ਫਕੀਰਾਂ ਵਾਲੀ ਜ਼ਿੰਦਗੀ ਜਿਓਂ ਰਿਹਾ ਗਾਇਕ ਭੋਲਾ ਸਿੰਘ ਰਾਹੀ

ਸੁਰਜੀਤ ਜੱਸਲ
ਫੋਨ: 91-981460-7737
ਤੀਹ-ਪੈਂਤੀ ਸਾਲ ਪਹਿਲਾਂ ਇੱਕ ਕੈਸੇਟ ਆਈ ਸੀ, Ḕਨਿੰਦੋ ਦਾ ਵਿਆਹḔ ਜਿਸ ਦਾ ਗਾਇਕ ਸੀ ਬਰੇਟਿਆਂ ਵਾਲਾ ਭੋਲਾ ਸਿੰਘ ਰਾਹੀ। ਇਹ ਦਾਜ ਦੇ ਲੋਭੀਆਂ ਵਲੋਂ ਤਸੀਹੇ ਦੇ ਕੇ ਮਾਰੀ ਇੱਕ ਮੁਟਿਆਰ ਦੀ ਦਰਦ ਭਰੀ ਗਾਥਾ ਸੀ। ਇਸ ਕੈਸੇਟ ਦਾ ਇਹ ਗੀਤ Ḕਦੇਵੀਂ ਦਾਜ ਵਿਚ ਇੱਕ ਪਿਸਤੌਲ ਬਾਬੁਲਾ ਵੇḔ ਉਨ੍ਹਾਂ ਵੇਲਿਆਂ Ḕਚ ਬਹੁਤ ਚੱਲਿਆ ਸੀ।

ਸੰਨ 1985 ਦਾ ਦੌਰ ਸੀ, ਪੰਜਾਬ ਦੇ ਹਾਲਾਤ ਬਹੁਤੇ ਸੁਖਾਵੇਂ ਨਾ ਹੋਣ ਕਰਕੇ ਆਮ ਗਾਇਕੀ ਦਾ ਬੋਲਬਾਲਾ ਘੱਟ ਸੀ। ਇਸ ਕੈਸੇਟ ਦੀ ਪ੍ਰਸਿੱਧੀ ਨਾਲ ਭੋਲਾ ਰਾਹੀ ਦਿਨਾਂ ਵਿਚ ਹੀ ਸਟਾਰ ਗਾਇਕ ਬਣ ਗਿਆ। ਪਿੰਡ-ਪਿੰਡ ਧਾਰਮਿਕ ਸਮਾਗਮਾਂ Ḕਤੇ ਉਸ ਦੇ ਪ੍ਰੋਗਰਾਮ ਹੋਣ ਲੱਗੇ, ਮਾਣ-ਸਨਮਾਨ ਹੋਣ ਲੱਗਾ।
ਕਿਸਮਤ ਦਾ ਫੇਰ ਕਹਿ ਲਓ ਜਾਂ ਗਾਇਕ ਭੋਲੇ ਰਾਹੀ ਦਾ ਭੋਲਾਪਣ ਕਿ ਉਸ ਦੀਆਂ ਕੈਸੇਟਾਂ ਵੇਚਣ ਵਾਲੇ ਤਾਂ ਕਿਤੋਂ ਦੇ ਕਿਤੇ ਜਾ ਪਹੁੰਚੇ ਪਰ ਭੋਲਾ ਗਾਇਕੀ ਮਾਰਗ ਦੀ ਧੂੜ Ḕਚ ਹੀ ਗੁਆਚ ਕੇ ਰਹਿ ਗਿਆ। ਅੱਜ ਬਰੇਟਾ ਮੰਡੀ ਵਿਚ ਫਕੀਰਾਂ ਵਰਗੀ ਜ਼ਿੰਦਗੀ ਜੀਅ ਰਹੇ ਇਸ ਨਾਮੀ ਕਲਾਕਾਰ ਨੂੰ ਵੇਖ ਹੈਰਾਨੀ ਹੁੰਦੀ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸ਼ਹਿਰ ਦੀਆਂ ਗਲੀਆਂ Ḕਚ ਗਊਸ਼ਾਲਾ ਦੀ ਰੇਹੜੀ Ḕਚ ਛਾਣ-ਬੂਰਾ ਇਕੱਠਾ ਕਰਦਾ ਇਹ ਬੰਦਾ Ḕਨਿੰਦੋ ਦਾ ਵਿਆਹḔ ਗਾਉਣ ਵਾਲਾ ਭੋਲਾ ਸਿੰਘ ਰਾਹੀ ਹੈ।
ਮਿਹਨਤ ਮਜਦੂਰੀ ਕਰਨ ਵਾਲੇ ਮੱਧਵਰਗੀ ਪਰਿਵਾਰ Ḕਚ ਜਨਮੇ ਭੋਲਾ ਸਿੰਘ ਦੇ ਘਰ ਦਾ ਮਾਹੌਲ ਧਾਰਮਿਕ ਸੀ। ਉਸ ਦਾ ਪਿਤਾ ਤੇ ਵੱਡੇ ਭਰਾ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਸਨ। ਘਰਦਿਆਂ ਨੇ ਭੋਲੇ ਨੂੰ ਸਕੂਲ ਪੜ੍ਹਨ ਲਾਇਆ ਤਾਂ ਮਸਾਂ ਪੰਜ-ਚਾਰ ਜਮਾਤਾਂ ਹੀ ਪੜ੍ਹ ਸਕਿਆ। ਉਨ੍ਹਾਂ ਦੇ ਗੁਆਂਢ ਵਿਚ ਨਚਾਰ ਰਹਿੰਦੇ ਸੀ ਜੋ ਵਿਆਹਾਂ ਵਿਚ ਬੀਨ-ਵਾਜੇ Ḕਤੇ ਨੱਚਦੇ। ਉਹ ਨਵਂੇ ਗੀਤਾਂ ਦੀ ਤਿਆਰੀ ਕਰਨ ਵੇਲੇ ਧਰਮਸ਼ਾਲਾ Ḕਚ ਰੌਣਕਾਂ ਲਾਈ ਰੱਖਦੇ। ਭੋਲਾ ਵੀ ਗਾਇਕੀ ਦੇ ਇਸੇ ਰੰਗ ਵਿਚ ਰੰਗਿਆ ਗਿਆ। ਉਸ ਦਾ ਪਿਤਾ ਤੇ ਭਾਈ ਗੁਰੂਘਰ ਦੇ ਪਾਠੀ ਤੇ ਕੀਰਤਨੀਏ ਸਨ ਜਿਸ ਕਰਕੇ ਉਹ ਭੋਲੇ ਦੇ Ḕਕੰਜਰ-ਕਿੱਤੇḔ ਨੂੰ ਆਪਣੀ ਹੇਠੀ ਸਮਝਦੇ।
ਭੋਲੇ ਨੇ ਘਰ ਦਿਆਂ ਦੀ ਘੂਰ-ਘੱਪ ਦੇ ਬਾਵਜੂਦ ਆਪਣਾ ਗਾਇਕੀ ਦਾ ਸ਼ੌਕ ਜਾਰੀ ਰੱਖਿਆ। ਘਰਦਿਆਂ ਤੋਂ ਚੋਰੀ ਭੋਲੇ ਨੇ ਤੂੰਬੀ ਬਣਾ ਲਈ ਤੇ ਗੀਤ ਜੋੜਨ ਲੱਗਾ। ਉਸ ਨੇ ਦੱਸਿਆ ਕਿ ਜਦ ਉਹ ਪਹਿਲੀ ਵਾਰ ਰਾਮ ਲੀਲਾ Ḕਚ ਗਾਉਣ ਗਿਆ ਤਾਂ ਪ੍ਰਬੰਧਕ ਉਸ ਦੇ ਮੈਲੇ ਕੁਚੈਲੇ ਕੱਪੜੇ ਵੇਖ ਕੇ ਉਸ ਨੂੰ ਸਟੇਜ ‘ਤੇ ਨਾ ਚੜ੍ਹਨ ਦੇਣ। ਉਹ ਅੱਖ ਬਚਾ ਕੇ ਧੱਕੇ ਨਾਲ ਜਾ ਚੜ੍ਹਿਆ ਤੇ ਜਦੋਂ ਉਸ ਨੂੰ ਉਤਾਰਨ ਲੱਗੇ ਤਾਂ ਲੋਕਾਂ ਨੇ ਕਿਹਾ, Ḕਹੁਣ ਗਾ ਲੈਣ ਦਿਓæææ।Ḕ
ਘਰੋਂ ਚੋਰੀਓਂ ਆਏ ਭੋਲੇ ਨੇ ਜਦ ਕੁੜਤਾ ਚੱਕ ਕੇ ਲੱਕ Ḕਚ ਲਕੋਈ ਤੂੰਬੀ ਕੱਢੀ ਤਾਂ ਲੋਕਾਂ ਵਿਚ ਹਾਸੜ ਪੈ ਗਈ। ਉਸ ਨੇ ਤੂੰਬੀ ਨੂੰ ਸੁਰ Ḕਚ ਕਰਕੇ ਤਾਰਾ ਰਾਣੀ ਦਾ ਗੀਤ Ḕਦੇ ਦਿਓ ਇੱਕ ਦਮੜਾ ਰਾਣੀ ਨੂੰ, ਮੈਂ ਪੁੱਤ ਦੀ ਲਾਸ਼ ਦਬਾਉਣੀ ਆḔ ਗਾਇਆ ਤਾਂ ਲੋਕਾਂ ਨੇ ਬਹੁਤ ਪਿਆਰ ਦਿੱਤਾ। ਪਿੰਡ ਦੀ ਸੱਥ ਵਿਚ ਬੈਠੇ ਲੋਕ ਉਸ ਨੂੰ ਸੁਣਨ ਲੱਗੇ।
ਇੰਜ ਭੋਲਾ ਲੋਕਾਂ ਵਿਚ ਮਸ਼ਹੂਰ ਹੁੰਦਾ ਗਿਆ ਤੇ ਘਰਦਿਆਂ ਨੇ ਵੀ ਉਸ ਨੂੰ ਵਰਜਣਾ ਬੰਦ ਕਰ ਦਿੱਤਾ। ਉਹ ਸੰਗੀਤ ਦਾ ਗਿਆਨ ਲੈਣ ਲਈ ਬੋਹਾ ਮੰਡੀ ਦਿਲਬਰ ਦਰਵੇਸ਼ ਕੋਲ ਜਾਣ ਲੱਗਾ। ਜਿੱਥੇ ਉਸ ਨੇ ਗੀਤ-ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਗੁਆਂਢੀ ਨਚਾਰ ਮੁੰਡੇ ਨਾਲ ਰਲ ਕੇ ਉਸ ਨੇ Ḕਚੱਕਮੇ ਗੀਤਾਂḔ ਦੀ ਕੈਸੇਟ ਦਾ ਮੈਟਰ ਤਿਆਰ ਕਰ ਲਿਆ, ਪਰ ਜਦ ਉਸਤਾਦ ਦਰਵੇਸ਼ ਨੂੰ ਪਤਾ ਲੱਗਾ ਤਾਂ ਉਸ ਨੇ ਭੋਲੇ ਨੂੰ ਚੰਗਾ ਗਾਉਣ ਦੀ ਮੱਤ ਦਿੰਦਿਆਂ ਕਿਹਾ ਕਿ ਉਹ ਕੰਮ ਕਰੋ ਜਿਸ ਨਾਲ ਲੋਕਾਂ Ḕਚ ਇੱਜਤ ਮਾਣ ਮਿਲੇ। ਉਸਤਾਦ ਦੀ ਗੱਲ ਪੱਲੇ ਬੰਨ ਲਈ ਤੇ ਉਸ ਨੇ ਆਮ ਗਾਇਕੀ ਤੋਂ ਕੁਝ ਵੱਖਰਾ ਕਰਨ ਦੀ ਧਾਰ ਲਈ। ਫਿਰ ਉਸ ਨੇ ਦਾਜ ਖਾਤਰ ਤੇਲ ਪਾ ਕੇ ਸਾੜੀਆਂ ਜਾਂਦੀਆਂ ਮੁਟਿਆਰਾਂ ਦੀ ਕਹਾਣੀ Ḕਤੇ ਗੀਤ ਲਿਖ ਕੇ Ḕਨਿੰਦੋ ਦਾ ਵਿਆਹḔ ਕੈਸੇਟ ਦਾ ਮੈਟਰ ਤਿਆਰ ਕੀਤਾ। ਇਸ ਵਿਚ ਉਸ ਦੇ ਭਰਾਵਾਂ ਪਿਆਰਾ ਸਿੰਘ ਤੇ ਗਿਆਨੀ ਸਤਪਾਲ ਸਿੰਘ ਨੇ ਵੀ ਸਾਥ ਦਿੱਤਾ।
Ḕਨਿੰਦੋ ਦਾ ਵਿਆਹḔ ਕੈਸੇਟ ਦੇ ਲੋਕਾਂ ਤੱਕ ਪੁੱਜਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਇਹ ਕੈਸੇਟ ਉਸ ਨੇ ਆਪਣੇ ਇੱਕ ਮਿੱਤਰ ਦੇ ਬਾਹਰੋਂ ਲਿਆਂਦੇ ਸਟੀਰੀਓ ਟੇਪ Ḕਤੇ ਰਿਕਾਰਡ ਕੀਤੀ ਸੀ। ਕੈਸੇਟ ਰਿਕਾਰਡ ਕਰਕੇ ਅਗਲੇ ਹੀ ਦਿਨ ਉਹ ਬਰੇਟੇ ਤੋਂ ਗੱਡੀ ਫੜ੍ਹ ਮਾਨਸਾ ਆ ਗਿਆ ਤੇ ਟੇਪਾਂ ਦੀ ਮੁਰੰਮਤ ਕਰਨ ਵਾਲੀ ਇੱਕ ਦੁਕਾਨ ਤੋਂ ਤਿੰਨ ਰੁਪਈਏ ਪ੍ਰਤੀ ਕੈਸੇਟ ਦੇ ਹਿਸਾਬ ਸੌ ਕੈਸੇਟਾਂ ਭਰਵਾ ਲਿਆਇਆ।
ਅਗਲੇ ਦਿਨ ਨਾਲ ਦੇ ਪਿੰਡ ਲਗਦੇ ਮੇਲੇ Ḕਤੇ ਸਾਰੀਆਂ ਕੈਸੇਟਾਂ 7 ਰੁਪਏ ਦੇ ਭਾਅ ਵੇਚ ਕੇ, ਅਗਲੇ ਦਿਨ ਸੌ ਕੈਸੇਟਾਂ ਹੋਰ ਭਰਵਾ ਲਈਆਂ। ਇਸ ਵਾਰੀ ਦੁਕਾਨਦਾਰ ਨੇ ਪੰਜਾਹ ਪੈਸੇ ਵੱਧ ਲੈ ਕੇ ਭੋਲੇ ਦਾ ਨਾਂ ਤੇ ਪਿੰਡ ਲਿਖ ਕੇ, ਰੈਪਰ Ḕਤੇ ਕਿਸੇ ਫਿਲਮੀ ਮੁਟਿਆਰ ਦੀ ਸੁਹਾਗ ਦੇ ਕੱਪੜਿਆਂ ਵਾਲੀ ਫੋਟੋ ਵੀ ਲਾ ਦਿੱਤੀ, ਜਿਸ ਨੂੰ ਲੋਕ ਨਿੰਦੋ ਹੀ ਸਮਝਣ ਲੱਗੇ। ਇਹ ਸਭ ਕੈਸੇਟਾਂ ਵੀ ਅਗਲੇ ਦਿਨ ਵੇਚ ਉਹ ਫੇਰ ਮਾਨਸਾ ਵਾਲੀ ਗੱਡੀ ਜਾ ਚੜ੍ਹਿਆ।
ਤੀਜੀ ਵਾਰ ਦੁਕਾਨ Ḕਤੇ ਆਏ ਭੋਲੇ ਨੂੰ ਵੇਖ ਦੁਕਾਨਦਾਰ ਨੇ ਸੋਚਿਆ ਕਿ ਵੇਖਾਂ ਤਾਂ ਸਹੀ ਕਿ ਇਸ ਕੈਸੇਟ ਵਿਚ ਆਖਰ ਅਜਿਹਾ ਹੈ ਕੀ! ਜਦੋਂ ਸੁਣੀ ਤਾਂ ਉਹ ਸਮਝ ਗਿਆ ਕਿ ਮੈਟਰ ਚੱਲਣ ਵਾਲਾ ਹੈ। ਉਸ ਨੇ ਭੋਲੇ ਰਾਹੀ ਨਾਲ ਗੱਲ ਕਰ ਕੇ ਸਾਰੀ ਕੈਸੇਟ ਟੀ-ਸੀਰੀਜ਼ ਕੰਪਨੀ ਵਾਲਿਆਂ ਨੂੰ ਦੇ ਦਿੱਤੀ ਤੇ ਦਿਨਾਂ ਵਿਚ ਹੀ ਭੋਲਾ ਸਿੰਘ ਰਾਹੀ ਦੇ ਚਰਚੇ ਪੰਜਾਬ ਦੇ ਕੋਨੇ ਕੋਨੇ ਵਿਚ ਹੋਣ ਲੱਗੇ। ਭੋਲੇ ਰਾਹੀ ਦੀ ਇਸ ਟੇਪ ਨੂੰ ਵੱਡੀ ਪੱਧਰ Ḕਤੇ ਰਿਲੀਜ਼ ਕਰਾਉਣ ਵਾਲੇ ਇਸ ਸ਼ਖਸ ਨੂੰ ਸੰਗੀਤ ਇੰਡਸਟਰੀ ਵਿਚ ਅੱਜ ਲੋਕ ਅਸ਼ੋਕ ਬਾਂਸਲ ਮਾਨਸਾ ਦੇ ਨਾਂ ਨਾਲ ਜਾਣਦੇ ਹਨ।
ਕੈਸੇਟ Ḕਨਿੰਦੋ ਦਾ ਵਿਆਹḔ ਦੇ ਚੱਲਣ ਮਗਰੋਂ ਭੋਲੇ ਦੀ ਚਾਰੇ ਪਾਸੇ ਚਰਚਾ ਹੋਣ ਲੱਗੀ। ਮੇਲਿਆਂ, ਜਲਸਿਆਂ ਅਤੇ ਹੋਰ ਧਾਰਮਿਕ ਸਮਾਗਮਾਂ Ḕਤੇ ਉਸ ਦੇ ਪ੍ਰੋਗਰਾਮਾਂ ਦੀ ਮੰਗ ਵਧਣ ਲੱਗੀ। ਪਹਿਲੀ ਕੈਸੇਟ ਦੀ ਸਫਲਤਾ ਤੋਂ ਬਾਅਦ ਇਸ ਦਾ ਦੂਜਾ ਭਾਗ Ḕਨਿੰਦੋ ਦੀ ਮੜ੍ਹੀḔ ਵੀ ਵਧੀਆ ਚੱਲੀ। ਇਲਾਕੇ ਦੀਆਂ ਸਰਗਰਮ ਕੈਸੇਟ ਕੰਪਨੀਆਂ ਭੋਲੇ ਤੱਕ ਪਹੁੰਚ ਕਰਨ ਲੱਗੀਆਂ। ਇਸ ਪਿਛੋਂ ਇੱਕ ਹੋਰ ਦਿਲਚਸਪ ਕਹਾਣੀ Ḕਭਾਨੀ-ਬਿਸ਼ਨਾḔ ਆਧਾਰਤ ਮੈਟਰ ਤਿਆਰ ਕਰਕੇ ਚਰਨਜੀਤ ਆਹੂਜਾ ਦੇ ਸਟੂਡੀਓ ਵਿਚ ਰਿਕਾਡਿੰਗ ਕਰਵਾਈ। ਇੱਥੇ ਵੀ ਇੱਕ ਅਜੀਬ ਘਟਨਾ ਵਾਪਰੀ। ਜਦ ਉਹ ਚਰਨਜੀਤ ਆਹੂਜਾ ਨੂੰ ਮਿਲਿਆ ਤਾਂ ਉਸ ਦੇ ਗੋਡੀ ਹੱਥ ਲਾ ਕੇ ਰੋਣ ਲੱਗ ਪਿਆ। ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, “ਜੀ ਆਪਣਾ ਦੋਵਾਂ ਦਾ ਨਾਂ ਲੋਕਾਂ ਦੀ ਦੰਦ ਚਰਚਾ ਬਣਿਆ ਹੋਇਆ ਹੈ। ਮੇਰੀ ਪਹਿਲੀ ਕੈਸੇਟ ਬਾਰੇ ਮਾਲਵੇ ਦੇ ਬਹੁਤ ਸਾਰੇ ਗਾਇਕਾਂ ਨੇ ਇੱਕ ਕਹਾਵਤ ਪ੍ਰਚਲਿਤ ਕੀਤੀ ਕਿ ਜੇ ਚੱਲ ਜਾਵੇ ਤਾਂ ਭੋਲੇ ਰਾਹੀ ਦੀ Ḕਨਿੰਦੋ ਦਾ ਵਿਆਹḔ ਚੱਲ ਜਾਵੇ, ਨਾ ਚੱਲੇ ਤਾਂ ਚਰਨਜੀਤ ਆਹੂਜਾ ਵੀ ਨਾ ਚੱਲੇ!” ਇਹ ਸੁਣ ਕੇ ਚਰਨਜੀਤ ਆਹੂਜਾ ਹੱਸ ਪਿਆ ਤੇ ਉਸ ਨੂੰ ਬੁੱਕਲ Ḕਚ ਲੈ ਲਿਆ।
ਭੋਲੇ ਦੀਆਂ ਕੋਈ ਦੋ ਦਰਜਨ ਕੈਸੇਟਾਂ ਮਾਰਕੀਟ ਵਿਚ ਆਈਆਂ ਤੇ ਵਧੀਆ ਚੱਲੀਆਂ। ਕੰਪਨੀਆਂ ਨੇ ਵੀ ਉਸ ਦਾ ਵਧੀਆ ਮਾਣ-ਤਾਣ ਕੀਤਾ। ਭੋਲੇ ਕੋਲ ਚਾਰ ਪੈਸੇ ਆਏ ਤਾਂ ਉਸ ਦੇ ਦਿਨ ਬਦਲਣ ਲੱਗੇ। ਧਾਰਮਿਕ ਪ੍ਰੋਗਰਾਮਾਂ ਦੇ ਨਾਲ ਨਾਲ ਭੋਲੇ ਨੇ ਵਿਆਹ-ਸਮਾਗਮਾਂ ਦੇ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ। ਉਸ ਨੇ ਬਠਿੰਡੇ ਦੀ ਇੱਕ ਗਾਇਕਾ ਨਾਲ ਸੈਟ ਬਣਾ ਕੇ ਵਿਆਹਾਂ ਦੇ ਪ੍ਰੋਗਰਾਮਾਂ ਦੀ ਤਿਆਰੀ ਕਰ ਲਈ। ਵਿਆਹਾਂ Ḕਚ ਗਾਉਣ ਵਾਲਾ ਚੱਕਮਾ ਮੈਟਰ ਉਸ ਕੋਲ ਪਹਿਲਾਂ ਹੀ ਪਿਆ ਸੀ। ਗਾਇਕਾਂ ਵਰਗਾ ਦਿਸਣ ਲਈ ਉਸ ਨੇ ਮੂੰਹ-ਸਿਰ ਮੁਨਾ ਕੇ ਬੋਦੀਆਂ ਰੱਖ ਲਈਆਂ। ਕਈ ਦਿਨਾਂ ਮਗਰੋਂ ਜਦ ਭੋਲਾ ਪਿੰਡ ਗਿਆ ਤਾਂ ਘਰ Ḕਚ ਕਲੇਸ਼ ਪੈ ਗਿਆ ਕਿ ਤੂੰ ਦਾੜ੍ਹੀ-ਕੇਸ ਕਤਲ ਕਰਵਾ ਕੇ ਸਿੱਖੀ ਨੂੰ ਲੀਕ ਲਾਈ ਹੈ। ਅਖੀਰ ਭੋਲਾ ਘਰਦਿਆਂ ਮੂਹਰੇ ਝੁਕ ਗਿਆ ਤੇ ਮੁੜ ਪਹਿਲੇ ਭੇਸ Ḕਚ ਆ ਗਿਆ।
ਗਾਇਕੀ ਦੀ ਗੱਡੀ ਰਿੜ੍ਹਦੀ ਗਈ। ਵਿਆਹ ਹੋ ਗਿਆ, ਬੱਚੇ ਹੋ ਗਏ। ਭੋਲੇ ਦੀ ਗਾਇਕੀ ਸਮੇਂ ਮੁਤਾਬਕ ਚੱਲਦੀ ਗਈ। ਉਸ ਨੇ ਆਪਣੇ ਗੀਤਾਂ ਵਿਚ ਦਾਜ ਪੀੜਤ ਮੁਟਿਆਰਾਂ ਦਾ ਦੁੱਖ ਵੀ ਰੋਇਆ, ਪਾਣੀ ਦੀ ਘੁੱਟ ਨੂੰ ਤਰਸਦੇ ਚਾਰ ਚਾਰ ਪੁੱਤਰਾਂ ਦੇ ਬਿਰਧ ਮਾਪਿਆਂ ਦੀ ਕਹਾਣੀ ਵੀ ਗਾਈ, ਮਤਲਬੀ ਸੰਸਾਰ ਵਲੋਂ ਦੁੱਧ ਪੀ ਕੇ ਛੱਡੀਆਂ ਗਊਆਂ ਦਾ ਦਰਦ ਵੀ ਗਾਇਆ, ਜਿਸ ਨੂੰ ਲੋਕਾਂ ਨੇ ਬਹੁਤ ਸਲਾਹਿਆ ਵੀ।
ਅਚਾਨਕ ਭੋਲੇ ਦੀ ਜ਼ਿੰਦਗੀ ਵਿਚ ਅਜਿਹਾ ਨਾਜ਼ੁਕ ਦੌਰ ਆਇਆ ਕਿ ਸਾਰੇ ਦੋਸਤ-ਮਿੱਤਰ, ਰਿਸ਼ਤੇ-ਨਾਤੇ ਪਾਸਾ ਵੱਟ ਗਏ। ਉਸ ਦਾ ਇਕਲੌਤਾ ਪੁੱਤਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਹ ਉਸ ਦੇ ਇਲਾਜ ਲਈ ਦੂਰ ਦੂਰ ਤੱਕ ਗਿਆ ਪਰ ਨਿਰਾਸ਼ਾ ਹੀ ਪੱਲੇ ਪਈ। Ḕਗਊਆਂ ਦੀ ਸੁਣ ਲੈ ਪੁਕਾਰḔ ਕੈਸੇਟ ਗਾਉਣ ਤੋਂ ਬਾਅਦ ਭੋਲੇ ਦਾ ਮੇਲ ਪਿੰਡ ਬੱਛੋਆਣੇ ਸਥਿਤ ਮਲਕਪੁਰੀ ਜੋਤ ਵਾਲੇ ਸੰਤ ਕਰਮ ਚੰਦ ਨਾਲ ਹੋਇਆ। ਭੋਲਾ ਸੰਤਾਂ ਦੇ ਚਰਨੀਂ ਜਾ ਲੱਗਾ ਤੇ ਆਪਣਾ ਦੁੱਖ ਰੋਇਆ। ਸੰਤ ਕਹਿੰਦੇ, ਭਾਈ ਭੋਲਾ ਸਿਆਂ ਫਿਕਰ ਨਾ ਕਰ, ਮਾਲਕ ਭਲੀ ਕਰੇਗਾ। ਸੰਤਾਂ ਦੀ ਕਿਰਪਾ ਹੋਈ ਤਾਂ ਉਸ ਦਾ ਬੇਟਾ ਮੁੜ ਤੰਦਰੁਸਤ ਹੋ ਗਿਆ। ਭੋਲਾ ਰਾਹੀ ਪੁੱਤਰ ਦੇ ਵੈਰਾਗ ਵਿਚ ਸੰਤਾਂ ਦੇ ਚਰਨਾਂ ਵਿਚ ਬੈਠ ਗਿਆ। ਉਸ ਨੇ ਗਾਇਕੀ ਵਾਲਾ ਬਾਣਾ ਲਾਹ ਕੇ ਫਕੀਰੀ ਚੋਲਾ ਪਾ ਲਿਆ। ਸੰਤਾਂ ਨੇ ਕਿਹਾ ਕਿ ਭਾਈ ਇਹ ਸੇਵਾ ਬਹੁਤ ਔਖੀ ਹੈ ਪਰ ਭੋਲੇ ਨੂੰ ਸੱਚ ਦਾ ਗਿਆਨ ਹੋ ਗਿਆ ਸੀ।
ਪਿਛਲੇ ਸਤਾਰਾਂ ਸਾਲਾਂ ਤੋਂ ਭੋਲਾ ਗਊਆਂ ਦੀ ਸੇਵਾ ਵਿਚ ਮਗਨ ਹੈ। ਉਹ ਆਪਣੀ ਗਾਇਕੀ ਵਿਚ ਵੀ ਗਊਆਂ ਦੀ ਗੱਲ ਕਰਦਾ ਹੈ। ਇਸ ਬਾਰੇ ਉਸ ਦੇ ਅਨੇਕਾਂ ਗੀਤ Ḕਗਊਆਂ ਦੀ ਸੁਣ ਲੈ ਪੁਕਾਰ, ਗਊਆਂ ਛੱਡਣ ਵਾਲੇ, ਗਊਸ਼ਾਲਾ, ਦੁੱਖ ਮਾਪਿਆਂ ਦੀ ਰੋਟੀ ਦਾ, ਬਾਪੂ, ਘੁੱਟ ਪਾਣੀ ਦੀ ਪਿਲਾਦੇ, ਆਦਿ ਕੁਲ 36 ਕੈਸੇਟਾਂ ਮਾਰਕੀਟ ਵਿਚ ਆਈਆਂ। ਭੋਲੇ ਰਾਹੀ ਦੇ ਇਹ ਗੀਤ ਯੂ ਟਿਊਬ Ḕਤੇ ਅੱਜ ਵੀ ਸੁਣੇ ਜਾ ਸਕਦੇ ਹਨ। ਵੱਖ ਵੱਖ ਸ਼ਹਿਰਾਂ ਪਿੰਡਾਂ ਵਿਚ ਗਊਸ਼ਾਲਾ ਵਲੋਂ ਕਰਵਾਏ ਜਾਂਦੇ ਸਮਾਗਮਾਂ ਵਿਚ ਭੋਲਾ ḔਸੇਵਾḔ ਵਜੋਂ ਗਾਉਣ ਜਾਂਦਾ ਹੈ। ਮਾਇਆ ਨਾਲ ਉਸ ਨੂੰ ਮੋਹ ਨਹੀਂ ਰਿਹਾ। ਬੱਸ, ਆਪਣਾ ਕਿਰਾਇਆ-ਭਾੜਾ ਹੀ ਲੈਂਦਾ ਹੈ। ਉਸ ਨੇ ਦਾੜ੍ਹੀ-ਕੇਸ ਰੱਖ ਕੇ ਅੰਮ੍ਰਿਤ ਛਕ ਲਿਆ ਤੇ ਦੁਨਿਆਵੀ ਐਬਾਂ ਦਾ ਤਿਆਗ ਕਰ ਲਿਆ।
ਭੋਲੇ ਰਾਹੀ ਦਾ ਉਹੀ ਬੇਟਾ ਅਮਨ ਰਾਹੀ ਅੱਜ ਗਾਇਕੀ ਦੇ ਖੇਤਰ ਵਿਚ ਇੱਕ ਖਾਸ ਪਹਿਚਾਣ ਰੱਖਦਾ ਹੈ। ਉਸ ਦੀ ਆਵਾਜ਼ ਵਿਚ ਕਸ਼ਿਸ਼ ਹੈ। ਸਿਰਮੌਰ ਕੰਪਨੀ Ḕਅਮਰ ਆਡੀਓਜ਼Ḕ ਨੇ ਉਸ ਦੇ ਅਨੇਕਾਂ ਗੀਤ ਰਿਕਾਰਡ ਕੀਤੇ ਹਨ, ਜੋ ਯੂ ਟਿਊਬ Ḕਤੇ ਸੁਣੇ ਜਾ ਸਕਦੇ ਹਨ। ਸੰਗੀਤ ਵਿਚ ਉਸ ਨੇ ਐਮæਏæ ਕੀਤੀ ਤੇ ਕਿਸੇ ਸਕੂਲ ਵਿਚ ਸੰਗੀਤ ਅਧਿਆਪਕ ਹੈ।
ਭੋਲੇ ਦਾ ਇਲਾਕੇ ਵਿਚ ਬਹੁਤ ਮਾਣ ਸਤਿਕਾਰ ਹੈ। ਸ਼ਹਿਰ ਦੇ ਮਹਾਜਨ ਲੋਕ ਗਊ ਸੇਵਾ ਨਾਲ ਜੁੜੇ ਹੋਣ ਕਰਕੇ ਔਖੇ-ਸੌਖੇ ਪਲ ਸਾਰੇ ਉਸ ਦੇ ਨਾਲ ਖੜ੍ਹਦੇ ਹਨ। ਭੋਲੇ ਦੀਆਂ ਚਾਰ ਧੀਆਂ ਹਨ ਜਿਨ੍ਹਾਂ ਨੂੰ ਉਸ ਨੇ ਘਰ ਦੀਆਂ ਤੰਗੀਆਂ ਦੇ ਬਾਵਜੂਦ ਵਧੀਆ ਪੜ੍ਹਾ ਲਿਖਾ ਕੇ ਚੰਗੇ ਘਰੀਂ ਵਿਆਹਿਆ। ਰੱਬ ਦੇ ਰੰਗਾਂ Ḕਚ ਰਹਿਣ ਵਾਲਾ ਭੋਲਾ ਆਪਣੀ ਜ਼ਿੰਦਗੀ ਤੋਂ ਪੂਰਾ ਸੰਤੁਸ਼ਟ ਹੈ ਤੇ ਸੱਚ ਦੇ ਮਾਰਗ ਦਾ ਰਾਹੀ ਬਣ ਕੇ ਜ਼ਿੰਦਗੀ ਜਿਓਂ ਰਿਹਾ ਹੈ।