ਹਰਪਾਲ ਸਿੰਘ ਪੰਨੂ
94642-51454
ਦਹਾਕਿਆਂ ਤੋਂ ਫਿਲਮ ਨਹੀਂ ਦੇਖੀ। ਟੀæਵੀæ ਚੈਨਲਾਂ, ਰੇਡੀਓ ਕਾਰਕੁਨਾਂ ਅਤੇ ਦੋਸਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਬਲੈਕ ਪ੍ਰਿੰਸ ਦੇਖੀ? ਕਿਵੇਂ ਲੱਗੀ? ਆਖ ਦਿੰਦਾ, ਦੇਖੀ ਨਹੀਂ, ਦੇਖ ਕੇ ਦੱਸਾਂਗਾ। ਪਟਿਆਲੇ ਫਿਲਮ ਲੱਗੀ, ਮੈਂ ਆਪਣੇ ਬੇਟੇ ਨੂੰ ਕਿਹਾ, ਜਦੋਂ ਰਸ਼ ਘਟਿਆ, ਟਿਕਟਾਂ ਲੈ ਆਵੀਂ, ਦੇਖਾਂਗੇ। ਉਸ ਨੇ ਕਿਹਾ, ਰਸ਼ ਹੈ ਈ ਨ੍ਹੀਂ, ਜਦੋਂ ਮਰਜ਼ੀ ਚਲੇ ਚਲੋ, ਅੱਧਾ ਹਾਲ ਖਾਲੀ ਪਿਆ ਰਹਿੰਦੈ। ਇਹ ਗੱਲ ਹੈ ਤਾਂ ਫਿਲਮ ਚੰਗੀ ਹੋਏਗੀ, ਚਿੜੀਮਾਰ ਕਿਸਮ ਦੇ ਸੀਟੀਆਂ ਵਜਾਉਣ ਵਾਲੇ ਦਰਸ਼ਕ ਨਹੀਂ ਹੋਣਗੇ। ਬਲਦੇਵ ਸਿੰਘ ਦਾ ਨਾਵਲ ‘ਸੂਰਜ ਦੀ ਅੱਖ’ ਵੀ ਪੜ੍ਹਨਾ ਹੈ। ਫਿਲਮ ਅਤੇ ਨਾਵਲ-ਇਤਫਾਕਨ ਦੋਵੇਂ ਕਿਰਤਾਂ ਸਿੱਖ ਰਾਜ ਉਪਰ ਹਨ, ਦੋਵੇਂ ਚਰਚਿਤ।
ਫਿਲਮ ਦੇਖੀ। ਆਮ ਫਿਲਮੀ ਸ਼ੋਰ ਸ਼ਰਾਬੇ, ਨਾਚ ਗਾਣੇ, ਰੋਮਾਂਸ, ਮੈਲੋਡਰਾਮਾ ਤੋਂ ਮੁਕਤ, ਸ਼ਾਂਤ ਮਾਹੌਲ ਸਿਰਜਦੀ ਫਿਲਮ। ਰਾਘੋਮਾਜਰੇ ਦੀ ਸਬਜ਼ੀ-ਮੰਡੀ ਵਿਚੋਂ ਨਿਕਲ ਕੇ ਜਿਵੇਂ ਕੋਈ ਮੋਤੀ ਮਹਿਲ ਦੇ ਬਾਗਾਂ ਵਿਚ ਜਾ ਬੈਠੇ, ਭੇਡ-ਰੰਭੇ ਤੋਂ ਅੱਕਿਆ ਬੰਦਾ ਜਿਵੇਂ ਉਸਤਾਦ ਰਾਮ ਨਾਰਾਇਣ ਦੀ ਸਾਰੰਗੀ ਸੁਣਨ ਬੈਠ ਜਾਏ। ਧੀਰਜ, ਗੌਰਵ, ਸ਼ਾਨ, ਦੁੱਖ, ਵਿਛੋੜਾ, ਹਾਰ ਪਿੱਛੋਂ ਜਿੱਤਣ ਦਾ ਮੁੜ ਯਤਨ। ਥੱਕਿਆ ਰਾਹੀ ਸਾਹ ਲੈ ਕੇ ਜਿਵੇਂ ਲੰਮੇ ਪੈਂਡੇ ਉਪਰ ਫਿਰ ਤੁਰ ਪਏ। ਉਲਾਂਭਾ, ਜ਼ਖਮੀ ਮੁਸਾਫਿਰ ਕਿਵੇਂ ਸੁੱਤਾ, ਕਿੱਥੇ ਸੁੱਤਾ, ਅਸਮਾਨ ਨੂੰ ਜੇ ਪਤਾ ਨਹੀਂ ਤਾਂ ਜਾਗ ਕੇ ਤਾਰੇ ਕੀ ਦੇਖਦੇ ਰਹੇ ਰਾਤ ਭਰ?
ਦਿਲ ਛੁਹਣ ਵਾਲੇ ਸੰਵਾਦ ਵੀ ਹਨ, ਦ੍ਰਿਸ਼ ਵੀ, ਸਾਰੇ ਸੰਖੇਪ, ਜਿਵੇਂ ਸਾਹਮਣੇ ਪਈ ਲਾਸ਼ ਅੱਗੇ ਭਾਸ਼ਣਬਾਜ਼ੀ ਨਹੀਂ ਹੋਇਆ ਕਰਦੀ, ਸਬਰ ਸ਼ੁਕਰ ਨਾਲ ਭਾਣਾ ਮੰਨਣਾ ਹੁੰਦਾ ਹੈ, ਸਾਰੀ ਫਿਲਮ ਵਿਚ ਮੌਤ ਸੰਨਾਟਾ ਪਸਰਿਆ ਹੋਇਆ ਹੈ। ਇਸ ਫਿਲਮ ਵਿਚਲੇ ਬਾਗ ਅਤੇ ਮਹਿਲ ਸਿੱਖਾਂ ਨੂੰ ਸੁਹਣੇ ਨਹੀਂ ਲਗਦੇ। ਮੁਗਲਕਾਲ ਦੇ ਮਹਿਲਾਂ ਵਿਚ ਵੀ ਕਬੂਤਰਾਂ, ਚਮਗਿੱਦੜਾਂ, ਉਲੂਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇੰਗਲੈਂਡ ਦੇਸ਼ ਦੇ ਮਹਿਲਾਂ ਵਿਚ ਫਿਰ ਰਹੇ ਲੋਕ, ਲਗਦਾ ਹੈ ਜਿਵੇਂ ਪ੍ਰੇਤ ਫਿਰਦੇ ਹੋਣ। ਸਾਰਿਆਂ ਦੇ ਚਿਹਰਿਆਂ ਉਪਰ ਉਦਾਸੀ ਖੁਣੀ ਹੋਈ, ਮਾਹਾਰਾਣੀ ਵਿਕਟੋਰੀਆ ਦੇ ਚਿਹਰੇ ਉਪਰ ਵੀ, ਸਰ ਲੋਗਿਨ ਦੇ ਚਿਹਰੇ ਉਪਰ ਵੀ।
ਯੇ ਕਿਆ ਜਗਹ ਹੈ ਦੋਸਤੋ ਯੇ ਕੌਨ ਸਾ ਦਯਾਰ ਹੈ।
ਹਦ-ਇ-ਨਿਗਾਹ ਤਕ ਜਹਾਂ ਗੁਬਾਰ ਹੀ ਗੁਬਾਰ ਹੈ।
ਫਿਲਮ ਉਪਰ ਇਤਿਹਾਸਕ ਤੱਥਾਂ ਬਾਰੇ ਕਿੰਤੂ ਪ੍ਰੰਤੂ ਹੋ ਰਹੇ ਹਨ, ਹੁੰਦੇ ਰਹਿਣਗੇ, ਸੁਭਾਵਿਕ ਹੈ। ਇਤਿਹਾਸ ਫਿਲਮ ਨਹੀਂ ਹੁੰਦਾ, ਫਿਲਮ ਇਤਿਹਾਸ ਨਹੀਂ ਹੁੰਦੀ, ਕਿਸੇ ਇੱਜਤਦਾਰ ਥਾਂ ਉਪਰ ਦੋਵਾਂ ਨੇ ਰਾਜੀਨਾਵਾਂ ਕਰਨਾ ਹੁੰਦਾ ਹੈ। ਇਤਿਹਾਸਕਾਰੀ ਦਿਖਾਉਣੀ ਸੀ, ਫਿਰ ਫਿਲਮ ਦੀ ਕੀ ਲੋੜ, ਅਜਮੇਰ ਸਿੰਘ ਦਾ ਭਾਸ਼ਣ ਸੁਣ ਲੈਂਦੇ, ਗੰਡਾ ਸਿੰਘ ਦੀ ਕਿਤਾਬ ਪੜ੍ਹ ਲੈਂਦੇ?
ਕਿਤਾਬ ਵਿਚੋਂ ਕੁਝ ਅਹਿਸਾਸ ਬਾਹਰ ਕੱਢ ਕੇ ਤੁਰਨ ਫਿਰਨ ਲਾਉਣੇ ਸਨ। ਦਬੇ ਹੋਏ ਪਿੰਜਰਾਂ ਵਿਚ ਜਾਨ ਪਾ ਕੇ ਥੋੜ੍ਹੇ ਸਮੇਂ ਲਈ ਕੁਝ ਦਮ ਲੈ ਕੇ ਫਿਰ ਦਫਨ ਕਰਨੇ ਸਨ। ਕੋਈ ਹਰਜ ਨਹੀਂ ਜੇ ਕੋਈ ਤੱਥ ਮੂਲਕ ਗਲਤੀਆਂ ਵੱਲ ਧਿਆਨ ਦਿਵਾਉਂਦਾ ਹੈ ਪਰ ਅਸਲ ਵਿਚ ਦੇਖਣ ਵਾਲੀ ਚੀਜ਼ ਹੁੰਦੀ ਹੈ-ਰਚਨਾ ਵਿਚ ਛੁਪੀ ਹੋਈ ਮਨਸ਼ਾ। ਇਸ ਫਿਲਮ ਦੇ ਨਿਰਮਾਤਿਆਂ ਦੀ ਮਨਸ਼ਾ ਸਹੀ ਹੈ, ਪੇਸ਼ਕਾਰੀ ਵਿਚ ਗਲਤੀਆਂ ਪ੍ਰਤੱਖ ਦਿਸਦੀਆਂ ਹਨ। ਸ਼ਹੀਦ ਭਗਤ ਸਿੰਘ ਉਤੇ ਦਰਜਨ ਫਿਲਮਾਂ ਬਣ ਚੁਕੀਆਂ ਹਨ, ਕਿਸੇ ਵਿਚ ਜਾਨ ਨਹੀਂ, ਨਾਹਰੇਬਾਜ਼ੀ ਹੈ। ਪੁਰਾਣੀ ਲੀਹ ਨੂੰ ਤਜ ਕੇ ਇਸ ਫਿਲਮ ਵਿਚ ਨਵਾਂ ਰਸਤਾ ਤਲਾਸ਼ਣ ਦਾ ਪਹਿਲਾ ਯਤਨ ਹੈ।
ਫਿਲਮ ਵਿਚਲਾ ਦਲੀਪ ਸਿੰਘ ਬੇਜਾਨ, ਮਾਯੂਸ, ਉਲਝਿਆ ਹੋਇਆ ਜੁਆਨ ਹੈ ਜੋ ਸਾਹਮਣੇ ਦਿੱਸ ਜਰੂਰ ਰਿਹਾ ਹੈ, ਕਰ ਕੁਝ ਨਹੀਂ ਸਕਦਾ। ਦਲੀਪ ਸਿੰਘ ਅਤੇ ਕੋਹਿਨੂਰ ਵਿਚ ਕੋਈ ਫਰਕ ਨਹੀਂ। ਕੋਹਿਨੂਰ ਵੀ ਕੁਝ ਨਹੀਂ ਕਰ ਸਕਿਆ ਭਾਵੇਂ ਉਸ ਦੇ ਟੋਟੇ ਕਰ ਦਿੱਤੇ ਗਏ। ਕੋਹਿਨੂਰ ਹਾਸਲ ਕਰਨ ਦਾ ਅਰਥ ਹੈ, ਰਾਜਭਾਗ ਦੀ ਪ੍ਰਾਪਤੀ। ਇਕੱਲਾ ਦਲੀਪ ਸਿੰਘ ਕੀ ਕਰ ਸਕਦਾ ਸੀ, ਰਾਜ ਤਾਂ ਖਾਲਸਾ ਪੰਥ ਨੇ ਹਾਸਲ ਕਰਨਾ ਸੀ ਜਿਸ ਪਾਸੋਂ ਖੁੱਸਿਆ ਸੀ। ਖਾਲਸਾ ਪੰਥ ਦੀ ਦਿਲਚਸਪੀ ਨਾ ਦਲੀਪ ਸਿੰਘ ਵਿਚ ਰਹੀ, ਨਾ ਸਰਕਾਰ ਕਾਇਮ ਕਰਨ ਵਿਚ। ਕੋਹਿਨੂਰ ਅਤੇ ਦਲੀਪ ਸਿੰਘ ਇਕ ਦੂਜੇ ਵਲ ਦੇਖ ਸਕਦੇ ਸਨ, ਦੇਖਦੇ ਰਹੇ। ਆਪਣੇ ਸ਼ਹਿਜ਼ਾਦਿਆਂ, ਜਰਨੈਲਾਂ, ਰਾਜਿਆਂ ਦੇ ਖੂਨ ਵਿਚ ਨਹਾ ਕੇ ਖਾਲਸਾ ਪੰਥ ਕੁਝ ਦੇਰ ਨੀਵੀਂ ਪਾਈ ਬੈਠਾ ਰਿਹਾ, ਫਿਰ ਦਿਲ ਕਰੜਾ ਕਰਕੇ ਅੰਗਰੇਜ਼ਾਂ ਦੀ ਖਿਦਮਤ ਕਰਨ ਲੱਗ ਪਿਆ। ਦੋਵੇਂ ਸੰਸਾਰ ਜੰਗਾਂ ਵਿਚ ਕੁਰਬਾਨੀਆਂ ਅਤੇ ਵਿਕਟੋਰੀਆ ਕਰਾਸਾਂ ਦੀ 90% ਗਿਣਤੀ ਦਾ ਜ਼ਿਕਰ ਤਾਂ ਪੂਰੀ ਢੀਠਤਾ ਨਾਲ ਸਿੱਖ ਆਪ ਕਰਦੇ ਹਨ। ਦੂਜੇ ਪਾਸੇ ਦਾ ਤੱਥ ਵੀ ਸਹੀ ਹੈ ਕਿ ਅੰਗਰੇਜ਼ਾਂ ਵਿਰੁਧ ਲੜਦਿਆਂ ਵੀ ਉਨ੍ਹਾਂ ਨੇ 90% ਕੁਰਬਾਨੀਆਂ ਦਿੱਤੀਆਂ, ਫਿਰ ਪਤਾ ਤਾਂ ਲੱਗੇ ਉਹ ਕਿਸ ਦੇ ਦੋਸਤ ਹਨ, ਕਿਸ ਦੇ ਦੁਸ਼ਮਣ? ਅੱਧੇ ਸਿੱਖ ਭਾਰਤ ਦੇ ਸੇਵਾਦਾਰ ਹੋ ਗਏ, ਅੱਧੇ ਅੰਗਰੇਜ਼ਾਂ ਦੇ, ਭੁੱਲ ਗਏ ਕਿ ਸੇਵਾ ਤਾਂ ਪੰਥ ਦੀ ਕਰਨੀ ਸੀ। ਇਹ ਉਲਝਣ ਇਸ ਫਿਲਮ ਵਿਚ ਵੀ ਨਹੀਂ ਸੁਲਝਦੀ।
ਦਲੀਪ ਸਿੰਘ ਕੋਲ ਕੋਈ ਸਾਫ ਰਾਜਨੀਤਕ ਦ੍ਰਿਸ਼ਟੀ ਨਹੀਂ, ਕੈਦੀ ਹੋਣ ਕਰਕੇ ਦੁਖੀ ਹੈ, ਮਹਾਰਾਜਾ ਰਣਜੀਤ ਸਿੰਘ ਦਾ ਫਰਜ਼ੰਦ ਹੋਣ ਕਾਰਨ ਦਲੇਰ ਹੋਣਾ ਚਾਹੀਦਾ ਸੀ, ਉਲਝਿਆ ਹੋਇਆ ਹੈ। ਉਸ ਦੀ ਹਾਲਤ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਵਰਗੀ ਹੈ, ਰਾਜ ਦੀ ਲਲਕ ਜਾਂਦੀ ਨਹੀਂ, ਹਾਸਲ ਹੁੰਦਾ ਨਹੀਂ, ਹੋਣਾ ਨਹੀਂ। ਕਰਨਾ ਸੀ ਪੰਜਾਬ ਦੇਸ਼ ਹਾਸਲ, ਫਿਲਮ ਵਿਚ ਉਹ ਭਾਰਤ ਦੀ ਆਜ਼ਾਦੀ ਦਾ ਬਿਗਲ ਵਜਾਉਂਦਾ ਦਿਖਾਇਆ ਹੈ, ਉਹ ਦੇਸ਼ ਜਿਹੜਾ ਉਸ ਦਾ ਕਦੀ ਹੈ ਈ ਨਹੀਂ ਸੀ। ਕੀ ਉਸ ਨੂੰ ਇਤਨੀ ਵੀ ਸਮਝ ਨਹੀਂ ਕਿ ਜੇ ਪੰਜਾਬ ਉਸ ਦਾ ਮਦਦਗਾਰ ਨਹੀਂ ਤਾਂ ਭਾਰਤ ਉਸ ਵਾਸਤੇ ਕਿਹੜਾ ਦਾਣੇ ਲਈ ਬੈਠਾ ਹੈ? ਅੰਗਰੇਜ਼ਾਂ ਨਾਲ ਰਲ ਮਿਲ ਕੇ ਭਾਰਤ ਨੇ ਹੀ ਤਾਂ ਪੰਜਾਬ ਨੂੰ ਹਰਾਇਆ ਸੀ। ਫਿਲਮ ਨਿਰਦੇਸ਼ਕ ਨੂੰ ਇਨ੍ਹਾਂ ਤੱਥਾਂ ਦਾ ਪਤਾ ਨਹੀਂ? ਕਿ ਜਾਣ ਕੇ ਅੱਖਾਂ ਮੁੰਦ ਲਈਆਂ ਹਨ?
ਮਹਾਰਾਣੀ ਵਿਕਟੋਰੀਆ ਨੂੰ ਦਲੀਪ ਸਿੰਘ ਅੱਗੇ ਪਸ਼ਚਾਤਾਪ ਕਰਦਿਆਂ ਦਿਖਾਉਣਾ ਭਾਰੀ ਇਤਿਹਾਸਕ ਭੁੱਲ ਹੈ। ਮੰਨ ਲਿਆ ਕਿ ਉਹ ਰਹਿਮ ਦਿਲ ਸੀ, ਦਲੀਪ ਸਿੰਘ ਨੂੰ ਪਿਆਰ ਕਰਦੀ ਸੀ, ਖਤਾਂ ਵਿਚ ਦਲੀਪ ਸਿੰਘ ਦਾ ਜ਼ਿਕਰ ਤਰਸ ਨਾਲ ਕਰਦੀ ਹੈ, ਤਾਂ ਵੀ ਉਹ ਮਹਾਨ ਹਕੂਮਤ ਦੀ ਮਲਿਕਾ ਹੈ, ਦਲੀਪ ਸਿੰਘ ਤੋਂ ਨਾ ਖਿਮਾ ਮੰਗਣ ਦਾ ਉਸ ਨੂੰ ਹੱਕ ਹੈ, ਨਾ ਉਸ ਨੇ ਮੰਗੀ, ਨਾ ਇਸ ਦੀ ਕੋਈ ਲੋੜ ਸੀ। ਤਰਸ ਤਾਂ ਸਾਨੂੰ ਜਾਨਵਰਾਂ ਉਪਰ ਵੀ ਆ ਜਾਂਦਾ ਹੈ।
ਅੰਮ੍ਰਿਤ ਛਕਣ ਤੋਂ ਬਾਅਦ ਵੀ ਦਲੀਪ ਸਿੰਘ ਦਾਹੜੀ ਕੁਤਰਦਾ ਦਿਖਾਇਆ ਹੈ, ਉਸ ਦਾ ਸਹਾਇਕ ਅਰੂੜ ਸਿੰਘ ਦਾਹੜੀ ਕੁਤਰਦਾ ਹੈ, ਲਿਬਾਸ ਇਕਦਮ ਅਜੋਕਾ, ਮਾਡਰਨ! ਉਸ ਵੇਲੇ ਬੰਦੇ ਕਲੀਨਸ਼ੇਵਨ ਤਾਂ ਹੋ ਜਾਂਦੇ ਸਨ, ਪੱਗ ਬੰਨ੍ਹ ਕੇ ਦਾਹੜੀ ਨਹੀਂ ਕੁਤਰਦੇ ਸਨ। ਦਲੀਪ ਸਿੰਘ ਨੂੰ ਗੰਜਾ ਦਿਖਾ ਕੇ ਕੀ ਸਾਬਤ ਕਰਨਾ ਸੀ? ਸਰਤਾਜ ਵਧੀਆ, ਬਹੁਤ ਵਧੀਆ ਗਾਇਕ ਹੈ। ਇਸ ਲਈ ਉਸ ਦੀ ਕਮਜ਼ੋਰ ਐਕਟਿੰਗ ਉਪਰ ਮਾੜੀ ਟਿੱਪਣੀ ਕਰਨੀ ਵਾਜਬ ਨਹੀਂ ਪਰ ਦਲੀਪ ਸਿੰਘ ਦਾ ਰੋਲ ਕਰਦਿਆਂ ਉਸ ਦਾ ਛੋਟਾ ਕੱਦ ਬਹੁਤ ਅਖਰਦਾ ਹੈ। ਜੇ ਸਰਤਾਜ ਨੂੰ ਹੀ ਹੀਰੋ ਲੈਣ ਦੀ ਕੋਈ ਮਜਬੂਰੀ ਸੀ ਫਿਰ ਲੋਗਿਨ ਪਰਿਵਾਰ, ਵਿਕਟੋਰੀਆ ਅਤੇ ਬਾਕੀ ਅਹਿਲਕਾਰ ਲੰਮੇ ਕੱਦਾਵਰ ਕਿਉਂ ਲਏ ਗਏ? ਵਿਜ਼ਨ ਵਿਚ ਨਾ ਸਹੀ ਕੱਦ ਵਿਚ ਤਾਂ ਵੱਡਾ ਦਿਸਦਾ। ਹੀਰੋ ਬੌਣਾ!
1984 ਵਿਚ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਭਾਰਤ ਨੇ ਵਿਸ਼ਵ ਭਰ ਵਿਚ ਬਦਨਾਮੀ ਖੱਟੀ, ਸਿੱਖਾਂ ਦਾ ਦੇਸ਼ ਵਿਚੋਂ ਵਿਸ਼ਵਾਸ ਤਿੜਕਿਆ। ਹੁਣ ਬਰਤਾਨੀਆ ਹਕੂਮਤ ਦੀ ਬਲੂਸਟਾਰ ਹਮਲੇ ਵਿਚ ਸ਼ਮੂਲੀਅਤ ਜੱਗ ਜ਼ਾਹਰ ਹੋ ਗਈ ਹੈ। ਫਿਲਮ ਨੇ ਦੋਵੇਂ ਦੇਸ਼ ਰਾਜ਼ੀ ਕਰ ਲਏ ਯਾਨਿ ਦੋਵਾਂ ਨੂੰ ਮਾਫ ਕਰ ਦਿੱਤਾ। ਅੰਦਰਲੀ ਗੁੱਝੀ ਗੱਲ ਇਹ ਕਿ ਵਿਕਟੋਰੀਆ ਦਲੀਪ ਸਿੰਘ ਤੋਂ ਮਾਫੀ ਨਹੀਂ ਮੰਗ ਰਹੀ, ਪੰਥ ਉਸ ਨੂੰ ਮਾਫ ਕਰ ਰਿਹਾ ਹੈ, ਉਧਰ ਦਲੀਪ ਸਿੰਘ ਪੰਜਾਬ ਨੂੰ ਨਹੀਂ, ਭਾਰਤ ਨੂੰ ਆਜ਼ਾਦ ਕਰਵਾਉਣ ਲਈ ਤੁਰ ਪਿਆ ਹੈ!
ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਲੰਡਨ ਦੇ ਮਹਿਲਾਂ ਵਿਚ ਦਿਖਾਏ ਹਨ। ਅੰਗਰੇਜ਼ਾਂ ਦੀ ਜਿੱਤ ਤੋਂ ਪਹਿਲਾਂ ਦੋਵੇਂ ਆਜ਼ਾਦ ਸਰਕਾਰ ਖਾਲਸਾ ਲਾਹੌਰ ਦੇ ਮਹਿਲ ਵਿਚ ਕਿਉਂ ਨਹੀਂ ਦਿਖਾਏ, ਜਿਥੇ ਉਨ੍ਹਾਂ ਦਾ ਸਹੀ ਜਲੌਅ ਦਿਸਦਾ? ਫਿਲਮ ਦੇ ਪਾਤਰ ਨਕਲੀ ਪੰਜਾਬੀ ਬੋਲਦੇ ਹਨ, ਇਸ ਲਈ ਅਸਰੰਦਾਜ਼ ਨਹੀਂ।
ਮੀਡੀਆ ਉਪਰ ਦੇਖਿਆ ਕਿ ਵਾਹਗਾ ਬਾਰਡਰ ਉਪਰ ਪਾਕਿਸਤਾਨੀ ਸਿਪਾਹੀ ਇਸ ਫਿਲਮ ਦੇ ਪੋਸਟਰਾਂ ਦੀ ਨੁਮਾਇਸ਼ ਲਾ ਰਹੇ ਹਨ। ਉਨ੍ਹਾਂ ਦਾ ਖਿਆਲ ਹੈ ਕਿ ਸਿੱਖ ਇਹ ਫਿਲਮ ਦੇਖ ਕੇ ਖਾਲਿਸਤਾਨ ਦੀ ਲਹਿਰ ਚਲਾਉਣਗੇ! ਫੌਜ ਰਾਹੀਂ ਸਿਆਸਤ ਕਰਵਾਈ ਗਈ।
ਫਿਲਮ ਰਾਹੀਂ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਸਿੱਖ ਦਫਨ ਮਹਾਰਾਜੇ ਦੀਆਂ ਅਸਥੀਆਂ ਭਾਰਤ ਵਿਚ ਮੰਗਵਾਉਣ। ਮੈਂ ਇਸ ਮੰਗ ਨਾਲ ਸਹਿਮਤ ਨਹੀਂ। ਮ੍ਰਿਤਕ ਦੇਹ ਦੀ ਬੇਅਦਬੀ ਕਿਸੇ ਸੂਰਤ ਵਿਚ ਉਤਸ਼ਾਹਿਤ ਨਹੀਂ ਕਰਨੀ ਚਾਹੀਦੀ। ਭਾਰਤ ਵਿਚ ਲਿਆ ਕੇ ਅਸਥੀਆਂ ਦਾ ਸਸਕਾਰ ਕਿੱਥੇ ਕਰਨ ਦਾ ਇਰਾਦਾ ਹੈ? ਅੰਮ੍ਰਿਤਸਰ? ਪਰ ਰਾਜਧਾਨੀ ਤਾਂ ਉਸ ਦੀ ਲਾਹੌਰ ਸੀ, ਲਾਹੌਰ ਵਿਚ ਉਸੇ ਥਾਂ ਕਿਉਂ ਨਾ ਸਸਕਾਰ ਕੀਤਾ ਜਾਵੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਹੋਇਆ ਸੀ? ਮੇਰਾ ਖਿਆਲ ਹੈ ਕਿ ਪੰਥ ਨੂੰ ਦਬੇ ਮੁਰਦੇ ਨਹੀਂ ਉਖੇੜਨੇ ਚਾਹੀਦੇ। ਮੈਂ ਤਾਂ ਇਸ ਮੰਗ ਦਾ ਵੀ ਵਿਰੋਧ ਕੀਤਾ ਸੀ ਕਿ ਕੋਹਿਨੂਰ ਭਾਰਤ ਵਿਚ ਲਿਆਂਦਾ ਜਾਵੇ। ਜਿਥੇ ਹੈਦਰਾਬਾਦ ਦੇ ਨਿਜ਼ਾਮ ਵਲੋਂ ਭੇਜੀ ਸੋਨੇ ਨਾਲ ਮੜ੍ਹੀ ਹੋਈ ਚਾਨਣੀ 1984 ਵਿਚ ਫੌਜ ਨੇ ਸਾੜ ਦਿੱਤੀ, ਤੋਸ਼ਾਖਾਨਾ ਲੁੱਟ ਲਿਆ, ਰਾਬਿੰਦ੍ਰਨਾਥ ਟੈਗੋਰ ਨੂੰ ਮਿਲਿਆ ਨੋਬਲ ਇਨਾਮ ਚੋਰੀ ਹੋਇਆ ਹੁਣ ਤਕ ਨਹੀਂ ਲੱਭਾ, ਉਸ ਦੇਸ਼ ਵਿਚ ਕੋਹਿਨੂਰ ਕਿਵੇਂ ਮਹਿਫੂਜ਼ ਹੈ?
1980 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪ੍ਰੋæ ਸੰਤ ਸਿੰਘ ਸੇਖੋਂ ਨੇ ਪੰਜਾਬੀਅਤ ਉਪਰ ਪੇਪਰ ਪੜ੍ਹਿਆ ਜਿਸ ਵਿਚ ਉਨ੍ਹਾਂ ਕਿਹਾ, ਲੋਕ ਵਿਸ਼ਵਾਸ ਹੈ ਕਿ ਜੁਆਨ ਜਹਾਨ ਕੁੜੀ ਦੀ ਮੌਤ ਹੋ ਜਾਏ ਤਾਂ ਉਸ ਦੀ ਗਤੀ ਨਹੀਂ ਹੋਇਆ ਕਰਦੀ, ਉਸ ਦੀ ਰੂਹ ਪ੍ਰੇਤ ਬਣ ਕੇ ਲੋਕਾਂ ਦੇ ਸਿਰਾਂ ਉਪਰ ਮੰਡਰਾਉਂਦੀ ਰਹਿੰਦੀ ਹੈ। ਸਰਕਾਰ ਖਾਲਸਾ, ਭਰ ਜੁਆਨੀ ਵਿਚ ਟੁੱਟੀ, ਉਸ ਦਾ ਪ੍ਰੇਤ ਗਾਹੇ ਬਗਾਹੇ ਕਈਆਂ ਦੇ ਸਿਰਾਂ ਉਪਰ ਮੰਡਰਾਉਂਦਾ ਹੈ, ਮੰਡਰਾਉਂਦਾ ਰਹੇਗਾ।
ਇਹ ਫਿਲਮ ਜੂਲੀਅਸ ਸੀਜ਼ਰ ਵਰਗੀ ਨਹੀਂ, ਨਾ ਗਾਂਧੀ ਵਰਗੀ ਹੈ, ਉਨ੍ਹਾਂ ਤੋਂ ਬਹੁਤ ਪਿੱਛੇ ਹੈ। ਦਿਲ ਤਾਂ ਕਹਿੰਦਾ ਹੈ, ਉਨ੍ਹਾਂ ਤੋਂ ਚੰਗੀ ਹੁੰਦੀ, ਅੱਗੇ ਲੰਘਦੀ, ਤਾਂ ਵੀ ਜ਼ੀਰੋ ਤੋਂ ਅੱਗੇ ਤਾਂ ਤੁਰੀ। ਭਾਰਤੀ ਪੰਜਾਬ ਦਾ ਡਰਾਮਾ ਅਤੇ ਫਿਲਮ ਨਿਰਾਸ ਕਰਦੇ ਹਨ। ਇਸ ਫਿਲਮ ਵਿਚੋਂ ਵਜ਼ਨਦਾਰ ਆਰਟ ਨਹੀਂ ਮਿਲਿਆ, ਕੋਈ ਗੱਲ ਨਹੀਂ, ਆਰਟ ਦੀ ਸੰਭਾਵਨਾ ਜਿਉਂਦੀ ਦਿਸੀ। ਕਾਜ਼ੀ ਨਾਜ਼ਰੁਲ ਇਸਲਾਮ ਦੇ ਸ਼ਿਅਰ ਨਾਲ ਗੱਲ ਸਮੇਟੀਏ:
ਆਪੋ ਆਪਣੇ ਰਾਜੀਨਾਵਿਆਂ ਦੇ ਤੰਬੂ ਤਾਣ ਕੇ
ਲੋਕ ਗਹਿਰੀ ਨੀਂਦ ਸੌਂ ਗਏ ਹਨ।
ਯਾ ਖੁਦਾ, ਉਨ੍ਹਾਂ ਦੀਆਂ ਨੀਂਦਰਾਂ ਵਿਚ ਵਿਘਨ ਪਾ।