦੇ ਸਫੇ ਦੀ ਅਮਾਨਤ ਅਤੇ ਇਨ੍ਹਾਂ ਵਿਚ ਸਮੋਇਆ ਸਮਿਆਂ ਦਾ ਸਦੀਵੀ ਸੱਚ।
ਮੇਰੀਆਂ ਕਿਤਾਬਾਂ ਕਦੇ ਕਦੇ ਮੇਰੇ ਗੋਡੇ ਮੁੱਢ ਬਹਿ ਮੇਰੇ ਨਾਲ ਦੁੱਖ-ਸੁੱਖ ਸਾਂਝਾ ਕਰਦੀਆਂ, ਐ ਲੋਕਾ! ਕੀ ਤੇਰੇ ਤੁਰ ਜਾਣ ਤੋਂ ਬਾਅਦ ਵੀ ਕੋਈ ਸਾਡੀ ਗਰਦ ਝਾੜੇਗਾ? ਕੋਈ ਸਾਡੇ ਪੰਨਿਆਂ ਨੂੰ ਫਰੋਲੇਗਾ? ਕਿਸੇ ਦੀ ਸੰਵੇਦਨਾ ਵਿਚ ਸਾਡੇ ਪ੍ਰਤੀ ਮੋਹ ਉਪਜੇਗਾ? ਕਿਸੇ ਦੀ ਚੇਤਨਾ ਵਿਚ ਸਾਡੇ ਨਾਲ ਲਗਾਓ ਦੀ ਕਰੂੰਬਲ ਫੁਟੇਗੀ? ਕਿਸੇ ਦੀ ਸੂਖਮ ਸੋਚ ਦਾ ਅਸੀਂ ਹਿੱਸਾ ਬਣ ਸਕਾਂਗੀਆਂ? ਕਿਸੇ ਦੇ ਭਾਵਾਂ ਵਿਚ ਉਤੇਜਨਾ ਪੈਦਾ ਕਰ ਸਕਾਂਗੀਆਂ? ਕਿਸੇ ਦੀ ਆਸ ਦੇ ਪੁੰਗਾਰੇ ਦਾ ਸਬੱਬ ਬਣਨ ਦੀ ਸਾਡੀ ਲੋਚਾ ਪੂਰੀ ਹੋਵੇਗੀ? ਕੀ ਅਸੀਂ ਵੀ ਕਿਸੇ ਦਾ ਸੁਪਨਾ ਬਣਾਂਗੀਆਂ ਅਤੇ ਫਿਰ ਸੁਪਨੇ ਦੀ ਪੂਰਤੀ ਦਾ ਸਫਰ ਅਰੰਭ ਕਰ ਸਕਾਂਗੀਆਂ? ਕੀ ਸਾਡੇ ਹਿੱਕ ਵਿਚ ਖੁਣੇ ਹਰਫ ਸਿਸਕੀਆਂ ਦੀ ਜੂਨ ਹੰਢਾਉਣ ਜੋਗੇ ਹੀ ਰਹਿ ਜਾਣਗੇ? ਕੀ ਇਨ੍ਹਾਂ ਹਰਫਾਂ ਵਿਚ ਜਗਦੇ ਦੀਵਿਆਂ ਨੂੰ ਹਟਕੋਰਿਆ ਦੀ ਜੂਨ ਦਾ ਸਦੀਵੀ ਸੰਤਾਪ ਮਿਲਿਆ ਰਹੇਗਾ? ਕੀ ਸਮਿਆਂ ਦੀ ਦੇਹਲੀ ‘ਤੇ ਉਗ ਰਹੀ ਹਰਫਾਂ ਦੀ ਚੋਗ ਨੂੰ ਚਰਨ ਦਾ ਕਿਸੇ ਨੂੰ ਸ਼ਰਫ ਹਾਸਲ ਨਹੀਂ ਹੋਵੇਗਾ? ਕੀ ਅਸੀਂ ਅਣਆਈ ਮੌਤ ਦਾ ਮਾਤਮ ਬਣ ਕੇ ਰਹਿ ਜਾਵਾਂਗੀਆਂ? ਕੀ ਨਵੀਆਂ ਨਸਲਾਂ ਦੀ ਸੋਚ ਵਿਚ ਹਰਫ-ਮੋਹ ਦੀ ਧਰਾਤਲ ਸਦੀਵੀ ਖੁਰ ਜਾਵੇਗੀ? ਕੀ ਹਰਫਾਂ ਦੀ ਮੌਲਣ ਰੁੱਤ ਵਿਧਵਾ ਹੋ ਜਾਵੇਗੀ?
ਇਹ ਪ੍ਰਸ਼ਨ ਮੇਰੇ ਲਈ ਗੰਭੀਰ ਚੁਣੌਤੀ। ਮੇਰੇ ਸਕੂਨ ਵਿਚ ਭੁਚਾਲ। ਮੇਰੇ ਸਮਿਆਂ ਦੀ ਜੀਵਨ-ਸ਼ੈਲੀ ਦਾ ਟੁੱਟਦਾ ਭਰਮ। ਮੇਰੀਆਂ ਸੋਚਾਂ ਵਿਚ ਪਨਪਦੇ ਮਸਨੂਈ ਸੱਚ ਦਾ ਲੀਰੋ ਲੀਰ ਮੁਖੌਟਾ ਅਤੇ ਇਸ ‘ਚੋਂ ਝਾਕਦੀ ਕੋਝੇ ਸਮਿਆਂ ਦੀ ਤਵਾਰੀਖ। ਕੀ ਅਸੀਂ ਇਸ ਸੱਚ ਦਾ ਹੌਕਾ ਸੁਣਨ ਲਈ ਰਹਿਣਾ ਸੀ? ਕੀ ਸਾਡੇ ਹੀ ਸਿਰਾਂ ‘ਤੇ ਮੌਤ ਦਾ ਸਾਇਆ ਰਹਿਣਾ ਸੀ? ਕੀ ਭਰਮ-ਜਾਲ ਦੇ ਤਾਣੇ ਵਿਚ ਉਲਝਿਆ ਅਜੋਕਾ ਮਨੁੱਖ ਆਪਣੇ ਨੜੋਏ ਦਾ ਵਾਹਕ ਬਣਨ ਜੋਗਾ ਹੀ ਰਹਿ ਗਿਆ ਏ? ਪ੍ਰਸ਼ਨਾਂ ਵਿਚ ਇਕ ਪ੍ਰਸ਼ਨ ਬਣ ਕੇ ਰਹਿ ਗਈ ਮਨੁੱਖ ਦੀ ਹੋਣੀ, ਸਾਡਾ ਨਸੀਬ। ਸਕੂਨ ਦਾ ਸਿਵਾ ਸੇਕ ਰਿਹਾ ਆਦਮ ਅਤੇ ਇਸ ਸੇਕ ਵਿਚ ਰਾਖ ਹੋ ਰਹੀਆਂ ਮਨੁੱਖੀ ਭਾਵਨਾਵਾਂ ਤੇ ਸੰਵੇਦਨਾਵਾਂ। ਅਹਿਸਾਸਾਂ ਦੀ ਕਬਰ ਪੁੱਟ ਰਿਹਾ ਵਿਅਕਤੀ ਇਸ ਗੱਲੋਂ ਅਣਜਾਣ ਕਿ ਆਪਣੀ ਕਬਰ ਪੁੱਟਣ ਦੀ ਮਸ਼ਰੂਫੀਅਤ, ਵੈਣਾਂ ਦੀ ਸੋਗਵਾਰ ਤਰਬੀਅਤ ਹੁੰਦੀ ਏ।
ਯਾਦ ਰੱਖੋ, ਹਰਫ ਕਦੇ ਗੁੰਗਾ ਨਹੀਂ ਹੁੰਦਾ। ਕਦੇ ਹਰਫ ਹੂਕ, ਕਦੇ ਹੁੰਗਾਰਾ। ਕਦੇ ਹਰਫ ਵੇਦਨਾ, ਕਦੇ ਵਿਚਾਰਾ। ਕਦੇ ਹਰਫ ਲੋਚਾ, ਕਦੇ ਦਰਦ ਕੁੰਵਾਰਾ। ਕਦੇ ਹਰਫ ਹਉਕਾ, ਕਦੇ ਸਾਹ-ਸੰਧਾਰਾ। ਕਦੇ ਹਰਫ ਪੀੜਾ, ਕਦੇ ਮਰ੍ਹਮ ਦਾ ਲਾਰਾ। ਕਦੇ ਹਰਫ ਸਹਿਜ, ਕਦੇ ਚੀਖ-ਪਟਾਰਾ। ਕਦੇ ਹਰਫ ਡੂੰਘੀ ਚੁੱਪ, ਕਦੇ ਬੋਲਾਂ ਦਾ ਇਕਤਾਰਾ। ਕਦੇ ਹਰਫ ਹਨੇਰਿਆਂ ਦੀ ਬੇਲਾ, ਕਦੇ ਉਜਿਆਰਾ। ਕਦੇ ਝੂਠ ਦਾ ਹੋਕਾ, ਕਦੇ ਸੱਚ-ਨਿਤਾਰਾ।
ਬੜਾ ਔਖਾ ਹੁੰਦਾ ਏ ਹਰਫ ਹਰਫ ਹੋ ਕੇ ਜਿਉਣਾ ਅਤੇ ਲੰਗਾਰ ਹੋਏ ਆਪੇ ਨੂੰ ਦਰਦ ਤਰੋਪਿਆਂ ਸੰਗ ਸਿਉਣਾ। ਹਰਫ ਬਣ ਕੇ ਜਿਉਂਦਾ ਮਨੁੱਖ ਜਦ ਵਰਕਿਆਂ ਦੀ ਅਉਧ ਹੰਢਾਉਣ ਲਈ ਮਜਬੂਰ ਹੋ ਜਾਵੇ ਤਾਂ ਕਿਤਾਬ ਦੇ ਹਰ ਵਰਕੇ ‘ਤੇ ਅੱਥਰੂਆਂ ਦੀ ਨੈਂ ਵਗਦੀ ਏ। ਇਸ ਦਾ ਹਰ ਪੰਨਾ ਸਿਸਕੀਆਂ ਦੀ ਆਧਾਰ-ਸ਼ਿਲਾ। ਹਰਫਾਂ ਦੇ ਅਰਥਾਂ ਨੂੰ ਪੁਰਜਾ ਪੁਰਜਾ ਹੋ ਕੇ ਕੱਟ ਮਰਨ ਦਾ ਸਰਾਪ। ਜੇ ਕਦੇ ਹਰਫਾਂ ਦੀ ਹਿੱਕ ਵਿਚ ਉਗਦੇ ਸੂਰਜ, ਕਿਸੇ ਸਮੇਂ ਦਾ ਹਾਸਲ ਬਣ ਜਾਣ ਤਾਂ ਧੁਆਂਖੀਆਂ ਪੈੜਾਂ ਵਿਚ ਦੀਵਿਆਂ ਦੀ ਡਾਰ ਜਨਮ ਲੈਂਦੀ ਏ।
ਬੰਦ ਅਲਮਾਰੀਆਂ ਵਿਚ ਪਈਆਂ ਕਿਤਾਬਾਂ ਨੂੰ ਹੇਰਵਾ ਏ ਕਿ ਮਨੁੱਖ ਕਦੇ ਵੀ ਨਹੀਂ ਜਾਗਦਾ? ਕੀ ਖੁੱਲ੍ਹੀਆਂ ਅੱਖਾਂ ਵਿਚ ਸੁੱਤ-ਉਨੀਂਦਰੀ ਉਮਰ ਦਾ ਨਾਮ ਹੀ ਮਨੁੱਖ ਏ? ਕੀ ਉਸ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂ ਰਹਿ ਗਿਆ? ਉਸ ਦੇ ਮਸਤਕ ਵਿਚੋਂ ਚਾਨਣ ਦੀ ਕੋਈ ਵੀ ਕਾਤਰ ਨਿਕਲਣ ਲਈ ਕਿਉਂ ਤਰਲੋਮੱਛੀ ਨਹੀਂ ਹੁੰਦੀ? ਕੀ ਸਾਡੇ ਵਿਚ ਸਦੀਵੀ ਵਗਦੀ ਗਿਆਨ-ਗੰਗਾ ‘ਚੋਂ ਚੂਲੀ ਭਰ ਕੇ ਪੀਣ ਲਈ ਇਹ ਅਜੋਕਾ ਮਨੁੱਖ ਨਹੀਂ ਅਹੁਲਦਾ? ਕੀ ਹੋ ਗਿਆ ਏ ਇਸ ਮਨੁੱਖ ਨੂੰ ਅਤੇ ਕਿਸ ਤਰ੍ਹਾਂ ਦੀ ਹੋ ਗਈ ਏ ਇਸ ਦੀ ਵਿਚਾਰਧਾਰਾ? ਕੀ ਨਿਜੀ ਮੁਫਾਦ ਦੀ ਚੱਕੀ ਵਿਚ ਪਿਸ ਕੇ ਰਹਿ ਜਾਵੇਗਾ ਇਹ ਆਦਮ ਜਾਇਆ?
ਮੇਰੀ ਸ਼ੈਲਫ ‘ਤੇ ਪਈਆਂ ਕਿਤਾਬਾਂ ਵਿਚੋਂ ਉਡਦੀ ਧੂੜ ਕਦੇ ਅੱਖਾਂ ਵਿਚ ਪੈਂਦੀ ਰੜਕ ਪੈਦਾ ਕਰਦੀ ਏ। ਇਸ ਰੜਕ ਨਾਲ ਕਈ ਕੁਝ ਮੇਰੀ ਅੰਤਰ-ਆਤਮਾ ਵਿਚ ਉਗਮਦਾ ਅਤੇ ਮੈਂ ਉਸ ਨੂੰ ਦਬਾਉਣ ਦੇ ਆਹਰ ਵਿਚ ਆਪਣੇ ਆਪੇ ਨਾਲ ਹੀ ਉਲਝ ਕੇ ਰਹਿ ਜਾਂਦਾ। ਮੈਂ ਆਪਣੇ ਆਪ ਦੇ ਰੂਬਰੂ ਹੋਣ ਤੋਂ ਤ੍ਰਹਿੰਦਾ। ਮੁਖੌਟਾਧਾਰੀ ਮਨੁੱਖ, ਸੱਚ ਦਾ ਸਾਹਮਣਾ ਕਿੰਜ ਕਰੇ ਅਤੇ ਹਰ ਪਲ ਵਾਰ ਵਾਰ ਮਰੇ। ਮਰਨ-ਰੁੱਤ ਦਾ ਆੜੀ ਬਣ ਕੇ ਜਿਉਂਦੇ ਵਿਅਕਤੀ ਸਮਿਆਂ ਦਾ ਕੋਝਾ ਮਖੌਲ।
ਕੌਣ ਤਰੇ ਇਨ੍ਹਾਂ ਹਰਫਾਂ ਦੀ ਮੂਕ ਵੇਦਨਾ ਦਾ ਸਾਗਰ? ਕੌਣ ਇਸ ਵਿਚੋਂ ਉਠਦੀਆਂ ਤੂਫਾਨੀ ਲਹਿਰਾਂ ਨੂੰ ਸਹਿਲਾਵੇ? ਕੌਣ ਇਸ ਦੇ ਦਰਦੀਲੇ ਨਗਮਿਆਂ ਨੂੰ ਆਪਣੇ ਬੁੱਲਾਂ ਨਾਲ ਛੁਹਾਵੇ ਅਤੇ ਕੌਣ ਇਕ ਪਾਗਲ ਕੁਰਾਹੀਆਂ ਕਹਾਵੇ?
ਉਮਰ ਕੈਦ ਹੰਢਾਉਂਦੇ ਹਰਫ ਹੌਲੀ ਹੌਲੀ ਆਪਣੇ ਮਰਨਾਊ ਸਾਹਾਂ ਦਾ ਸਫਰ ਕਰ ਜਾਣਗੇ ਪੂਰਾ। ਇਸ ਦੇ ਅਰਥ ਦੀਆਂ ਪਲਕਾਂ ਨੂੰ ਕੋਈ ਸਹਿਜੇ ਜਿਹੇ ਕਰ ਦੇਵੇਗਾ ਬੰਦ। ਇਸ ਦੇ ਜ਼ਰਜ਼ਰੇ ਵਰਕਿਆਂ ਨੂੰ ਉਡਾ ਕੇ ਲੈ ਜਾਵੇਗੀ ਖਰੂਦੀ ਪੌਣ। ਇਸ ਦੀ ਜਿਲਦ ਦਾ ਬਣ ਜਾਵੇਗਾ ਕਿਤਾਬ ਦੀਆਂ ਅਸਥੀਆਂ ਪਾਉਣ ਲਈ ਬੰਦ ਡੱਬਾ। ਇਸ ਦੀ ਇਬਾਦਤ ਦੇ ਦੀਦਿਆਂ ਵਿਚ ਉਤਰ ਆਵੇਗਾ ਖਾਰਾ ਪਾਣੀ ਅਤੇ ਖਾਰੇ ਪਾਣੀਆਂ ਸੰਗ ਵਹਿ ਜਾਵੇਗਾ ਕਿਤਾਬ ਵਿਚ ਰੀਝਾਂ ਨਾਲ ਪਾਲੇ ਹੋਏ ਹਰਫਾਂ ਦੀ ਸਦੀਵੀ ਹੋਂਦ ਦਾ ਖਿਆਲ।
ਹਰਫਾਂ ਨੂੰ ਸੂਲੀ ‘ਤੇ ਚਾੜ੍ਹਨ ਵਾਲੇ ਜੱਲਾਦ ਹੀ ਪੜ੍ਹਦੇ ਨੇ ਭਲੇ ਵਕਤਾਂ ਦਾ ਕਲਮਾ। ਸੂਹੇ ਸੂਰਜਾਂ ਦੀ ਮੌਤ ‘ਤੇ ਹਰ ਤਾਰੇ ਦੀ ਅੱਖ ਜਦ ਨਮ ਹੋ ਜਾਵੇ ਤਾਂ ਅੰਬਰ ਵੀ ਸਲ੍ਹਾਬਿਆ ਜਾਂਦਾ ਏ। ਹਾੜਾ ਈ! ਅੱਜ ਅੰਬਰ ਦੀ ਹਰ ਨੁੱਕਰ ਵਿਚ ਵਾਸ਼ਪਕਣਾਂ ਦੀ ਬਹੁਤਾਤ ਏ ਅਤੇ ਜੇ ਅਸੀਂ ਕੋਈ ਹੀਲਾ ਨਾ ਕਰ ਸਕੇ ਤਾਂ ਅੰਬਰ ਨੂੰ ਸਦੀਵੀ ਸਲ੍ਹਾਬੇ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ ਅਤੇ ਇਹ ਸਲ੍ਹਾਬਿਆ ਅੰਬਰ ਧਰਤ ਦੀ ਹਰ ਵਸਤ ‘ਤੇ ਸਲ੍ਹਾਬ ਏਨੀ ਡੂੰਘੀ ਲਹਿ ਜਾਵੇਗੀ ਕਿ ਫਿਰ ਕਈ ਸਦੀਆਂ ਦੇ ਸੂਰਜਾਂ ਕੋਲੋਂ ਵੀ ਨਹੀਂ ਉਤਰਨੀ।
ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਹਰਫਾਂ ਦੀ ਦੁਨੀਆਂ ਵੱਲ ਮੋੜ ਲਿਆਵੋ। ਇਨ੍ਹਾਂ ਦੀ ਮਾਸੂਮ ਅਤੇ ਸ਼ਫਾਫ ਸੋਚ ਦੀ ਬੀਹੀ ਵਿਚ ਚਾਨਣ-ਚਿਰਾਗ ਜਗਾਵੋ। ਇਨ੍ਹਾਂ ਦੀ ਚੇਤਨਾ ਵਿਚ ਸੰਵੇਦਨਾ ਦਾ ਜਾਗ ਲਾਵੋ ਅਤੇ ਮਨੁੱਖ ਅਤੇ ਕੁਦਰਤ ਦੀ ਸਦੀਵੀ ਹੋਂਦ ਲਈ ਕੁਝ ਕਰਨ ਦਾ ਚਾਅ ਇਨ੍ਹਾਂ ਦੀ ਸੋਚ ਵਿਚ ਉਪਜਾਵੋ। ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡਾ ਭਵਿੱਖ। ਪਰ ਭਵਿੱਖ ‘ਤੇ ਹੋ ਰਹੀ ਗੜ੍ਹੇਮਾਰੀ ‘ਤੇ ਕੋਈ ਵੀ ਅੱਖ ਪਸੀਜਦੀ ਨਹੀਂ ਅਤੇ ਨਾ ਹੀ ਕਿਸੇ ਦੀ ਕਲਮ ‘ਚ ਦਰਦ ਦੀ ਥਾਹ ਪਾ ਕੇ ਇਸ ਨੂੰ ਦੂਰ ਕਰਨ ਦਾ ਹੀਆ ਪਨਪਦਾ ਏ।
ਹਰਫਾਂ ਦੇ ਰੋਂਦੇ ਨੈਣਾਂ ਦੀ ਕਸਮ! ਇਸ ਦੀ ਚਿਰੰਜੀਵਤਾ ਲਈ ਕੁਝ ਉਪਰਾਲੇ ਕਰੀਏ ਅਤੇ ਕਿਤਾਬਾਂ ਦੀ ਕਿਰ ਰਹੀ ਅਉਧ ਦੀ ਝੋਲੀ ਕੁਝ ਕੁ ਸੁਖਨ ਪਲਾਂ ਦਾ ਸੰਧਾਰਾ ਧਰੀਏ।