ਪੰਜਾਬ ਦੇ ਲੋਕਾਂ ਦਾ ਹਾਲ ਕਦੋਂ ਪੁੱਛਣਗੇ ਕੈਪਟਨ ਸਾਬ੍ਹ?

-ਜਤਿੰਦਰ ਪਨੂੰ
ਹਾਲਾਤ ਬੜੀ ਤੇਜ਼ ਚਾਲ ਬਦਲ ਰਹੇ ਹਨ। ਦੇਸ਼ ਦਾ ਸਿਆਸੀ ਨਕਸ਼ਾ ਪਲ-ਪਲ ਇੱਕ ਖਾਸ ਦਿੱਖ ਧਾਰ ਲੈਣ ਵੱਲ ਵਧਦਾ ਦਿਖਾਈ ਦਿੰਦਾ ਹੈ। ਉਸ ਦਾ ਰਾਹ ਰੋਕਣ ਦੀ ਜਿਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਸੀ, ਇਹ ਹਾਲਾਤ ਵੀ ਉਨ੍ਹਾਂ ਲੋਕਾਂ ਦੇ ਕੁਚੱਜ ਨੇ ਹੀ ਤਿਆਰ ਕੀਤੇ ਸਨ ਤੇ ਹੁਣ ਵੀ ਉਨ੍ਹਾਂ ਵਿਚ ਆਪਾ-ਧਾਪੀ ਮੱਚੀ ਹੋਈ ਹੈ। ਹਰ ਕੋਈ ਮਿਲਦਾ ਮਾਲ ਹੂੰਝਣ ਦੇ ਬਾਅਦ ਕਿਸੇ ਵੀ ਦਿਨ ਭਾਜਪਾ ਦੀ ਸਰਦਲ ਉਤੇ ਮੱਥਾ ਟੇਕਣ ਨੂੰ ਤਿਆਰ ਜਾਪਦਾ ਹੈ। ਜਿਹੜੇ ਲੋਕਾਂ ਨੂੰ ਕੱਲ੍ਹ ਤੱਕ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਬਦਖੋਈ ਕਰਦਿਆਂ ਸੁਣਿਆ/ਵੇਖਿਆ ਜਾਂਦਾ ਸੀ, ਉਹ ਅੱਜ ਉਨ੍ਹਾਂ ਦੋਵਾਂ ਦੇ ਚਰਨਾਂ ਵਿਚ ਲੇਟਣ ਲਈ ਤਿਆਰ ਹਨ। ਰਾਜਨੀਤੀ ਇੱਕ ਖਾਸ ਕਿਸਮ ਦੇ ਛੱਪੇ ਹੇਠ ਆਈ ਜਾਂਦੀ ਹੈ।

ਕਾਂਗਰਸੀ ਆਗੂਆਂ ਜਾਂ ਜਨਤਾ ਪਰਿਵਾਰ ਦੀ ਟੁੱਟ-ਭੱਜ ਵਿਚੋਂ ਪੈਦਾ ਹੋਏ ਦਲਾਂ ਵਿਚਲੇ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਦੇਵਗੌੜਾ ਤੋਂ ਲੈ ਕੇ ਬਿਜੂ ਪਟਨਾਇਕ ਤੱਕ ਦੇ ਲੀਡਰਾਂ ਦੀ ਲਾਮ-ਡੋਰੀ ਨੂੰ ਵੇਖ ਲਈਏ, ਕੋਈ ਵੀ ਕਿਸੇ ਪੈਂਤੜੇ ਦਾ ਭਰੋਸਾ ਬੰਨ੍ਹਾਉਣ ਵਾਲਾ ਨਹੀਂ। ਸਿਰਫ ਖੱਬੇ ਪੱਖੀਏ ਅਜੇ ਤੱਕ ਸੋਚ ਪੱਖੋਂ ਪੱਕੀ ਥਾਂ ਖੜ੍ਹੇ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਦੀ ਤਾਕਤ ਪਹਿਲਾਂ ਵਾਲੀ ਨਹੀਂ ਅਤੇ ਜਿੰਨੀ ਕੁ ਤਾਕਤ ਹੈ, ਉਸ ਨੂੰ ਵਰਤਣ ਦੇ ਪੱਖ ਤੋਂ ਵੀ ਪਹਿਲਾਂ ਵਾਲਾ ਪ੍ਰਭਾਵ ਪਾਉਣ ਵਾਲਾ ਆਗੂ ਕੋਈ ਨਹੀਂ ਉਭਰ ਰਿਹਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਖੱਬੀ ਲਹਿਰ ਦੇ ਲੀਡਰ ਵਜੋਂ ਇੱਕ ਹੱਦ ਤੱਕ ਬਣਦਾ ਮਾਣ ਅਸੀਂ ਵੀ ਦਿੰਦੇ ਸਾਂ, ਪਰ ਨਾ ਕਦੇ ਅਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਗਏ ਸਾਂ, ਜਿਹੜੇ ਉਸ ਨੂੰ ਲਹਿਰ ਦਾ ਰਾਹ ਦਿਖਾਵਾ ਮੰਨਦੇ ਸਨ ਤੇ ਨਾ ਉਨ੍ਹਾਂ ਵਿਚ ਸ਼ਾਮਲ ਹੋਣਾ ਪਸੰਦ ਕੀਤਾ ਸੀ, ਜਿਹੜੇ ਪਹਿਲਾਂ ਉਸੇ ਦੀ ਪੂਜਾ ਕਰਦੇ ਸਨ ਤੇ ਉਸ ਦੇ ਬਾਅਦ ਸੀਤਾ ਰਾਮ ਯੇਚੁਰੀ ਨੂੰ ਉਸ ਦਾ ਰੂਪ ਮੰਨੀ ਬੈਠੇ ਹਨ।
ਆਜ਼ਾਦੀ ਲਹਿਰ ਦੇ ਵਕਤ ਤੋਂ ਕਾਮਰੇਡ ਸੁਰਜੀਤ ਦਾ ਇੱਕ ਵੱਡਾ ਸਿਆਸੀ ਕੱਦ ਬਣਦਾ ਗਿਆ ਸੀ, ਜਿਸ ਦੇ ਪਰਛਾਵੇਂ ਹੇਠ ਕਈ ਕੁਝ ਲੁਕ ਜਾਂਦਾ ਸੀ। ਯੇਚੁਰੀ ਸਿਰਫ ਸੁਰਜੀਤ ਦੇ ਮਾਰਕੇ ਵਾਲੀ ਛਤਰੀ ਨਾਲ ਉਹ ਦਿੱਖ ਬਣੀ ਭਾਲਦੇ ਹਨ। ਬਾਕੀ ਰਾਜਸੀ ਧਿਰਾਂ ਦੇ ਲੀਡਰਾਂ ਦਾ ਇਹ ਹਾਲ ਹੈ ਕਿ ਉਨ੍ਹਾਂ ਵਿਚ ਨਾ ਕੋਈ ਚੌਧਰੀ ਚਰਨ ਸਿੰਘ ਦੇ ਕੱਦ ਦਾ ਹੈ, ਨਾ ਕੋਈ ਵੀ.ਪੀ. ਸਿੰਘ ਅਤੇ ਚੰਦਰ ਸ਼ੇਖਰ ਦੇ ਪੱਧਰ ਦਾ, ਪਰ ਆਪਣੇ ਆਪ ਨੂੰ ‘ਪਿਦਰਮ ਸੁਲਤਾਨ ਬੂਦ’ ਸਾਰੇ ਸਮਝੀ ਫਿਰਦੇ ਹਨ।
ਇਸ ਹਾਲਤ ਵਿਚ ਦੇਸ਼ ਦੀ ਰਾਜਨੀਤੀ ਜਿਸ ਲੀਹੇ ਪਈ ਹੋਈ ਹੈ ਤੇ ਉਸ ਦੇ ਵਿਰੋਧ ਦੀ ਸਰਦਾਰੀ ਜਿਵੇਂ ਕਾਂਗਰਸ ਦੀ ਅਣਹੋਈ ਜਿਹੀ ਲੀਡਰਸ਼ਿਪ ਦੇ ਹੱਥਾਂ ਵਿਚ ਹੈ, ਉਸ ਤੋਂ ਭਵਿੱਖ ਦੀ ਚਿੰਤਾ ਪੈਦਾ ਹੋਣਾ ਸੁਭਾਵਿਕ ਹੈ। ਲੋਕਤੰਤਰ ਵਿਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ, ਇਸ ਵਕਤ ਭਾਰਤੀ ਲੋਕਤੰਤਰ ਉਸ ਲੀਹੇ ਤੁਰ ਪਿਆ ਜਾਪਦਾ ਹੈ, ਜਿਸ ਦੇ ਮੂਹਰੇ ਵਿਰੋਧੀ ਧਿਰ ਦਾ ਕਿਸੇ ਤਰ੍ਹਾਂ ਦਾ ਕੋਈ ਸਪੀਡ-ਬਰੇਕਰ ਰਹਿ ਜਾਵੇਗਾ, ਇਸ ਬਾਰੇ ਸ਼ੱਕ ਕੀਤੇ ਜਾਣ ਲੱਗ ਪਏ ਹਨ।
ਦੂਸਰਾ ਪਾਸਾ ਸਾਡੇ ਪੰਜਾਬ ਦਾ ਹੈ, ਜਿੱਥੇ ਇਸ ਸਾਲ ਲੋਕਾਂ ਨੇ ਵੋਟਾਂ ਪਾ ਕੇ ਇੱਕ ਆਸ ਨਾਲ ਇੱਕ ਨਵੀਂ ਸਰਕਾਰ ਬਣਨ ਦਾ ਰਾਹ ਪੱਧਰਾ ਕੀਤਾ ਸੀ। ਅਜੇ ਉਹ ਪੜਾਅ ਨਹੀਂ ਆਇਆ ਕਿ ਅਸੀਂ ਇਸ ਸਰਕਾਰ ਤੋਂ ਸਭ ਆਸਾਂ ਖਤਮ ਹੋਣ ਵਾਲਿਆਂ ਦੀ ਹਾਮੀ ਭਰ ਸਕੀਏ, ਪਰ ਏਦਾਂ ਦਾ ਕੁਝ ਹੁੰਦਾ ਵੀ ਨਹੀਂ ਦਿਸਦਾ, ਜਿਸ ਤੋਂ ਇਸ ਸਰਕਾਰ ਤੋਂ ਲੋਕਾਂ ਦੀ ਕੋਈ ਆਸ ਸਿਰੇ ਚੜ੍ਹ ਜਾਣ ਦੀ ਝਲਕ ਮਿਲਦੀ ਹੋਵੇ। ਸਰਕਾਰ ਦੇ ਪੁਰਜਿਆਂ ਦਾ ਆਪਸੀ ਤਾਲਮੇਲ ਹੀ ਨਹੀਂ। ਸਥਾਨਕ ਪ੍ਰਸ਼ਾਸਨ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਨ੍ਹਾਂ ਸਾਢੇ ਚਾਰ ਮਹੀਨਿਆਂ ਵਿਚ ਕਪਿਲ ਸ਼ਰਮਾ ਦੇ ਹਾਸੇ-ਠੱਠੇ ਵਾਲੇ ਸ਼ੋਅ ਦੇ ਜੱਜ ਦੀ ਭੂਮਿਕਾ ਤੇ ਪੰਜਾਬ ਵਰਗੇ ਸੂਬੇ ਦੇ ਕੈਬਨਿਟ ਮੰਤਰੀ ਦੀ ਕੁਰਸੀ ਉਤੇ ਬਹਿਣ ਦਾ ਫਰਕ ਸਮਝਣ ਜੋਗਾ ਨਹੀਂ ਹੋ ਸਕਿਆ। ਉਹ ਪ੍ਰੈਸ ਕਾਨਫਰੰਸ ਵਿਚ ਬੋਲਦਾ ਹੈ ਤਾਂ ਨਿਯਮਾਂ ਦੇ ਹਵਾਲੇ ਦੇਣ ਦੀ ਬਜਾਏ ਸ਼ੋਸ਼ੇ ਛੱਡਣ ਵਾਲਾ ਕੰਮ ਵੱਧ ਕਰੀ ਜਾਂਦਾ ਹੈ। ਕੁਝ ਖਾਸ ਸ਼ਬਦ ਪੱਕੇ ਤੌਰ ‘ਤੇ ਉਸ ਦੀ ਜ਼ਬਾਨ ਉਤੇ ਚੜ੍ਹੇ ਹੋਏ ਹਨ। ਹਰ ਪ੍ਰੈਸ ਕਾਨਫਰੰਸ ਵਿਚ ਉਹ ਉਨ੍ਹਾਂ ਖਾਸ ਸ਼ਬਦਾਂ ਦੁਆਲੇ ਘੁੰਮੀ ਜਾਂਦਾ ਹੈ। ਉਸ ਨੇ ਕੁਝ ਕਰਨਾ ਹੈ ਤਾਂ ਕਰੇ, ਪਰ ਕੀਤਾ ਕੁਝ ਜਾਂਦਾ ਨਹੀਂ ਤੇ ਹਵਾ ਵਿਚ ਤਲਵਾਰਾਂ ਘੁਮਾਉਣ ਦੇ ਚੱਕਰ ਵਿਚ ਆਪਣਾ ਜਲੂਸ ਕਢਵਾਈ ਜਾਂਦਾ ਹੈ।
ਮਨਪ੍ਰੀਤ ਸਿੰਘ ਬਾਦਲ ਸਿਆਣਾ ਬੰਦਾ ਹੈ, ਪਰ ਉਸ ਦੀ ਸੋਚ ਦੋ ਧਾਰਾਵਾਂ ਦੇ ਵਿਚਾਲੇ ਫਸੀ ਹੋਈ ਹੈ। ਸੋਚ ਦੀ ਇੱਕ ਧਾਰਾ ਅਕਾਲੀ ਦਲ ਛੱਡਣ ਤੋਂ ਪਹਿਲਾਂ ਉਸ ਦੇ ਵਿਧਾਨ ਸਭਾ ਵਿਚ ਦਿੱਤੇ ਹੋਏ ਭਾਸ਼ਣ ਵਾਲੀ ਹੈ ਕਿ ਪੰਜਾਬ ਦੀ ਅਗਲੀ ਪੀੜ੍ਹੀ ਦਾ ਭਲਾ ਕਰਨਾ ਹੈ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਪੰਜ ਸਾਲ ਪੇਟ ਉਤੇ ਪੇਟੀ ਘੁੱਟ ਕੇ ਬੰਨ੍ਹਣੀ ਪੈਣੀ ਹੈ। ਦੂਸਰੀ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਿਛਲੇ ਅਕਾਲੀ-ਭਾਜਪਾ ਹਾਕਮਾਂ ਨੇ ਸਿਰਫ ਸਬਸਿਡੀਆਂ ਅਤੇ ਛੋਟਾਂ ਦਾ ਚਸਕਾ ਲਾ ਦਿੱਤਾ ਹੈ, ਉਨ੍ਹਾਂ ਦੇ ਪੱਲੇ ਕੁਝ ਨਾ ਪਾਇਆ ਤਾਂ ਅਗਲੀ ਵਾਰ ਚੰਡੀਗੜ੍ਹ ਪਹੁੰਚਣ ਵਾਲੀ ਸੜਕ ਉਤੇ ਗੱਡੀ ਨਹੀਂ ਰਿੜ੍ਹ ਸਕਣੀ। ਸਿੱਧੂ ਕਦੇ ਦਿੱਲੀ ਤੇ ਕਦੇ ਮੁੰਬਈ ਦੇ ਗੇੜੇ ਮਾਰਦਾ ਹੈ ਤਾਂ ਕੋਈ ਅਮਲੀ ਨਤੀਜੇ ਨਿਕਲਣ ਬਾਰੇ ਸਿਰਫ ਉਸ ਨੂੰ ਪਤਾ ਹੋਵੇਗਾ, ਲੋਕਾਂ ਨੂੰ ਕੋਈ ਸਮਝ ਨਹੀਂ ਪੈ ਰਹੀ।
ਸਭ ਤੋਂ ਵੱਧ ਜਿੰਮੇਵਾਰੀ ਰਾਜ ਦੇ ਮੁੱਖ ਮੰਤਰੀ ਉਤੇ ਹੁੰਦੀ ਹੈ ਤੇ ਉਹ ਅਜੇ ਤੱਕ ਇਹ ਜਿੰਮੇਵਾਰੀ ਨਿਭਾਉਣ ਲਈ ਲੋੜ ਜੋਗਾ ਸਮਾਂ ਨਹੀਂ ਦੇ ਸਕੇ। ਪਹਿਲਾਂ ਕੋਈ ਸੱਟ ਲਵਾ ਬੈਠੇ ਤੇ ਫਿਰ ਉਨ੍ਹਾਂ ਦੇ ਮਾਤਾ ਜੀ ਗੁਜ਼ਰ ਗਏ। ਇਹ ਦੋਵੇਂ ਗੱਲਾਂ ਉਨ੍ਹਾਂ ਦੇ ਵੱਸ ਦੀਆਂ ਨਹੀਂ ਸਨ। ਹੁਣ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ, ਪਰ ਸਮਾਂ ਨਹੀਂ ਦਿੰਦੇ ਜਾਪਦੇ। ਸਰਕਾਰ ਚਲਾਉਣ ਵਾਸਤੇ ਇੱਕ ਸੇਵਾ ਮੁਕਤ ਅਫਸਰ ਨੂੰ ਉਨ੍ਹਾਂ ਨੇ ਕੁਝ ਜਿੰਮੇਵਾਰੀਆਂ ਸੌਂਪੀਆਂ ਸਨ, ਪਰ ਅਫਸਰਾਂ ਵਿਚਲੀ ਇੱਕ ਲਾਬੀ ਨੇ ਅਜਿਹਾ ਮਾਹੌਲ ਬਣਾ ਦਿੱਤਾ ਕਿ ਪ੍ਰਸ਼ਾਸਨ ਦਾ ਜਲੂਸ ਨਿਕਲ ਰਿਹਾ ਹੈ। ਆਮ ਪ੍ਰਭਾਵ ਇਹ ਹੈ ਕਿ ਅਜਿਹਾ ਖਰਾਬੀ ਦਾ ਸਭ ਕੰਮ ਮੁੱਖ ਮੰਤਰੀ ਦੇ ਆਪਣੇ ਘੇਰੇ ਅੰਦਰ ਜੁੜੇ ਦਰਬਾਰੀ ਲੋਕਾਂ ਦੀ ਖਹਿਬਾਜ਼ੀ ਨਾਲ ਹੋ ਰਿਹਾ ਹੈ। ਪਿਛਲੀ ਵਾਰ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਕੰਮ ਉਨ੍ਹਾਂ ਘੱਟ ਨਹੀਂ ਸੀ ਕੀਤੇ, ਪਰ ਦਰਬਾਰੀਆਂ ਦੇ ਆਪੋ ਵਿਚ ਭਿੜਨ ਨਾਲ ਸਥਿਤੀ ਏਦਾਂ ਦੀ ਬਣ ਗਈ ਸੀ ਕਿ ਇੱਕ ਦੂਸਰੇ ਨੂੰ ਡੋਬਣ ਦੇ ਚੱਕਰ ਵਿਚ ਉਹ ਆਪਣੇ ਮੁੱਖ ਮੰਤਰੀ ਦਾ ਨੁਕਸਾਨ ਕਰਦੇ ਰਹੇ ਸਨ। ਇਸ ਵਾਰੀ ਇਹ ਕੰਮ ਹੁਣੇ ਤੋਂ ਸ਼ੁਰੂ ਹੋ ਗਿਆ ਹੈ। ਕੈਪਟਨ ਸਾਬ੍ਹ ਏਦਾਂ ਦੇ ਦਰਬਾਰੀਏ ਲੋਕਾਂ ਦੀ ਬੇਹਿਸਾਬੀ ਧਾੜ ਦੀ ਲਗਾਮ ਖਿੱਚ ਕੇ ਰੱਖਣ ਬਾਰੇ ਵੀ ਕਦੇ ਨਹੀਂ ਸੋਚਦੇ ਜਾਪਦੇ।
ਪਤਾ ਨਹੀਂ ਇਹ ਗੱਲ ਮੁੱਖ ਮੰਤਰੀ ਨੂੰ ਪਤਾ ਹੈ ਕਿ ਨਹੀਂ ਕਿ ਅਕਾਲੀ ਆਗੂ ਵਿਧਾਨ ਸਭਾ ਚੋਣਾਂ ਵਿਚ ਕੀਤੇ ਗਏ ਇੱਕ ਭਾਸ਼ਣ ਦੇ ਹਵਾਲੇ ਮੁੜ-ਮੁੜ ਦਿੰਦੇ ਹਨ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੇਰੀ ਤਾਂ ਆਖਰੀ ਚੋਣ ਹੈ, ਅਗਲੀ ਵਾਰੀ ਮੈਂ ਕਿਸੇ ਚੋਣ ਦੰਗਲ ਵਿਚ ਕੁੱਦਣਾ ਹੀ ਨਹੀਂ। ਅਸੀਂ ਪੱਤਰਕਾਰ ਇਹ ਵੀ ਜਾਣਦੇ ਹਾਂ ਕਿ ਉਨ੍ਹਾਂ ਦੇ ਵਿਰੋਧੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੀਆਂ ਤਿੰਨਾਂ ਵਿਧਾਨ ਸਭਾ ਚੋਣਾਂ ਮੌਕੇ ਇਹ ਕਿਹਾ ਸੀ ਕਿ ਮੇਰੀ ਇਹ ਆਖਰੀ ਚੋਣ ਹੈ, ਅਗਲੀ ਵਾਰੀ ਹੁਣ ਅਗਲੀ ਪੀੜ੍ਹੀ ਤੁਹਾਡੇ ਕੋਲ ਆਵੇਗੀ, ਮੈਂ ਵੋਟਾਂ ਮੰਗਣ ਨਹੀਂ ਆਉਣਾ, ਮੇਰੀ ਇਹ ਆਖਰੀ ਬੇਨਤੀ ਮੰਨ ਲਓ। ਅਕਾਲੀ ਆਗੂ ਆਪਣੀ ਪਾਰਟੀ ਦੇ ਸਰਪ੍ਰਸਤ ਦੀ ਉਸ ਗੱਲ ਬਾਰੇ ਜਾਣਦਿਆਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਉਸੇ ਭਾਸ਼ਣ ਦਾ ਹਵਾਲਾ ਦੇਈ ਜਾ ਰਹੇ ਹਨ ਕਿ ਜਦੋਂ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਮੇਰੀ ਆਖਰੀ ਚੋਣ ਹੈ ਤਾਂ ਉਨ੍ਹਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਰਹਿ ਗਈ, ਇਸ ਕਰ ਕੇ ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਵਾਲੇ ਮੁੱਖ ਮੰਤਰੀ ਦੀ ਲੋੜ ਹੈ, ਜਿਹੜਾ ਸਿਰਫ ਵੱਡੇ ਜਾਂ ਛੋਟੇ ਬਾਦਲ ਵਿਚੋਂ ਕੋਈ ਹੋ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋ ਰਹੇ ਇਸ ਪ੍ਰਚਾਰ ਦਾ ਜਵਾਬ ਵੀ ਕਿਉਂਕਿ ਕਿਸੇ ਪਾਸਿਓਂ ਨਹੀਂ ਦਿੱਤਾ ਜਾ ਰਿਹਾ, ਇਸ ਲਈ ਆਮ ਲੋਕਾਂ ਵਿਚ ਇਹ ਧਾਰਨਾ ਹੌਲੀ-ਹੌਲੀ ਪੱਕੀ ਹੁੰਦੀ ਜਾਂਦੀ ਹੈ ਕਿ ਏਦਾਂ ਹੀ ਹੋਵੇਗਾ। ਮੁੱਖ ਮੰਤਰੀ ਹੋਣ ਸਮੇਂ ਪ੍ਰਕਾਸ਼ ਸਿੰਘ ਬਾਦਲ ਹਰ ਹਫਤੇ ਸੱਤ ਦਿਨਾਂ ਵਿਚ ਇੱਕੀ ਨਹੀਂ ਤਾਂ ਚੌਦਾਂ ਜਲਸੇ ਜ਼ਰੂਰ ਕਰ ਦਿਆ ਕਰਦੇ ਸਨ, ਅਮਰਿੰਦਰ ਸਿੰਘ ਨਹੀਂ ਕਰਦੇ। ਉਹ ਜਦੋਂ ਲੋਕਾਂ ਵਿਚ ਨਹੀਂ ਜਾਣਗੇ ਤਾਂ ਆਪਣੇ ਲਈ ਅਤੇ ਆਪਣੀ ਸਰਕਾਰ ਲਈ ਲੋਕਾਂ ਦਾ ਭਰੋਸਾ ਵੀ ਕਾਇਮ ਨਹੀਂ ਰੱਖ ਸਕਦੇ। ਇਹ ਗੱਲ ਉਥੇ ਤੁਰੇ ਫਿਰਦੇ ਦੋ ਦਰਜਨ ਤੋਂ ਵੱਧ ਸਲਾਹਕਾਰਾਂ ਵਿਚੋਂ ਕੋਈ ਵੀ ਕਹਿਣ ਜੋਗਾ ਨਹੀਂ।
ਪੰਜਾਬ ਕਿਸ ਤਰ੍ਹਾਂ ਦੇ ਦੁਖਾਂਤ ਵਿਚੋਂ ਗੁਜ਼ਰ ਰਿਹਾ ਹੈ, ਇਸ ਦੀ ਇੱਕ ਮਿਸਾਲ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਅਤੇ ਰਾਜਧਾਨੀ ਚੰਡੀਗੜ੍ਹ ਦੇ ਵਿਚਾਲੇ ਪੈਂਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਮਿਲ ਸਕਦੀ ਹੈ। ਸ਼ਾਹੂਕਾਰਾ ਕਰਜ਼ੇ ਦੇ ਸ਼ਿਕਾਰ ਇੱਕ ਪਰਿਵਾਰ ਦਾ ਜਵਾਨ ਪੁੱਤਰ 2011 ਵਿਚ ਖੁਦਕੁਸ਼ੀ ਕਰ ਗਿਆ ਤੇ ਉਸ ਮੁੰਡੇ ਦਾ ਬਾਪ ਪਿਛਲੇ ਸਾਲ 2016 ਵਿਚ ਆਪਣੇ ਪੁੱਤਰ ਦੇ ਮਗਰ ਚਲਾ ਗਿਆ। ਪਿੱਛੋਂ ਘਰ ਵਿਚ ਬਾਕੀ ਬਚਿਆ ਇੱਕੋ ਮਰਦ, ਕਰਜ਼ਾਈ ਬਾਪ ਦਾ ਦੂਸਰਾ ਪੁੱਤਰ ਲੰਘੇ ਵੀਰਵਾਰ, ਤਿੰਨ ਅਗਸਤ ਨੂੰ ਜ਼ਿੰਦਗੀ ਦੇ ਦੁੱਖਾਂ ਅੱਗੇ ਹਾਰ ਮੰਨ ਕੇ ਸੰਸਾਰ ਛੱਡ ਗਿਆ ਹੈ। ਇਸ ਤੋਂ ਪਹਿਲਾਂ ਮਾਲਵੇ ਦੇ ਇੱਕ ਪਿੰਡ ਤੋਂ ਇੱਕ ਬੀਬੀ ਦੇ ਤੀਸਰੀ ਵਾਰੀ ਵਿਧਵਾ ਹੋਣ ਦੀ ਖਬਰ ਆਈ ਸੀ। ਉਸ ਦਾ ਪਤੀ ਖੁਦਕੁਸ਼ੀ ਕਰ ਗਿਆ ਤਾਂ ਪਰਿਵਾਰ ਨੇ ਉਸ ਨੂੰ ਪਤੀ ਦੇ ਚਚੇਰੇ ਭਰਾ ਦੇ ਘਰ ਬਿਠਾਇਆ, ਪਰ ਅਗਲੇ ਸਾਲ ਕਰਜ਼ੇ ਦੇ ਬੋਝ ਹੇਠ ਦੱਬਿਆ ਉਹ ਵੀ ਖੁਦਕੁਸ਼ੀ ਕਰ ਗਿਆ ਤਾਂ ਉਸ ਤੋਂ ਛੋਟੇ ਦੇ ਘਰ ਬਿਠਾਉਣ ਦਾ ਫੈਸਲਾ ਹੋ ਗਿਆ। ਹੁਣ ਪਿਛਲੇ ਹਫਤੇ ਉਹ ਛੋਟਾ ਵੀ ਖੁਦਕੁਸ਼ੀ ਕਰ ਗਿਆ ਹੈ। ਤਿੰਨ ਮੌਤਾਂ ਇੱਕੋ ਘਰ ਵਿਚ, ਉਥੇ ਵੀ ਕਰਜ਼ੇ ਕਾਰਨ ਹੋਈਆਂ ਹਨ।
ਦਰਬਾਰੀਆਂ ਦੇ ਲਸ਼ਕਰ ਵਿਚੋਂ ਇਹ ਗੱਲ ਕਿਸੇ ਨੇ ਮੁੱਖ ਮੰਤਰੀ ਨੂੰ ਦੱਸੀ ਜਾਂ ਨਹੀਂ, ਇਸ ਬਾਰੇ ਸਾਨੂੰ ਪਤਾ ਨਹੀਂ। ਦੁੱਖ ਭੁਗਤਦੇ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਇਸ ਸਾਲ ਇੱਕ ਆਸ ਨਾਲ ਪੰਜਾਬ ਵਿਚ ਸੱਤਾ ਤਬਦੀਲੀ ਲਈ ਪੋਲਿੰਗ ਬੂਥਾਂ ਵੱਲ ਕਦਮ ਪੁੱਟੇ ਸਨ ਤੇ ਹੁਣ ਉਨ੍ਹਾਂ ਕਦਮਾਂ ਤੋਂ ਵੱਧ ਭਾਰੇ ਕਦਮਾਂ ਨਾਲ ਆਏ ਦਿਨ ਪਿੰਡ ਦੇ ਸਿਵਿਆਂ ਨੂੰ ਤੁਰੇ ਜਾਂਦੇ ਦਿੱਸ ਪੈਂਦੇ ਹਨ। ਪੰਜਾਬ ਸਰਕਾਰ ਨੂੰ ਨਕਾਰਾ ਹੋਈ ਕਹਿਣ ਦਾ ਸਮਾਂ ਅਜੇ ਨਹੀਂ ਆਇਆ, ਪਰ ਜਿਹੜੇ ਹਾਲਾਤ ਹਨ, ਜੇ ਇਹ ਹੀ ਵਹਿਣ ਚੱਲਦਾ ਰਿਹਾ ਤਾਂ ਜ਼ਿੰਦਗੀ ਤੋਂ ਤੰਗ ਆਏ ਲੋਕਾਂ ਦੇ ਸਬਰ ਦਾ ਬੰਨ੍ਹ ਕਿਸੇ ਵੇਲੇ ਟੁੱਟ ਵੀ ਸਕਦਾ ਹੈ।