ਪਿਆਰ ਕਸਤੂਰੀ ਵਰਗੀ ਪੁਸਤਕ ‘ਅਕੱਥ ਕਹਾਣੀ ਪ੍ਰੇਮ ਕੀ’

‘ਅਕੱਥ ਕਹਾਣੀ ਪ੍ਰੇਮ ਕੀ’ ਇਹ ਸਿਰਲੇਖ ਕੁੱਜੇ ‘ਚ ਸਮੁੰਦਰ ਵਾਂਗ ਹੈ। ਉਵੇਂ ਹੀ, ਜਿਵੇਂ ਕਰਮਜੀਤ ਸਿੰਘ ਦਾ ਐਮ.ਏ. ‘ਚ ਲਿਖਿਆ ਡੇਢ ਸਫੇ ਦਾ ਨਿਬੰਧ 74% ਲੈ ਕੇ ਅੱਵਲ ਆਇਆ ਸੀ। ਇਹ ਕਹਾਣੀ ਇਕ ਯੂਨੀਵਰਸਲ ਪ੍ਰੇਮ ਗਾਥਾ ਬਣੀ ਹੈ। ਜੁਗਾਂ ਤੇ ਸਰਹੱਦਾਂ ਤੋਂ ਪਰੇ ਦੀ ਹੋ ਕੇ ਵਲੇਵਾਂ ਪਾਉਂਦੀ ਹੈ। ਅਕਥ ਜ਼ਰੂਰ ਸੀ ਹੁਣ ਤਕ, ਪਰ ਪ੍ਰਿਤਪਾਲ ਕੌਰ ਨੇ ਜਿਸ ਪਿਆਰ, ਸਤਿਕਾਰ ਤੇ ਨਿੱਘ ਨਾਲ ਇਸ ਨੂੰ ਉਲੀਕਿਆ ਹੈ, ਇਹ ਕਥਾ ਹੁਣ ਉਮਰਾਂ ਤੱਕ ਬੋਲੇਗੀ, ਗੂੰਜੇਗੀ। ਕੇਵਲ ਕਹਾਣੀ ਨਹੀਂ, ਇਹ ਤਾਂ ਮੈਨੂਅਲ ਹੈ ਜ਼ਿੰਦਗੀ ਜਿਉਣ ਦਾ।

ਇੱਕ ਇੱਕ ਲਫਜ਼, ਇਕ ਇਕ ਵਾਕਿਆ, ਹਰ ਹੱਡ ਬੀਤੀ-ਸਾਡੇ ਲਈ ਜਿਉਣ ਦੀ ਰਾਹ ਲਈ ਪਾਏ ਪੂਰਨੇ ਹਨ। ਪੰਜਾਬੀ ਸਾਹਿਤ ਨੂੰ ਇਹ ਦੇਣ ਅਣਮੁੱਲੀ ਹੈ। ਆਪਣਾ ਆਪ ਸਮੇਟ ਕੇ, ਹਰਫਾਂ ‘ਚ ਪਰੋ ਕੇ ਸਰੋਤਿਆਂ ਨਾਲ ਸਾਂਝਾ ਕਰਨਾ ਕੋਈ ਮਾਮੂਲੀ ਕਾਰਜ ਨਹੀਂ ਹੈ|
ਜੋ ਪਿਆਰ, ਜੋ ਸਤਿਕਾਰ ਤੇ ਨਿਰਸਵਾਰਥ ਮੋਹ ਇਸ ਦੰਪਤੀ ਨੇ ਜੀਵਿਆ ਹੈ, ਉਹ ਚਾਨਣ ਮੁਨਾਰਾ ਹੈ ਸਾਡੀ ਪੀੜ੍ਹੀ ਲਈ ਅਤੇ ਅਗਲੀ ਤੇ ਅਗਲੇਰੀ ਪੀੜ੍ਹੀ ਲਈ। ਜੀਵਨ ਜਾਚ ਹੈ ਸੰਪੂਰਨ ਸਮਰਪਣ ਦੀ। ਅਹੰ ਤਾਂ ਬਹੁਤ ਸੌਖਾ ਹੈ ਨਿਭਾਉਣਾ। ਕੋਈ ਇੰਨੀ ਹਲੀਮੀ ਨਿਭਾ ਕੇ ਨਿਤਰੇ ਤਾਂ ਉਸ ਵੱਲ ਸਿਜਦਾ ਸੁਭਾਵਕ ਹੀ ਹੋ ਜਾਂਦਾ ਹੈ| ਪ੍ਰਿਤਪਾਲ ਕੌਰ ਨੇ ਇਹ ਪਿਆਰ ਕਸਤੂਰੀ ਵਾਂਗ ਸਾਂਭ ਕੇ ਰੱਖਿਆ ਹੈ| ਇਸ ਕਸਤੂਰੀ ਦੀ ਮਹਿਕ ਤੇ ਲੋਅ ਉਨ੍ਹਾਂ ਦੀ ਲਿਖਤ ਵਿਚੋਂ ਸਾਫ ਝਲਕਦੀ ਹੈ। ਇਸੇ ਦੀ ਮਹਿਕ ਉਨ੍ਹਾਂ ਦੀ ਸ਼ਖਸੀਅਤ ‘ਚੋਂ ਰੁਮਕਦੀ ਹੈ, ਠੰਡੀ ਪੌਣ ਵਾਂਗ। ਜੋ ਵੀ ਸੰਪਰਕ ‘ਚ ਆਉਂਦਾ ਹੈ, ਉਸ ਨੂੰ ਇਹ ਸੌਗਾਤ ਨਸੀਬ ਹੁੰਦੀ ਹੈ, ਭਰਿਆ ਜਾਂਦਾ ਹੈ ਹਰ ਮਨੁੱਖ ਇਸ ਅਣਮੁੱਲੀ ਦਾਤ ਨਾਲ।
ਕਰਮਜੀਤ ਸਿੰਘ ਦੀ ਮਿੱਠੀ ਰੇਸ਼ਮੀ ਆਵਾਜ਼ ਸੁਣਦੀ ਹੈ, ਇਸ ਲਿਖਤ ਵਿਚੋਂ। ਬੱਸ ਹੌਲੀ ਹੌਲੀ ਇਹ ਰੇਸ਼ਮ ਦੀ ਤੰਦ ਸੰਦੂਕ ਵਿਚੋਂ ਕੱਢ ਕੇ, ਪੋਟਿਆਂ ਨਾਲ ਛੂਹ ਕੇ ਫਿਰ ਸਾਂਭ ਕੇ ਰੱਖ ਲਓ, ਭਵਿੱਖ ਦੇ ਹਵਾਲੇ ਲਈ। ਮਿਠਾਸ ਭਰ ਕੇ ਇਹ ਆਵਾਜ਼ ਆਈ ਸੀ ਤੇ ਮਿਠਾਸ ਵੰਡ ਕੇ, ਸਭ ਨੂੰ ਸਰਸ਼ਾਰ ਕਰ ਕੇ ਲੁਕ ਗਈ ਸੀ। ਮੁੜ ਫੇਰ ਇਸ ਅਕੱਥ ਕਹਾਣੀ ਨੇ ਉਸ ਨੂੰ ਜੀਵਨ ਦਿੱਤਾ ਹੈ।
ਜਾਚ ਸਿਖਾਉਂਦੀ ਹੈ ਇਹ ਲਿਖਤ, ਹਿਜ਼ਰ ਨੂੰ ਹੰਢਾਉਣ ਦੀ, ਯਾਦਾਂ ਨੂੰ ਪਰੋਣ ਦੀ ਤੇ ਆਪਣੇ ਪਿਆਰੇ ਦੇ ਸੰਗ ਬਿਤਾਏ ਹਰ ਪਲ ਨੂੰ ਮੁੜ ਜਿਉ ਕੇ ਉਸ ਵਿਚੋਂ ਅਥਾਹ ਪਿਆਰ, ਸ਼ਕਤੀ ਤੇ ਚੜ੍ਹਦੀਕਲਾ ਲੈ ਕੇ ਉਸ ਨੂੰ ਅੱਗੇ ਵੰਡਣ ਦੀ। ਰਾਹ ਰੁਸ਼ਨਾਉਂਦੀ ਹੈ ਉਨ੍ਹਾਂ ਦਾ, ਜਿਨ੍ਹਾਂ ਦਾ ਪਿਆਰਾ ਵਿਛੜ ਗਿਆ। ਪ੍ਰੇਰਨਾ ਦਿੰਦੀ ਹੈ ਹਰ ਉਸ ਸ਼ਖਸ ਨੂੰ, ਜੋ ਚੰਗਾ ਜੀਵਨ ਸਾਥੀ, ਚੰਗਾ ਇਨਸਾਨ, ਚੰਗਾ ਅਧਿਆਪਕ, ਚੰਗਾ ਦੋਸਤ, ਚੰਗਾ ਬਾਪ, ਚੰਗਾ ਭੈਣ ਜਾਂ ਭਰਾ ਬਣਨ ਦੀ ਚਾਹ ਕਰਦਾ ਹੈ| ਪ੍ਰੇਰਨਾ ਹੈ ਹਰ ਉਸ ਦੰਪਤੀ ਲਈ, ਜੋ ਜੀਵਨ ‘ਚ ਸੁਖ ਟੋਲ੍ਹਦਾ ਹੈ-ਇਕ ਦੂਜੇ ਤੋਂ ਆਪਾ ਵਾਰਨ ਲਈ|
ਆਪਾ ਵਾਰ ਕੇ ਦੂਜੇ ਦੀ ਖੁਸ਼ੀ ਵੇਖ ਕੇ ਜੋ ਪੱਬਾਂ ਭਰ ਨੱਚਣ ਵਰਗਾ ਵਿਸਮਾਦ ਹੈ, ਉਸ ਵਿਸਮਾਦ ਦਾ ਪ੍ਰਤੱਖ ਪ੍ਰਮਾਣ ਹੈ ਇਹ ਲਿਖਤ| ਪ੍ਰੋਫੈਸਰ ਕਰਮਜੀਤ ਸਿੰਘ ਵਰਗਾ ਪਾਰਸ ਮੁੜ ਸਿਰਜ ਕੇ ਆਪਣੇ ਹਰਫਾਂ ਨਾਲ ਸ੍ਰੀਮਤੀ ਪ੍ਰਿਤਪਾਲ ਕੌਰ ਨੇ ਸਾਡੇ ਸਭ ਨਾਲ ਸਾਂਝਾ ਕੀਤਾ ਹੈ, ਉਸ ਫਰਾਖਦਿਲੀ ਲਈ ਸਾਰੇ ਪੰਜਾਬੀ ਸਰੋਤੇ ਉਨ੍ਹਾਂ ਦੇ ਦਿਲੋਂ ਧੰਨਵਾਦੀ ਹਨ।
ਇਸ ਕਿਤਾਬ ਵਿਚਲਾ ਸ਼ਾਖਸਾਤ ਕਰਮਜੀਤ ਸਿੰਘ ਖਾਲਸ ਪਿਆਰ ਨਾਲ ਪਰੁਚਿਆ ਤੇ ਨੱਕੋ ਨੱਕ ਭਰਿਆ ਹੈ| ਇਹ ਪਿਆਰ ਉਸ ਨੂੰ ਚਾਨਣ ਦੀ ਇਕ ਕਿਰਨ ਬਣਾ ਦਿੰਦਾ ਹੈ। ਬਹੁਤ ਹੀ ਹੁਸੀਨ, ਕੋਮਲ, ਸੂਖਮ ਪਰ ਚੱਟਾਨ ਵਾਂਗ ਸ਼ਕਤੀਸ਼ਾਲੀ ਵੀ| ਸਾਦ ਮੁਰਾਦੀ ਪਰ ਰੂਹ ਦੀਆਂ ਡੂੰਘਾਈਆਂ ਵਿਚ ਲਹਿਣ ਵਾਲੀ ਗੰਭੀਰਤਾ ਨਾਲ ਵਰੋਸਾਈ। ਆਪਣੀ ਅਜੀਜ਼ ਪਤਨੀ ਨੂੰ ਲਿਖੇ ਖਤ ਆਪਣੇ ਆਪ ਵਿਚ ਇਕ ਤੜਪ, ਸੋਜ਼, ਦਰਦ ਵਿਛੋੜੇ ਦਾ ਹਾਲ, ਅਥਾਹ ਪਿਆਰ ਤੇ ਟੁੰਬਵੀਂ ਖਿੱਚ ਦਾ ਇਜ਼ਹਾਰ ਹਨ|
ਨੋਟ: ਬੀਬੀ ਪ੍ਰਿਤਪਾਲ ਕੌਰ ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਤੋਂ ਇਤਿਹਾਸ ਦੇ ਸਾਬਕਾ ਪ੍ਰੋਫੈਸਰ ਹਨ। ਪੁਸਤਕ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪੀ ਗਈ ਹੈ।
-ਪ੍ਰੀਤ ਨਵਰਾਹੀ
ਪਰeeਟ।ਨਅਵਰਅਹ@ਿਗਮਅਲਿ।ਚੋਮ