ਬਿਹਾਰ: ਨਵੀਂ ਕੈਬਨਿਟ ‘ਚ ਦਾਗੀ ਵੱਧ

ਨਵੀਂ ਦਿੱਲੀ: ਬਿਹਾਰ ਦੇ ਆਰæਜੇæਡੀæ ਨੇਤਾ ਤੇਜਸਵੀ ਯਾਦਵ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸੂਬੇ ਵਿਚ ਮਹਾਗਠਜੋੜ ਨਾਲੋਂ ਸਬੰਧ ਤੋੜਨ ਵਾਲੇ ਨਿਤੀਸ਼ ਕੁਮਾਰ ਦੇ ਨਵੇਂ ਮੰਤਰੀਆਂ ਬਾਰੇ ਅਹਿਮ ਖੁਲਾਸਾ ਹੋਇਆ ਹੈ।

ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ ਦਾ ਅਕਸ ਵੀ ਸਾਫ-ਸੁਥਰਾ ਨਹੀਂ ਹੈ। ਜੇæਡੀæਯੂæ-ਬੀæ ਜੇæਪੀæ ਗੱਠਜੋੜ ਦੀ ਨਵੀਂ ਸਰਕਾਰ ‘ਚ ਦਾਗੀ ਮੰਤਰੀਆਂ ਦੀ ਗਿਣਤੀ ਪਿਛਲੇ ਮਹਾਗਠਜੋੜ ਤੋਂ ਕਿਤੇ ਜ਼ਿਆਦਾ ਹੈ। ਇਨ੍ਹਾਂ ਮੰਤਰੀਆਂ/ਵਿਧਾਇਕਾਂ ਨੇ ਆਪਣੇ ਚੋਣ ਹਲਫਨਾਮਿਆਂ ਵਿਚ ਖੁਦ ‘ਤੇ ਦਰਜ ਅਪਰਾਧਕ ਮਾਮਲਿਆਂ ਦਾ ਵੇਰਵਾ ਦਿੱਤਾ ਹੈ। ਇਨ੍ਹਾਂ ਉਤੇ ਹੱਤਿਆ ਦੀ ਕੋਸ਼ਿਸ਼ ਤੋਂ ਲੈ ਕੇ ਚੋਰੀ, ਲੁੱਟ-ਖੋਹ, ਧੋਖਾਧੜੀ ਅਤੇ ਔਰਤਾਂ ਖਿਲਾਫ਼ ਹਿੰਸਾ ਵਰਗੇ ਗੰਭੀਰ ਮਾਮਲੇ ਵੀ ਦਰਜ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏæਡੀæਆਰ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਿਤੀਸ਼ ਕੁਮਾਰ ਦੀ ਕੈਬਨਿਟ ਵਿਚ 76 ਫੀਸਦੀ ਮੰਤਰੀਆਂ ਖਿਲਾਫ਼ ਅਪਰਾਧਕ ਮਾਮਲੇ ਦਰਜ ਹਨ। ਏæਡੀæਆਰæ ਦੀ ਰਿਪੋਰਟ ਅਨੁਸਾਰ ਨਿਤੀਸ਼ ਦੀ ਨਵੀਂ ਕੈਬਨਿਟ ਦੇ 29 ਵਿਚੋਂ 22 ਮੰਤਰੀ (76 ਫੀਸਦੀ) ਅਪਰਾਧਕ ਮਾਮਲਿਆਂ ‘ਚ ਨਾਮਜ਼ਦ ਹਨ।
_________________________________
ਬਿਹਾਰ ‘ਚ ਸੱਤਾ ਹੱਥ ਆਉਂਦਿਆਂ ਹੀ ਚਾਂਭਲੇ ਗਊ ਰਾਖੇ
ਭੋਜਪੁਰ: ਨਿਤੀਸ਼ ਕੁਮਾਰ ਨਾਲ ਮਿਲ ਕੇ ਭਾਜਪਾ ਦੇ ਸੱਤਾ ਵਿਚ ਆਉਂਦਿਆਂ ਹੀ ਗਊ ਰਾਖਿਆਂ ਦੀ ਗੁੰਡਾਗਰਦੀ ਸ਼ੁਰੂ ਹੋ ਗਈ ਹੈ। ਸੂਬੇ ਦੇ ਭੋਜਪੁਰ ਜ਼ਿਲ੍ਹੇ ਵਿਚ ਗਾਂ ਦਾ ਮਾਸ ਲਿਜਾ ਰਹੇ ਤਿੰਨ ਲੋਕਾਂ ਦੀ ਗਾਊ ਰਾਖਿਆਂ ਨੇ ਮਾਰ-ਕੁਟਾਈ ਕੀਤੀ। ਦਰਅਸਲ, ਪਿਛਲੇ ਕਈ ਮਹੀਨਿਆਂ ਤੋਂ ਭੋਜਪੁਰ ਜ਼ਿਲ੍ਹੇ ਦੇ ਸ਼ਾਹਪੁਰ ਥਾਣੇ ਅਧੀਨ ਰਾਣੀ ਸਾਗਰ ਵਿਚ ਚੱਲ ਰਹੇ ਗੈਰ ਕਾਨੂੰਨੀ ਬੁੱਚੜਖਾਨੇ ਵਿਚ ਬੀਫ ਦੀ ਸਪਲਾਈ ਹੋ ਰਹੀ ਸੀ। ਕੁਝ ਗਊ ਰਾਖਿਆਂ ਨੇ ਇਕ ਟਰੱਕ ਮਾਸ ਦਾ ਫੜ ਲਿਆ। ਉਨ੍ਹਾਂ ਨੇ ਤਿੰਨ ਨੌਜਵਾਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਗਾਊ ਰਾਖਿਆਂ ਨੇ ਪੂਰੀ ਤਸੱਲੀ ਕਰਨ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੇ ਨੰਬਰ ਵਾਲੇ ਟਰੱਕ ਵਿਚ ਪਾਬੰਦੀਸ਼ੁਦਾ ਮਾਸ ਲੱਦਿਆ ਹੋਇਆ ਸੀ।