ਕੈਨੇਡੀਅਨ ਭਵਜਲ ‘ਚ ਗੋਤੇ ਖਾਂਦਾ-ਚਾਚਾ ਮਾਨਾ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ। ਕੋਠੀ ਲੱਗੇ ਬਜ਼ੁਰਗਾਂ ਦੀ ਵਾਰਤਾ ਪਾਠਕ ਪ੍ਰਿੰ. ਬਾਜਵਾ ਦੀਆਂ ਲਿਖਤਾਂ ਵਿਚ ਪੜ੍ਹਦੇ ਆ ਰਹੇ ਹਨ।

ਇਸ ਲੇਖ ਵਿਚ ਉਨ੍ਹਾਂ ਕੋਠੀ ਲੱਗੇ ਚਾਚੇ ਮਾਨੇ ਦੀ ਵੇਦਨਾ ਪ੍ਰਿੰ. ਬਾਜਵਾ ਨੇ ਸੁਣਾਈ ਹੈ ਜੋ ਇਧਰ ਕੈਨੇਡਾ ਵਿਚ ਤਾਂ ਕਸੂਤਾ ਫਸਿਆ ਮਹਿਸੂਸ ਕਰਦਾ ਹੀ ਹੈ ਪਰ ਉਧਰ ਪੰਜਾਬ ਦੇ ਹਾਲਾਤ ਜਾਣ ਕੇ ਉਹ ਹੋਰ ਵੀ ਉਦਾਸਿਆ ਜਾਂਦਾ ਹੈ। -ਸੰਪਾਦਕ

ਪ੍ਰਿੰ. ਬਲਕਾਰ ਸਿੰਘ ਬਾਜਵਾ
ਫੋਨ: 647-402-2170

ਬਰੈਂਪਟਨ ਪਾਰਕ ‘ਚ ਇੱਕ ਦਿਨ ਚਾਚਾ ਮਾਨਾ ਅਚਾਨਕ ਮਿਲ ਪਿਆ। ਮਿਲਿਆ ਬੜਾ ਹੁੱਭ ਕੇ ਪਰ ਚਿਹਰੇ ‘ਤੇ ਪਹਿਲਾਂ ਵਾਲਾ ਜਲਾਲ ਨਹੀਂ ਸੀ। “ਹੋਰ ਹਾਲ-ਚਾਲ ਕਿਵੇਂ ਐ, ਓਦਰਿਆ ਜਿਹਾ ਲੱਗਦੈਂ!” ਮੈਂ ਉਸ ਨਾਲ ਗੱਲ ਛੇੜੀ।
“ਕੁਝ ਨਾ ਪੁੱਛ ਭਤੀਜ ਗੋਤੇ ਖਾ ਰਹੇ ਆਂ। ਕੀ ਆ ਇਹ ਕਨੇਡਾ, ਕਾਹਦੀ ਜ਼ਿੰਦਗੀ! ਮੌਜਾਂ ਕਰਦੇ ਸੀ ਉਥੇ, ਧੱਕੇ ਖਾ ਰਹੇ ਆਂ ਏਥੇ, ਕਨੇਡੀਅਨ ਭਵਜਲ ‘ਚ ਡੁੱਬਕਣੀਆਂ ਖਾ ਰਏ ਆਂ।”
ਮੈਂ ਵਿਚੋਂ ਟੋਕਦਿਆਂ ਪੁੱਛਿਆ, “ਕਿਹੜੀ ਮਾਰ ਵਗ’ਗੀ! ਇਥੇ ਤੇਰਾ ਪਰਿਵਾਰ ਤਾਂ ਖਹਿਰੀਂ-ਮਹਿਰੀਂ ਸੁਣਦੇ ਆਂ, ਮੁੰਡੇ ਵੀ ਵਾਹਵਾ ਕੰਮੀਂ ਲੱਗੇ ਹੋਏ ਨੇ।”
“ਕੀ ਦੱਸਾਂ ਭਤੀਜ, ਮਨ ਭਰਿਆ ਪਿਆ ਈ। ਕਸੂਤੇ ਫਸੇ ਪਏ ਆਂ-ਕਦੀ ਬਰਫਾਂ ‘ਚ ਤੇ ਕਦੀ ਸਾਹ ਘੁੱਟਵੇਂ ਘਰੇਲੂ ਮਾਹੌਲ ‘ਚ। ਸਹੀ ਆਂਹਦਾ ਸੀ ਪਿੰਡ ਆਲਾ ਠੇਕੇਦਾਰ ਰਣਜੀਤ ਸਿਉਂ, ‘ਕਨੇਡਾ ਪੱਕਾ ਰਹਿਣ ਦੀ ਨਾ ਸੋਚੀਂ, ਮਿਲ-ਗਿਲ ਆਈਂ। ਆਪਣਾ ਜੁਗਾੜ ਨਾ ਛੱਡੀਂ। ਆਪਣੇ ਥੌੜ੍ਹ ਵਰਗੀ ਰੀਸ ਕਿਤੇ ਨਈਓਂ।’ ਹੁਣ ਉਹਦੀਆਂ ਈ ਗੱਲਾਂ ਚੇਤੇ ਕਰ ਕਰ ਝੂਰੀਦੈ, ਦਿਨ ਰਾਤ।”
“ਨਾ ਆਖਰ ਕਿਹੜੀ ਸ਼ੈਅ ਦਾ ਸਾਇਆ ਪੈ ਗਿਐ? ਤੇਰਾ ਵੱਡਾ ਮੁੰਡਾ ਤਾਂ ਪੰਚਾਇਤੀ ਹੁੰਦਾ ਸੀ, ਗੱਲ ਨਿੱਤਰ ਕੇ ਕਹਿਣ ਵਾਲਾ ਸੁਣਦੇ ਹੁੰਦੇ ਸੀ, ਬੰਦਿਆਂ ‘ਚ ਬਹਿਣ-ਖਲੋਣ ਵਾਲਾ।”
“ਬਾਹਲਾ ਈ ਪੁਛਦੈਂ ਤਾਂ ਲੈ ਸੁਣ।” ਚਾਚਾ ਮਾਨਾ ਜੁਲਾਹੀ ਦੇ ਗਲੋਟੇ ਵਾਂਗ ਸਿੱਧਾ ਈ ਉਧੜਨ ਲੱਗਾ, “ਰੰਗੀਂ ਵੱਸਦੇ ਨੂੰ ਏਥੇ ਆਉਣਾ ਪਿਆ। ਰਾਜ ਸੀ ਉਥੇ ਭਤੀਜ! ਪੂਰੀ ਸਪੈਦਪੋਸ਼ੀ ਸੀ। ਬਹੁਤਾ ਏਥੇ ਮਨ ਨਾ ਲੱਗਾ। ਛੋਟੇ ਮੁੰਡੇ ਨੂੰ ਏਥੇ ਸੈਟ ਕਰ ‘ਕੇਰਾਂ ਮੁੜ ਗਿਆ ਸੀ। ਹੁਣ ਦੋ ਤਿੰਨ ਸਾਲ ਹੋਏ ਨੇ ਆਏ ਨੂੰ। ਅਸੀਂ ਤਾਂ ਆਉਂਦੇ ਨਈਂ ਸੀ, ਮੁੰਡੇ ਮੁੜ-ਮੁੜ ਫੋਨ ਖੜਕਾਈ ਜਾਣ, ‘ਉਥੇ ਕੀ ਮੂੰਗੀ ਦਲਦੇ ਓਂ? ਆ ਜਾਓ ਏਧਰ। ਇਹ ਵੀ ਹੁਣ ਪੰਜਾਬ ਈ ਬਣਿਆ ਪਿਐ। ਉਸੇ ਤਰ੍ਹਾਂ ਦੀਆਂ ਏਥੇ ਮਹਿਫਿਲਾਂ, ਵਿਹਲੇ ਬਾਬੇ ਤਾਸ਼ਾਂ ਕੁੱਟਦੇ ਨੇ, ਮੈਪਲਾਂ ਹੇਠ ਖੁੰਡ ਕੌਂਸਲਾਂ ਚੰਗੀਆਂ ਜੰਮਦੀਆਂ ਨੇ।’ ਸੋ ਬਾਈ ਆ ਗਏ।
ਪਰ ਮਾਰ ਲਿਆ ਏਥੇ ਦੀਆਂ ਬਰਫਾਂ ਨੇ। ਪਿਛਲੀਆਂ ਗਰਮੀਆਂ ਵਿਚ ਡਰਾਈਵਿੰਗ ਲਸੰਸ ਲੈ ਲਿਆ। ਲਸੰਸ ਲੈਣਾ ਕਿਹੜਾ ਸੌਖੈ? ਸਾਲਾ ਟੀਸੀ ਦਾ ਬੇਰ ਬਣ ਖਲੋਂਦੈ। ਹੀਲਾਂ ਕਢਾ’ਤੀਆਂ। ਏਨੇ ਸਾਲ ਗੱਡੀ ਵਾਹੀ ਉਥੇ ਪੰਜਾਬ ‘ਚ, ਪਰ ਇਨ੍ਹਾਂ ਪਤੰਦਰਾਂ ਦੇ ਤੌਰ ਈ ਨਿਆਰੇ ਨੇ। ਤਿੰਨ-ਚਾਰ ਵਾਰ ਪਲਟੀਆਂ ਖਾਧੀਆਂ। ਆਖਿਰ ਮੋਰਚਾ ਮਾਰ ਈ ਲਿਆ। ਫਿਰ ਟੌਹਰ ਨਾਲ ਯਾਰਾਂ-ਬੇਲੀਆਂ ਨੂੰ ਦੱਸਣਾ, ਉਏ ਮੇਰੇ ਕੋਲ ‘ਜੀ’ ਡਰਾਈਵਿੰਗ ਲਸੰਸ ਜੇ।”
ਕੁਝ ਦਿਨਾਂ ਬਾਅਦ ਚਾਚਾ ਫਿਰ ਮਿਲ ਪਿਆ। “ਚਾਚਾ ਸੁਣਾ ਹੁਣ ਤਾਂ ਕੈਨੇਡਾ ਚੰਗਾ ਲੱਗਣ ਲੱਗ ਪਿਆ ਹੋਣੈਂ। ਹੁਣ ਤਾਂ ਗੱਡੀ ਐ ਤੇਰੇ ਕੋਲ। ਏਥੇ ਜਿਹਦੇ ਕੋਲ ਗੱਡੀ, ਉਹਨੂੰ ਲਾਟੀ ਖਾਂ ਸਮਝਿਆ ਜਾਂਦੈ।”
ਚਾਚਾ ਗੱਡੀ ਦੇ ਨਾਂ ‘ਤੇ ਇਉਂ ਬੁੜ੍ਹਕਿਆ ਜਿਵੇਂ ਠੂਹੇਂ ਨੇ ਡੰਗ ਮਾਰਿਆ ਹੋਏ, “ਗੱਡੀ! ਭਤੀਜ ਗੱਡੀ ਕੀ ਲੈ ਲਈ, ਐਵੇਂ ਬਿਪਤਾ ਈ ਗਲ ਪਾ’ਲੀ। ਪੂਰਾ ਦੁਖੀ ਆਂ, ਲਾਚਾਰੀ ਦੇ ਦੌਰ ‘ਚੋਂ ਲੰਘ ਰਿਹਾਂ। ਚਲੋ, ਏਥੇ ਨਾਲ ਕੁਝ ਨਿਭਣ ਲੱਗ ਈ ਪਏ ਸੀ, ਪਰ ਬੱਚਿਆਂ ਦੇ ਚਿਹਨ-ਚੱਕਰਾਂ ਨੇ ਸਾਨੂੰ ਬਿਆਸ ਦੇ ਹੜ੍ਹ ‘ਚ ਡੋਬਿਆ ਪਿਆ ਈ। ਇਨ੍ਹਾਂ ਦੇ ਮਾਪੇ ਜੋ ਮਰਜ਼ੀ ਕਰਨ, ਕਰੀ ਜਾਣ। ਸਾਨੂੰ ਕੀ! ਇਹ ਵੀ ਜੋ ਮਰਜ਼ੀ ਕਰਨ, ਖਾਣ-ਪੀਣ, ਫਿਰਨ-ਤੁਰਨ, ਜਿਹਨੂੰ ਮਰਜ਼ੀ ਮਿਲਣ-ਗਿਲਣ, ਸਾਨੂੰ ਕੀਹ? ਸਾਡੀ ਕਿਹੜੀ ਲੱਤ ਭੱਜਦੀ ਐ! ਪਰ ਇਨ੍ਹਾਂ ਤੋਂ ਟੁੱਟ ਕੇ ਵੀ ਨਈਂ ਰਿਹਾ ਜਾਂਦੈ। ਸੋ ਇਨ੍ਹਾਂ ਦੇ ਪੈੜਿਆਂ ਨਾਲ ਵਾਹ ਪੈਣੋਂ ਕਿਵੇਂ ਬਚਿਆ ਜਾ ਸਕਦੈ। ਬੱਚੇ ਮਾਂ ਪਿਉ ਨਾਲ ਅੰਗਰੇਜ਼ੀ ‘ਚ ਗੱਲਾਂ ਕਰਦੇ ਅੱਖੜਦੇ ਨੇ। ਇਉਂ ਜਾਪਦਾ ਇਹ ਤਾਂ ਦੋਗਲੇ ਵੱਛਿਆਂ ਵਾਂਗ 50% ਅੰਗਰੇਜ਼ ਬਣ ਗਏ ਜੇ। ਇਹ ਵੀ ਸਹਿ ਲਿਆ। ਸਾਨੂੰ ਕੀ! ਸਾਡੇ ਬੱਚੇ ਸਾਡੀ ਇੱਜਤ ਕਰਦੇ ਨੇ, ਖਾਣ-ਪੀਣ ਦੀ ਕੋਈ ਤੋਟ ਨਈਂਉਂ, ਭਤੀਜ! ਸੱਚ ਕਹਿਨਾਂ, ਕਿਸੇ ਵੀ ਚੀਜ਼ ਦੀ ਥੁੜ੍ਹ ਨਈਉਂ। ਸਗੋਂ ਬੱਸ ਜੀਭ ਦੀਆਂ ਵਾਗਾਂ ਖਿੱਚ ਕੇ ਰੱਖਣੀਆਂ ਪੈਂਦੀਆਂ ਨੇ। ਯੱਭ ਇੱਕ ਹੋਰ ਈ! ਇਨ੍ਹਾਂ ਨੂੰ ਸਕੂਲ ਛੱਡਣ ਤੇ ਲਿਆਉਣ ਦਾ। ਇਸ ਯੱਭ ਨੇ ਖੂਨ ਈ ਪੀਤਾ ਪਿਐ। ਕੀ ਦੱਸਾਂ…!” ਤੇ ਉਹ ਚੁੱਪ ਹੋ ਗਿਆ।
“ਇਹ ਤਾਂ ਚੰਗੈ, ਇਸ ਵਿਚ ਕੀ ਮਾੜੈ, ਤੂੰ ਵੀ ਤੁਰਦਾ-ਫਿਰਦਾ ਰਹਿਨਾਂ। ਤੈਨੂੰ ਕਿਹੜਾ ਉਨ੍ਹਾਂ ਨੂੰ ਕੰਧਾੜੇ ਚੁੱਕਣਾ ਪੈਂਦਾ? ਦੁਖੀ ਕਿਵੇਂ ਐਂ?”
ਗੱਲ ਕੱਟਦਿਆਂ ਚਾਚਾ ਗੁੱਸੇ ‘ਚ ਬੋਲਿਆ, “ਵਖਤ ਨੂੰ ਫੜਿਆ ਆਂ। ਉਨ੍ਹਾਂ ਨਾਲ ਕਾਰ ਦੇ ਸਫਰ ਵਾਲੀਆਂ ਘੜੀਆਂ ਸਹਿਣੀਆਂ, ਭਤੀਜ ਬਲਾਈਂ ਔਖੀਆਂ-ਅਸਹਿ ਹੋ ਜਾਂਦੀਆਂ ਨੇ। ਉਪਰਾਮ ਹੋ ਜਾਈਦੈ, ਤੂੰ ਕਹਿਨਾਂ ਤੁਰਦਾ-ਫਿਰਦਾ ਰਹਿਨਾਂ, ਨਿਰਾ ਵਖਤ ਭੋਗਣਾ ਪੈਂਦਾ ਈ। ਸੱਚ ਪੁੱਛੇਂ ਤਾਂ ਸਹੁਰੇ ਕਾਰ ਵਿਚ ਬਹਿੰਦੇ ਈ ਅੰਗਰੇਜ਼ੀ ਸੰਗੀਤ ਦੀ ਕਿੱਲੀ ਦੱਬ ਦੇਂਦੇ ਨੇ, ਸਾਜਰੇ ਈ, ਉਹ ਵੀ ਉਚੀ ਸੁਰ ‘ਚ। ਸਿਰ ਪਾੜ੍ਹਵੀਂ ਆਵਾਜ਼, ਨਾ ਕੁਝ ਪਿੜ-ਪੱਲੇ ਪੈਂਦਾ, ਕੰਨਾਂ ‘ਚ ਰੂੰ ਵੀ ਨਈਂ ਦੇ ਹੁੰਦਾ ਤੇ ਸੁਣ ਵੀ ਨਈਂ ਹੁੰਦਾ। ਅਸੀਂ ਜਿਨ੍ਹਾਂ ਯਮਲਾ ਜੱਟ, ਆਲਮ ਲੁਹਾਰ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਨਰਿੰਦਰ ਬੀਬਾ ਦੇ ਮਿੱਠੇ ਸੁਰ, ਅਰਥਾਂ ਭਰੇ ਗੀਤ ਸੁਣੇ ਹੋਏ ਹਨ, ਸਾਨੂੰ ਇਹ ਸਭ ਬੇਸੁਆਦਾ, ਬੇਅਰਥਾ ਸ਼ੋਰ-ਸ਼ਰਾਬਾ ਲੱਗਦੈ। ਪੇਂਜੇ ਦੇ ਰੂੰ ਵਾਂਗ ਰੂਹ ਪਿੰਜੀ ਜਾਂਦੀ ਐ। ਗੀਤ ਕਾਹਦੇ ਨੇ, ਪੀਪੇ ‘ਚ ਰੋੜੇ ਖੜਕਦੇ ਨੇ। ਬੜੀ ਕੋਸ਼ਿਸ਼ ਕਰਦਾਂ ਸਮਝਣ ਲਈ, ਚੱਲ ਕੁਝ ਪਿੜ ਪੱਲੇ ਪਏ, ਦਿਲ ਤਾਂ ਕਰਦੈ ਨਾ ਈ ਸਮਝਾਂ ਪਰ ਫਿਰ ਚਿੱਤ ਕਰਦੈ ਸੁਣਾਂ, ਇਹ ਕਾਹਦੇ ‘ਤੇ ਲਟਬੌਰੇ ਹੋਏ ਫਿਰਦੇ ਨੇ। ਮਾਹਟਰ ਮੋਹਨ ਲਾਲ ਦੀ ਪੜ੍ਹਾਈ ਅੰਗਰੇਜ਼ੀ ਸਾਰੀ ਦੀ ਸਾਰੀ ਝੋਕ ਦੇਨਾਂ, ਕਿਤੇ ਕਿਤੇ ‘ਫੱਕ’ ‘ਫੱਕ’, ‘ਡਰਾਈ ਵੇਅ, ਫਰੀ ਵੇਅ’, ‘ਹੱਸੋ ਹੱਸੋ’, ‘ਕਿੱਸੋ ਕਿੱਸੋ’…ਕਿਤੇ ਕਿਤੇ ਇਹੋ ਜਿਹੇ ਕੋਈ ਬੋਲ ਪਿੜ ਪੱਲੇ ਪੈਂਦੇ ਨੇ। ‘ਹਾਏ ਹਾਏ’ ਈ ਹੋਈ ਜਾਂਦੀ ਆ। ਸੁਣਦਾ ਸੁੰਨ ਹੋ ਜਾਨਾਂ। ਬਥੇਰਾ ਪੁੱਛਦਾਂ ਸਹੁਰਿਆਂ ਨੂੰ, ਇਹ ਕੀ ਬੋਲ ਨੇ? ਮਾੜੀ ਮੋਟੀ ਤਾਂ ਅੰਗਰੇਜ਼ੀ ਆਉਂਦੀ ਆ।”
ਚਾਚੇ ਨੇ ਰੋਣਹਾਕੀ ਆਵਾਜ਼ ‘ਚ ਕਿਹਾ, “ਕਹਿੰਦੇ ਨੇ, ਬਾਬਾ! ਇਹ ਨਈਂ ਤੇਰੀ ਸਮਝ ਆ ਸਕਦੀ। ਸ਼ਰਾਰਤੀ ਜਿਹੇ ਹਾਸੇ ਨਾਲ ਟਾਲ ਦਿੰਦੇ ਨੇ।…ਮਨ ‘ਚ ਰੋਹ ਭਰੀ ਚੀਸ ਉਠਦੀ ਐ, ਕਿੱਥੇ ਆ ਫਸੇ ਮਾੜੀ ਕਿਸਮਤ ਨੂੰ। ਨਾਲ ਈ ਅੰਦਰੋਂ ਹੌਕਾ ਜਿਹਾ ਉਠਦੈ, ‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ!’ ਸੋਚਦਾ ਸੋਚਦਾ ਚੁੱਪ ਕਰ ਜਾਨਾਂ, ਹੋਰ ਚਾਰਾ ਵੀ ਕੋਈ ਨਈਂ।”
ਚਾਚੇ ਨੇ ਹੌਕਾ ਜਿਹਾ ਲਿਆ, “ਕਦੀ ਜਦੋਂ ਤੇਰੀ ਚਾਚੀ ਕੋਲ ਮਨ ਦੀ ਭੜਾਸ ਕੱਢਦਾਂ, ਅੱਗੋਂ ਤੀਰ ਵਰਗੇ ਜਵਾਬ, ‘ਨਾ ਜੀ ਨਾ, ਆਪਾਂ ਇਨ੍ਹਾਂ ਦੇ ਚੁੱਲ੍ਹੇ ‘ਤੇ ਆਂ, ਇਨ੍ਹਾਂ ਦੇ ਕੰਮ ਆਉਂਦੇ ਰਹੀਏ-ਔਖੇ ਹੋਈਏ ਭਾਵੇਂ ਸੌਖੇ। ਮੇਰਾ ਵੀ ਕੰਮ ਕਿਹੜਾ ਕਦੀ ਕਿਸੇ ਨੂੰ ਪਸੰਦ ਆਇਐ, ਨੁਕਸ ਈ ਨਿਕਲਦੇ ਰਹਿੰਦੇ ਨੇ। ਥੱਕ ਟੁੱਟ ਜਾਨੀਂ ਆਂ ਸਾਰਾ ਦਿਨ ਕਰਦੀ ਕਰਦੀ। ਕੰਮ ਤੋਂ ਆਈ ਨੂੰਹ ਕੋਲੋਂ ਕਦੀ ਨੀ ਸੁਣਿਐ, ਮੰਮੀ ਬਹਿ ਜਾਓ, ਹੁਣ ਮੈਂ ਆਪੇ ਕਰ ਲਊਂ। ਪਰ ਕਿੱਥੇ! ਹੁਣ ਸਾਡੀ ਕੋਈ ਉਮਰ ਐ, ਇਨ੍ਹਾਂ ਸੀੜੀ ਸਿਆਪਿਆਂ ਦੀ? ਪਿੰਡ ਕੰਮ ਕਰਨ ਲਈ ਦੋ ਤਿੰਨ ਮਾਈਆਂ ਰੱਖਦੀ ਹੁੰਦੀ ਸੀ, ਏਥੇ ਆਪ ਈ ਮਾਈ ਬਣੀ ਹੋਈ ਆਂ…।’ ਉਹ ਅੱਗੋਂ ਆਪਣੀ ਰਾਮ ਕਹਾਣੀ ਛੋਹ ਧਰਦੀ ਐ।”
“ਵਾਪਸੀ ‘ਤੇ ਸੋਚਾਂ ਦੇ ਹੜ੍ਹ ‘ਚ ਗੋਤੇ ਖਾਂਦਾ ਆਉਨਾਂ। ਪਛਤਾਵੇ ਨਾਲ ਗੱਚ ਭਰ ਜਾਂਦੈ। ਕਾਹਨੂੰ ਲੈਣਾ ਸੀ ਲਸੰਸ, ਨਾ ਵੱਜਦੀ ਬੰਸਰੀ, ਨਾ ਰਾਧਾ ਨੱਚਦੀ। ਮਾਹਟਰ ਜਸਬੀਰ ਢਿੱਲੋਂ ਨੇ ਠੀਕ ਈ ਸਲਾਹ ਦਿੱਤੀ ਸੀ, ਚਾਚਾ ਨਾ ਲਈਂ ਲਸੰਸ, ਫਸ ਜਾਏਂਗਾ। ਇਨ੍ਹਾਂ ਝਮੇਲਿਆਂ ਕਰਕੇ ਈ ਮੈਂ ਅੱਧ-ਪਚੱਧਾ ਲੈ ਕੇ ਛੱਡ’ਤਾ ਈ, ਹੁਣ ਮੌਜ ਨਾਲ ਸਰਾਹਣੇ ਬਾਂਹ ਦੇ ਕੇ ਸੌਂਦੇ ਆਂ। ਨਾ ਕੋਈ ਕਹਿੰਦੈ, ਤੇ ਨਾ ਇਹ ਯੱਭਣੇ ਪੈਂਦੇ ਨੇ। ਉਹ ਜਾਣਨ ਜਾਂ ਇਹ ਜਾਣਨ-ਸਾਨੂੰ ਕੀ! ਜਿਨ੍ਹਾਂ ਦੇ ਸਿਰ, ਉਨ੍ਹਾਂ ਦੀਆਂ ਦਰਦਾਂ। ਅਸੀਂ ਲੰਮੀਆਂ ਤਾਣ ਪੈਨੇ ਆਂ।” ਚਾਚਾ ਜਿਵੇਂ ਖਿੱਲਰ ਹੀ ਪਿਆ।
“ਹਾਂ ਸੱਚ ਏਧਰ ਆਉਣ ਦਾ ਚੱਕਰ ਕਿਵੇਂ ਬਣਿਆ?”
“ਭਤੀਜ, ਤੈਨੂੰ ਪਤਾ ਈ ਐ, ਵੱਡਾ ਮੁੰਡਾ ਏਧਰ ਵਿਆਹਿਆ ਗਿਆ ਸੀ। ਸਭ ਤੋਂ ਵੱਡੀ ਕੁੜੀ ਉਥੇ ਈ ਵਿਆਹ’ਤੀ ਸੀ। ਛੋਟੇ ਮੁੰਡੇ ਨੂੰ ਉਥੇ ਈ ਸੈਟ ਕਰਨਾ ਚਾਹੁੰਦਾ ਸੀ, ਦੋਹਾਂ ਜਹਾਨਾਂ ਦੇ ਨਜ਼ਾਰੇ ਕਾਇਮ ਰੱਖਣ ਖਾਤਰ, ਪਰ ਉਹ ਵੀ ਜਿੱਦ ਫੜ੍ਹ ਬੈਠਾ, ‘ਮੈਂ ਵੀ ਬਾਹਰ ਈ ਜਾਣੈ।’ ਉਥੇ ਦੱਸ ਇਹਨੂੰ ਕਿਹੜੀ ਬਿੱਜ ਪੈਂਦੀ ਸੀ! ਵੱਡੇ ਨੇ ਕਾਗਜ਼ ਭਰ’ਤੇ, ਏਥੇ ਆ ਉਤਰੇ। ਹੁਣ ਉਹ ਭੱਜਾ ਫਿਰਦਾ ਈ ਟਰੱਕਾਂ ‘ਤੇ, ਅਸੀਂ ਬਰਫਾਂ ਮਿੱਧਦੇ ਫਿਰਦੇ ਆਂ। ‘ਪਰਦੇਸੀਂ ਸਾਡੇ ਆਲ੍ਹਣੇ, ਰੂਹ ਵੱਸਦੀ ਪੰਜਾਬ’ ਵਾਲੀ ਗੱਲ ਬਣੀ ਪਈ ਏ।”
“ਵਾਹ ਚਾਚਾ! ਵਾਹ! ਸ਼ਿਅਰ ਕਿੱਥੋਂ ਸਿੱਖ ਗਿਐਂ?”
“ਉਏ ਇਹ ਵੀ ਏਥੇ ਇੱਕ ਦਿਨ ਮਾਹਟਰ ਨੇ ਕਲੱਬ ‘ਚ ਸੁਣਾਇਆ ਸੀ, ਮਨ ‘ਚ ਖੁੱਭ ਗਿਐ, ਹੋਰ ਮੈਂ ਕਿਧਰਲਾ ਸ਼ਾਇਰ ਆਂ।”

ਸਾਡੇ ਪਿੰਡ ‘ਚ ਚਾਚਾ ਮਾਨਾ ‘ਜਗਤ ਚਾਚਾ’ ਈ ਬਣ ਚੁਕਾ ਸੀ। ਛੋਟੇ-ਵੱਡੇ ਸਾਰੇ ਈ ਉਸ ਨੂੰ ਚਾਚਾ ਕਹਿ ਕੇ ਬੁਲਾਉਂਦੇ। ਚਾਚੇ ਤੋਂ ਵੱਡੇ ਉਸ ਦੇ ਭਤੀਜੇ-ਭਤੀਜੀਆਂ ਵੀ ਚਾਚਾ ਈ ਕਹਿੰਦੀਆਂ। ਪਹਿਲੇ ਸਮਿਆਂ ‘ਚ ਸਰਦੇ-ਪੁੱਜਦੇ ਘਰਾਣਿਆਂ ਦੇ ਮੁੰਡਿਆਂ ਦੇ ਵਿਆਹ ਮੁੱਛ ਫੁੱਟਦਿਆਂ ਈ ਹੋ ਜਾਇਆ ਕਰਦੇ ਸਨ। ਅੱਗੋਂ ਬਖਤਾਵਰ ਵੀ ਕੁੜੀਆਂ ਦੇ ਵਿਆਹ ਛੇਤੀ ਕਰ ਦਿੰਦੇ। ‘ਕੀ ਕਰਨੈਂ ਘਰ ਬਿਠਾ ਕੇ, ਬਿਗਾਨਾ ਧਨ ਆਪਣੇ ਘਰ ਜਾਏ, ਅਸੀਂ ਸੁਰਖਰੂ ਹੋਈਏ।’ ਇਉਂ ਚਾਚੇ ਦਾ ਵਿਆਹ ਛੋਟੀ ਉਮਰੇ ਈ ਹੋ ਗਿਆ ਸੀ। ਉਦੋਂ ਉਹ ਨੌਂਵੀਂ ‘ਚ ਪੜ੍ਹਦਾ ਸੀ। ਅੱਗੋਂ ਬਹੁਤੇ ਸਿਆੜਾਂ ਵਾਲਿਆਂ ਦੇ ਮੁੰਡੇ ਕਿਹੜਾ ਪੜ੍ਹਦੇ ਸਨ। ਪਹਿਲੀ ਉਮਰ ਦੇ ਪੁੱਤਰ ਵੀ ਅੱਗੋਂ ਛੇਤੀ ਵਿਆਹੇ ਜਾਂਦੇ। ਕਈ ਵਾਰੀ ਸੱਸਾਂ-ਨੂੰਹਾਂ ਨਾਲੋ ਨਾਲ, ਅੱਗੇ-ਪਿੱਛੇ ਜਵਾਕ ਜੰਮੀ ਜਾਂਦੀਆਂ। ਭੂਆ-ਭਤੀਜੀਆਂ, ਚਾਚੇ-ਭਤੀਜੇ ਹਾਣ ਦੇ ਹੁੰਦੇ। ਕਈ ਵਾਰੀ ਭਤੀਜੇ ਵੱਡੇ ਹੁੰਦੇ। ਸੱਸਾਂ ਨੂੰਹਾਂ ਤੋਂ ਝੇਂਪਦੀਆਂ, ਆਪਣੇ ਘਰ ਵਾਲਿਆਂ ਤੋਂ ਬਥੇਰਾ ਪਾਸਾ ਵੱਟਦੀਆਂ ਪਰ ਕਿੱਥੇ! ਘਰਾਂ ‘ਚ ਬਖੇੜੇ ਖੜ੍ਹੇ ਹੋ ਜਾਂਦੇ। ਇਸ ਤਰ੍ਹਾਂ ਚਾਚਾ ਮਾਨਾ ਵੀ ਜਗਤ ਚਾਚਾ ਬਣ ਗਿਆ ਸੀ। ਵੱਡੇ ਮਸ਼ਕਰੀ ਤੇ ਸਨੇਹ ਨਾਲ ਚਾਚਾ ਕਹਿੰਦੇ ਸੁਆਦ ਲੈਂਦੇ।
ਇਧਰ ਵਿਆਹ ਹੋ ਗਿਆ ਤੇ ਉਧਰੋਂ ਅੰਗਰੇਜ਼ੀ ਦੇ ਮਾਸਟਰ ਮੋਹਨ ਲਾਲ ਦੇ ਡਾਇਰੈਕਟ-ਇਨਡਾਇਰੈਕਟ ਅਤੇ ਹਿਸਾਬ ਦੇ ਮਾਸਟਰ ਦੀਵਾਨ ਸਿੰਘ ਦੇ ਡੰਡਿਆਂ ਨੇ ਚਾਚੇ ਮਾਨੇ ਨੂੰ ਸਕੂਲੋਂ ਭਜਾ ਦਿੱਤਾ। ਸਕੂਲੋਂ ਭੱਜੇ ਨੂੰ ਵੱਡੇ ਭਰਾ ਵਾਹੀ-ਜੋਤੀ ਵਿਚ ਪੰਜਾਲਣਾ ਚਾਹੁੰਦੇ ਸੀ, ਪਰ ਉਹ ਟਲਦਾ ਘਰ ਈ ਲੁਕਿਆ ਰਹਿੰਦਾ। ਨਿੱਤ ਦੇ ਕਲੇਸ਼ ਤੋਂ ਤੰਗ ਆਇਆ ‘ਕੇਰਾਂ ਉਹ ਐਸਾ ਖਿਸਕਿਆ, ਕਲਕੱਤੇ ਰਹਿੰਦੇ ਘਰਾਂ ‘ਚੋਂ ਲੱਗਦੇ ਤਾਏ ਦਲੀਪ ਸਿੰਘ ਦੇ ਚਰਨੀਂ ਜਾ ਲੱਗਾ। ਤਾਇਆ ਪਿਛਲੇ ਸਾਲ ਜਦੋਂ ਪਿੰਡ ਆਇਆ ਤਾਂ ਉਹ ਚਾਚੇ ਮਾਨੇ ਨੂੰ ਉਥੇ ਦੀਆਂ ਲਹਿਰਾਂ ਬਹਿਰਾਂ ਦੇ ਜਲਵੇ ਵਿਖਾ ਗਿਆ ਸੀ।
ਮਾਨ ਸਿੰਘ ਦਿਮਾਗੀ ਤੌਰ ‘ਤੇ ਤਿੱਖਾ ਸੀ। ਚਹੁੰ-ਪੰਜਾਂ ਸਾਲਾਂ ‘ਚ ਈ ਟੈਕਸੀ ਧੰਦੇ ਦੇ ਦਾਅ-ਪੇਚ ਸਿੱਖ ਗਿਆ। ਦਸਾਂ ਕੁ ਸਾਲਾਂ ‘ਚ ਚਾਰ ਟੈਕਸੀਆਂ ਦਾ ਜਗਾੜ ਫਿੱਟ ਕਰ ਗਿਆ। ਚਾਦਰਾ/ਪਜਾਮਾ ਤਿਆਗ ਕੋਟ ਪੈਂਟ ਪਾਉਣ ਲੱਗ ਪਿਆ। ਪਿੱਛੇ ਪਿੰਡ ਵੀ ਘਰ-ਬਾਹਰ ਦੀ ਵਾਹਵਾ ਠੁੱਕ ਬੰਨ੍ਹ ਦਿੱਤੀ, ਕੈਨੇਡਾ ਵਾਲਿਆਂ ਵਾਂਗੂੰ। ਪਿੰਡ ‘ਚ ਪਰਿਵਾਰ ਦੇ ਨਾਂ ਨਾਲ ‘ਕਲਕੱਤੇ ਵਾਲੇ ਚਾਚੇ ਮਾਨੇ ਕੇ’ ਅੱਲ ਪੈ ਗਈ।
ਹੁਣ ਚਾਚਾ ਮਾਨਾ ਬਰੈਂਪਟਨ ਸੀਨੀਅਰ ਕਲੱਬ ‘ਚ ਕਦੀ ਕਦੀ ਮਿਲ ਪੈਂਦਾ। ਉਮਰ ਨੇ ਉਸ ਦੇ ਸਰੀਰ ਤੋਂ ਆਪਣਾ ਮੁੱਲ ਵਸੂਲ ਲਿਆ ਹੋਇਆ ਸੀ। ਪਰ ਗੱਲਬਾਤ ਵਿਚ ਹਾਲੀ ਪੂਰਾ ਕਾਇਮ ਹੈ। ਅਸੀਂ ਕੋਈ 15 ਸਾਲਾਂ ਬਾਅਦ ਮਿਲਣ ਲੱਗੇ ਆਂ। ਉਹ ਬਹੁਤਾ ਕਲਕੱਤੇ ਰਿਹਾ ਅਤੇ ਮੈਂ ਨੌਕਰੀ ਦੇ ਚੱਕਰਾਂ ‘ਚ ਪਿੰਡੋਂ ਬਾਹਰ।
“ਗੱਡੀ ਦਾ ਜੁਗਾੜ ਬਣਾਉਣ ਦੀ ਕੀ ਲੋੜ ਪਈ ਸੀ?” ਇੱਕ ਦਿਨ ਮੈਂ ਵੱਡੀ ਮੁਸ਼ਕਿਲ ਦੀ ਜੜ੍ਹ ਬਾਰੇ ਜਾਣਨਾ ਚਾਹਿਆ।
“ਬਾਈ ਕੁਝ ਤਾਂ ਆਪਣੇ ‘ਤੇ ਮਾਣ ਸੀ ਕਿ ਇਹ ਕਿਹੜੀ ਗੱਲ ਐ, ਗੱਡੀ ਰੱਖਾਂਗੇ ਤੇ ਟੌਹਰ ਨਾਲ ਰਹਾਂਗੇ। ਪਰ ਨਾਲੇ ਮੁੰਡੇ ਵੀ ਕਹਿਣ ਲੱਗ ਪਏ, ‘ਡੈਡੀ ਅਸੀਂ ਚਾਰੇ ਤਾਂ ਜਾਬਾਂ ਦੀ ਭੱਜ-ਭਜਾਈ ‘ਚ ਫਸੇ ਹੋਏ ਆਂ। ਬੱਚਿਆਂ ਨੂੰ ਸਕੂਲ, ਪਾਰਕ, ਖੇਡ ਮੈਦਾਨ ‘ਚ ਛੱਡ/ਲੈ ਆਇਆ ਕਰੀਂ। ਤੁਸੀਂ ਵੀ ਏਧਰ ਉਧਰ ਜਾ ਆਇਆ ਕਰੋਂਗੇ।’ ਸੋ ਬਾਈ ਇਹ ਵੀ ਮੋਰਚਾ ਮਾਰਨਾ ਪਿਆ ਤੇ ਕਾਰ ਵੀ ਲੈ ਲਈ।”
ਇੱਕ ਦਿਨ ਚਾਚਾ ਮੁੜ ਝੂਰਨ ਲੱਗ ਪਿਆ, “ਕੋਈ ਚਾਰਾ ਨਈਓਂ ਦਿਸਦਾ, ਸਿਤਮ ਦੀ ਹੱਦ ਹੋ ਗਈ ਆ। ਕੇਹੇ ਆਲਮ ‘ਚੋਂ ਲੰਘ ਰਹੇ ਆਂ, ਏਥੇ ਭੰਗੜਾ ਸਿਖਾਉਂਦੇ ਆ ਪਰ ਬੋਲਦੇ ਸਹੁਰੀ ਦੇ ਅੰਗਰੇਜ਼ੀ ਆ, ਗੀਤ-ਸੰਗੀਤ ਤੇ ਨਾਚ ਪੰਜਾਬੀ ਹੁੰਦੈ, ਕੁਝ ਤਾਂ ਰਹਿਮ ਕਰੋ ਓਏ ਪਤੰਦਰੋ!
ਅੱਗੋਂ ਭੰਗੜਾ ਮਾਸਟਰ ਕਹਿੰਦਾ, ‘ਅੰਕਲ, ਸਾਨੂੰ ਵੀ ਪੰਜਾਬੀ ਕਿਹੜੀ ਚੱਜ ਨਾਲ ਆਉਂਦੀ ਆ, ਬੱਸ ਭੰਗੜਾ ਈ ਪਾਉਨੇ ਆਂ ਤੇ ਸਿਖਾਉਨੇ ਆਂ।’ ਇਉਂ ਲੱਗਾ ਭਤੀਜ, ਜਿਵੇਂ ਪੰਜਾਬੀ ਤਾਂ ਗਈ ਕਿ ਗਈ।
ਬੱਚਿਆਂ ਨੂੰ ਲੈ ਕੇ ਆਈਆਂ ਉਥੇ ਖੜ੍ਹੀਆਂ ਬੀਬੀਆਂ ਨਾਲ ਮੈਂ ਗੱਲੀਂ ਪੈ ਗਿਆ। ‘ਪੰਜਾਬੀ ਬੋਲੀ ਤਾਂ ਇਨ੍ਹਾਂ ਨੇ ਕਿੱਥੇ ਬੋਲਣੀ ਏ! ਇਹ ਤਾਂ ਥੋੜ੍ਹੇ ਬਹੁਤੇ ਸਾਡੇ ਸ਼ੌਕ ਨੇ, ਇਹ ਤਾਂ ਬੱਧੇ ਰੁੱਧੇ ਈ ਆਉਂਦੇ ਨੇ, ਜਿਵੇਂ ਸਕੂਲ ਨੂੰ ਜਾਂਦੇ ਨੇ।’
ਵਿਚੋਂ ਇੱਕ ਹੋਰ ਨੇ ਕਿਹਾ, ‘ਚਲੋ ਹੋਰ ਨਈਂ ਤਾਂ ਫਾਸਟ ਫੂਡ, ਚਾਕਲੇਟਾਂ ਦੇ ਸ਼ੌਕੀਨਾਂ ਦੀ ਥੋੜ੍ਹੀ ਬਹੁਤੀ ਕਸਰਤ ਤਾਂ ਹੋ ਈ ਜਾਂਦੀ ਐ।’
ਏਥੇ ਵੀ ‘ਦੇਸੀ ਘੋੜੇ ਖੁਰਾਸਾਨੀ ਦੁਲੱਤੇ’ ਵਾਲਾ ਹਾਲ ਏ। ਪੈਸਾ ਨਚਾਈ ਫਿਰਦੈ, ਇਹ ਕਾਹਨੂੰ ਟਿਕਣ ਦਿੰਦੈ ਬੰਦੇ ਨੂੰ! ਘਰ ਸੁੰਨੇ ਛੱਡ ਆਪ ਡਾਲਰਾਂ, ਘਰਾਂ ਤੇ ਵੱਡੀਆਂ ਕਾਰਾਂ ਖਾਤਰ ਕਈ ਕਈ ਘੰਟੇ ਘਰੋਂ ਗਾਇਬ, ਪਨੀਰੀ ‘ਚ ਉਗੀ ਜਾਂਦੈ ਬੇਲੋੜਾ ਘਾਹ-ਫੂਸ, ਸੂੜ੍ਹੀ-ਸਲੂਟੀ। ਬੱਸ ਫਿਰ ਫਸਲ ਦੱਬੀ ਜਾਂਦੀ ਏ ਇਸ ਵਿਚ ਈ। ਪੱਲੇ ਫਿਰ ਕੀ ਪੈਣਾ? ਬੇਰੜਾ, ਅੱਖੜ, ਅਮੋੜ, ਮਨਮਤੀਏ, ਨਸਲ, ਕਾਂਗਰਸੀ ਘਾਹ ਦੇ ਬੀਆਂ ਨਾਲ ਭਰੀ ਹੋਈ ਔਲਾਦ। ਅਗਲੀ ਪੀੜ੍ਹੀ, ਬੱਸ ਗਈ ਸਮਝ।
ਏਥੇ ਮੁੰਡਿਆਂ ਦੇ ਰੰਗ-ਢੰਗ ਈ ਨਿਆਰੇ ਨੇ। ਅੱਧੀ ਰਾਤ ਤੱਕ ਮੰਡੀਰਾਂ ਸੜਕਾਂ ‘ਤੇ ਫਿਰੀ ਜਾਂਦੀਆਂ ਨੇ, ਪਾਰਕਾਂ ‘ਚ ਖੇਡਦੇ ਫਿਰਦੇ ਨੇ, ਦੇਰ ਰਾਤ ਟੀ.ਵੀ. ਵੇਖਦੇ, ਵੀਡੀਓ ਗੇਮਾਂ ਖੇਡਦੇ ਸਵੇਰ ਤੜਕੇ ਸੌਣਗੇ, ਜਦੋਂ ਜਾਗਣ ਦਾ ਵੇਲਾ ਹੁੰਦੈ। ਦੁਪਹਿਰ ਨੂੰ ਉਠਣਗੇ। ਹੈ ਨਾ ਉੱਲੂਆਂ ਵਾਲੇ ਤੌਰ ਤਰੀਕੇ?”
ਮਾਨੇ ਚਾਚੇ ਦੀਆਂ ਗੱਲਾਂ ਸੁਣਦਾ ਤੇ ਉਸ ਦਾ ਦੁੱਖ ਮਹਿਸੂਸ ਕਰਦਿਆਂ ਕਹਿਣਾ ਪੈਂਦਾ, “ਵੇਖ ਬਾਲਿਆ ਰੰਗ ਕਰਤਾਰ ਦੇ!” ਉਸ ਨੂੰ ਇਸ ਵਰਤਾਰੇ ਨਾਲ ਸਹਿਜ ਹੋਣ ਅਤੇ ਸਹਿਣ ਕਰਨ ਦੀ ਸਲਾਹ ਦਿੰਦਾ ਹਾਂ।
ਇੱਕ ਦਿਨ ਸਵੇਰੇ ਸਵੇਰੇ ਉਸ ਦੀ ਵੇਦਨਾ ਦਾ ਕਿੱਸਾ ਉਸ ਦੇ ਜ਼ਿਹਨ ‘ਚ ਤਰਨ ਲੱਗ ਪਿਆ, “ਮਾਨਿਆ! ਭੱਜ ਚੱਲ ਏਥੋਂ। ਪਰ ਫਿਰ ਏਧਰੋਂ ਉਧਰੋਂ ਸੁਣੀਆਂ ਗੱਲਾਂ ਯਾਦ ਆ ਜਾਂਦੀਆਂ, ‘ਚਾਚਾ! ਔਖੇ ਸੌਖੇ ਦਸ ਸਾਲ ਪੂਰੇ ਕਰ ਲੈ, ਪੈਨਸ਼ਨ ਲੱਗ ਜਾਊ।’ ਬੇਵੱਸ ਹੋ ਫਿਰ ਸਭ ਕੁਝ ਭਾਣਾ ਸਮਝ ਚੁੱਪ ਕਰ ਜਾਂਦਾ ਆਂ।” ਏਦਾਂ ਦਾ ਪਾਠ ਬਹੁਤਾ ਉਹਦੀ ਘਰ ਵਾਲੀ ਸਵੇਰੇ-ਸ਼ਾਮ ਕਰਦੀ ਰਹਿੰਦੀ।
ਫਿਰ ਚਾਚਾ ਬੋਲਿਆ, “ਇਉਂ ਮਹਿਸੂਸ ਹੁੰਦੈ ਜਿਵੇਂ ਕਦੀ ਸੌਣ-ਭਾਦੋਂ ਦੇ ਭਾਰੀ ਮੀਂਹ ਪਿੱਛੋਂ ਪਿੰਡ ਦੇ ਗੁਰਦੁਆਰੇ ਵਾਲੇ ਵੱਡੇ ਛੱਪੜ ਦਾ ਪਾਣੀ ਨੱਕੋ-ਨੱਕ ਭਰ ਜਾਂਦਾ ਸੀ। ਉਸ ਵਿਚ ਛਾਲਾਂ ਮਾਰਦੇ, ਤਰਦੇ, ਚੁੱਭੀਆਂ ਮਾਰਦੇ, ਕਈ ਕਿਸਮ ਦੀਆਂ ਖੇਡਾਂ ਖੇਡਦੇ ਸੀ, ਤੇ ਜਦੋਂ ਕਦੀ ਕੋਈ ਡੂੰਘੇ ਡੁੰਮ੍ਹ ‘ਚ ਚਲੇ ਜਾਂਦਾ, ਗੋਤੇ ਆਉਂਦੇ, ਹੁੱਥੂ ਆਉਂਦੇ, ਚਾਰ ਚੁਫੇਰੇ ਚੀਕਾਂ ਵੱਜਦੀਆਂ। ਉਪਰੋਂ ਪਲਮਦੇ ਬੋਹੜ ਦੇ ਦਾੜ੍ਹੇ ਨੂੰ ਉਛਲ ਉਛਲ ਫੜਨ ਲਈ ਤਰਲੋ-ਮੱਛੀ ਹੁੰਦੇ, ਕਦੀ ਹੇਠਾਂ ਜਾਂਦੇ, ਕਦੀ ਉਪਰ ਆਉਂਦੇ। ਰੌਲਾ ਪਾਉਂਦੇ, ਪੂਰੇ ਤਾਣ ਨਾਲ ਬੋਹੜ ਦੇ ਦਾਹੜੇ ਵੱਲ ਅਹੁਲਦੇ, ਪਰ ਉਹ ਹੱਥ ਨਾ ਆਉਂਦਾ। ਉਧਰ ਮੁੰਡੇ ਹੱਸਦੇ। ਕਈ ਵਾਰੀ ਮੈਨੂੰ ਭਤੀਜ ਉਹ ਦਾਹੜਾ ਕਨੇਡਾ ਦੀ ਪੈਨਸ਼ਨ ਵਰਗਾ ਈ ਜਾਪਦੈ। ਹਾਏ ਉਏ ਮੇਰਿਆ ਰੱਬਾ! ਕਦੋਂ ਪੂਰੇ ਹੋਣਗੇ ਦਸ ਸਾਲ, ਕਦੋਂ ਮਿਲੇਗੀ ਪੈਨਸ਼ਨ ਅਤੇ ਕਦੋਂ ਜਿੰਦ ਖਲਾਸੀ ਹੋਊ? ਪਿੰਡ ਜਾਣ ਜੋਗੇ ਹੋਵਾਂਗੇ…ਹਾਏ…।” ਅਤੇ ਨਾਲ ਉਸ ਨੇ ਇੱਕ ਡੂੰਘਾ ਹੌਕਾ ਭਰਿਆ!
“ਫਿਰ ਸੋਚਦਾਂ ਅੱਗੇ ਦਸਾਂ ਸਾਲਾਂ ‘ਚ ਪਤਾ ਨਈਂ ਪਿੰਡ ‘ਚ ਕਿਹੜੇ ਰਾਜੇ ਦੀ ਪਰਜਾ ਹੋਣੀ ਏਂ। ਨਾ ਲੱਭਣੇ ਨੇ ਉਹ ਬੰਦੇ, ਕੁਝ ਮਰ ਖਪ ਗਏ ਹੋਣਗੇ। ਭਤੀਜੇ, ਪੋਤੇ ਬੱਗੇ ਕੁੱਕੜ ਬਣੇ ਬੇਪਛਾਣ ਹੋ ਜਾਣੇ ਨੇ, ਤੇ ਨਾ ਹੋਣੇ ਉਥੇ ਉਹ ਪਹੇ, ਢਾਣੀਆਂ, ਪਿੱਪਲ, ਬੋਹੜ, ਖੂਹ ਦੀਆਂ ਮੌਣਾਂ ‘ਤੇ ਬੈਠੇ ਬਾਬਿਆਂ ਦੀਆਂ ਰੌਣਕਾਂ। ਤੀਜੇ ਸਾਲ ਪਿਛਲੀ ਵਾਰੀ ਜਦੋਂ ਗਿਆ ਸਾਂ, ਉਦੋਂ ਵੀ ਬਹੁਤਾ ਕੁਝ ਬਦਲ ਗਿਆ ਸੀ। ਤਰੱਕੀ ਦੇ ਵਰੋਲਿਆਂ ਨੇ ਕੋਈ ਬਰੋਟਾ ਰਹਿਣ ਈ ਨਈਂ ਸੀ ਦਿੱਤਾ, ਐਂ ਲੱਗਦੈ ਜਿਵੇਂ ਟਿੱਡੀ ਦਲ ਚੱਟ ਗਿਐ। ਦੂਰ ਦੂਰ ਤੱਕ ਕੋਈ ਵੱਡਾ ਦਰਖਤ ਨਈਂ ਸੀ ਦਿੱਸਦਾ, ਪਿੰਡ ਬੇਪਛਾਣ ਹੋ ਗਏ ਸਨ, ਸੜਕਾਂ ਪੱਕੀਆਂ ਚੌੜੀਆਂ, ਘਰ ਪੱਕੇ, ਰੰਗੇ-ਬਰੰਗੇ ਲੋਹੇ ਦੇ ਗੇਟ ਲੱਗ ਗਏ ਸਨ ਪਰ ਉਹ ਰੌਣਕਾਂ ਗਾਇਬ ਸਨ। ਮਹਿਸੂਸ ਹੁੰਦੈ, ਭਾਈਚਾਰਕ ਸਾਂਝਾਂ ਛਾਊਂ-ਮਾਊਂ ਹੋ ਗਈਆਂ, ਰਿਸ਼ਤੇ ਪਾਣੀ ਬਣ ਗਏ, ਤਾਈਆਂ-ਚਾਚੀਆਂ, ਤਾਏ-ਚਾਚਿਆਂ ਦੀਆਂ ਨਿੱਘੀਆਂ, ਮਿੱਠੀਆਂ ਗੱਲਾਂ, ਬੋਲ-ਚਾਲ ਕਿਤੇ ਕੰਨੀਂ ਨਹੀਂ ਪੈਂਦੇ। ਚਾਰ ਚੁਫੇਰੇ ਪੈਸਾ ਈ ਪੈਸਾ, ਸਭ ਦਾ ਗੁਰ ਪੀਰ ਬਣ ਗਿਐ ਜਾਪਦੈ। ਗੁਰ ਪੀਰ ਕੀ, ਭੂਤ ਬਣ ਚੰਬੜਿਆ ਪਿਆ ਈ ਹਰ ਇੱਕ ਨੂੰ।” ਪਿੰਡ ਦੀਆਂ ਗੱਲਾਂ ਕਰਦਾ ਚਾਚਾ ਗੰਭੀਰ ਹੋ ਗਿਆ।
“ਏਥੇ ਪੈਨਸ਼ਨ ਉਡੀਕਦੇ ਕਈ ਮੇਰੇ ਵਰਗੇ ਚੱਲ ਵਸੇ ਨੇ। ਭਾਗਾਂ ਵਾਲੇ ਪੈਨਸ਼ਨ ਤੱਕ ਪਹੁੰਚਦੇ ਨੇ। ਪੈਨਸ਼ਨ ਦੇ ਚੋਗੇ ਭਰਨ ਲਈ ਧੀਆਂ-ਪੁੱਤਰ ਵੀ ਬਾਬਿਆਂ ਦੁਆਲੇ ਗਿਰਝਾਂ ਵਾਂਗ ਆ ਜੁੜਦੇ ਨੇ, ਤੇ ਚੁੰਝਾਂ ਤਿੱਖੀਆਂ ਕਰਨ ਲੱਗ ਪੈਂਦੇ ਨੇ। ਇਹ ਕਿੱਸੇ-ਕਹਾਣੀਆਂ ਕੰਨੀਂ ਪੈਂਦੀਆਂ ਨੇ।” ਅਜਿਹੇ ਹਾਲਾਤ ਭਾਂਪਦਾ ਚਾਚਾ ਮਾਨਾ ਆਪਣੇ ਪਿੰਡ ਵਾਲੇ ਉਸ ਛੱਪੜ ਵਾਲੇ ਡੂੰਘੇ ਡੁੰਮ੍ਹ ਵਿਚ ਕਦੀ ਥੱਲੇ ਤੇ ਕਦੀ ਉਪਰ ਆਉਂਦਾ ਮਹਿਸੂਸ ਕਰਦੈ। ਅੱਖਾਂ ਅੱਗੇ ਤੇਜ਼ ਛੱਲਾਂ ‘ਚ ਉਹਦਾ ਅੱਗਾ ਪਿੱਛਾ, ਸਭ ਕੁਝ ਰੁੜ੍ਹੀ ਜਾ ਰਿਹੈ ਲੱਗਦੈ, ਡੁੱਬੀ ਜਾ ਰਿਹੈ। ਉਹ ਪੂਰਾ ਤਾਣ ਲਾਉਂਦੈ, ਉਹਨੂੰ ਫੜਨ ਲਈ, ਉਹ ਮੁੜ ਮੁੜ ਹੰਭਲਾ ਮਾਰਦੈ, ਉਹ ਬੇਵੱਸ ਹੋਈ ਜਾ ਰਿਹੈ, ਡੂੰਘਾ ਪਾਣੀ ਉਹਨੂੰ ਥੱਲੇ ਲਈ ਜਾ ਰਿਹੈ। ਫਿਰ ਇੱਕ ਦਮ ਚੀਕ ਵਰਗੇ ਬੋਲ ਕੰਨੀਂ ਪਏ, “ਬਾਬਾ ਆ ਜਾ, ਆ ਜਾ, ਅਸੀਂ ਲੇਟ ਹੋ ਗਏ।” ਅਤੇ ਉਹ ਭੱਜ ਕੇ ਚਾਬੀ ਚੁੱਕ, ਦੁਪੱਟਾ ਲਵੇਟਦਾ, ਜੁੱਤੀ ਅੜਾਉਂਦਾ, ਗੱਡੀ ਵੱਲ ਭੱਜ ਉਠਿਆ।