ਭਾਰਤੀ ਜਨਤਾ ਪਾਰਟੀ ਦਾ ਖੱਬੀਖਾਨ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਵਿਚ ਆਪਣੀ ਰਾਜ ਸਭਾ ਚੋਣ ਜਿੱਤ ਕੇ ਵੀ ਹਾਰ ਗਿਆ ਹੈ। ਦਰਅਸਲ, ਉਸ ਨੇ ਸਿਆਸੀ ਸਤਰੰਜ ਦੀ ਜਿਹੜੀ ਚਾਲ ਗੁਜਰਾਤ ਵਿਚ ਚੱਲੀ ਸੀ, ਉਹ ਆਖਰਕਾਰ ਉਸ ਦੇ ਹੀ ਖਿਲਾਫ ਭੁਗਤ ਗਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਹਰਾਉਣ ਲਈ ਜੋ ਕੁਝ ਅਮਿਤ ਸ਼ਾਹ ਨੇ ਕੀਤਾ, ਉਹੀ ਕੁਝ ਉਸ ਦੇ ਪੇਸ਼ ਆ ਗਿਆ। ਉਸ ਨੇ ਕਾਂਗਰਸ ਪਾਰਟੀ ਅੰਦਰ ਭੰਨ-ਤੋੜ ਲਈ ਹਰ ਹਰਬਾ ਵਰਤਿਆ, ਪਰ ਅਹਿਮਦ ਪਟੇਲ ਜਿੱਤ ਲਈ ਲੋੜੀਂਦੀਆਂ 44 ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਿਹਾ।
ਗੁਜਰਾਤ ਵਿਧਾਨ ਸਭਾ ਦੇ ਵਿਧਾਇਕਾਂ ਦੀ ਗਿਣਤੀ-ਮਿਣਤੀ ਸਾਫ ਦੱਸ ਰਹੀ ਸੀ ਕਿ ਤਿੰਨ ਸੀਟਾਂ ਵਿਚੋਂ ਦੋ ਉਤੇ ਭਾਜਪਾ ਅਤੇ ਇਕ ਉਤੇ ਕਾਂਗਰਸ ਦੀ ਜਿੱਤ ਹੋਣੀ ਹੈ, ਪਰ ਭਾਜਪਾ ਪ੍ਰਧਾਨ ਨੇ ਆਪਣੀ ਸਿਆਸੀ ਗਿਣਤੀ-ਮਿਣਤੀ ਲਾ ਕੇ ਕਾਂਗਰਸ ਆਗੂ ਅਹਿਮਦ ਪਟੇਲ ਦਾ ਰਾਹ ਡੱਕਣ ਦਾ ਫੈਸਲਾ ਕਰ ਲਿਆ। ਇਸ ਕਾਰਜ ਲਈ ਭਾਜਪਾ ਨੇ ਹਰ ਹੀਲਾ ਕੀਤਾ। ਇਸ ਪਾਰਟੀ ਨੇ ਇਕ ਲੀਡਰ ਨੂੰ ਹਰਾਉਣ ਲਈ ਨੈਤਿਕਤਾ ਛਿੱਕੇ ਟੰਗ ਦਿੱਤੀ। ਧਨ-ਦੌਲਤ ਤੇ ਉਚੇ ਰੁਤਬੇ ਦੇਣ ਦਾ ਲੋਭ ਤਾਂ ਦਿੱਤਾ ਹੀ ਗਿਆ, ਸਰਕਾਰੀ ਏਜੰਸੀਆਂ ਦੀ ਰੱਜ ਕੇ ਦੁਰਵਰਤੋਂ ਕੀਤੀ ਅਤੇ ਬੁਰਛਾਗਰਦੀ ਵੀ ਖੂਬ ਕੀਤੀ। ਅਸਲ ਵਿਚ ਭਾਜਪਾ ਦਾ ਨਿਸ਼ਾਨਾ ਰਾਜ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਅਹਿਮਦ ਪਟੇਲ ਨੂੰ ਹਰਾਉਣਾ ਨਹੀਂ ਸੀ, ਸਗੋਂ ਅਸਲ ਨਿਸ਼ਾਨਾ ਸੋਨੀਆ ਗਾਂਧੀ ਸੀ। ਅਹਿਮਦ ਪਟੇਲ ਸੋਨੀਆ ਗਾਂਧੀ ਦਾ ਕਰੀਬੀ ਸਲਾਹਕਾਰ ਹੈ। ਆਪਣੀ ਸਤਰੰਜ ਦੀ ਚਾਲ ਵਿਚ ਅਮਿਤ ਸ਼ਾਹ ਨੇ ਅਹਿਮਦ ਪਟੇਲ ਦੇ ਖਿਲਾਫ ਉਸ ਬਲਵੰਤ ਸਿੰਹੁ ਰਾਜਪੂਤ ਨੂੰ ਮੈਦਾਨ ਵਿਚ ਲਿਆਂਦਾ ਜੋ ਵਿਧਾਨ ਸਭਾ ਵਿਚ ਕਾਂਗਰਸ ਦਾ ਚੀਫ ਵ੍ਹਿਪ ਸੀ। ਇਹ ਕਾਰਵਾਈ ਅਸਲ ਵਿਚ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਖਿੱਚਣ ਲਈ ਕੀਤੀ ਗਈ ਸੀ। ਇਸ ਕਾਰਜ ਲਈ ਵੀਹ ਸਾਲ ਪਹਿਲਾਂ ਭਾਜਪਾ ਤੋਂ ਨਾਰਾਜ਼ ਹੋ ਕੇ ਕਾਂਗਰਸ ਵਿਚ ਰਲੇ ਸ਼ੰਕਰ ਸਿੰਹੁ ਵਘੇਲਾ ਨੂੰ ਵੀ ਨਾਲ ਗੰਢ ਲਿਆ ਗਿਆ। ਬਲਵੰਤ ਸਿੰਹੁ ਰਾਜਪੂਤ, ਵਘੇਲਾ ਦਾ ਰਿਸ਼ਤੇਦਾਰ ਵੀ ਹੈ। ਵਘੇਲਾ ਨਾਲ ਜੁੜੇ ਹੋਰ ਕਾਂਗਰਸੀ ਵਿਧਾਇਕਾਂ ਨਾਲ ਵੀ ਅਮਿਤ ਸ਼ਾਹ ਨੇ ਸੰਪਰਕ ਸਾਧਿਆ ਹੋਇਆ ਸੀ, ਪਰ ਉਸ ਨੂੰ ਸ਼ਾਇਦ ਇਹ ਖਬਰ ਹੀ ਨਹੀਂ ਸੀ ਕਿ ਇਸੇ ਤਰ੍ਹਾਂ ਦੀ ਚਾਲ ਅਹਿਮਦ ਪਟੇਲ ਵੀ ਚੁੱਪ-ਚੁਪੀਤੇ ਚੱਲ ਰਿਹਾ ਸੀ। ਇਸੇ ਦਾ ਸਿੱਟਾ ਸੀ ਕਿ ਭਾਜਪਾ ਦੇ ਇਕ ਵਿਧਾਇਕ ਨੇ ਕਾਂਗਰਸ ਉਮੀਦਵਾਰ ਨੂੰ ਵੋਟ ਪਾ ਦਿੱਤੀ ਅਤੇ ਸਾਰੇ ਭਾਜਪਾ ਆਗੂ ਦੇਖਦੇ ਹੀ ਰਹਿ ਗਏ। ਅਸਲ ਵਿਚ ਅਮਲਾ ਕਾਂਗਰਸ ਆਗੂ ਦੀ ਜਿੱਤ ਜਾਂ ਅਮਿਤ ਸ਼ਾਹ ਦੇ ਉਮੀਦਵਾਰ ਦੀ ਹਾਰ ਦਾ ਨਹੀਂ ਹੈ, ਸਗੋਂ ਮਸਲਾ ਭਾਜਪਾ ਵੱਲੋਂ ਮੁਲਕ ਭਰ ਵਿਚ ਕੀਤੀ ਜਾ ਰਹੀ ਧਰੁਵੀਕਰਨ ਵਾਲੀ ਸਿਆਸਤ ਦਾ ਹੈ ਜਿਸ ਲਈ ਉਹ ਹਰ ਜਾਇਜ਼ ਨਾਜਾਇਜ਼ ਕੰਮ ਕਰ ਰਹੀ ਹੈ, ਪਰ ਕੁਦਰਤ ਦਾ ਕਾਨੂੰਨ ਵੀ ਨਾਲੋ-ਨਾਲ ਚੱਲਦਾ ਹੈ। ਗੁਜਰਾਤ ਵਿਚ ਇਹੀ ਕੁਝ ਹੋਇਆ ਹੈ।
ਗੁਜਰਾਤ ਹੀ ਕਿਉਂ, ਚੰਡੀਗੜ੍ਹ ਵਿਚ ਜਿਹੜੀ ਘਟਨਾ ਵਾਪਰੀ ਹੈ, ਉਸ ਤੋਂ ਵੀ ਇਹੀ ਜ਼ਾਹਰ ਹੋ ਰਿਹਾ ਹੈ। ਚੰਡੀਗੜ੍ਹ ਵਿਚ ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਉਤੇ ਲੜਕੀ ਨਾਲ ਛੇੜਖਾਨੀ ਦੇ ਦੋਸ਼ ਲੱਗੇ ਹਨ। ਆਮ ਹਾਲਾਤ ਵਿਚ ਅਜਿਹੇ ਕੇਸ ਦੱਬ ਜਾਂਦੇ ਹਨ, ਪਰ ਲੜਕੀ ਕਿਉਂਕਿ ਸੂਬੇ ਦੇ ਸੀਨੀਅਰ ਆਈæਏæਐਸ਼ ਅਫਸਰ ਦੀ ਧੀ ਹੈ, ਇਸ ਲਈ ਇਹ ਮਾਮਲਾ ਤੂਲ ਫੜ ਗਿਆ ਹੈ। ਮੀਡੀਆ ਨੇ ਇਸ ਮੁੱਦੇ ਨੂੰ ਦਿੱਲੀ ਤੱਕ ਅਪੜਾ ਦਿੱਤਾ ਹੈ ਅਤੇ ਹੁਣ ਭਾਜਪਾ ਆਗੂਆਂ ਨੂੰ ਸੁਰੱਖਿਆਤਮਕ ਸਿਆਸਤ ਦਾ ਸਹਾਰਾ ਲੱਭਣਾ ਪੈ ਰਿਹਾ ਹੈ। ਇਸ ਘਟਨਾ ਦੇ ਕਈ ਹੋਰ ਪੱਖ ਵੀ ਹਨ। ਇਕ ਤਾਂ ਇਹੀ ਕਿ ਲੋਕਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਭਾਜਪਾ ਆਗੂਆਂ ਦੀ ਆਪਣੀ ਔਲਾਦ ਕੀ ਕੁਝ ਕਰ ਰਹੀ ਹੈ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਕੁੜੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਵੀ ਸੋਸ਼ਲ ਮੀਡੀਆ ਉਤੇ ਕੀਤੀਆਂ ਗਈਆਂ। ਇਸ ਤੋਂ ਵੀ ਵੱਧ, ਸਾਫ ਸੁਥਰੇ ਅਕਸ ਵਾਲੀ ਸਮਝੀ ਜਾਣ ਵਾਲੀ ਚੰਡੀਗੜ੍ਹ ਪੁਲਿਸ ਦਾ ਦਾਮਨ ਵੀ ਇਸ ਘਟਨਾ ਨਾਲ ਦਾਗਦਾਰ ਹੋ ਗਿਆ। ਜਿਉਂ ਹੀ ਸੰਕਟ ਵਿਚ ਫਸੀ ਕੁੜੀ ਨੇ ਪੁਲਿਸ ਨਾਲ ਸੰਪਰਕ ਕੀਤਾ, ਪੁਲਿਸ ਨੇ ਝੱਟ ਕਾਰਵਾਈ ਕੀਤੀ, ਪਰ ਜਿਉਂ ਹੀ ਪੁਲਿਸ ਵਾਲਿਆਂ ਨੂੰ ਖਬਰ ਹੋਈ ਕਿ ਲੜਕਾ ਰਸੂਖਵਾਨ ਪਰਿਵਾਰ ਵਿਚੋਂ ਹੈ ਅਤੇ ਜਿਉਂ ਹੀ ਦਬਾਅ ਪੈਣਾ ਸ਼ੁਰੂ ਹੋਇਆ, ਪੁਲਿਸ ਨੇ ਪੈਰ ਪਿਛਾਂਹ ਖਿੱਚ ਲਏ। ਲੜਕੀ ਨੇ ਆਪਣੇ ਫੇਸਬੁਕ ਪੇਜ ਉਪਰ ਜੋ ਬਿਰਤਾਂਤ ਪਾਇਆ ਹੈ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਰਸੂਖਵਾਨ ਆਪਣੇ ਫਰਜ਼ੰਦਾਂ ਨੂੰ ਕਾਨੂੰਨ ਦੀ ਗ੍ਰਿਫਤ ਵਿਚੋਂ ਬਚਾਉਣ ਲਈ ਕੀ ਕੀ ਹੱਥਕੰਡੇ ਵਰਤਦੇ ਹਨ। ਸਿਤਮਜ਼ਰੀਫੀ ਦੇਖੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਬਾਅਦ ‘ਬੇਟੀ ਬਚਾਓ’ ਨਾਅਰੇ ਦੇ ਸਭ ਤੋਂ ਵੱਡੇ ਝੰਡਾਬਰਦਾਰ ਬਣੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੁਭਾਸ਼ ਬਰਾਲਾ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਹਰਿਆਣਾ ਭਾਜਪਾ ਦਾ ਕਹਿਣਾ ਹੈ ਕਿ ਲੜਕੇ ਦੇ ਗੁਨਾਹ ਦੀ ਸਜ਼ਾ ਬਾਪ ਨੂੰ ਦੇਣ ਦੀ ਮੰਗ ਠੀਕ ਨਹੀਂ। ਗੁਜਰਾਤ ਅਤੇ ਚੰਡੀਗੜ੍ਹ ਦੀਆਂ ਇਨ੍ਹਾਂ ਦੋਹਾਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਸਿਆਸੀ ਆਗੂ ਅਤੇ ਇਨ੍ਹਾਂ ਦੇ ਨਾਲ ਵਾਲੇ ਮੁਲਕ ਵਿਚ ਕੁਝ ਵੀ ਕਰ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਚੰਡੀਗੜ੍ਹ ਵਾਲੀ ਘਟਨਾ ਖਿਲਾਫ ਲੋਕ ਰਾਏ ਉਭਰੀ ਹੈ ਅਤੇ ਲੋਕਾਂ ਤੇ ਮੀਡੀਆ ਨੇ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਇਕਜੁਟਤਾ ਜ਼ਾਹਰ ਕੀਤੀ ਹੈ। ਜਿਸ ਤਰ੍ਹਾਂ ਦਾ ਮਾਹੌਲ ਮੁਲਕ ਵਿਚ ਬਣਾਇਆ ਜਾ ਸਕਦਾ ਹੈ, ਉਸ ਨੂੰ ਇਸ ਤਰ੍ਹਾਂ ਦੀ ਇਕਜੁਟਤਾ ਨਾਲ ਹੀ ਟੱਕਰ ਦਿੱਤੀ ਜਾ ਸਕਦੀ ਹੈ। ਜੇ ਗੁਜਰਾਤ ਦੀ ਸਿਆਸੀ ਸਤਰੰਜ ਅਤੇ ਚੰਡੀਗੜ੍ਹ ਵਾਲੀ ਘਟਨਾ ਨੂੰ ਮੇਲ ਕੇ ਦੇਖਿਆ ਜਾਵੇ ਤਾਂ ਮੁਲਕ ਵਿਚ ਬਣਾਏ ਜਾ ਰਹੇ ਮਾਰੂ ਮਾਹੌਲ ਨਾਲ ਨਜਿੱਠਣ ਲਈ ਕੋਈ ਰਾਹ ਕੱਢਿਆ ਜਾ ਸਕਦਾ ਹੈ।