ਪੰਜਾਬ ਵਿਚ ਵਿਗੜਦੇ ਸਿੱਖ-ਈਸਾਈ ਸਬੰਧ

ਡਾ. ਹਰਭਜਨ ਸਿੰਘ ਦੇਹਰਾਦੂਨ ਨੇ ਆਪਣੇ ਇਸ ਲੰਮੇ ਲੇਖ ਵਿਚ ਪੰਜਾਬ ਅੰਦਰ ਈਸਾਈਆਂ ਅਤੇ ਸਿੱਖਾਂ ਵਿਚਾਲੇ ਪੈਦਾ ਹੋਏ ਵਿਰੋਧ ਦਾ ਜ਼ਿਕਰ ਕਰਦਿਆਂ ਧਾਰਮਿਕ ਅਸਹਿਣਸ਼ੀਲਤਾ ਬਾਰੇ ਗੱਲ ਛੋਹੀ ਹੈ। ਇਸ ਵਿਚ ਧਰਮ ਬਦਲੀ ਦਾ ਮੁੱਦਾ ਮੁੱਖ ਰੂਪ ਵਿਚ ਵਿਚਾਰਿਆ ਗਿਆ ਹੈ। ਲੁਧਿਆਣਾ ਸ਼ਹਿਰ ਵਿਚ ਪਾਦਰੀ ਸੁਲਤਾਨ ਮਸੀਹ ਦੇ ਕਤਲ ਦੇ ਪ੍ਰਸੰਗ ਵਿਚ ਇਸ ਲੇਖ ਦੀਆਂ ਤਿੰਨ ਕਿਸ਼ਤਾਂ ਵਿਚੋਂ ਪਹਿਲੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ।

-ਸੰਪਾਦਕ

ਡਾ. ਹਰਭਜਨ ਸਿੰਘ ਦੇਹਰਾਦੂਨ
ਫੋਨ: +91-99971-39539

ਧਾਰਮਿਕ ਅਸਹਿਣਸ਼ੀਲਤਾ ਦੇ ਇਸ ਦੌਰ ਵਿਚ ਲੁਧਿਆਣਾ ਸ਼ਹਿਰ ਦੇ ਪਾਦਰੀ ਸੁਲਤਾਨ ਮਸੀਹ ਦਾ ਕਤਲ ਨਿਸ਼ਚੇ ਹੀ ਮੰਦਭਾਗਾ ਹੈ। ਇਸ ਤੋਂ ਪਹਿਲਾਂ ਵਾਪਰੀਆਂ ਕੁਝ ਘਟਨਾਵਾਂ ਕਾਰਨ ਸ਼ੱਕ ਦੀ ਸੂਈ ਸਿੱਖਾਂ ਅਤੇ ਈਸਾਈਆਂ ਵਿਚ ਵਧੇ ਤਣਾਅ ਉਤੇ ਵੀ ਕੇਂਦ੍ਰਿਤ ਹੋ ਸਕਦੀ ਹੈ। ਇਸ ਨੂੰ ਕਿਸੇ ਸਿਰ-ਫਿਰੇ ਦੀ ਕਰਤੂਤ ਕਹਿ ਕੇ ਵੀ ਟਾਲਿਆ ਜਾ ਸਕਦਾ ਹੈ, ਪਰ ਇਹ ਮੰਥਨ ਕਰਨਾ ਜ਼ਰੂਰੀ ਹੈ ਕਿ ਆਮ ਕਰ ਕੇ ਕੋਈ ਸਿੱਖ ਕਿਸੇ ਗੈਰ-ਧਰਮੀ ਉਤੇ ਉਦੋਂ ਹੀ ਹਮਲਾਵਰ ਹੁੰਦਾ ਹੈ, ਜਦੋਂ ਉਸ ਦੇ ਪੰਥ ਉਤੇ ਕੋਈ ਸਾਜ਼ਿਸ਼ੀ ਹਮਲਾ ਕਰਦਾ ਹੈ। ਗੁਰੂ ਨਾਨਕ ਦੀ ਦਿਤੀ ਧਾਰਮਿਕ ਸਹਿਣਸ਼ੀਲਤਾ ਸਿੱਖ ਕੇਵਲ ਔਖੇ ਹਾਲਾਤ ਵਿਚ ਹੀ ਛੱਡਦਾ ਹੈ। ਸਿੱਖ ਆਮ ਕਰ ਕੇ ‘ਨਾ ਕੋ ਬੈਰੀ ਨਾਹਿ ਬਿਗਾਨਾ’ ਦੇ ਸਿਧਾਂਤ ‘ਤੇ ਪੱਕਾ ਰਹਿੰਦਿਆਂ ਹਰ ਧਾਰਮਿਕ ਭਾਈਚਾਰੇ ਦੇ ਵਿਸ਼ਵਾਸਾਂ ਦੀ ਕਦਰ ਕਰਦਾ ਹੈ ਅਤੇ ਹਰ ਬੰਦੇ ਨੂੰ ਆਪਣਾ ਭੈਣ-ਭਰਾ ਜਾਣਦਾ ਹੈ, ਤੇ ਜਾਣਨਾ ਚਾਹੀਦਾ ਵੀ ਹੈ। ਧਾਰਮਿਕ ਕੱਟੜਤਾ ਸਿੱਖਾਂ ਦਾ ਸੁਭਾਅ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਦਾ ਪੰਥ ਜਿਨ੍ਹਾਂ ਗੱਲਾਂ ਦੇ ਖਿਲਾਫ ਪੈਦਾ ਹੋਇਆ ਹੈ, ਉਨ੍ਹਾਂ ਵਿਚੋਂ ਧਾਰਮਿਕ ਕੱਟੜਤਾ ਮੁਖ ਹੈ। ਉਂਜ, ਇਹ ਗੱਲ ਵੀ ਹੈ ਕਿ ਜੋ ਲੋਕ ਧਾਰਮਿਕ ਸਹਿਣਸ਼ੀਲਤਾ ਦੇ ਮਾਰਗ ਉਤੇ ਚਲਦੇ ਹਨ, ਉਹ ਆਪਣੇ ਧਰਮ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਉਨ੍ਹਾਂ ਕੋਲ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ’ ਦਾ ਧਰਮ ਸੂਤਰ ਹੁੰਦਾ ਹੈ। ਇਸ ਲਈ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਸਿੱਖ ਪੰਥ ਅਤੇ ਸਿਧਾਂਤਾਂ ਉਤੇ ਹੋਇਆ ਕੋਈ ਵੀ ਹਮਲਾ ਪੰਜਾਬ ਵਿਚ ਹਾਲਾਤ ਨੂੰ ਜ਼ਰੂਰ ਖਰਾਬ ਕਰ ਸਕਦਾ ਹੈ, ਜਿਵੇਂ ਪਹਿਲਾਂ ਸਿੱਖ-ਨਿਰੰਕਾਰੀ ਵਿਵਾਦ ਵੱਡੇ ਦੁਖਾਂਤ ਦਾ ਕਾਰਨ ਬਣ ਗਿਆ ਸੀ।
ਮੈਂ 2000 ਵਿਚ ਈਸਾਈ ਮਿਸ਼ਨਰੀਆਂ ਦਾ ‘ਜੋਸ਼ੁਆ ਡਾਕੂਮੈਂਟ’ ਪੜ੍ਹਿਆ ਸੀ ਜਿਸ ਵਿਚ ਭਾਰਤ ਦੀਆਂ ਸਾਰੀਆਂ ਜਾਤੀਆਂ ਦੀ ਗਿਣਤੀ, ਜਾਤੀ ਦਾ ਧਾਰਮਿਕ ਸਬੰਧ, ਸਬੰਧਿਤ ਲੋਕਾਂ ਦੀ ਵਸੋਂ ਦੇ ਖੇਤਰ, ਉਨ੍ਹਾਂ ਦਾ ਸਭਿਆਚਾਰ, ਉਨ੍ਹਾਂ ਦੀ ਭਾਸ਼ਾ, ਧਾਰਮਿਕ ਅਤੇ ਸਮਾਜਿਕ ਰਹੁ-ਰੀਤਾਂ ਦਾ ਸਾਰਾ ਡੈਟਾ ਦਿਤਾ ਗਿਆ ਸੀ। ਉਸ ਪ੍ਰਾਜੈਕਟ ਦਾ ਮੁਖ ਬਿੰਦੂ ਹੈ, ‘ਅਪਹੁੰਚ ਲੋਕਾਂ ਤੀਕ ਪੁਜਣਾ’, ਅਰਥਾਤ ਉਨ੍ਹਾਂ ਲੋਕਾਂ ਤੀਕ ਈਸਾਈਅਤ ਨੂੰ ਪਹੁੰਚਾਉਣਾ ਜਿਨ੍ਹਾਂ ਤੀਕ ਅਜੇ ਈਸਾਈ ਮਿਸ਼ਨਰੀ ਪਹੁੰਚਣ ਵਿਚ ਕਾਮਯਾਬ ਨਹੀਂ ਹੋਏ।
ਜੋਸ਼ੁਆ ਕੌਣ ਸੀ? ਜੋਸ਼ੁਆ ਮੂਸਾ ਤੋਂ ਬਾਅਦ ਯਹੂਦੀਆਂ ਦਾ ਪੈਗੰਬਰ ਸੀ। ਜਦੋਂ ਮੂਸਾ ਯਹੂਦੀਆਂ ਨੂੰ ਮਿਸਰ ਵਿਚੋਂ ਕੱਢ ਕੇ ਜਾਰਡਨ ਨਦੀ ਦੇ ਕੰਢੇ ਲੈ ਆਇਆ, ਤਾਂ ਉਸ ਨੇ 12 ਕਬੀਲਾ ਮੁਖੀਆਂ ਨੂੰ ਫਲਸਤੀਨ ਵਲ ਭੇਜਿਆ ਕਿ ਜਾਓ ਦੇਖੋ ਯਹੂਦੀਆਂ ਦੀ ਤੁਲਨਾ ਵਿਚ ਫਲਸਤੀਨੀ ਕਿਤਨੇ ਕੁ ਤਾਕਤਵਰ ਹਨ। ਯਹੂਦੀ ਫਲਸਤੀਨ ਦੀ ਧਰਤੀ ‘ਤੇ ਫਤਿਹ ਪ੍ਰਾਪਤ ਕਰ ਸਕਣਗੇ ਜਾਂ ਨਹੀਂ? ਸਾਰੇ ਹਾਲਾਤ ਅੱਖੀਂ ਵੇਖ ਕੇ 40 ਦਿਨ ਬਾਅਦ ਪਰਤੇ 12 ਵਿਚੋਂ ਦਸ ਬੰਦਿਆਂ ਨੇ ਦੱਸਿਆ ਕਿ ਫਲਸਤੀਨੀ ਯਹੂਦੀਆਂ ਨਾਲੋਂ ਬਹੁਤ ਤਾਕਤਵਰ ਹਨ ਅਤੇ ਯਹੂਦੀਆਂ ਦਾ ਫਲਸਤੀਨ ਵਿਚ ਪ੍ਰਵੇਸ਼ ਅਸੰਭਵ ਹੈ। ਜੋਸ਼ੁਆ ਅਤੇ ਸਾਲੇਬ ਨੇ ਕਿਹਾ ਕਿ ਅਜਿਹਾ ਨਹੀਂ, ਅਸੀਂ ਜੇ ਦ੍ਰਿੜ੍ਹਤਾ ਸਹਿਤ ਮੁਕਾਬਲਾ ਕਰੀਏ, ਤਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਮੂਸਾ ਨੇ ਅਕਾਲ ਚਲਾਣੇ ਤੋਂ ਪਹਿਲਾਂ ਜੋਸ਼ੁਆ ਨੂੰ ਯਹੂਦੀਆਂ ਦਾ ਆਗੂ ਐਲਾਨ ਕੇ ਕੌਮ ਨੂੰ ਫਲਸਤੀਨ ਲਿਜਾਣ ਦਾ ਨਿਸ਼ਾਨਾ ਦੇ ਦਿਤਾ। ਮੂਸਾ ਤੋਂ ਬਾਅਦ ਉਸ ਨੇ ਇਹ ਜ਼ਿੰਮੇਵਾਰੀ ਸਫਲਤਾ ਸਹਿਤ ਨਿਭਾਈ। ਸੋ ਜੋਸ਼ੁਆ ਅਜਿਤ ਕਿਲ੍ਹਿਆਂ ਨੂੰ ਜਿੱਤਣ ਦਾ ਪ੍ਰਤੀਕ ਹੈ।
ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਦੇ ਨਾਲ ਹੀ ਈਸਾਈ ਮਿਸ਼ਨਰੀਆਂ ਨੇ ਹਾਰੇ ਹੋਏ ਸਿੱਖਾਂ ਨੂੰ ਈਸਾਈ ਬਣਾਉਣ ਦੇ ਯਤਨ ਅਰੰਭ ਦਿਤੇ ਸਨ। ਉਹ ਕਪੂਰਥਲਾ ਦੇ ਮਹਾਰਾਜਾ ਹਰਨਾਮ ਸਿੰਘ ਨੂੰ ਵੀ ਈਸਾਈ ਬਣਾਉਣ ਵਿਚ ਸਫਲ ਹੋ ਗਏ ਸਨ। ਉਨ੍ਹਾਂ ਪੰਜਾਬ ਵਿਚ ਮਿਸ਼ਨ ਕਾਇਮ ਕਰ ਕੇ ਬਹੁਤ ਸਾਰੇ ਦਲਿਤ ਸਿੱਖਾਂ ਨੂੰ ਭਾਂਤ-ਭਾਂਤ ਦੇ ਲਾਲਚ ਦੇ ਕੇ ਈਸਾਈ ਬਣਾ ਲਿਆ। ਜਦੋਂ 5 ਚੰਗੇ ਘਰਾਂ ਦੇ ਬੱਚਿਆਂ ਨੇ ਈਸਾਈ ਬਣਨ ਦਾ ਐਲਾਨ ਕਰ ਦਿਤਾ, ਤਾਂ ਸਿੱਖ ਕੌਮ ਸੁਚੇਤ ਹੋ ਗਈ ਅਤੇ ਈਸਾਈਅਤ ਦੇ ਫੈਲਾਅ ਤੋਂ ਉਪਜੀ ਕੌਮੀ ਜਾਗ੍ਰਿਤੀ ‘ਸਿੰਘ ਸਭਾ ਲਹਿਰ’ ਦਾ ਮੁਖ ਕਾਰਨ ਬਣ ਗਈ। ਮਗਰੋਂ ਸਿੰਘ ਸਭਾ ਦਾ ਮੁਖ ਨਿਸ਼ਾਨਾ ਭਾਵੇਂ ‘ਹਮ ਹਿੰਦੂ ਨਹੀਂ’ ਦੀ ਚੇਤਨਾ ਦਾ ਪ੍ਰਸਾਰ ਹੋ ਗਿਆ, ਪਰ ਇਸ ਦੀ ਕਾਇਮੀ ਸਮੇਂ ਮੁਖ ਮੁਦਾ ਈਸਾਈਅਤ ਦਾ ਚੈਲੇਂਜ ਹੀ ਸੀ। ਈਸਾਈ ਮਿਸ਼ਨਰੀ ਹਾਲਾਂਕਿ ਲੋਕਾਂ ਨੂੰ ਆਰਥਿਕ ਲਾਲਚ ਦੇ ਕੇ ਆਪਣੇ ਧਰਮ ਵਲ ਉਤਸ਼ਾਹਿਤ ਕਰਦੇ ਹਨ, ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਜਦੋਂ ਕੋਈ ਧਰਮ ਬਦਲ ਲੈਂਦਾ ਹੈ, ਫਿਰ ਉਸ ਦੇ ਉਥਾਨ ਦੇ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ ਜਾਂਦੇ, ਬਲਕਿ ਫਿਰ ਹੋਰ ਨਵੇਂ ਲੋਕਾਂ ਨੂੰ ਲਾਲਚ ਦੇਣ ਵਿਚ ਰੁਝ ਜਾਂਦੇ ਹਨ। ਛੋਟੇ ਹੁੰਦਿਆਂ ਜਦੋਂ ਅਸੀਂ ਪਿੰਡ ਰਹਿੰਦੇ ਸਾਂ ਤਾਂ ਵੇਖਦੇ ਸਾਂ ਕਿ ਪਿੰਡ ਵਿਚ ਸਭ ਤੋਂ ਗਰੀਬ ਈਸਾਈ ਪਰਿਵਾਰ ਹੁੰਦੇ ਸਨ। ਇਸਤਰੀਆਂ ਲੋਕਾਂ ਦਾ ਗੋਹਾ-ਕੂੜਾ ਸੁਟਦੀਆਂ ਸਨ ਅਤੇ ਪੁਰਖ ਖੇਤਾਂ ਦੇ ਕਾਮੇ ਹੁੰਦੇ ਸਨ। ਚਮਾਰਾਂ ਦੇ ਘਰ ਵੀ ਸਨ। ਉਹ ਗੁਰੂ ਘਰ ਨੂੰ ਮੰਨਣ ਵਾਲੇ ਸਨ। ਈਸਾਈਆਂ ਨਾਲੋਂ ਕਿਤੇ ਸੌਖੇ ਸਨ। ਰਾਜ ਸੱਤਾ ਦੇ ਆਸਰੇ ਵੀ ਈਸਾਈਆਂ ਨੂੰ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਵਿਚ ਕੋਈ ਵਿਸ਼ੇਸ਼ ਕਾਮਯਾਬੀ ਨਹੀਂ ਸੀ ਮਿਲੀ। ਇਸ ਲਈ ‘ਜੋਸ਼ੁਆ ਪ੍ਰੋਗਰਾਮ’ ਮੁਤਾਬਿਕ ਸਿੱਖੀ ਅਜੇ ਤੀਕ ਅਜਿਤ ਕਿਲ੍ਹਾ ਹੈ। ਇਸ ਨੂੰ ਈਸਾਈਅਤ ਵਿਚ ਲਿਆ ਕੇ ਅਜਿਤ ਕਿਲ੍ਹਾ ਤੋੜਨਾ ਹੀ 21ਵੀਂ ਸਦੀ ਦਾ ਮੁਖ ਈਸਾਈ ਟੀਚਾ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਪਟਿਆਲਾ ਵਿਚ ਈਸਾਈ ਮਿਸ਼ਨ ਕਾਇਮ ਹੋ ਚੁਕਾ ਹੈ ਅਤੇ ਪਾਕਿਸਤਾਨ ਵਿਚ ਵਸਦੇ ਸਿੱਖਾਂ ਵਾਸਤੇ ਲਾਹੌਰ ਵਿਚ ਮਿਸ਼ਨ ਬਣਾਇਆ ਸੀ। ਧਰਮ ਪਰਿਵਰਤਨ ਦੀਆਂ ਸਰਗਰਮੀਆਂ ਸਿਖਰ ਉਤੇ ਪਹੁੰਚਾਉਣ ਵਾਸਤੇ ਕੇਰਲਾ ਦੇ 5 ਮਿਸ਼ਨਰੀ ਕੁਝ ਸਮਾਂ ਪਹਿਲਾਂ ਹੀ ਦਿੱਲੀ ਦੇ ਗੁਰਮਤਿ ਕਾਲਜ ਤੋਂ ਪੰਜਾਬੀ ਸਿੱਖ ਕੇ ਆਏ ਹਨ, ਪਰ ਕਾਲਜ ਦੇ ਸੰਚਾਲਕਾਂ ਨੂੰ ਉਨ੍ਹਾਂ ਨੇ ਆਪਣੇ ਮਿਸ਼ਨ ਬਾਬਤ ਉਦੋਂ ਹੀ ਦੱਸਿਆ, ਜਦੋਂ ਉਨ੍ਹਾਂ ਪੰਜਾਬੀ ਦਾ ਕੋਰਸ ਪੂਰਾ ਕਰ ਲਿਆ। ਇੰਟਰਨੈਟ ਉਤੇ ‘ਜੋਸ਼ੁਆ ਪ੍ਰਾਜੈਕਟ’ ਸਬੰਧੀ ਆਈਆਂ ਟਿਪਣੀਆਂ ਤੋਂ ਸਪਸ਼ਟ ਹੈ ਕਿ ਜਿਥੇ ਅੰਧ-ਵਿਸ਼ਵਾਸੀ ਸਮਝਿਆ ਜਾਣ ਵਾਲਾ ਹਿੰਦੂ ਸਮਾਜ ਇਸ ਈਸਾਈ ਪ੍ਰਾਜੈਕਟ ਤੋਂ ਸੁਚੇਤ ਹੈ, ਉਥੇ ਅਚੇਤਨ ਸਿੱਖ ਆਗੂ ਮੂਕ ਦਰਸ਼ਕ ਬਣੇ ਬੈਠੇ ਹਨ, ਬਲਕਿ ਸਭ ਰਾਜਨੀਤਿਕ ਪਾਰਟੀਆਂ ਦੇ ਸਿੱਖ ਵੋਟਾਂ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਈਸਾਈ ਮਿਸ਼ਨ ਨੂੰ ਹੀ ਉਤਸ਼ਾਹ ਦੇ ਰਹੇ ਹਨ।
ਭੋਪਾਲ ਦੇ ਸਰਕਾਰੀ ਟੈਲੀਫੋਨ ਵਿਭਾਗ ਵਿਚ ਇਕ ਸਰਦਾਰ ਜੀ ਵੱਡੇ ਅਫਸਰ ਬਣ ਕੇ ਆ ਗਏ। ਉਹ ਅੰਮ੍ਰਿਤਸਰ ਇਲਾਕੇ ਦੇ ਸਨ। ਦਾੜ੍ਹੀ ਕੇਸ ਵੀ ਸਨ ਅਤੇ ਦਸਤਾਰ ਵੀ ਸਜਾਉਂਦੇ ਸਨ। ਵਿਭਾਗ ਵਿਚ ਈਸਾਈ ਮਿਸ਼ਨਰੀ ਵਾਂਗ ਕੰਮ ਕਰਦਿਆਂ ਉਹ ਹੋਰ ਸਿੱਖ ਕਰਮਚਾਰੀਆਂ ਨੂੰ ਵੀ ਹੁਕਮ ਦੇਣ ਲੱਗੇ ਕਿ ਐਤਵਾਰ ਮੇਰੇ ਨਾਲ ਚਰਚ ਚਲਿਆ ਕਰੋ। ਸਿੱਖਾਂ ਨੂੰ ਪਤਾ ਲੱਗਿਆ। ਸ਼ ਭਗਵਾਨ ਸਿੰਘ, ਸ਼ ਤਾਰਾ ਸਿੰਘ, ਡਾ. ਸੁਦਰਸ਼ਨ ਸਿੰਘ, ਸ਼ ਈਸ਼ਰ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ ਜੱਜ ਨਾਲ ਮੈਂ ਅਤੇ ਇਕ ਦੋ ਹੋਰ ਸਿੱਖ ਉਸ ਈਸਾਈ ਸਰਦਾਰ ਦੇ ਘਰ ਪਹੁੰਚੇ। ਹਾਲ-ਚਾਲ ਪੁਛਿਆ ਅਤੇ ਉਨ੍ਹਾਂ ਨੂੰ ਮਿਲਣ ਦਾ ਮਕਸਦ ਦਸਿਆ। ਅਸਾਂ ਚਿਤਾਵਨੀ ਦੇ ਰੂਪ ਵਿਚ ਕਹਿ ਦਿਤਾ ਕਿ ਸਿੱਖ ਹਰਗਿਜ਼ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਤੁਸੀਂ ਆਪਣੇ ਰੁਤਬੇ ਦੀ ਦੁਰਵਰਤੋਂ ਕਰ ਕੇ ਸਿੱਖਾਂ ਨੂੰ ਗੁੰਮਰਾਹ ਕਰੋ। ਗੱਲਾਂ ਗੱਲਾਂ ਵਿਚ ਅਸੀਂ ਪੁਛਿਆ ਕਿ ਅਜਿਹੀ ਕਿਹੜੀ ਗੱਲ ਹੈ ਜੋ ਸਿੱਖ ਧਰਮ ਵਿਚ ਨਹੀਂ ਅਤੇ ਤੁਹਾਨੂੰ ਈਸਾਈਅਤ ਵਿਚੋਂ ਮਿਲ ਗਈ ਹੈ? ਉਹ ਕਹਿਣ ਲੱਗੇ, ‘ਪ੍ਰਭੂ ਯਿਸ਼ੂ’ ਨੇ ਮਨੁਖਤਾ ਵਾਸਤੇ ਜੋ ਕੁਰਬਾਨੀ ਕੀਤੀ ਹੈ, ਉਹ ਹੋਰ ਕਿਸੇ ਮਹਾਨ ਪੁਰਖ ਨੇ ਨਹੀਂ ਕੀਤੀ। ਅਸਾਂ ਕਿਹਾ, ਗੁਰੂ ਗੋਬਿੰਦ ਸਿੰਘ ਦੇ ਛੋਟੇ-ਛੋਟੇ ਬੱਚਿਆਂ ਦੀ ਸ਼ਹਾਦਤ ਤੁਸੀਂ ਕਿਵੇਂ ਭੁਲ ਗਏ ਹੋ? ਈਸਾ ਦੀ ਕੁਰਬਾਨੀ ਦਾ ਪੰਜਾਬ ਨੂੰ ਕੀ ਲਾਭ? ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੇ ਤਾਂ ਇਥੋਂ, ਸਾਡੇ ਦੇਸ਼ ਵਿਚੋਂ, ਜ਼ੁਲਮ ਅਤੇ ਗੁਲਾਮੀ ਦੀ ਜੜ੍ਹ ਪੁਟ ਦਿਤੀ ਸੀ। ਕੀ ਉਹ ਲਾਸਾਨੀ ਸ਼ਹਾਦਤਾਂ ਮਨੁਖਤਾ ਵਾਸਤੇ ਨਹੀਂ ਸਨ? ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।
ਮੈਂ 1996 ਤੋਂ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਫਤਿਹਪੁਰ ਦਾ ਜਨਰਲ ਸਕੱਤਰ ਹਾਂ। ਦਲਿਤ ਭਾਈਚਾਰੇ ਵਿਚੋਂ ਇਕ ਨੌਜਵਾਨ ਨੂੰ ਸਕੂਲ ਵਿਚ ਕਲਰਕ ਨਿਯੁਕਤ ਕੀਤਾ ਹੋਇਆ ਸੀ। ਕੁਝ ਸਾਲ ਉਹ ਕੰਮ ਕਰਦਾ ਰਿਹਾ। ਕੋਈ ਨਾ ਕੋਈ ਤਕਲੀਫ ਹਰ ਬੰਦੇ ਨੂੰ ਹੁੰਦੀ ਹੈ। ਉਧਰ ਈਸਾਈਅਤ ਦੇ ਅਰੰਭ ਕਾਲ ਤੋਂ ਹੀ ਚਮਤਕਾਰਾਂ ਨਾਲ ਦੁਖ ਦੂਰ ਕਰਨ ਦੀਆਂ ਕਹਾਣੀਆਂ ਤੇ ਮਨੌਤਾਂ ਚਲੀਆਂ ਆਉਂਦੀਆਂ ਹਨ ਅਤੇ ਇਹ ਲੋਕਾਂ ਨੂੰ ਈਸਾਈਅਤ ਵਲ ਵਰਗਲਾਉਣ ਦਾ ਕਾਰਗਰ ਢੰਗ-ਤਰੀਕਾ ਹੈ। ਉਸ ਨੂੰ ਵੀ ਕਿਸੇ ਮਿਸ਼ਨਰੀ ਨੇ ਪ੍ਰਭਾਵਿਤ ਕਰ ਲਿਆ। ਉਸ ਨੂੰ ਬੰਗਲੌਰ ਲਿਜਾ ਕੇ ਬਾਈਬਲ ਪੜ੍ਹਾਈ ਅਤੇ ਈਸਾਈ ਧਰਮ ਵਿਚ ਪੱਕਾ ਕਰ ਲਿਆ। ਸਕੂਲ ਵਿਚ ਆ ਕੇ ਉਸ ਨੇ ਦੂਜੇ ਕਰਮਚਾਰੀਆਂ ਨੂੰ ਵੀ ਈਸਾਈ ਧਰਮ ਵਲ ਪ੍ਰੇਰਨਾ ਕਰਨਾ ਸ਼ੁਰੂ ਕਰ ਦਿਤਾ। ਕਾਰ ਸੇਵਾ ਦੁਆਰਾ ਬਣਾਇਆ ਸਿੱਖ ਸਕੂਲ ਸੀ। ਸਾਨੂੰ, ਭਾਵ ਪ੍ਰਬੰਧਕਾਂ ਨੂੰ ਪਤਾ ਲਗਿਆ ਤਾਂ ਚਿੰਤਾ ਹੋਣੀ ਸੁਭਾਵਿਕ ਸੀ। ਅਸਾਂ ਉਸ ਨੂੰ ਬੁਲਾ ਕੇ ਸਾਰੀ ਜਾਣਕਾਰੀ ਲਈ। ਪਤਾ ਲਗਿਆ ਕਿ ਇਸ ਦਾ ਦਿਮਾਗ ਪਲਟਾ ਦਿਤਾ ਗਿਆ ਹੈ। ਹਰ ਗੱਲ ਉਤੇ ਉਹ ਕਹੇ ਕਿ ਯਿਸ਼ੂ ਪ੍ਰਭੂ ਇਹ ਕਹਿੰਦੇ ਹਨ, ਅਹੁ ਕਹਿੰਦੇ ਹਨ। ਅਸਾਂ ਸਕੂਲ ਦੇ ਉਦੇਸ਼ ਨੂੰ ਵੇਖਦਿਆਂ ਉਸ ਨੂੰ ਨੌਕਰੀ ਤੋਂ ਹਟਾਉਣ ਦਾ ਨੋਟਿਸ ਦੇ ਦਿਤਾ। ਉਸ ਨੂੰ ਈਸਾਈਆਂ ਦੇ ਸਕੂਲ ਵਿਚ ਨੌਕਰੀ ਮਿਲ ਜਾਣੀ ਸੀ, ਮਿਲ ਗਈ; ਪਰ ਸਾਨੂੰ ਇਸ ਗੱਲ ਦਾ ਅਫਸੋਸ ਹੀ ਨਹੀਂ, ਡੂੰਘਾ ਦੁੱਖ ਸੀ ਕਿ ਗੁਰੂ ਨਾਨਕ ਦੇ ਸਰਵ-ਕਲਿਆਣਕਾਰੀ ਪੰਥ ਵਿਚੋਂ ਇਕ ਪਰਿਵਾਰ ਨੂੰ ਸਵਰਗ ਦੇ ਲਾਲਚ ਦੇ ਕੇ ਈਸਾਈ ਮਿਸ਼ਨਰੀ ਖੋਹ ਕੇ ਲੈ ਗਏ। ਜੇ ਉਸ ਸਮੇਂ ਕੋਈ ਮਿਸ਼ਨਰੀ ਸਾਹਮਣੇ ਹੁੰਦਾ, ਤਾਂ ਮੈਂ ਉਸ ਨੂੰ ਜ਼ਰੂਰ ਪੁੱਛਦਾ ਕਿ ਤੇਰੀ ਵਿਸ਼ੇਸ਼ ਕੌਮ ਲਈ ਸਵਰਗ ਰਾਖਵਾਂ ਰਖਣ ਵਾਲੀ ਵਿਚਾਰਧਾਰਾ ਗੁਰੂ ਨਾਨਕ ਦੀ ਸਭ ਕੌਮਾਂ ਲਈ ਸਵਰਗ ਦੇ ਦਰਵਾਜ਼ੇ ਖੋਲ੍ਹਣ ਵਾਲੀ ਵਿਚਾਰਧਾਰਾ ਤੋਂ ਕਿਵੇਂ ਉਤਮ ਹੋ ਸਕਦੀ ਹੈ?
ਥੋੜ੍ਹਾ ਸਮਾਂ ਪਹਿਲਾਂ ਮਲੇਸ਼ੀਆ ਦੀ ਇਸਲਾਮਿਕ ਸਰਕਾਰ ਨੇ ਗੈਰ-ਮੁਸਲਿਮ ਲੋਕਾਂ ਦੇ ‘ਅਲਾਹ’ ਕਹਿਣ ਉਤੇ ਪਾਬੰਦੀ ਲਗਾ ਦਿਤੀ, ਕਿਉਂਕਿ ਈਸਾਈ ਮਿਸ਼ਨਰੀ ‘ਅਲਾਹ’ ਨਾਮ ਨਾਲ ਮੁਸਲਿਮ ਲੋਕਾਂ ਨੂੰ ਗੁੰਮਰਾਹ ਕਰਦੇ ਸਨ। ਮੁਸੀਬਤ ਸਿੱਖਾਂ ਉਤੇ ਆਣ ਪਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ‘ਅਲਾਹ’ ਸ਼ਬਦ ਕਈ ਵਾਰ ਆਇਆ ਹੈ। ਉਹ ਪਾਠ ਕਿਵੇਂ ਕਰਨ? ਇਸ ਸਮਸਿਆ ਦਾ ਹੱਲ ਕੀ ਹੋਇਆ, ਮੈਂ ਨਹੀਂ ਜਾਣਦਾ, ਪਰ ਪਾਬੰਦੀ ਲੱਗਣ ਦਾ ਕਾਰਨ ਸਿਰਫ ਇਹ ਸੀ ਕਿ ਈਸਾਈ ਮਿਸ਼ਨਰੀ ‘ਅਲਾਹ’ ਦੇ ਨਾਮ ਦਾ ਗਲਤ ਇਸਤੇਮਾਲ ਕਰਦੇ ਸਨ। ਜੇ ਰੱਬ ਦਾ ਨਾਮ ਵੀ ਅਲਾਹ ਹੈ, ਸਵਰਗ ਵੀ ਇਕੋ ਜਿਹਾ ਹੈ, ਬਾਈਬਲ ਦੇ ਉਪਦੇਸ਼ਾਂ ਨੂੰ ਵੀ ਕਲਿਮਾ ਹੀ ਕਹਿਣਾ ਹੈ, ਮੁਹੰਮਦ ਸਾਹਿਬ ਵਾਂਗ ਈਸਾ ਨੂੰ ਪੈਗੰਬਰ ਹੀ ਕਹਿਣਾ ਹੈ, ਨਾਂ ਵੀ ਉਹੋ ਰਹਿਣਾ ਹੈ, ਤਾਂ ਮੁਸਲਮਾਨ ਨੂੰ ਈਸਾਈ ਕਿਉਂ ਬਣਾਉਣਾ ਹੈ? ਮੁਸਲਮਾਨ ਹੀ ਰਹਿਣ ਦਿਤਾ ਜਾਵੇ, ਪਰ ਦੂਜੇ ਧਰਮ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਈਸਾਈਅਤ ਦਾ ਪ੍ਰਚਾਰ ਕਰਨਾ, ਇਹ ਮਿਸ਼ਨਰੀਆਂ ਦਾ ਆਦਿ ਕਾਲ ਤੋਂ ਸੁਭਾਅ ਹੈ। ਇਹ ਯਹੂਦੀਆਂ ਦੀਆਂ ਧਰਮ ਪੋਥੀਆਂ ਦੀ ਦੁਰਵਰਤੋਂ ਸ਼ੁਰੂ ਤੋਂ ਹੀ ਕਰਦੇ ਰਹੇ ਹਨ। ਨਾਲੇ ਉਨ੍ਹਾਂ ਨੂੰ ਆਪਣੀਆਂ ਪੋਥੀਆਂ ਦੱਸਦੇ ਹਨ, ਨਾਲੇ ਉਨ੍ਹਾਂ ਨੂੰ ਤੁਛ ਦੱਸਣ ਵਾਸਤੇ ‘ਓਲਡ ਟੈਸਟਾਮੈਂਟ’ ਦਾ ਤੁਛ ਨਾਮ ਵੀ ਮਿਸ਼ਨਰੀਆਂ ਨੇ ਦਿਤਾ ਹੈ। ਯਹੂਦੀ ਤਾਂ ‘ਓਲਡ ਟੈਸਟਾਮੈਂਟ’ ਨਹੀਂ ਕਹਿੰਦੇ।
ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਵੀ ਇਹੋ ਕੁਝ ਕੀਤਾ ਜਾ ਰਿਹਾ ਹੈ ਜੋ ਸਿੱਖਾਂ ਅਤੇ ਈਸਾਈਆਂ ਵਿਚ ਤਣਾਅ ਦਾ ਮੁੱਖ ਕਾਰਣ ਬਣ ਰਿਹਾ ਹੈ। ਈਸਾ ਨੂੰ ਸਤਿਗੁਰੂ ਕਹਿਣਾ ਸ਼ੁਰੂ ਕਰ ਦਿਤਾ ਹੈ। ਸਭ ਜਾਣਦੇ ਹਨ ਕਿ ਈਸਾਈ ਲੋਕ ਈਸਾ ਨੂੰ ਯਿਸ਼ੂ ਪ੍ਰਭੂ ਕਹਿੰਦੇ ਹਨ, ਪਰ ਵਿਆਪਕ ਚਾਲ ਅਧੀਨ ਹੁਣ ਗੁਰੂ ਅਤੇ ਸਤਿਗੁਰੂ ਦਾ ਸਿੱਖ ਪਦ ਵਰਤ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ। ਹਿੰਦੂਆਂ ਨੂੰ ਗੁੰਮਰਾਹ ਕਰਨ ਵਾਸਤੇ ਈਸਾ ਨੂੰ ‘ਓਮ’ ਕਹਿਣ ਲੱਗ ਪਏ ਹਨ। ‘ਸ੍ਰੀ ਅਸਿਕੇਤੁ ਜਗਤ ਕੇ ਈਸਾ’ ਵਰਗੀਆਂ ਪੰਕਤੀਆਂ ਵਿਚ ਈਸ਼, ਬ੍ਰਹਮ ਵਾਸਤੇ ਆਏ ‘ਈਸਾ’ ਨੂੰ ਯਿਸ਼ੂ ਦਾ ਨਾਮ ਕਹਿ ਕੇ ਗੁਰਬਾਣੀ ਦੇ ਅਰਥ ਗਲਤ ਕੀਤੇ ਜਾ ਰਹੇ ਹਨ। ‘ਖਾਲਸਾ’ ਸ਼ਬਦ ਈਸਾਈਆਂ ਵਾਸਤੇ ਵਰਤ ਕੇ ਅਸਲ ‘ਖਾਲਿਸ’ ਈਸਾ ਅਤੇ ਈਸਾਈਆਂ ਨੂੰ ਦੱਸਿਆ ਜਾ ਰਿਹਾ ਹੈ। ਸਿੱਖਾਂ ਲਈ ਪਵਿਤਰ ‘ਵਾਹਿਗੁਰੂ’ ਪਦ ਯਿਸ਼ੂ ਵਾਸਤੇ ਵਰਤਿਆ ਜਾ ਰਿਹਾ ਹੈ। ਸਿੱਖ ਅਜਿਹੀ ਭ੍ਰਿਸ਼ਟ ਵਿਆਖਿਆ ਨੂੰ ਕਿਵੇਂ ਬਰਦਾਸ਼ਤ ਕਰਨਗੇ, ਜੋ ਸਿਰਫ ਉਨ੍ਹਾਂ ਦੇ ਪੰਥ ਦੀਆਂ ਜੜ੍ਹਾਂ ਕੱਟਣ ਵਾਸਤੇ ਹੈ। ਗੁਰਬਾਣੀ, ਸਤਿਸੰਗ, ਸੰਗਤ, ਸਿਮਰਨ, ਕੀਰਤਨ, ਅਰਦਾਸ ਸਾਰੀ ਸਿੱਖ ਸ਼ਬਦਾਵਲੀ ਦੀ ਕੁਵਰਤੋਂ ਦੁਆਰਾ ਭੋਲੇ-ਭਾਲੇ ਸਿੱਖਾਂ ਉਤੇ ਈਸਾਈਅਤ ਦਾ ਜਾਲ ਪਾਇਆ ਜਾਵੇਗਾ, ਤਾਂ ਝਗੜਾ ਹੋਵੇਗਾ ਹੀ।
‘ਜੋਸ਼ੁਆ ਪ੍ਰਾਜੈਕਟ’ ਅਧੀਨ ਫਿਲਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ ਦੋ ਦੇ ਨਾਮ ਹਨ: ੰਕਿਹ ਛੋਨਟeਣਟੁਅਲ ਘਅਟਹeਰਨਿਗ ਅਤੇ ੰਕਿਹ ਫੁਨਜਅਬ ੁੰਸਚਿ ੜਦਿeੋ। ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਸਿੱਖਾਂ ਦੇ ਧਰਮ ਪਰਿਵਤਰਨ ਉਤੇ ਕੇਂਦ੍ਰਿਤ ਹਨ। ਨੰਬਰ 2 ਫਿਲਮ ਦੇ ਅਰੰਭ ਵਿਚ ਹੀ ਨੀਲੀ ਪਗੜੀ ਅਤੇ ਸਾਬਤ ਦਾੜ੍ਹੀ ਵਾਲਾ ਆਟੋ-ਚਾਲਕ ਸਿੱਖ ਦਿਖਾਇਆ ਹੈ। ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਇਕ ਪਾਸੇ ਸਿੱਖ ਵੇਸ਼-ਭੂਸ਼ਾ ਵਾਲੇ ਦਾੜ੍ਹੀ-ਕੇਸਧਾਰੀ ਨੌਜਵਾਨਾਂ ਦਾ ਭੰਗੜਾ ਅਤੇ ਸਿੱਖ ਦਿਸਦੀਆਂ ਬੀਬੀਆਂ ਦਾ ਨਾਚ-ਨੁਮਾ ਗਿੱਧਾ ਹੈ। ਇਕ ਪਗੜੀਧਾਰ ਦਾ ਗੀਤ ਹੈ- ਅੱਖਾਂ ਦਿਲ ਦੀਆਂ, ਦਿਲ ਦੀਆਂ ਖੋਲ੍ਹ ਬੰਦਿਆ। ਜਿਹਨੂੰ ਲੱਭਦਾ ਹੈਂ ਰੱਬ ਤੇਰੇ ਕੋਲ ਬੰਦਿਆ।… ਖਾਲਿਸ ਲੋਕਾਂ ਦਾ ਰੱਬ ਯਾਰ ਏ।… ਦਰਸ਼ਨ ਕਰਨ ਨਸੀਬਾਂ ਵਾਲੇ।… ਪੜ੍ਹ ਲੈ ਬਾਣੀ ਸਿਮਰਨ ਕਰ ਲੈ। ਸਤਿਗੁਰ ਇਸ ਦਾ ਪਲੜਾ ਫੜ ਲੈ।
ਵਿਚ ਕਾਲੀਆਂ ਪੱਗਾਂ ਬੰਨ੍ਹੀ ਦਾੜ੍ਹੀ ਕੇਸਾਂ ਵਾਲੇ ਭੇਖੀ ਸਿੱਖ ਬਿਠਾਏ ਹੋਏ ਹਨ। ਦਰਸ਼ਨ ਕਰਨ ਵਾਲੀਆਂ ਲਾਈਨਾਂ ਵਿਚ ਨੀਲੇ ਰੰਗ ਦੀਆਂ ਟਕਸਾਲੀ ਪੱਗਾਂ ਵਾਲੇ ਕੇਸਾਧਾਰੀ ਦਿਖਾਏ ਹਨ। ਇਕ ਮੋਨਾ ਨਸ਼ੈਲਾ ਬੰਦਾ ਦਰਸਾਇਆ ਹੈ ਜਿਸ ਨੂੰ ਇਕ ਤਰੀਕੇ ਨਾਲ ਸਿੱਖ ਦਰਸਾਉਣ ਦੀ ਕੁਚੇਸ਼ਟਾ ਹੈ ਕਿ ਸਿੱਖ ਇਹੋ ਜਿਹੇ ਹੁੰਦੇ ਹਨ, ਜਦੋਂ ਕਿ ਈਸਾਈ ਧਾਰਮਿਕ ਅਤੇ ਪਵਿਤਰ ਜੀਵਨ ਜੀਣ ਵਾਲੇ ਹਨ। ਇਹ ਸਿੱਖ ਧਰਮ ਵਿਚ ਸਿਧੀ ਦਖਲ-ਅੰਦਾਜ਼ੀ ਹੈ। ਸ਼ਕਲਾਂ ਸਿੱਖ, ਸ਼ਬਦਾਵਲੀ ਸਿੱਖਾਂ ਦੀ, ਫਿਲਮ ਦਾ ਨਾਮ ਸਤਿਗੁਰੂ ਯਿਸ਼ੂ। ਸਿੱਖ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ?
ਦੂਜੀ ਫਿਲਮ ਦਾ ਨਾਮ ਹੈ ‘ਸਤਿਗੁਰੂ ਯਿਸ਼ੂ ਦਾ ਸਤਿਸੰਗ।’ ਅਰੰਭ ਵਿਚ ਕੇਸਾਧਾਰੀ ਸਿੱਖ ਅਤੇ ਪਟਕੇ ਸਜਾਏ ਉਨ੍ਹਾਂ ਦੇ ਬਾਲ ਦਿਖਾਏ ਹਨ। ਗੋਸ਼ਟੀ ਵਿਚ ਭਾਗ ਲੈਣ ਵਾਲੇ ਸਾਰੇ ਮੋਨੇ ਹਨ ਜਿਨ੍ਹਾਂ ਨੂੰ ਸਿੱਖ ਧਰਮ ਉਤੇ ਹਮਲੇ ਵਾਸਤੇ ਦਸਤਾਰਾਂ ਸਜਾਈਆਂ ਹੋਈਆਂ ਹਨ। ਇਕ ਬੰਦੇ ਦਾ ਨਾਮ ਗੁਰਨਾਮ ਸਿੰਘ ਹੈ। ਇਕ ਰਣਜੀਤ, ਇਕ ਮੋਨਾ ਜਸਵਿੰਦਰ ਸਿੰਘ ਅਤੇ ਇਕ ਪੂਰਨ ਕੇਸਾਧਾਰੀ ਕਾਲੀ ਪਗੜੀ ਵਾਲਾ ਦਲਜੀਤ ਸਿੰਘ, ਜਿਨ੍ਹਾਂ ਨੂੰ ਈਸਾਈਅਤ ਦਾ ਪ੍ਰਚਾਰ ਕਰਦੇ ਦਿਖਾਇਆ ਹੈ। ਇਨ੍ਹਾਂ ਸਿੱਖ ਨਾਂਵਾਂ ਦਾ ਈਸਾਈ ਧਰਮ ਨਾਲ ਕੀ ਸਬੰਧ ਹੈ? ਜੇ ਇਹ ਈਸਾਈ ਹਨ, ਤਾਂ ਜਾਨਸਨ, ਡੇਵਿਡ, ਜੌਹਨ, ਸਾਈਮਨ ਅੰਗਰੇਜ਼ਾਂ ਵਾਲੇ ਨਾਮ ਰੱਖਣ। ਇਹ ਕੇਵਲ ਛਲ-ਕਪਟ ਦੁਆਰਾ ਭੋਲੇ-ਭਾਲੇ ਸਿੱਖਾਂ ਨੂੰ ਈਸਾਈਅਤ ਦੇ ਕੂੜ-ਜਾਲ ਵਿਚ ਫਸਾਉਣ ਦਾ ਯਤਨ ਹੈ। ਫਿਲਮ ‘ਚ ਸਤਿਗੁਰੂ ਯਿਸ਼ੂ ਦੇ ਚੇਲਿਆਂ ਦੇ ਪੰਜਾਬ ਵਿਚ ਫੈਲਾਅ ਦੀ ਗੱਲ ਕੀਤੀ ਗਈ ਹੈ। ਹਰ ਮੁਹੱਲੇ ਵਿਚ ਈਸਾਈ ਸਤਿਸੰਗ ਕਰ ਕੇ ਸਿੱਖਾਂ ਨੂੰ ਈਸਾਈ ਬਣਾਉਣ ਦੀ ਗੱਲ ਹੋ ਰਹੀ ਹੈ। ਗੁਰਨਾਮ ਕਹਿ ਰਿਹਾ ਹੈ, ਆਓ ਅਸੀਂ ਭਾਈ ਬਲਬੀਰ ਜੀ ਤੋਂ ਸ਼ਬਦ ਕੀਰਤਨ ਸ਼੍ਰਵਣ ਕਰੀਏ। ਹੁਣ ਦਸੋ, ਕੀ ਇਹ ਭਾਸ਼ਾ ਈਸਾਈਆਂ ਵਾਲੀ ਹੈ? ਅੱਗੇ ਫਿਰ ਉਹੀ ਬਿਮਾਰੀਆਂ ਠੀਕ ਕਰਨ ਦਾ ਸ਼ੋਸ਼ਾ ਹੈ। ਗੁਰਨਾਮ ਸਿੰਘ ਖੜ੍ਹਾ ਹੋ ਕੇ ਇਕ ਬੀਬੀ ਦੇ ਸਿਰ ਉਤੇ ਹਥ ਧਰ ਕੇ ਉਸ ਦੀ ਬਿਮਾਰੀ ਦੂਰ ਕਰਨ ਦਾ ਢੌਂਗ ਕਰਦਾ ਹੈ। ਸਾਰਾ ਕੁਝ ਸਿੱਖਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਸਿੱਖਾਂ ਨੂੰ ਇਸ ਉਤੇ ਇਤਰਾਜ਼ ਨਾ ਹੋਵੇ, ਇਹ ਕਿਵੇਂ ਸੰਭਵ ਹੈ? ਮੈਂ ਇਸ ਗੱਲ ਦਾ ਵੀ ਪੱਖੀ ਨਹੀਂ ਕਿ ਈਸਾਈ ਕਿਸੇ ਸੰਜਮ ਵਿਚ ਆਪਣੇ ਧਰਮ ਦਾ ਪ੍ਰਚਾਰ ਕਰਦੇ ਰਹਿਣ। ਈਸਾਈ ਧਰਮ ਦਾ ਪ੍ਰਚਾਰ ਸਿੱਖਾਂ ਅਤੇ ਪੰਜਾਬ ਵਿਚ ਕਰਨਾ ਹੈ ਤਾਂ ਸਿੱਧ ਕਰਨਾ ਹੋਵੇਗਾ ਕਿ ਈਸਾਈ ਧਰਮ ਸਿੱਖ ਪੰਥ ਤੋਂ ਕਿਵੇਂ ਉਤਮ ਹੈ? ਦੱਸਣਾ ਪਵੇਗਾ ਕਿ ਪੰਜਾਬੀਆਂ ਅਤੇ ਮਾਨਵਤਾ ਵਾਸਤੇ ਈਸਾ ਦੀ ਕੁਰਬਾਨੀ, ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਤੋਂ ਕਿਵੇਂ ਉਤਮ ਹੈ ਅਤੇ ਬਾਈਬਲ ਦੇ ਬਚਨ ਗੁਰਬਾਣੀ ਤੋਂ ਕਿਉਂ ਉਤਮ ਹਨ?
(ਚਲਦਾ)