ਬਜ਼ੁਰਗ ਮਾਪਿਆਂ ਦੀ ਦੁਰਦਸ਼ਾ ਕਿਉਂ?

ਬੱਚਿਆਂ ਨੂੰ ਜਨਮ ਦੇਣ ਤੇ ਪਾਲਣ ਵਾਲੇ ਮਾਪੇ ਰੱਬ ਦਾ ਰੂਪ ਹਨ ਪਰ ਆਪੋ ਧਾਪੀ ਦੇ ਇਸ ਯੁੱਗ ਵਿਚ ਕਿਸ ਨੂੰ ਪਰਵਾਹ ਹੈ, ਉਨ੍ਹਾਂ ਦੀ? ਬੱਚਿਆਂ ਦੀ ਲਾਪਰਵਾਹੀ ਕਾਰਨ ਮਾਪੇ ਬਿਰਧ ਆਸ਼ਰਮਾਂ ਤੇ ਕਈ ਵਾਰ ਸੜਕਾਂ ‘ਤੇ ਵੀ ਰੁਲਦੇ ਹਨ। ਉਨ੍ਹਾਂ ਨਾਲ ਆਪਣੇ ਢਿੱਡੋਂ ਜਾਏ ਹੀ ਕਈ ਵਾਰ ਬੜਾ ਭੈੜਾ ਵਿਹਾਰ ਕਰਦੇ ਹਨ। ਅਸੀਂ ਜੋ ਵੱਖੋ ਵੱਖ ਧਰਮ ਦੁਆਰਾਂ ‘ਤੇ ਮੱਥੇ ਟੇਕਦੇ ਹਾਂ, ਗਊ ਪੂਜਾ ਕਰਦੇ ਹਾਂ, ਤਾਂ ਆਪਣੇ ਮਾਪਿਆਂ ਪ੍ਰਤੀ ਇਹ ਵਿਹਾਰ ਕਿਉਂ? ਫਿਰ ਭਲਾ ਪੱਛਮ ਦੀ ਰੀਸੇ ਮਾਂ ਦਿਵਸ ਤੇ ਪਿਤਾ ਦਿਵਸ ਮਨਾਉਣ ਦਾ ਕੀ ਲਾਭ?

ਇਹੋ ਸਵਾਲ ਹਨ, ਜੋ ਇਸ ਲੇਖ ਵਿਚ ਸੁਕੰਨਿਆ ਭਾਰਦਵਾਜ ਨੇ ਉਠਾਏ ਹਨ। -ਸੰਪਾਦਕ

ਸੁਕੰਨਿਆ ਭਾਰਦਵਾਜ ਨਾਭਾ
ਫੋਨ: 815-307-3112
“ਕਾਕੂ ਮੇਰੇ ਬੱਚੇ, ਮੈਨੂੰ ਘਰ ਲੈ ਜਾਹ। ਪੁੱਤ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ।” ਉਹ ਵਾਰ ਵਾਰ ਪੁਕਾਰ ਰਹੀ ਸੀ ਪਰ ਜੇ ਕਾਕੂ ਉਥੇ ਹੁੰਦਾ ਤਾਂ ਹੀ ਮਾਂ ਦੀ ਫਰਿਆਦ ਸੁਣਦਾ। ਇਹ ਬਹੁਤ ਹੀ ਅਜੀਬੋ ਗਰੀਬ ਵਾਕਿਆ ਹਸਪਤਾਲ ਵਿਚ ਉਦੋਂ ਸਾਹਮਣੇ ਆਇਆ ਜਦੋਂ ਮੈਨੂੰ ਦੁਆਈ ਲੈਣ ਗਈ ਨੂੰ ਐਮਰਜੈਂਸੀ ਦੀ ਨਰਸ ਨੇ ਉਸ ਮਾਈ ਬਾਰੇ ਦੱਸਿਆ, ਜਿਸ ਨੂੰ ਉਸ ਦਾ ਆਪਣਾ ਜਾਇਆ ਇਲਾਜ ਦੇ ਬਹਾਨੇ ਲਾਵਾਰਿਸ ਛੱਡ ਗਿਆ ਸੀ। ਇਥੋਂ ਤਕ ਕਿ ਉਸ ਨੇ ਹਸਪਤਾਲ ਵਿਚ ਗਲਤ ਫੋਨ ਨੰਬਰ ਤੇ ਪਤਾ ਦੇ ਕੇ ਮਾਈ ਲਈ ਆਪਣੇ ਹੀ ਘਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ।
ਇਹ ਉਸ ਮਹੀਨੇ ਦੀ ਦੂਜੀ ਘਟਨਾ ਸੀ। ਪਹਿਲੀ ਘਟਨਾ ਵਿਚ ਇੱਕ ਪੁੱਤ ਆਪਣੀ ਮਾਂ ਨੂੰ ਇਥੋਂ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਾਉਣ ਦੇ ਬਹਾਨੇ ਛੱਡ ਗਿਆ ਸੀ। ਮਾਤਾ ਨੂੰ ਪੁੱਤ ਦਾ ਫੋਨ ਨੰਬਰ ਨਹੀਂ ਸੀ ਪਤਾ, ਪਿੰਡ ਕਦੇ ਕੋਈ ਤੇ ਕਦੇ ਕੋਈ ਦੱਸਦੀ। ਸ਼ਾਇਦ ਬਦਨਾਮੀ ਦੇ ਡਰੋਂ ਸਹੀ ਪਤਾ ਨਹੀਂ ਸੀ ਦੱਸ ਰਹੀ। ਸੇਵਾਦਾਰਾਂ ਨੂੰ ਭਾਰੀ ਮੁਸ਼ਕਿਲ ਆ ਰਹੀ ਸੀ। ਗੁਰੂਘਰ ਪਿੰਡੋਂ ਕਾਫੀ ਫਰਕ ਨਾਲ ਹੋਣ ਕਾਰਨ ਉਸ ਨੂੰ ਉਹ ਗੁਰਦੁਆਰਾ ਸਾਹਿਬ ਵਿਖੇ ਨਹੀਂ ਠਹਿਰਾ ਸਕਦੇ ਸਨ। ਉਨ੍ਹਾਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਉਸ ਨੂੰ ਥਾਣੇ ਲੈ ਗਈ ਸੀ। ਪਿਛੋਂ ਉਸ ਦਾ ਕੀ ਬਣਿਆ, ਕੋਈ ਨਹੀਂ ਜਾਣਦਾ।
ਇਸੇ ਤਰ੍ਹਾਂ ਹੀ ਰੌਂਗਟੇ ਖੜ੍ਹੇ ਕਰਨ ਵਾਲੀ ਦਿੱਲੀ ਦੀ ਇੱਕ ਘਟਨਾ ਹੈ ਜਿਸ ਵਿਚ ਇੱਕ ਧੀ ਹੀ ਮਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੀ ਸੀ ਕਿ ਟੀæਵੀæ ਲਾਈਵ ਦੇਖਣਾ ਮੁਸ਼ਕਿਲ ਸੀ। ਮਾਂ ਦਾ ਜਿਗਰਾ ਦੇਖੋ, ਜਦੋਂ ਗੁਆਂਢੀ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪੁਲਿਸ ਸ਼ਿਕਾਇਤ ਕਰਦੇ ਹਨ ਤਾਂ ਮਾਤਾ ਫਿਰ ਆਪਣੀ ਧੀ ਦਾ ਪੱਖ ਪੂਰਦੀ ਹੈ ਕਿ Ḕਉਹ ਤਾਂ ਮੈਨੂੰ ਸਮੇਂ ਸਿਰ ਖਾਣ ਪੀਣ ਲਈ ਕਹਿ ਰਹੀ ਸੀ।Ḕ ਇਹ ਸਭ ਮਾਂਵਾਂ 70 ਸਾਲ ਤੋਂ ਉਪਰ ਦੀਆਂ ਸਨ।
ਇੱਕ ਹੋਰ ਘਟਨਾ ਜਿਸ ਵਿਚ ਫੇਸਬੁੱਕ ‘ਤੇ ਪਾਈ ਵੀਡੀਓ ਵਿਚ ਇੱਕ ਨੂੰਹ ਆਪਣੀ ਬਜ਼ੁਰਗ ਸੱਸ ਨੂੰ ਸ਼ੱਰੇਆਮ ਕੋਠੇ ‘ਤੇ ਕੁੱਟ ਰਹੀ ਹੈ, ਜਿਸ ਨੂੰ ਉਸ ਦੀ ਸਕੀ ਪੋਤੀ (ਕੁੱਟਣ ਵਾਲੇ ਨੂੰਹ-ਪੁਤ ਦੀ ਬੇਟੀ) ਪਿੰਡ ਦੇ ਮੋਹਤਬਰਾਂ ਤੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਬਚਾ ਕੇ ਆਪਣੇ ਘਰ ਲਿਆਉਂਦੀ ਹੈ। ਦੋ ਸਾਲ ਤੋਂ ਉਸ ਨੂੰ ਘਰ ਵਿਚ ਹੀ ਬੰਦੀ ਬਣਾਇਆ ਹੋਇਆ ਸੀ। ਪੋਤੀ ਨੂੰ ਵੀ ਮਿਲਣ ਨਹੀਂ ਸੀ ਦਿੱਤਾ ਜਾਂਦਾ। ਮਾਤਾ ਦਾ ਚੂਲਾ ਟੁੱਟਿਆ ਹੋਇਆ ਹੈ ਤੇ ਇੱਕ ਬਾਂਹ ਵੀ ਟੁੱਟੀ ਹੋਈ ਹੈ। ਪਿੰਡੇ ‘ਤੇ ਥਾਂ ਥਾਂ ਕੁੱਟ ਦੇ ਜਖਮ ਹਨ ਤੇ ਮੱਖੀਆਂ ਭਿਣਕ ਰਹੀਆਂ ਹਨ। ਇਹ ਵਾਕਿਆ ਪਿੰਡ ਲੋਹੀਆਂ (ਜਲੰਧਰ) ਦਾ ਹੈ। ਮਾਤਾ ਸਾਬਕਾ ਫੌਜੀ ਦੇ ਘਰਵਾਲੀ ਹੈ ਤੇ ਪੈਨਸ਼ਨ ਲੈਂਦੀ ਹੈ ਪਰ ਉਸ ਨੂੰ ਕਦੇ ਕੋਈ ਪੈਸਾ ਨਹੀਂ ਮਿਲਿਆ, ਸਾਰੀ ਪੈਨਸ਼ਨ ਨੂੰਹ-ਪੁੱਤ ਲੈ ਜਾਂਦੇ। ਢਿੱਡ ਦਾ ਜੰਮਿਆ ਪੁੱਤ ਤੇ ਹੱਥੀਂ ਸਹੇੜੀ ਨੂੰਹ-ਦੋਵੇਂ ਹੀ ਕੁੱਟਮਾਰ ਕਰਦੇ। ਧੰਨ ਇਸ ਮਾਂ ਦੀ ਮਮਤਾ ਜੋ ਸਾਲਾਂ ਬੱਧੀ ਮਾਨਸਿਕ-ਸਰੀਰਕ ਤਸ਼ੱਦਦ ਝੱਲ ਕੇ ਵੀ ਨੂੰਹ-ਪੁੱਤ ਖਿਲਾਫ ਪੁਲਿਸ ਕਾਰਵਾਈ ਕਰਾਉਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ। ਆਸ਼ਰਮ ਵਿਚ ਜਾਣ ਦੀ ਥਾਂ ਪੋਤੀ ਨਾਲ ਹੀ ਰਹਿਣ ਨੂੰ ਤਰਜੀਹ ਦਿੰਦੀ ਹੈ।
ਉਕਤ ਚੰਦ ਕੁ ਘਟਨਾਵਾਂ ਤਾਂ ਸਿਰਫ ਨਮੂਨਾ ਮਾਤਰ ਹਨ। ਉਂਜ ਇਹ ਪੰਜਾਬ ਦੇ ਹਰ ਤੀਜੇ ਘਰ ਦੀ ਕਹਾਣੀ ਹੈ। ਪਿੰਡਾਂ-ਸ਼ਹਿਰਾਂ ਵਿਚ ਵਾਪਰਦੀਆਂ ਇਹ ਦੁਖਦਾਈ ਘਟਨਾਵਾਂ ਹਰ ਸੰਵੇਦਨਸ਼ੀਲ ਹਿਰਦੇ ਨੂੰ ਵਲੂੰਧਰਦੀਆਂ ਹਨ। ਕਿਧਰ ਨੂੰ ਜਾ ਰਿਹਾ ਹੈ ਸਾਡਾ ਸੰਸਕਾਰੀ ਮਰਿਆਦਾ ਯੁਕਤ ਪੰਜਾਬੀ ਭਾਰਤੀ ਸਮਾਜ? ਕਈ ਵਾਰੀ ਲਗਦਾ ਹੈ ਕਿ ਅਸੀਂ ਕੇਹੇ ਸਮਾਜ ਵਿਚ ਰਹਿ ਰਹੇ ਹਾਂ? ਕੀ ਇਸ ਨੂੰ ਸਭਿਆ ਸਮਾਜ ਕਿਹਾ ਜਾਣਾ ਵਾਜਬ ਹੈ? ਫਿਰ ਪੱਛਮ ਦੀ ਰੀਸੋ ਰੀਸ ਮਾਤਾ-ਪਿਤਾ ਦਿਵਸ ਮਨਾਉਣ ਦੇ ਕੀ ਅਰਥ ਹਨ?
ਇੱਕ ਪਾਸੇ ਅਸੀਂ ਪਸੂਆਂ ਨੂੰ ਮਾਤਾ-ਪਿਤਾ ਦੱਸ ਕੇ ਉਨ੍ਹਾਂ ਦੀ ਸੇਵਾ ਸੰਭਾਲ ਦੀ ਆੜ ਵਿਚ ਆਦਮੀ ਦਾ ਕਤਲ ਕਰਨ ਤਕ ਜਾਂਦੇ ਹਾਂ। ਧਾਰਮਿਕ ਸਥਾਨਾਂ ‘ਤੇ ਅਖੌਤੀ ਧਾਰਮਿਕ ਰਹਿਨੁਮਾ ਨੂੰ ਮਾਤਾ-ਪਿਤਾ ਦਾ ਦਰਜਾ ਦੇ ਕੇ ਲੰਮੀਆਂ ਯਾਤਰਾਵਾਂ ਤੇ ਮਹੀਨਾਵਾਰੀ ਸੇਵਾ ਲੁਆ ਕੇ ਇਨ੍ਹਾਂ ਡੇਰਿਆਂ ਵਿਚ ਦਿਨ ਰਾਤ ਕੰਮ ਕਰਦੇ ਹਾਂ। ਪਰ ਆਪਣੇ ਜੰਮਣ ਵਾਲਿਆਂ ਨੂੰ ਬਿਰਧ ਆਸ਼ਰਮਾਂ, ਡੇਰਿਆਂ ਤੇ ਹੋਰ ਸਥਾਨਾਂ ਵਲ ਸੁੱਟ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਦੇ ਰਹੇ ਹਾਂ? ਨਾਲੇ ਇਨ੍ਹਾਂ ਡੇਰਿਆਂ ‘ਤੇ ਕੀਤੀ ਸੇਵਾ ਦੇ ਵੀ ਕੀ ਅਰਥ ਹਨ?
ਖੁੰਬਾਂ ਵਾਂਗ ਉਗੇ ਡੇਰੇ, ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਵਿਚ ਘਿਰਿਆ ਪੰਜਾਬ ਅੱਜ ਆਪਣੇ ਬੀਤੇ, ਵਰਤਮਾਨ ਤੇ ਭਵਿੱਖ ਬਾਰੇ ਫੈਸਲਾ ਕਰਨ ਤੋਂ ਅਸਮਰਥ ਹੈ। ਅਖੌਤੀ ਧਾਰਮਿਕਤਾ ਦੀ ਕਾਂਵਾਂ ਰੌਲੀ ਉਸ ਦੀ ਕੋਈ ਵਾਹ ਨਹੀਂ ਚੱਲਣ ਦਿੰਦੀ। ਵੱਡੇ ਵੱਡੇ ਉਸਰ ਰਹੇ ਸਤਿਸੰਗ ਘਰਾਂ, ਦੀਵਾਨਾਂ, ਪ੍ਰਵਚਨਾਂ ਨੇ ਪੰਜਾਬੀਆਂ ਦੀ ਪਰਿਵਾਰਕ ਪਰੰਪਰਾ ਨੂੰ ਭਾਰੀ ਢਾਹ ਲਾਈ ਹੈ। ਜਾਤਾਂ-ਪਾਤਾਂ ਦਾ ਤਾਂ ਪਾੜਾ ਮਿਟਿਆ ਹੀ ਨਹੀਂ। ਸਮੇਂ ਸਮੇਂ ਸਿਰ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਚੰਦਰ ਬਾਰੇ ਰਾਮਾਇਣ, ਗੀਤਾ, ਵੇਦਾਂ ਪੁਰਾਣਾਂ, ਚੰਡੀ ਪਾਠ, ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਪਾਠ, ਨਮਾਜ਼, ਵਜੂ, ਰੋਜ਼ੇ ਅਤੇ ਕੁਰਾਨ ਦੀਆਂ ਆਇਤਾਂ ਰਾਹੀਂ ਜੀਵਨ ਮਰਿਆਦਾ ਅਨੁਸਾਰ ਕਰਨ ਲਈ ਕਿਹਾ ਜਾਂਦਾ ਹੈ ਪਰ ਹੁੰਦਾ ਇਸ ਦੇ ਉਲਟ ਹੈ।
ਸਭ ਤੋਂ ਆਧੁਨਿਕ ਸਿੱਖ ਧਰਮ ਵਿਚ ਗੁਰੂ ਪਿਤਾ ਦੇ ਆਦੇਸ਼ ‘ਤੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਦੀ ਗੜ੍ਹੀ ਵਿਚ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਮਰਿਆਦਾ ਪੁਰਸ਼ੋਤਮ ਰਾਮ ਚੰਦਰ ਮਤਰੇਈ ਮਾਂ ਕੈਕਈ ਦੇ ਹੱਠ ‘ਤੇ 14 ਸਾਲ ਬਨਵਾਸ ‘ਤੇ ਚਲੇ ਜਾਂਦੇ ਹਨ। ਮਹਾਂਭਾਰਤ ਦੇ ਨਾਇਕ ਪਾਂਡਵ ਜਯੇਸ਼ਠ ਪਿਤਾ ਵਲੋਂ ਕੀਤੀ ਜਾ ਰਹੀ ਬੇਇਨਸਾਫੀ ਦੇ ਬਾਵਜੂਦ ਉਹਦੇ ਆਦੇਸ਼ ਦਾ ਪਾਲਣ ਕਰਦਿਆਂ 13 ਸਾਲ ਤੱਕ ਜੰਗਲਾਂ ਦੀ ਖਾਕ ਛਾਣਦੇ ਨੇ। ਮਾਤਾ-ਪਿਤਾ ਭਗਤ ਸਰਵਣ ਆਪਣੇ ਮਾਪਿਆਂ ਨੂੰ ਵਹਿੰਗੀ ਵਿਚ ਚੁਕ ਕੇ ਤੀਰਥੀਂ ਇਸ਼ਨਾਨ ਕਰਾਉਂਦਾ ਹੈ। ਅਸੀਂ ਆਪਣੇ ਅਮੀਰ ਵਿਰਸੇ ਦੀਆਂ ਧਾਰਮਿਕ/ਕ੍ਰਿਤਾਂ ਪੜ੍ਹਨ ਤੇ ਉਨ੍ਹਾਂ ਤੋਂ ਸੇਧ ਲੈਣ ਦੀ ਥਾਂ ਇਨ੍ਹਾਂ ਪੱਥਰਾਂ/ਮਾਰਬਲਾਂ ਦੇ ਬਣੇ ਡੇਰਿਆਂ ਅਤੇ ਦੇਹਧਾਰੀ ਅਖੌਤੀ ਸਾਧਾਂ-ਸੰਤਾਂ ਨੂੰ ਹੀ ਆਪਣਾ ਮੁਕਤੀਦਾਤਾ ਸਮਝੀ ਬੈਠੇ ਹਾਂ। ਇੰਨੀ ਪੱਥਰ ਪੂਜਾ ਹੋਰ ਕਿਸੇ ਦੇਸ ਵਿਚ ਨਹੀਂ। ਪੜ੍ਹਨ ਗੁੜ੍ਹਨ ਨਾਲੋਂ ਮੱਥਾ ਟੇਕਣ ਨੂੰ ਹੀ ਪੂਰਣ ਗਿਆਨ ਹਾਸਲ ਕਰਨ ਦਾ ਜਰੀਆ ਸਮਝੀ ਜਾ ਰਹੇ ਹਾਂ।
ਪਰਿਵਾਰ ਟੁੱਟ ਰਹੇ ਹਨ। ਸਿਆਸੀ ਪਾਰਟੀਆਂ ਵਾਂਗ ਜੇ ਇੱਕ ਗੰਗਾ ਜਾਂਦਾ ਹੈ ਤਾਂ ਦੂਜਾ ਭਰਾ ਉਸ ਦੇ ਉਲਟ ਜਮਨਾ ਜਾਵੇਗਾ ਤੇ ਹਰ ਕੋਈ ਆਪਣੇ ਡੇਰੇ ਨੂੰ ਵੱਡਾ ਤੇ ਮੋਕਸ਼ ਦਾ ਅਸਲੀ ਦੁਆਰ ਦੱਸਦਾ ਹੈ। ਇਹ ਅਮਲ ਇੰਨਾ ਸਿਖਰ ‘ਤੇ ਹੈ ਕਿ ਜਨਤਾ ਇਸ Ḕਆਪੂੰ ਬਣੇ ਇਸ਼ਟḔ ਦੇ ਖਿਲਾਫ ਕੁਝ ਵੀ ਸੁਣਨ ਨੂੰ ਤਿਆਰ ਨਹੀਂ। ਘਰਾਂ ਪਰਿਵਾਰਾਂ ਵਿਚ ਇਨ੍ਹਾਂ ਦੀ ਦਖਲਅੰਦਾਜ਼ੀ ਇੰਨੀ ਹੈ ਕਿ ਬੁੜ੍ਹੀਆਂ ਛਿੱਕ ਵੀ ਇਨ੍ਹਾਂ ḔਬਾਬਿਆਂḔ ਨੂੰ ਪੁੱਛ ਕੇ ਮਾਰਦੀਆਂ ਨੇ। ਪਰ ਘਰੇ ਬੇਬਸੀ ਤੇ ਬੇਹੁਰਮਤੀ ਨਾਲ ਝੂਰਦੇ ਸੱਸ-ਸਹੁਰੇ/ਮਾਪਿਆਂ ਦੀ ਦੋ ਵਕਤ ਦੀ ਰੋਟੀ ਵੀ ਇਨ੍ਹਾਂ ‘ਤੇ ਭਾਰ ਬਣ ਜਾਂਦੀ ਹੈ।
ਸ਼ੋਸਲ ਮੀਡੀਆ ‘ਤੇ ਕਿਸੇ ਵਲੋਂ ਸਟੇਟਸ ਪਾਇਆ ਗਿਆ ਕਿ ਇੱਕ ਲੜਕੀ ਕਹਿੰਦੀ ਹੈ, “ਜੇ ਲੜਕਿਆਂ ਦੀ ਥਾਂ ਇਕੱਲੀਆਂ ਕੁੜੀਆਂ ਹੀ ਹੁੰਦੀਆਂ ਤਾਂ ਕਦੇ ਵੀ ਬਿਰਧ ਆਸ਼ਰਮਾਂ ਦੀ ਲੋੜ ਨਾ ਹੁੰਦੀ।” ਵਿਰੋਧੀ ਧਿਰ ਦਾ ਜੁਆਬ ਸੀ, “ਕਿਸੇ ਦੀਆਂ ਧੀਆਂ ਜੋ ਨੂੰਹਾਂ ਵੀ ਹਨ, ਜੇ ਆਪਣੇ ਮਾਪਿਆਂ ਦੇ ਨਾਲ ਸਹੁਰਿਆਂ ਪ੍ਰਤੀ ਵੀ ਸੇਵਾ/ਸਤਿਕਾਰ ਭਾਵ ਰੱਖਦੀਆਂ ਤੇ ਘੱਟੋ ਘੱਟ ਉਨ੍ਹਾਂ ਦੇ ਬੇਟੇ ਨੂੰ ਹੀ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਕਰਨ ਦਿੰਦੀਆਂ ਤਾਂ ਅੱਜ ਵਾਲੀ ਇਹ ਸਥਿਤੀ ਨਹੀਂ ਸੀ ਹੋਣੀ।” ਕੁਝ ਹੱਦ ਤਕ ਇਹ ਸੱਚ ਵੀ ਹੈ। ਮਾਪਿਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਵਿਚ ਪੰਜਾਬ ਨਾਲੋਂ ਹਰਿਆਣਾ/ਹਿਮਾਚਲ ਫਿਰ ਵੀ ਕਾਫੀ ਅੱਗੇ ਹਨ। ਉਥੇ ਸੱਸਾਂ ਦੀ ਹਾਲੇ ਵੀ ਛਟੀ ਚਲਦੀ ਹੈ।
ਜਿਨ੍ਹਾਂ ਕੋਲ ਜਮੀਨ ਹੈ ਜਾਂ ਕੋਈ ਆਮਦਨ ਦਾ ਸਾਧਨ ਹੈ, ਉਹ ਤਾਂ ਰੋਟੀ ਖਾ ਰਹੇ ਹਨ ਤੇ ਦਵਾਈ ਬੂਟੀ ਲਈ ਵੀ ਉਹ ਪੁੱਤਾਂ-ਨੂੰਹਾਂ ‘ਤੇ ਨਿਰਭਰ ਨਹੀਂ। ਬਾਕੀਆਂ ਦੀ ਹਾਲਤ ਤਰਸਯੋਗ ਹੈ। ਅਸੀਂ ਇੰਨੇ ਪਦਾਰਥਵਾਦੀ ਹੋ ਗਏ ਹਾਂ ਕਿ ਜਿਉਂ ਹੀ ਜਮੀਨ-ਜਾਇਦਾਦ ਬੱਚਿਆਂ ਦੇ ਨਾਂ ਹੋਈ, ਬੇਬੇ ਬਾਪੂ ਦੀ ਸੇਵਾ ਸੰਭਾਲ ਦਾ ਜਿੰਮਾ ਖਤਮ। ਭਾਵੇਂ ਸਰਕਾਰ ਨੇ ਵੀ ਬੁਢਾਪਾ ਪੈਨਸ਼ਨ ਦੇ ਕੇ ਕੁਝ ਰਾਹਤ ਦਿੱਤੀ ਹੈ ਪਰ ਇਹ ਨਿਗੁਣੀ ਪੈਨਸ਼ਨ ਲੋੜਵੰਦ ਹੱਥਾਂ ਤਕ ਪਹੁੰਚਾਉਣ ਦੀ ਪ੍ਰਕ੍ਰਿਆ ਇੰਨੀ ਗੁਝੰਲਦਾਰ ਹੈ ਕਿ ਅਸਲੀ ਹੱਕਦਾਰਾਂ ਨੂੰ ਤਾਂ ਇਹ ਮਿਲਦੀ ਹੀ ਨਹੀਂ। ਅਸਰ ਰਸੂਖ ਵਾਲੇ ਆਪਣੇ ਚਹੇਤਿਆਂ ਨੂੰ ਹੀ ਮੁਹੱਈਆ ਕਰਵਾ ਕੇ ਸਰਕਾਰ ਦੀ ਤੂਤੀ ਵਜਾਈ ਜਾਂਦੇ ਹਨ, ਜਦਕਿ ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ ਸਮੇਤ ਪੱਛਮੀ ਦੇਸ਼ਾਂ ਵਿਚ ਬੇਰੁਜਗਾਰੀ ਭੱਤਾ, ਉਮਰ ਹੋਣ ‘ਤੇ ਬਿਨਾ ਕਿਸੇ ਵਿਤਕਰੇ ਦੇ ਹਰ ਇੱਕ ਨਾਗਰਿਕ ਨੂੰ ਪੈਨਸ਼ਨ, ਖਾਧ ਖੁਰਾਕ, ਸਿਹਤ ਸਹੂਲਤ ਸਰਕਾਰਾਂ ਵਲੋਂ ਦਿੱਤੀਆਂ ਜਾਂਦੀਆਂ ਹਨ। ਪੂਰਨ ਸਹੂਲਤਾਂ ਸੰਪਨ ਓਲਡ ਹੋਮ ਬਣੇ ਹੋਏ ਹਨ ਜਿਥੇ ਨਾ ਸਾਂਭੇ ਜਾਣ ਵਾਲੇ ਬਜ਼ੁਰਗਾਂ ਨੂੰ ਬੁਢਾਪੇ ਤੇ ਬਿਮਾਰੀ ਦੀ ਹਾਲਤ ਵਿਚ ਘਰ ਵਰਗੀਆਂ ਸੁਵਿਧਾਵਾਂ ਦੇ ਕੇ ਸੰਭਾਲਿਆ ਜਾਂਦਾ ਹੈ। ਬੱਚਿਆਂ ਦੀ ਮਰਜੀ ਹੈ ਕਿ ਉਹ ਆਪੋ ਆਪਣੇ ਕੰਮ ਕਾਰ ਮੁਤਾਬਕ ਹਰ ਰੋਜ ਜਾਂ ਵੀਕ ਐਂਡ ‘ਤੇ ਜਾ ਕੇ ਦੇਖ ਸਕਦੇ ਹਨ। ਇਸ ਨਾਲ ਨੌਜੁਆਨ ਬੱਚੇ ਕੰਮ ਕਰ ਸਕਦੇ ਹਨ ਤੇ ਬਜ਼ੁਰਗ ਵੀ ਅਣਗੌਲਿਆਂ ਨਹੀਂ ਰਹਿੰਦੇ, ਪਖੰਡ ਤਾਂ ਨਹੀਂ। ਨਾ ਆਪ ਸਾਂਭਣਾ ਨਾ ਸਰਕਾਰੀ ਅਦਾਰੇ ਨੂੰ ਸਾਂਭਣ ਦੇਣਾ। ਸਾਡੇ ਤਾਂ ਇਹ ਬਿਰਧ ਆਸ਼ਰਮ ਵੀ ਨਾਮ ਨਿਹਾਦ ਨੇ, ਤੇ ਪੈਸੇ ਵਾਲੇ ਦੀ ਤੂਤੀ ਬੋਲਦੀ ਹੈ। ਕਿਉਂਕਿ ਇਹ ਦਾਨ ਨਾਲ ਹੀ ਚਲਦੇ ਹਨ, ਸਰਕਾਰਾਂ ਦਾ ਇਧਰ ਬਹੁਤਾ ਧਿਆਨ ਨਹੀਂ।
ਗੰਗਾ-ਜਮਨੀ ਤਹਿਜੀਬ ਦਾ ਮਰਿਆਦਤ ਦੇਸ਼ ਆਪਣੀਆਂ ਹੀ ਪਰੰਪਰਾਵਾਂ ਤੋਂ ਬੇਮੁਖ ਹੈ। ਮਾਂ ਨੂੰ ਰੱਬ ਪਿਛੋਂ ਦੂਜੀ ਥਾਂ ਦੇਣ ਵਾਲਾ ਦੇਸ਼ ਅੱਜ ਕਿਧਰ ਨੂੰ ਜਾ ਰਿਹਾ ਹੈ? ਪਸੂਆਂ ਤੋਂ ਵੀ ਵੱਧ ਦੁਰਦਸ਼ਾ ਹੈ, ਮਾਂਵਾਂ ਦੀ। ਲੋੜਾਂ ਥੁੜ੍ਹਾਂ ਦੇ ਮਾਰੇ ਮਾਪੇ ਪੰਜ ਪੰਜ ਬੱਚਿਆਂ ਨੂੰ ਬੜੇ ਚਾਅ ਨਾਲ ਪਾਲਦੇ ਹਨ ਪਰ ਪੰਜ ਬੱਚੇ ਰਲ ਕੇ ਇੱਕ ਮਾਂ ਨੂੰ ਨਹੀਂ ਸਾਂਭ ਸਕਦੇ। ਇਥੋਂ ਤਕ ਕਿ ਕਈ ਵਾਰੀ ਤਾਂ ਮਾਪਿਆਂ ਨੂੰ ਸਾਂਭਣ ਦੇ ਨਾਂ ‘ਤੇ ਕਈ ਆਰਜੀ ਪ੍ਰਬੰਧ ਕੀਤੇ ਜਾਂਦੇ ਹਨ। ਉਹ ਮਾਂ ਬਾਪ ਨੂੰ ਵੀ ਵੰਡ ਲੈਂਦੇ ਹਨ ਤੇ ਕਈ ਵਾਰੀ ਮਹੀਨਾ ਏਧਰ, ਮਹੀਨਾ ਉਧਰ ਉਨ੍ਹਾਂ ਦੀ ਰੋਟੀ ਦਾ ਪ੍ਰਬੰਧ ਕਰਕੇ Ḕਸੇਵਾ ਕਰਨḔ ਦਾ ਭਰਮ ਪਾਲਦੇ ਹਨ। ਬੁਢਾਪੇ ਵਿਚ ਬਜ਼ੁਰਗ ਇੱਕ ਦੂਜੇ ਨਾਲ ਦੁਖ ਸੁਖ ਕਰਨ ਤੋਂ ਵੀ ਵਾਂਝੇ ਰਹਿ ਜਾਂਦੇ ਹਨ।
ਨਿੱਤ ਅਜਿਹੇ ਕਿੱਸੇ ਘਟਨਾਵਾਂ ਸਾਨੂੰ ਪੜ੍ਹਨ-ਲਿਖਣ ਨੂੰ ਮਿਲ ਰਹੇ ਹਨ ਪਰ ਪੰਜਾਬੀ ਸਮਾਜ ਹੋਰ ਵੀ ਨਿਘਾਰ ਵੱਲ ਜਾਈ ਜਾਂਦਾ ਹੈ ਤੇ ਆਪਣੇ ਸੀਨੀਅਰ (ਮਾਪਿਆਂ ਦੀ ਸੇਵਾ ਸੰਭਾਲ) ਨੂੰ ਲੈ ਕੇ ਲਗਾਤਾਰ ਕਟਹਿਰੇ ਵਿਚ ਹੈ। ਅਜਿਹੇ ਹਾਲਾਤ ਵਿਚ ਲਾਡਾਂ ਚਾਵਾਂ ਨਾਲ ਪਾਲੇ ਇਨ੍ਹਾਂ ਢਿੱਡ ਦੀਆਂ ਆਂਦਰਾਂ ਨੂੰ ਬੇਵੱਸ ਮਾਂਵਾਂ ਦੁਰਅਸੀਸ ਤਾਂ ਨਹੀਂ ਦੇ ਸਕਦੀਆਂ ਪਰ ਅੰਤਰ ਆਤਮਾ ਵਿਚੋਂ ਅਸੀਸ ਵੀ ਨਹੀਂ ਨਿਕਲਦੀ। ਗਲੋਬਲਾਈਜੇਸ਼ਨ ਕਰਕੇ ਦੁਨੀਆਂ ਸੁੰਗੜ ਰਹੀ ਹੈ ਤੇ ਜਾਣਕਾਰੀ ਦੇ ਸਾਧਨ ਵਧ ਰਹੇ ਹਨ। ਲੋੜ ਹੈ, ਉਥੋਂ ਉਸਾਰੂ ਸੇਧ ਲੈਣ ਦੀ। ਦੁਨੀਆਂ ਵਿਚ ਯਹੂਦੀ ਜੋ ਹਿਟਲਰ ਵਲੋਂ ਭੱਠੀਆਂ ਵਿਚ ਸਾੜੇ ਗਏ, ਆਪਣਾ ਦੇਸ਼ ਵੀ ਨਹੀਂ ਸੀ, ਸਾਰੀ ਉਮਰ ਹੋ ਗਈ ਲੜਦਿਆਂ ਨੂੰ ਪਰ Ḕਵਿਚਾਰਾਂ ਦੀ ਅਮੀਰੀḔ ਨਾਲ ਅੱਜ ਵੀ ਉਸ ਨੂੰ Ḕਮੋਹਰੀ ਕੌਮḔ ਦਾ ਦਰਜਾ ਹਾਸਲ ਹੈ।
ਹੋਰ ਨਿਘਾਰਾਂ ਦੇ ਨਾਲ ਨਾਲ ਅਸੀਂ ਨੈਤਿਕ, ਸਮਾਜਕ, ਸਭਿਆਚਾਰਕ ਕਦਰਾਂ ਕੀਮਤਾਂ ਤੋਂ ਪਾਸਾ ਵੱਟੀ ਖੜੋਤੇ ਹਾਂ। ਬਜ਼ੁਰਗ ਘਰ ਸਮਾਜ ਦਾ ਸਰਮਾਇਆ ਹਨ ਪਰ ਇਸ ਆਪੋ ਧਾਪੀ ਦੇ ਯੁੱਗ ਵਿਚ ਕਿਸ ਨੂੰ ਪਰਵਾਹ ਹੈ? ਸਗੋਂ ਦਕੀਆਨੂਸੀ ਵਿਚਾਰਧਾਰਾ ਦੱਸ ਕੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਜਾਂਦਾ ਹੈ। ਲੋੜ ਹੈ, ਪੰਜਾਬੀ ਸਮਾਜ ਨੂੰ ਆਪਣੇ ਆਪੇ ਵੱਲ ਮੋੜਨ ਦੀ, ਨਾ ਕਿ ਅੰਨੀ ਹੋੜ ਵਿਚ ਪਿਛਲੱਗ ਬਣ ਕੇ ਆਪਣੇ ਅਮੀਰ ਵਿਰਸੇ ਤੋਂ ਮੁਖ ਮੋੜਨ ਦੀ।