ਆਲਮੀ ਤਪਸ਼ ਦਾ ਖਾਣ ਪੀਣ ‘ਤੇ ਵੀ ਮਾਰੂ ਅਸਰ

ਬੋਸਟਨ: ਮਨੁੱਖੀ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੀ ਕਾਰਬਨ ਡਾਈਆਕਸਾਈਡ ਨਾਲ ਚੌਲ, ਕਣਕ ਤੇ ਹੋਰਨਾਂ ਮੁੱਖ ਅਨਾਜਾਂ ਦੀ ਪੋਸ਼ਟਿਕਤਾ ‘ਚ ਕਮੀ ਆਉਣ ਕਾਰਨ ਸਾਲ 2050 ਤੱਕ ਭਾਰਤ ਵਿਚ 5 ਕਰੋੜ 30 ਲੱਖ ਲੋਕਾਂ ਵਿਚ ਪ੍ਰੋਟੀਨ ਦੀ ਕਮੀ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ।

ਅਮਰੀਕਾ ਦੇ ਹਾਰਵਰਡ ਟੀæਐਚæ ਚਾਨ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਰਤਾਵਾਂ ਵੱਲੋਂ ਕੀਤੀ ਖੋਜ ਅਨੁਸਾਰ ਜੇਕਰ ਕਾਰਬਨ ਡਾਈਆਕਸਾਈਡ ਦਾ ਪੱਧਰ ਇਸ ਤਰ੍ਹਾਂ ਵਧਦਾ ਰਿਹਾ ਤਾਂ ਸਾਲ 2050 ਤੱਕ 18 ਦੇਸ਼ਾਂ ਦੀ ਆਬਾਦੀ ਦੇ ਭੋਜਨ ‘ਚ 5 ਫੀਸਦੀ ਤੋਂ ਜ਼ਿਆਦਾ ਪ੍ਰੋਟੀਨ ਦੀ ਕਮੀ ਹੋ ਸਕਦੀ ਹੈ। ਵਾਤਾਵਰਨ ‘ਚ ਕਾਰਬਨ ਡਾਈਆਕਸਾਈਡ ਦੇ ਵਧਦੇ ਪੱਧਰ ਕਾਰਨ 15 ਕਰੋੜ ਤੋਂ ਵੱਧ ਲੋਕਾਂ ਵਿਚ ਪ੍ਰੋਟੀਨ ਦੀ ਕਮੀ ਦਾ ਖਤਰਾ ਪੈਦਾ ਹੋ ਸਕਦਾ ਹੈ।
ਹਾਰਵਰਡ ਦੇ ਸੀਨੀਅਰ ਖੋਜਕਰਤਾ ਸੈਮੂਅਲ ਮਾਇਰਸ ਨੇ ਕਿਹਾ ਕਿ ਇਹ ਖੋਜ ਖਤਰੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਨੂੰ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਉਹ ਆਪਣੀ ਆਬਾਦੀ ਦੀ ਆਹਾਰ ਸਮੱਗਰੀ ਦੀ ਪੂਰਤੀ ਦੀ ਨਿਗਰਾਨੀ ਕਰੇ। ਜ਼ਿਕਰਯੋਗ ਹੈ ਕਿ ਵਿਸ਼ਵ ਦੀ 76 ਫੀਸਦੀ ਆਬਾਦੀ ਆਪਣੀ ਰੋਜ਼ਾਨਾ ਦੀ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੌਦਿਆਂ ਤੋਂ ਪੂਰਾ ਕਰਦੀ ਹੈ।
_______________________________
2050: ਤਿੰਨ ਗੁਣਾ ਵਧ ਜਾਏਗੀ ਨੇਤਰਹੀਣਾਂ ਦੀ ਗਿਣਤੀ
ਲੰਡਨ: ਇਕ ਬਰਤਾਨਵੀ ਯੂਨੀਵਰਸਿਟੀ ਵੱਲੋਂ ਕੀਤੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2050 ਤੱਕ ਬਜ਼ੁਰਗਾਂ ਦੀ ਵਧਦੀ ਗਿਣਤੀ ਕਾਰਨ ਵਿਸ਼ਵ ਵਿਚ ਨੇਤਰਹੀਣਾਂ ਦੀ ਗਿਣਤੀ ਹੁਣ ਨਾਲੋਂ ਤਿੰਨ ਗੁਣਾ ਵਧ ਕੇ 11æ5 ਕਰੋੜ ਹੋ ਜਾਵੇਗੀ। ਇਸ ਵੇਲੇ ਇਹ ਗਿਣਤੀ 3æ6 ਕਰੋੜ ਹੈ। ਬਰਤਾਨੀਆ ਦੀ ਐਂਜੀਲਾ ਰਸਕਿਨ ਯੂਨੀਵਰਸਿਟੀ ਦੇ ਖੋਜਾਰਥੀਆਂ ਵੱਲੋਂ ਸੰਨ 1990 ਤੋਂ ਲੈ ਕੇ 2015 ਤੱਕ ਨੇਤਰਹੀਣਾਂ ਤੇ ਅੱਖਾਂ ਦੀਆਂ ਸਮੱਸਿਆਵਾਂ ਨਾਲ ਜੂਝਣ ਵਾਲੇ 188 ਦੇਸ਼ਾਂ ਦੇ ਲੋਕਾਂ ਸਬੰਧੀ ਅਧਿਐਨ ਕੀਤਾ ਗਿਆ ਹੈ। ਇਹ ਅਧਿਐਨ ਰਿਪੋਰਟ ‘ਦਿ ਲੈਨਸੈੱਟ ਗਲੋਬਲ ਹੈੱਲਥ ਜਰਨਲ’ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਪਹਿਲੀ ਵਾਰ ਪ੍ਰੈੱਸਬਾਇਓਪੀਆ ਬਾਰੇ ਅੰਕੜੇ ਪ੍ਰਕਾਸ਼ਿਤ ਕੀਤੇ ਗਏ ਹਨ। ਵਧਦੀ ਉਮਰ ਨਾਲ ਮਨੁੱਖ ਦੀ ਪੜ੍ਹਨ ਦੀ ਸਮਰੱਥਾ ਘਟਣ ਨੂੰ ਪ੍ਰੈੱਸਬਾਇਓਪੀਆ ਕਿਹਾ ਜਾਂਦਾ ਹੈ।