ਬੱਚਿਆਂ ਲਈ ਸਵੈ-ਰੱਖਿਆ ਨੁਕਤੇ

ਗੁਲਜ਼ਾਰ ਸਿੰਘ ਸੰਧੂ
ਆਈæਏæਐਸ਼ ਅਫਸਰ ਵੀਰੇਂਦਰ ਕੁੰਡੂ ਦੀ ਬੇਟੀ ਨਾਲ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਤੇ ਉਹਦੇ ਮਿੱਤਰ ਅਸ਼ੀਸ਼ ਕੁਮਾਰ ਵਲੋਂ ਕੀਤੀ ਛੇੜ ਛਾੜ ਨੇ ਦਿਨ-ਬ-ਦਿਨ ਵਧ ਰਹੇ ਸ਼ਰਮਨਾਕ ਵਰਤਾਰਿਆਂ ਨੂੰ ਜੱਗ ਜ਼ਾਹਰ ਕੀਤਾ ਹੈ। ਇਹ ਵੀ ਕਿ ਵੱਡੇ ਬੰਦਿਆਂ ਦੇ ਪੁੱਤਰਾਂ ਦੇ ਬਚਾਓ ਲਈ ਪੁਲਿਸ ਕਿਸ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈ। ਇਹ ਚੰਗੀ ਗੱਲ ਹੈ ਕਿ ਜਨਤਕ ਦਬਾਓ ਅਤੇ ਵੀਰੇਂਦਰ ਕੁੰਡੂ ਦੇ ਨਿਜੀ ਅਸਰ ਰਸੂਖ ਨੇ ਵਿਕਾਸ ਤੇ ਅਸ਼ੀਸ਼ ਨੂੰ ਮੁੜ ਠਾਣੇ ਪਹੁੰਚਾ ਦਿੱਤਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਵੱਡੇ ਬੰਦਿਆਂ ਦੇ ਪੁੱਤਰਾਂ ਦੀਆਂ ਕਰਤੂਤਾਂ ਇਸ ਤਰ੍ਹਾਂ ਅਣਗੌਲੀਆਂ ਰਹਿ ਸਕਦੀਆਂ ਹਨ ਤਾਂ ਆਮ ਆਦਮੀ ਦੇ ਧੀਆਂ ਪੁੱਤਰ ਕਿਸ ਦੇ ਪਾਣੀਹਾਰ ਹਨ।

ਅਜੋਕੇ ਸਮਾਜ ਵਿਚ ਅਜਿਹੀਆਂ ਘਟਨਾਵਾਂ ਇੰਨੀਆਂ ਵਧ ਗਈਆਂ ਹਨ ਕਿ ਸਵੈ ਸੇਵੀ ਸੰਸਥਾਵਾਂ ਨੂੰ ਅੱਗੇ ਵਧਣਾ ਪੈ ਗਿਆ ਹੈ। ਹਾਲ ਵਿਚ ਹੀ ਭਾਰਤੀ ਪਰਿਵਾਰ ਨਿਯੋਜਨ ਸੰਸਥਾ ਦੀ ਮੁਹਾਲੀ ਸ਼ਾਖਾ ਨੇ ਆਪਣੇ ਖੇਤਰ ਦੇ ਮੁੰਡੇ-ਕੁੜੀਆਂ ਨੂੰ ਜਾਗ੍ਰਿਤ ਕਰਨ ਲਈ ਇਕ ਲਾਭਦਾਇਕ ਪ੍ਰੋਗਰਾਮ ਅਰੰਭਿਆ। ਇਸ ਸਮੇਂ ਦਸ਼ਮੇਸ਼ ਸਪੋਰਟਸ ਕਲੱਬ ਫੇਜ 99 ਮੁਹਾਲੀ ਦੇ ਉਘੇ ਕਾਰਕੁਨ ਜਸਵਿੰਦਰ ਸਿੰਘ ਨੇ ਆਪਣੀ ਪੰਜ ਮੈਂਬਰੀ ਟੀਮ ਲਿਜਾ ਕੇ ਹਾਜ਼ਰ ਮੁਟਿਆਰਾਂ ਨੂੰ ਪ੍ਰਦਰਸ਼ਨ ਰਾਹੀਂ ਸਵੈ-ਰੱਖਿਆ ਦੇ ਜ਼ਰੂਰੀ ਨੁਕਤੇ ਅਮਲ ਅਤੇ ਐਕਟਿੰਗ ਕਰਕੇ ਦਿਖਾਏ ਤੇ ਸਮਝਾਏ। ਦਰਸ਼ਕਾਂ ਨੂੰ ਪ੍ਰਦਰਸ਼ਨ ਕਰਕੇ ਇਹ ਵੀ ਦੱਸਿਆ ਤੇ ਦਿਖਾਇਆ ਗਿਆ ਕਿ ਬੰਦੇ ਦੀਆਂ ਅੱਖਾਂ, ਨੱਕ ਤੇ ਧੌਣ ਹੀ ਨਹੀਂ, ਛਾਤੀ ਦਾ ਹੇਠਲਾ ਭਾਗ ਤੇ ਚੱਡੇ ਵੀ ਏਨੇ ਨਰਮ ਤੇ ਕੋਮਲ ਹੁੰਦੇ ਹਨ ਕਿ ਵੱਟ ਕੇ ਕਿੱਕ, ਮੁੱਕਾ ਜਾਂ ਗੋਡਾ ਮਾਰਿਆਂ ਬੰਦਾ ਬੌਂਦਲ ਜਾਂਦਾ ਹੈ ਤੇ ਕੋਈ ਹਰਕਤ ਨਹੀਂ ਕਰ ਸਕਦਾ। ਜਸਵਿੰਦਰ ਸਿੰਘ ਨੇ ਇਹ ਸਿੱਖਿਆ ਤੇ ਸਿਖਲਾਈ ਟਾਈਕੌਂਡੋ ਐਸੋਸੀਏਸ਼ਨ ਆਫ ਚੰਡੀਗੜ੍ਹ ਤੋਂ ਲੈ ਕੇ ਆਪਣੇ ਬੇਟੇ ਇਕਜੋਤ ਤੇ ਬੇਟੀ ਪ੍ਰਭਜੋਤ ਨੂੰ ਹੀ ਨਹੀਂ, ਗਵਾਂਢ ਦੇ ਰੌਬਿਨ ਤੇ ਅਨਵਾਰ ਨੂੰ ਵੀ ਆਪਣੀ ਟੀਮ ਵਿਚ ਸ਼ਾਮਲ ਕਰ ਲਿਆ। ਉਸ ਦਾ ਕਹਿਣਾ ਹੈ ਕਿ ਬਚਪਨ ਤੋਂ ਮਾਰਸ਼ਲ ਆਰਟਸ ਦੀ ਪ੍ਰੈਕਟਿਸ ਕੀਤਿਆਂ ਬੱਚੇ ਆਪਣੀ ਰੱਖਿਆ ਆਪ ਕਰ ਸਕਦੇ ਹਨ। ਤਾਜ਼ਾ ਖਬਰਾਂ ਦਸਦੀਆਂ ਹਨ ਕਿ ਕੁੰਡੂ ਪਰਿਵਾਰ ਨੇ ਵੀ ਇਹ ਸਿਖਲਾਈ ਲਈ ਹੋਈ ਹੈ ਜੋ ਵਰਣੀਕਾ ਦੇ ਕੰਮ ਆਈ।
ਪਰਿਵਾਰ ਨਿਯੋਜਨ ਸੰਸਥਾ ਨੇ ਮੁੰਡੇ-ਕੁੜੀਆਂ ਦੀ ਸਵੈ-ਰੱਖਿਆ ਦੇ ਹੋਰ ਪ੍ਰੋਗਰਾਮ ਵੀ ਵਿਉਂਤ ਰੱਖੇ ਹਨ ਪਰ ਉਪਰੋਕਤ ਘਟਨਾ ਦੇ ਪ੍ਰਤੀਕਰਮ ਵਜੋਂ ਇਸ ਵਾਰੀ ਦੀ ਹਾਜ਼ਰੀ ਕਿਤੇ ਵੱਧ ਸੀ। ਅਜੋਕੇ ਸ਼ਰਮਨਾਕ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਜਨਤਕ ਦਬਾਓ ਹੀ ਕਾਰਗਰ ਸਾਬਤ ਹੁੰਦੇ ਹਨ ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ।
ਵਕੀਲ, ਜੱਜ ਤੇ ਸਿਆਸਤਦਾਨ: ਪੰਜਾਬ ਦੇ ਵੱਡੇ ਪਿੰਡ ਰੁੜਕਾ ਦੀ ਜੰਮਪਲ ਤੇ ਪੰਜਾਬੀ ਦੇ ਜਾਣੇ ਪਛਾਣੇ ਸਾਹਿਤਕਾਰ ਰਵਿੰਦਰ ਰਵੀ ਦੀ ਨੂੰਹ ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡੀਅਨ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਹੋਈ ਹੈ। ਉਹ ਦੁਨੀਆਂ ਦੀ ਪਹਿਲੀ ਦਸਤਾਰਧਾਰੀ ਤੇ ਅੰਮ੍ਰਿਤਧਾਰੀ ਜੱਜ ਹੈ। ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਕੈਨੇਡਾ ਦਾ ਪ੍ਰਸਿੱਧ ਮਨੋਵਿਗਿਆਨੀ ਹੈ ਤੇ ਪਿਤਾ ਗਿਆਨ ਸਿੰਘ ਸੰਧੂ ਕੈਨੇਡਾ ਦਾ ਅੱਧੀ ਸਦੀ ਤੋਂ ਨਾਗਰਿਕ। ਉਸ ਨੇ ਕੈਨੇਡਾ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਵਕਾਲਤ ਕਰਦਿਆਂ ਕੈਨੇਡੀਅਨ ਭਾਈਚਾਰੇ ਨੂੰ ਲੰਮਾ ਸਮਾਂ ਸੇਵਾਵਾਂ ਦਿੱਤੀਆਂ।
ਪਲਬਿੰਦਰ ਸ਼ੇਰਗਿੱਲ ਨੇ ਵਕਾਲਤ ਕਰਦਿਆਂ ਰਾਜਨੀਤੀ ਵਿਚ ਵੀ ਹਿੱਸਾ ਲਿਆ। ਉਸ ਨੇ ਇੱਕ ਵਾਰ ਗਰਭਵਤੀ ਹੋਣ ਦੇ ਬਾਵਜੂਦ ਫੈਡਰਲ ਕੈਨੇਡਾ ਦੀਆਂ ਚੋਣਾਂ ਲੜੀਆਂ ਅਤੇ ਬਹੁਤ ਥੋੜ੍ਹੀਆਂ ਵੋਟਾਂ ਤੇ ਹਾਰੀ। ਕੈਨੇਡਾ ਵਿਚ ਧਾਰਮਿਕ ਤੇ ਖੇਤਰੀ ਸੁਤੰਤਰਤਾ ਦਾ ਪੱਖ ਪੂਰਦਿਆਂ ਉਸ ਨੇ ਚੀਨ ਦੇ ਟਿਆਨਾਮਾਨ ਸੁਕੇਅਰ ਕਤਲ-ਏ-ਆਮ ਪਿੱਛੋਂ ਚੀਨੀ ਸ਼ਰਨਾਰਥੀਆਂ ਦੇ ਮੁਕੱਦਮੇ ਬੜੀ ਸਫਲਤਾ ਨਾਲ ਲੜੇ।
ਤੁਸੀਂ ਜਾਣਨਾ ਚਾਹੋਗੇ ਕਿ ਪਲਬਿੰਦਰ ਸ਼ੇਰਗਿੱਲ ਦੇ ਜੀਵਨ ਬਾਰੇ ਹਾਂ ਪੱਖੀ ਜਾਣਕਾਰੀ ਦੇਣ ਵਾਲੀ ਕੌਣ ਹੈ। ਉਹ ਹੈ, ‘ਸਿਰਜਣਾ’ ਵਾਲੇ ਰਘਬੀਰ ਸਿੰਘ ਦੀ ਬੇਟੀ ਰਚਨਾ ਸਿੰਘ ਜੋ ਅੱਜ ਕਲ ਕੈਨੇਡਾ ਤੋਂ ਆਪਣੇ ਮਾਪਿਆਂ ਕੋਲ ਚੰਡੀਗੜ੍ਹ ਆਈ ਹੋਈ ਹੈ। ਰਚਨਾ ਖੁਦ ਬ੍ਰਿਟਿਸ਼ ਕੋਲੰਬੀਆ ਦੀਆਂ ਮਈ 2017 ਵਿਚ ਹੋਈਆਂ ਚੋਣਾਂ ਸਮੇਂ ਜਿਤ ਕੇ ਅਸੈਂਬਲੀ ਦੀ ਮੈਂਬਰ ਬਣੀ ਹੈ। ਵੱਡੀ ਗੱਲ ਇਹ ਕਿ ਉਹ ਖੁਦ ਨਿਊ ਡੈਮੋਕਰੈਟਿਕ ਪਾਰਟੀ ਦੀ ਮੈਂਬਰ ਹੋਣ ਦੇ ਬਾਵਜੂਦ ਪਲਬਿੰਦਰ ਸ਼ੇਰਗਿੱਲ ਦੀ ਲਿਬਰਲ ਪਾਰਟੀ ਨੂੰ ਨਫਰਤ ਨਹੀਂ ਕਰਦੀ। ਮੈਨੂੰ ਨਿਜੀ ਤੌਰ ‘ਤੇ ਇਸ ਗੱਲ ਦੀ ਖੁਸ਼ੀ ਹੈ ਕਿ ਕੈਨੇਡਾ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵਿਚ ਰਾਜਨੀਤਕ ਪਾਰਟੀਆਂ ਇੱਕ ਦੂਜੇ ਨਾਲ ਈਰਖਾ ਕਰਨ ਦੀ ਥਾਂ ਵਿਰੋਧੀ ਪਾਰਟੀ ਦੇ ਮੈਂਬਰਾਂ ਬਾਰੇ ਏਦਾਂ ਹੁੱਬ ਕੇ ਗੱਲਾਂ ਕਰਦੀਆਂ ਹਨ ਜਿਵੇਂ ਇਹ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਹੋਣ।
ਅੰਤਿਕਾ: ਹਬੀਬ ਜਾਲਿਬ
(ਹੁਸ਼ਿਆਰਪੁਰ ਦਾ ਪਾਕਿਸਤਾਨੀ ਕਵੀ)
ਜਾਲਿਬ ਸਾਈਂ ਕਦੇ ਕਦਾਈਂ
ਚੰਗੀ ਗੱਲ ਕਹਿ ਜਾਂਦਾ ਏ।
ਲੱਖ ਪੂਜੋ ਚੜ੍ਹਦੇ ਸੂਰਜ ਨੂੰ,
ਆਖਿਰ ਨੂੰ ਲਹਿ ਜਾਂਦਾ ਏ।
ਹਾਏ ਦੁਆਬੇ ਦੀ ਉਹ ਦੁਨੀਆਂ,
ਜਿੱਥੇ ਮੁਹੱਬਤ ਵਸਦੀ ਸੀ
ਹੰਝੂ ਬਣ ਕੇ ਦੁਖ ਵਤਨਾਂ ਦਾ,
ਅੱਖੀਆਂ ‘ਚੋਂ ਵਹਿ ਜਾਂਦਾ ਏ।