ਭਾਰਤੀ ਹੁਨਰਮੰਦਾਂ ਲਈ ਫਾਇਦੇਮੰਦ ਹੋਵੇਗਾ ਨਵਾਂ ਟਰੰਪ ਫਾਰਮੂਲਾ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਕਾਨੂੰਨ ਦਾ ਸਮਰਥਨ ਕੀਤਾ ਹੈ ਜਿਸ ਨਾਲ ਦੇਸ਼ ਵਿਚ ਕਾਨੂੰਨੀ ਪਰਵਾਸੀਆਂ ਦੀ ਗਿਣਤੀ ਵਿਚ ਕਾਫੀ ਕਟੌਤੀ ਹੋਵੇਗੀ ਤੇ ਮੈਰਿਟ-ਆਧਾਰਤ ਵੀਜ਼ਾ ਯੋਜਨਾ ਲਾਗੂ ਹੋਵੇਗੀ। ਮੰਨਿਆ ਜਾਂਦਾ ਹੈ ਕਿ ਇਹ ਭਾਰਤ ਜਿਹੇ ਦੇਸ਼ਾਂ ਦੇ ਉਚ-ਸਿੱਖਿਅਤ ਤੇ ਤਕਨੀਕੀ ਪੇਸ਼ੇਵਰਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਨਵਾਂ ਕਾਨੂੰਨ ਅਮਰੀਕਾ ਵਿਚ ਪਰਵਾਸ ਕਰਨ ਲਈ ਵਰਤਮਾਨ ਲਾਟਰੀ ਪ੍ਰਣਾਲੀ ਦੀ ਥਾਂ ‘ਤੇ ਗ੍ਰੀਨ ਕਾਰਡ ਹਾਸਲ ਕਰਨ ਲਈ ਇਕ ਅੰਕ ਆਧਾਰਤ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ।

ਇਸ ਪ੍ਰਣਾਲੀ ਤਹਿਤ ਅੰਗਰੇਜ਼ੀ ਭਾਸ਼ਾ ਵਿਚ ਕੁਸ਼ਲਤਾ, ਸਿੱਖਿਆ, ਉਚ-ਮਿਹਨਤਾਨੇ ਵਾਲੀ ਨੌਕਰੀ ਦੀ ਪੇਸ਼ਕਸ਼ ਤੇ ਉਮਰ ਆਦਿ ਕਾਰਕਾਂ ਨੂੰ ਅੰਕਾਂ ਦੇ ਰੂਪ ਵਿਚ ਵੰਡਿਆ ਜਾਵੇਗਾ, ਜਿਨ੍ਹਾਂ ਦਾ ਜੋੜ ਕਰ ਕੇ ਮੈਰਿਟ ਬਣਾਈ ਜਾਵੇਗੀ। ਜੇਕਰ ਇਹ ਕਾਨੂੰਨ ਕਾਂਗਰਸ ਵੱਲੋਂ ਪਾਸ ਕੀਤਾ ਜਾਂਦਾ ਹੈ ਤਾਂ ਭਾਰਤ ਵਰਗੇ ਦੇਸ਼ਾਂ ਦੇ ਉਚ-ਸਿੱਖਿਅਤ ਲੋਕਾਂ ਅਤੇ ਤਕਨੀਕੀ ਪੇਸ਼ੇਵਰਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਕਾਨੂੰਨ ਨਾਲ ਚੇਨ-ਮਾਇਗ੍ਰੇਸ਼ਨ ਖਤਮ ਕਰ ਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਇਕ ਨਵੇਂ ਅੰਕ-ਆਧਾਰਤ ਸਿਸਟਮ ਦੇ ਨਾਲ ਪੁਰਾਣੇ ਸਿਸਟਮ ਨੂੰ ਬਦਲ ਦਿੱਤਾ ਜਾਵੇਗਾ।
_________________________________
ਅਮਰੀਕੀ ਮਾਹਰ ਕੰਮਕਾਜੀ ਵੀਜ਼ਿਆਂ ਬਾਰੇ ਫਿਕਰਮੰਦ
ਵਾਸ਼ਿੰਗਟਨ: ਕਾਨੂੰਨੀ ਮਾਹਰਾਂ ਦੇ ਦੋ ਗਰੁੱਪਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਸੰਸਦ ਦੇ ਦੋਵੇਂ ਸਦਨਾਂ ਵਿਚ ਐਚ-1ਬੀ ਤੇ ਐਲ-1 ਵੀਜ਼ਾ ਖਤਮ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਬਾਹਰੋਂ ਆਉਂਦੇ ਲੋਕਾਂ ਨਾਲ ਦੇਸ਼ ਦੀਆਂ ਨੌਕਰੀਆਂ ‘ਤੇ ਵੱਡਾ ਅਸਰ ਪੈਂਦਾ ਹੈ। ਐਚ-1 ਬੀ ਵੀਜ਼ੇ ਨੇ ਅਮਰੀਕਾ ਦੇ ਮਜ਼ਦੂਰਾਂ ਦੇ ਕੰਮ ‘ਤੇ ਵੱਡਾ ਅਸਰ ਪਾਇਆ ਹੈ ਕਿਉਂਕਿ ਇਸ ਨਾਲ ਵਿਦੇਸ਼ਾਂ ਤੋਂ ਬਹੁਤ ਸਸਤੀ ਲੇਬਰ ਮਿਲ ਜਾਂਦੀ ਹੈ। ਇਸ ਵੀਜ਼ੇ ‘ਚ ਸੁਧਾਰ ਕਰਨ ਦੀ ਲੋੜ ਹੈ ਤਾਂ ਕਿ ਸਥਾਨਕ ਲੇਬਰ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਅਨੁਸਾਰ ਕੰਪਨੀਆਂ ਵੱਲੋਂ ਹਾਈ ਸਕਿੱਲ ਨੌਕਰੀਆਂ ਵੀ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਵੀਜ਼ੇ ਦੇ ਕਾਨੂੰਨ ‘ਚ ਸੁਧਾਰ ਹੋਣ ਦੇ ਨਾਲ-ਨਾਲ ਜਿਥੇ ਵਰਕਰਾਂ ਦੇ ਹਿੱਤ ਸੁਰੱਖਿਅਤ ਹੋਣਗੇ, ਉਥੇ ਦੇਸ਼ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਇਸ ਖ਼ਿਲਾਫ ਬਿੱਲ ਲਿਆਉਣ ਲਈ ਸਦਨ ਦੇ ਕਈ ਲੀਡਰਾਂ ਨੇ ਦਸਤਖਤ ਕੀਤੇ ਹਨ। ਇਸ ‘ਚ ਪਾਰਦਰਸ਼ਤਾ ਲਿਆਉਣ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਵੀ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਦੇ ਲੋਕਾਂ ਨੂੰ ਨੌਕਰੀਆਂ ‘ਚ ਤਰਜੀਹ ਮਿਲੇਗੀ ਤਾਂ ਇਥੋਂ ਦੇ ਵਰਕਰਾਂ ਦਾ ਦੇਸ਼ ਦੀ ਵਿਵਸਥਾ ‘ਚ ਵਿਸ਼ਵਾਸ ਵਧੇਗਾ।
______________________
ਅਮਰੀਕਾ ਵੱਸਣ ਲਈ ਭਾਰਤੀ ਸਭ ਤੋਂ ਵੱਧ ਕਾਹਲੇ
ਵਾਸ਼ਿੰਗਟਨ: ਪਿਛਲੇ 11 ਸਾਲਾਂ ਵਿਚ 21 ਲੱਖ ਤੋਂ ਜ਼ਿਆਦਾ ਪੇਸ਼ੇਵਰ ਭਾਰਤੀਆਂ ਨੇ ਐਚ-1 ਬੀ ਵਰਕ ਵੀਜ਼ਾ ਲਈ ਅਪਲਾਈ ਕੀਤਾ ਹੈ। ਅਮਰੀਕੀ ਨਾਗਰਿਕਤਾ ਤੇ ਪਰਵਾਸ ਸੇਵਾ (ਯੂæਐਸ਼ਸੀæਆਈæਐਸ਼) ਦੀ ਰਿਪੋਰਟ ਨੇ ਵੀ ਇਸ ਧਾਰਨਾ ਨੂੰ ਖਾਰਜ ਕਰ ਦਿੱਤਾ ਹੈ ਕਿ ਜੋ ਲੋਕ ਵੀਜ਼ੇ ਲਈ ਅਪਲਾਈ ਕਰਦੇ ਹਨ, ਉਚ ਯੋਗਤਾ ਹਾਸਲ ਨਹੀਂ ਹਨ। ਪਿਛਲੇ 11 ਸਾਲਾਂ ਵਿਚ ਵਰਕ ਵੀਜ਼ਾ ਧਾਰਕਾਂ ਨੇ ਔਸਤਨ 92,317 ਡਾਲਰ ਤਨਖਾਹ ਵਜੋਂ ਪ੍ਰਾਪਤ ਕੀਤੇ ਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਵਿਦਿਅਕ ਯੋਗਤਾ ਮਾਸਟਰ ਜਾਂ ਬੈਚੂਲਰ ਡਿਗਰੀ ਹੈ।
ਰਿਪੋਰਟ ਅਨੁਸਾਰ 2007 ਤੋਂ ਲੈ ਕੇ ਇਸ ਸਾਲ ਜੂਨ ਤੱਕ, ਯੂæਐਸ਼ਸੀæਆਈæਐਸ਼ ਨੂੰ 34 ਲੱਖ ਐਚ-1 ਬੀ ਵੀਜ਼ਾ ਲਈ ਬਿਨੈ ਪੱਤਰ ਪ੍ਰਾਪਤ ਹੋਏ, ਜਿਨ੍ਹਾਂ ਵਿਚੋਂ ਸਭ ਤੋਂ ਵੱਧ, 21 ਲੱਖ ਭਾਰਤੀ ਸਨ। ਭਾਰਤੀਆਂ ਤੋਂ ਬਾਅਦ ਚੀਨ ਤੇ ਫਿਲੀਪੀਨ ਦੇ ਲੋਕਾਂ ਨੇ ਵੀ ਅਮਰੀਕਾ ਜਾਣ ਵਿਚ ਕਾਫੀ ਰੁਚੀ ਵਿਖਾਈ। ਕੈਨੇਡਾ ਦੇ ਲੋਕਾਂ ਨੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਇਸ ਵੀਜ਼ੇ ਵਿਚ ਖਾਸ ਦਿਲਚਸਪੀ ਨਹੀਂ ਵਿਖਾਈ। ਇਸ ਲਈ ਸਿਰਫ 68 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਸੀ। ਇਸ ਸਮੇਂ ਦੌਰਾਨ ਅਮਰੀਕਾ ਨੇ 34 ਲੱਖ ਵਿਚੋਂ 26 ਲੱਖ ਲੋਕਾਂ ਨੂੰ ਐਚ-1 ਬੀ ਵਰਕ ਵੀਜ਼ਾ ਜਾਰੀ ਕੀਤਾ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 23 ਲੱਖ ਨੌਜਵਾਨਾਂ ਨੂੰ ਐਚ-1 ਬੀ ਵੀਜ਼ਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਉਮਰ 25-34 ਸਾਲ ਦੇ ਦਰਮਿਆਨ ਹੈ। ਇਨ੍ਹਾਂ ਵਿਚ 20 ਲੱਖ ਵੀਜ਼ਾ ਹਾਸਲ ਕਰਨ ਵਾਲੇ ਕੰਪਿਊਟਰ ਪੇਸ਼ੇ ਨਾਲ ਜੁੜੇ ਹੋਏ ਹਨ ਤੇ ਇੰਜੀਨੀਅਰਿੰਗ ਪੇਸ਼ੇ ਦੇ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਵੀਜ਼ਾ ਮਿਲਿਆ ਸੀ।