ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਖਬਾਰਾਂ ਜਾਂ ਸੋਸ਼ਲ ਮੀਡੀਏ ਵਿਚ ਸ਼ਿਕਾਇਤੀ ਲਹਿਜ਼ੇ ਵਾਲੀਆਂ ਐਸੀਆਂ ਖਬਰਾਂ ਪੜ੍ਹਨ-ਸੁਣਨ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ ਜੋ ਇਤਿਹਾਸਕ ਗੁਰਧਾਮਾਂ ਜਾਂ ਦੂਸਰੇ ਗੁਰਦੁਆਰਿਆਂ ਵਿਚ ਜਾਂਦੇ ਦਰਸ਼ਨ ਅਭਿਲਾਸ਼ੀ ਸ਼ਰਧਾਲੂਆਂ ਵੱਲੋਂ ਲਿਖੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਵੱਲੋਂ ਯਾਤਰੂਆਂ ਨਾਲ ਕੀਤੇ ਗਏ ਦੁਰਵਿਹਾਰ ਦੇ ਕੌੜੇ-ਕਸੈਲੇ ਕਿੱਸੇ ਲਿਖੇ ਹੁੰਦੇ ਹਨ। ਕਿਸੇ ਨਾਲ ਕਿਤੇ ਬਾਹਲੀ ਹੀ ਧੱਕੇਸ਼ਾਹੀ ਹੋ ਗਈ ਹੋਵੇ, ਉਹ ਅਜਿਹਾ ਵੀ ਲਿਖ ਦਿੰਦੇ ਹਨ ਕਿ ਫਲਾਣੇ ਧਰਮ ਸਥਾਨ ਤੋਂ ਸਾਡੀ ਸ਼ਰਧਾ ਹੀ ਖਤਮ ਹੋ ਗਈ ਹੈ।
ਜਿਵੇਂ ਅਖਾਣ ਹੈ, ‘ਰੁਆਏ ਦਾ ਨਾਂ ਹੋ ਜਾਂਦਾ ਹੈ, ਹਸਾਏ ਦਾ ਨਹੀਂ’, ਇਵੇਂ ਹੀ ਸ਼ਰਧਾਲੂ ਯਾਤਰੂਆਂ ਵੱਲੋਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ-ਮੁਲਾਜ਼ਮਾਂ ਪ੍ਰਤੀ ਸਿਫਤਾਂ ਵਾਲੇ ਵਾਕਿਆ ਬਹੁਤ ਟਾਂਵੇਂ, ਪਰ ਨੁਕਸ ਕੱਢੂ ਬਿਰਤਾਂਤ ਜ਼ਿਆਦਾ ਨਜ਼ਰ ਆਉਂਦੇ ਹਨ; ਖਾਸ ਕਰ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਗਏ ਯਾਤਰੂਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਦੇ ਕਥਿਤ ਰੁੱਖੇਪਣ ਬਾਰੇ ਤਾਂ ਸ਼ਿਕਵੇ-ਸ਼ਿਕਾਇਤਾਂ ਛਪਦੀਆਂ ਹੀ ਰਹਿੰਦੀਆਂ ਹਨ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਅਜਿਹੇ ਰੋਸੇ ਗਿਲੇ ਜ਼ਾਹਰ ਕਰਨ ਵਾਲੇ ਲੋਕ ਜ਼ਿਆਦਾਤਰ ਸਿੱਖ ਧਰਮ ਦੇ ਪੈਰੋਕਾਰ ਹੀ ਹੁੰਦੇ ਹਨ।
ਉਂਜ, ਮੈਂ ਇਥੇ ਕਿਸੇ ਸਿੱਖ ਦੀ ਨਹੀਂ, ਸਗੋਂ ਹਿੰਦੂ ਪਰਿਵਾਰ ਨਾਲ ਸਬੰਧਤ ਵੀਰ ਦੀ ਹੱਡ-ਬੀਤੀ ਦਰਜ ਕਰਨ ਲੱਗਾ ਹਾਂ ਜਿਸ ਨੂੰ ਅੱਧੀ ਰਾਤ ਵੇਲੇ ਮਜਬੂਰੀਵਸ ਗੁਰਦੁਆਰੇ ਰਾਤ ਕੱਟਣੀ ਪਈ; ਉਹ ਵੀ ਸੰਨ 1989 ਦੇ ਉਨ੍ਹਾਂ ਭੀਹਾਵਲੇ ਦਿਨਾਂ ਵਿਚ, ਜਦੋਂ ਪੰਜਾਬ ਵਿਚ ਖਾੜਕੂਵਾਦ ਕਾਰਨ ਫਿਰਕਾਦਾਰਾਨਾ ਕਸ਼ੀਦਗੀ ਸਿਖਰਾਂ ‘ਤੇ ਸੀ। ਲਉ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਵੀਰ ਦੀ ਆਪਣੀ ਲਿਖਤ ਪੜ੍ਹੋ:
“ਗੱਲ 1989 ਦੀ ਹੈ। ਮੇਰੇ ਪਿਤਾ ਜੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਮੇਰੇ ਲਈ ਨੌਕਰੀ ਖਾਤਰ ਭਰ ਦਿੱਤਾ। ਦਸੰਬਰ 1989 ਵਿਚ ਮੈਂ ਇੰਟਰਵਿਊ ‘ਤੇ ਜਾਣ ਲਈ ਤਿਆਰੀ ਕੱਸ ਲਈ। ਇਹ ਇੰਟਰਵਿਊ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਵਿਚ 3 ਜਨਵਰੀ 1990 ਨੂੰ ਹੋਣੀ ਸੀ। ਮੈਨੂੰ ਰਸਤੇ ਦਾ ਪਤਾ ਨਾ ਹੋਣ ਕਰ ਕੇ ਆਪਣੇ ਪਿੰਡ ਦੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਵਿਚ ਲੱਗੇ ਕੰਡਕਟਰ ਰਾਮ ਕਿਸ਼ਨ ਤੋਂ ਪਤਾ ਕੀਤਾ। ਸੋ, ਪਹਿਲੀ ਜਨਵਰੀ ਨੂੰ ਮੈਂ ਆਪਣੇ ਪਿਤਾ ਨਾਲ ਹੁਸ਼ਿਆਰਪੁਰ ਤੋਂ ਕੁੱਲੂ ਜਾਣ ਵਾਲੀ ਬੱਸ, ਜਿਹੜੀ ਹੁਸ਼ਿਆਰਪੁਰੋਂ ਸਵੇਰੇ ਅੱਠ ਵੱਜ ਕੇ ਚਾਲੀ ਮਿੰਟ ‘ਤੇ ਚੱਲਦੀ ਸੀ (ਸ਼ਾਇਦ ਹੁਣ ਵੀ ਚੱਲਦੀ ਹੈ), ਵਿਚ ਸਵਾਰ ਹੋ ਕੇ ਚੱਲ ਪਿਆ। ਉਸ ਸਮੇਂ ਇੱਕਾ-ਦੁੱਕਾ ਹੀ ਬੱਸ ਲੰਬੇ ਸਫਰ ‘ਤੇ ਜਾਂਦੀ ਸੀ। ਰਸਤੇ ਵਿਚ ਬੱਸ ਖਰਾਬ ਹੋ ਜਾਣ ਕਾਰਨ ਹਿਮਾਚਲ-ਪੰਜਾਬ ਸੀਮਾ ‘ਤੇ ਪੈਂਦੇ ਸਵਾਰਘਾਟ ਤੋਂ ਬਦਲਵੀਂ ਬੱਸ ਰਾਹੀਂ ਪਹੁੰਚਣਾ ਪਿਆ ਜਿਸ ਕਰ ਕੇ ਅਸੀਂ ਖੱਜਲ-ਖੁਆਰ ਹੁੰਦੇ ਰਾਤ ਦੇ ਗਿਆਰਾਂ ਵਜੇ ਸੁੰਦਰ ਨਗਰ ਪਹੁੰਚੇ। ਸੁੰਦਰ ਨਗਰ ਦੇ ਬੱਸ ਅੱਡੇ ਤੋਂ ਸੁੰਦਰ ਨਗਰ ਟਾਊਨਸ਼ਿਪ ਦਾ ਤਿੰਨ ਕਿਲੋਮੀਟਰ ਦਾ ਰਾਹ ਅਸੀਂ ਪੈਦਲ ਕੱਢਿਆ। ਰਾਤ ਬਾਰਾਂ ਵਜੇ ਦੇ ਕਰੀਬ ਜਦੋਂ ਮੰਜ਼ਿਲ ‘ਤੇ ਪਹੁੰਚੇ ਤਾਂ ਰਾਤ ਕੱਟਣ ਦੇ ਲਾਲੇ ਪੈ ਗਏ। ਰਾਤ ਦੀ ਸਿਫਟ ਤੋਂ ਕੰਮ ਕਰ ਕੇ ਵਾਪਸ ਆ ਰਹੇ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਟਾਊਨਸ਼ਿਪ ਦੇ ਬੱਸ ਅੱਡੇ ਨੇੜੇ ਮੰਦਿਰ ਤੇ ਗੁਰਦੁਆਰਾ ਨਾਲੋ-ਨਾਲ ਹਨ, ਉਥੇ ਰਾਤ ਕੱਟੀ ਜਾ ਸਕਦੀ ਹੈ।
ਹਿੰਦੂ ਹੋਣ ਕਾਰਨ ਅਸੀਂ ਮੰਦਿਰ ਦਾ ਦਰਵਾਜ਼ਾ ਖੜਕਾਉਣ ਨੂੰ ਪਹਿਲ ਦਿੱਤੀ। ਅਸੀਂ ਦਸ-ਪੰਦਰਾਂ ਮਿੰਟ ਦਰਵਾਜ਼ਾ ਖੜ੍ਹਾਉਂਦੇ ਰਹੇ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅਖੀਰ ਜਦੋਂ ਅਸੀਂ ਗੁਰਦੁਆਰੇ ਗਏ ਤਾਂ ਮੁੱਖ ਗੇਟ ਦੇ ਨਾਲ ਹੀ ਛੋਟੇ ਜਿਹੇ ਕਮਰੇ ਵਿਚ ਸੁੱਤੇ ਪਏ ਸਿੰਘ ਨੇ ਦੂਜੀ ਵਾਰ ਖੜਕਾਉਣ ‘ਤੇ ਹੀ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਸਾਡੀ ਫਰਿਆਦ ਸੁਣ ਕੇ ਕਾਗਜ਼ੀ ਕਾਰਵਾਈ ਕਰ ਕੇ ਸਾਨੂੰ ਕਮਰਾ ਦੇ ਦਿੱਤਾ।
ਅਸੀਂ ਕਮਰੇ ਵਿਚ ਆਪਣਾ ਸਮਾਨ ਰੱਖ ਹੀ ਰਹੇ ਸੀ ਕਿ ਉਸ ਸਿੰਘ ਨੇ ਆਣ ਕੇ ਸਾਨੂੰ ਲੰਗਰ ਬਾਰੇ ਪੁੱਛਿਆ। ਖੱਜਲ-ਖੁਆਰ ਹੋਣ ਕਾਰਨ ਅਤੇ ਰਾਤ ਜ਼ਿਆਦਾ ਹੋਣ ਕਾਰਨ ਸਾਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ। ਉਸ ਨੇ ਬੜੀ ਸੇਵਾ ਭਾਵਨਾ ਨਾਲ ਸਾਨੂੰ ਲੰਗਰ ਛਕਾਇਆ। ਅਸੀਂ ਦੋਵੇਂ ਪਿਓ-ਪੁੱਤਰ ਕੌੜੀ-ਮਿੱਠੀ ਯਾਦ ਲੈ ਕੇ ਸੌਂ ਗਏ।
ਮੇਰੀ ਇਸ ‘ਪੋਸਟ’ ਦਾ ਅਰਥ ਕਿਸੇ ਦੀ ਆਲੋਚਨਾ ਕਰਨਾ ਨਹੀਂ, ਪਰ ਇਹ ਪੋਸਟ ਲਿਖਣ ਦਾ ਮਕਸਦ ਇਹੀ ਹੈ ਕਿ ਸੇਵਾ ਭਾਵਨਾ ਵਿਚ ਸਿੱਖ ਕੌਮ ਦਾ ਕੋਈ ਸਾਨੀ ਨਹੀਂ ਅਤੇ ਨਾ ਹੀ ਅਜਿਹੀ ਭਾਵਨਾ ਲੈ ਕੇ ਕੋਈ ਹੋਰ ਕੌਮ ਹੋਂਦ ਵਿਚ ਆ ਸਕਦੀ ਹੈ। ਮੇਰੇ ਜੀਵਨ ਦੀ ਇਸ ਅਭੁੱਲ ਯਾਦ ਨੇ ਉਸ ਦਿਨ ਤੋਂ ਹੀ ਮੇਰਾ ਧਾਰਮਿਕ ਨਜ਼ਰੀਆ ਬਦਲ ਦਿੱਤਾ। ਮੇਰੇ ਵੱਲੋਂ ਸਾਰੀ ਸਿੱਖ ਕੌਮ ਨੂੰ ਸਲਾਮ! -ਦੀਪਕ ਅਗਨੀਹੋਤਰੀ, ਪੱਤਰਕਾਰ ‘ਅਜੀਤ’ ਹੁਸ਼ਿਆਰਪੁਰ।”
ਫੇਸਬੁੱਕ ‘ਤੇ ਪੋਸਟ ਦੇ ਰੂਪ ਵਿਚ ਇਸ ਵੀਰ ਵੱਲੋਂ ਕੀਤੀ ਗਈ ਸਲਾਮ ਨੂੰ ਖਿੜੇ ਦਿਲ ਨਾਲ ਸਵੀਕਾਰਦਿਆਂ ਪ੍ਰਚਾਰ ‘ਤੇ ਵਿਚਾਰ ਕਰੀਏ ਕਿ ਇਹ ਸੱਜਣ ਭਾਵੇਂ ਸਾਰੀ ਰਾਤ ਗੁਰਮਤਿ ਸਮਾਗਮ ਜਾਂ ਕਿਸੇ ਸੰਤ ਸਮਾਗਮ ਵਿਚ ਜਾਗਦਾ ਬੈਠਾ ਰਹਿੰਦਾ, ਤਦ ਵੀ ਉਹ ਸਿੱਖ ਕੌਮ ਬਾਰੇ ਉਪਰੋਕਤ ਸ਼ਬਦ ਸ਼ਾਇਦ ਕਦੇ ਨਾ ਲਿਖਦਾ। ਇਕ ਨੁਕਤਾ ਹੋਰ, ਪੰਜਾਬ ਵਿਚ ਜੰਮਿਆ ਜਾਇਆ ਹੋਣ ਕਰ ਕੇ, ਉਕਤ ਇਕ ਰਾਤ ਗੁਰਦੁਆਰੇ ਵਿਚ ਬਿਤਾਉਣ ਤੋਂ ਪਹਿਲਾਂ ਇਸ ਪੱਤਰਕਾਰ ਨੂੰ ਗੁਰਦੁਆਰਿਆਂ ਵਿਚ ਚੱਲਦੇ ਲੰਗਰਾਂ ਦਾ ਵੀ ਜ਼ਰੂਰ ਪਤਾ ਹੋਵੇਗਾ ਤੇ ਕਦੇ ਨਾ ਕਦੇ ਕਿਸੇ ਗੁਰਦੁਆਰੇ ਚਲਦੇ ਲੰਗਰ ਵਿਚ ਪ੍ਰਸ਼ਾਦਾ-ਪਾਣੀ ਵੀ ਜ਼ਰੂਰ ਛਕਿਆ ਹੋਵੇਗਾ, ਪਰ ਸੁੰਦਰ ਨਗਰ ਗੁਰਦੁਆਰੇ ਦੇ ਸੁੰਦਰ ਸਨੇਹੀ ਵਿਹਾਰ ਨੇ ਇਸ ਸੱਜਣ ਦਾ ਮਨ ਮੋਹ ਲਿਆ ਅਤੇ ਉਸ ਦੇ ਹਿਰਦੇ ਵਿਚੋਂ ਸਿੱਖ ਕੌਮ ਲਈ ਸੋਭਾ ਦੇ ਸ਼ਬਦ ਨਿਕਲੇ। ਮਤਲਬ, ਲਿਖ ਬੋਲ ਕੇ ਪ੍ਰਚਾਰ ਕਰਨਾ ਆਪਣੀ ਜਗ੍ਹਾ ਠੀਕ, ਪਰ ਸਭ ਤੋਂ ਜ਼ਰੂਰੀ ਆਪਣੇ ਵਿਹਾਰ ਨੂੰ ਗੁਰਮਤਿ ਲਿਆਈਏ।
‘ਇਕਬਾਲ’ ਬੜਾ ਉਪਦੇਸ਼ਕ ਹੈ ਮਨ
ਬਾਤੋਂ ਸੇ ਮੋਹ ਲੇਤਾ ਹੈ।
ਗੁਫਤਾਰ ਕਾ ਯਿਹ ਗਾਜ਼ੀ ਤੋਂ ਬਨਾ
ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।