ਜਾਤੀ ਉਮਰਾ, ਨਵਾਜ਼ ਸ਼ਰੀਫ ਤੇ ਨਿਊ ਜਾਤੀ ਉਮਰਾ

ਗੁਲਜ਼ਾਰ ਸਿੰਘ ਸੰਧੂ
ਕੱਲ ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦਾ ਜੱਦੀ ਪਿੰਡ ਜਾਤੀ ਉਮਰਾ (ਤਰਨਤਾਰਨ) ਹੈ। ਮੇਰੇ ਜੱਦੀ ਪਿੰਡ ਸੋਨੀ ਨਾਲੋਂ ਵੀ ਛੋਟਾ। ਜਦੋਂ ਮੇਰੇ ਪਿੰਡ ਦੀ ਵਸੋਂ 811 ਸੀ, ਜਾਤੀ ਉਮਰਾ ਦੀ 603 ਸੀ। ਇਸ ਨੂੰ ਡਾਕਘਰ ਵੀ ਤਖਤੂ ਚੱਕ ਵਾਲਾ ਲਗਦਾ ਹੈ। ਜੰਡਿਆਲਾ-ਖਡੂਰ ਸਾਹਿਬ ਸੜਕ ਉਤੇ ਸਥਿੱਤ ਇਸ ਪਿੰਡ ਦਾ ਰੇਲਵੇ ਸਟੇਸ਼ਨ ਜੰਡਿਆਲਾ ਗੁਰੂ ਹੈ, 18 ਕਿਲੋਮੀਟਰ ਦੂਰ।

ਮੈਂ ਨਵਾਜ਼ ਸ਼ਰੀਫ ਦਾ ਇਹ ਪਿੰਡ ਵੀ ਦੇਖਿਆ ਹੈ। ਪਾਕਿਸਤਾਨ ਵਿਚਲਾ ਨਿਊ ਜਾਤੀ ਉਮਰਾ ਵੀ ਜਿਥੇ ਸ਼ਰੀਫ ਪਰਿਵਾਰ 1947 ਤੋਂ ਪਿਛੋਂ ਜਾ ਕੇ ਵਸਿਆ। ਸਬੱਬ ਇਹ ਕਿ ਮਨੋਹਰ ਗਿੱਲ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ ਨੇ ਭਾਰਤ-ਪਾਕਿ ਮਿਲਾਪ ਟਰਸਟ ਸਥਾਪਤ ਕਰਕੇ 1947 ਦੇ ਵਿਛੜਿਆਂ ਨੂੰ ਜੀਵਤ ਰਿਸ਼ਤੇਦਾਰ ਮਿਲਾਉਣੇ ਸਨ। ਮੈਨੂੰ ਵੀ ਸੱਦਾ ਆ ਗਿਆ। ਮੈਂ ਆਪਣੀ ਪਤਨੀ ਸੁਰਜੀਤ ਕੌਰ ਨੂੰ ਫੋਟੋਗ੍ਰਾਫਰ ਬਣਾ ਕੇ ਨਾਲ ਗੰਢ ਲਿਆ।
ਮੈਂ ਪਾਣੀਪਤ ਤੋਂ ਨਿਰੰਜਣ ਸਿੰਘ ਨੂੰ ਨਾਲ ਲੈਣਾ ਸੀ, ਜਿਸ ਦੀ ਭੈਣ ਉਧਰ ਸ਼ੇਖੂਪੁਰ ਜ਼ਿਲ੍ਹੇ ਵਿਚ ਰਹਿ ਗਈ ਸੀ ਤੇ ਜਿਸ ਨੇ ਇਸਲਾਮ ਕਬੂਲ ਕਰ ਰੱਖਿਆ ਸੀ। ਇਸੇ ਤਰ੍ਹਾਂ ਕੁਰੂਕਸ਼ੇਤਰ ਦੇ ਨੇੜੇ ਤੋਂ ਬੀਬੀ ਧਰਮ ਕੌਰ ਨੂੰ ਲੈਣਾ ਸੀ, ਜਿਸ ਦੀ ਧੀ ਵੰਡ ਵੇਲੇ ਕੇਵਲ ਚਾਰ ਸਾਲ ਦੀ ਸੀ ਤੇ ਉਸ ਨੂੰ ਕਿਸੇ ਸਹੇਲੀ ਕੋਲ ਛੱਡ ਕੇ ਆ ਗਈ ਸੀ। ਉਹ ਹੁਣ ਸ਼ੇਖੂਪੁਰ ਜ਼ਿਲ੍ਹੇ ਵਿਚ ਨਿਅਮਤ ਨਮਕ ਵਾਲਿਆਂ ਦੀ ਨੂੰਹ ਬਣ ਚੁਕੀ ਸੀ। ਮੈਨੂੰ ਪਾਕਿਸਤਾਨ ਜਾਣ ਦਾ ਚਾਅ ਇੰਨਾ ਸੀ ਕਿ ਮੈਂ ਇਹ ਸਭ ਜ਼ਿੰਮੇਵਾਰੀਆਂ ਆਪਣੇ ਸਿਰ ਲੈ ਲਈਆਂ।
ਵਾਘਾ ਬਾਰਡਰ ਪਾਰ ਕਰਦਿਆਂ ਸਾਰ ਸਾਡੇ ਨਵੇਂ ਨਾਂ ਪੈ ਗਏ। ਜਾਤੀ ਉਮਰਾ ਦੇ ਰਹਿ ਚੁਕੇ ਸਰਪੰਚ ਅਰਜਨ ਸਿੰਘ ਦਾ ਨਾਂ ਬਾਪੂ ਪੈ ਗਿਆ। ਮੇਰੀ ਪਤਨੀ ਫੋਟੋਗ੍ਰਾਫਰ, ਕਰਨਲ ਟੀਮ ਲੀਡਰ, ਟ੍ਰਿਬਿਊਨ ਵਾਲਾ ਪ੍ਰਭਜੋਤ ਪਬਲੀਸਿਟੀ ਅਫਸਰ। ਕੁਝ ਇਸੇ ਤਰ੍ਹਾਂ ਦਾ ਹਿਸਾਬ ਮੇਰੇ ਨਾਲ ਵੀ ਹੋਇਆ। ਸਭ ਨੇ ਸੁੱਤੇ ਸਿੱਧ ਹੀ ਕੋਆਰਡੀਨੇਟਰ ਹੋਣ ਦੇ ਨਾਤੇ ਮੈਨੂੰ ਸੰਧੂ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ।
ਸਾਡੇ ਇਸ ਟੋਲੇ ਦੀ ਜ਼ਿੰਦ ਜਾਨ ਟੀਮ ਲੀਡਰ ਗਿੱਲ ਸਨ ਪਰ ਉਨ੍ਹਾਂ ਨੂੰ ਵੱਡੇ ਅਫਸਰ ਤੇ ਪ੍ਰੈਸ ਵਾਲੇ ਘੇਰ ਲੈਂਦੇ ਸਨ। ਅਸੀਂ ਜਾਤੀ ਉਮਰਾ ਵਾਲੇ ਅਰਜਨ ਸਿੰਘ ਨੂੰ ਹੀ ਲੀਡਰ ਬਣਾ ਲਿਆ ਸੀ। ਸਭ ਤੋਂ ਵੱਧ ਬੋਲਣ ਵਾਲਾ ਮੈਂ ਸਾਂ ਤੇ ਸਭ ਤੋਂ ਘੱਟ ਬੋਲਣ ਵਾਲਾ ਗੁਰਮਹਿੰਦਰ ਸਿੰਘ ਜਿਸ ਦੇ ਮੁਸਲਮਾਨ ਮਾਪੇ ਤੇ ਭੈਣ-ਭਰਾ ਵੰਡ ਸਮੇਂ ਉਸ ਨੂੰ ਸੱਤ-ਅੱਠ ਵਰ੍ਹਿਆਂ ਦਾ ਛੱਡ ਕੇ ਉਧਰ ਚਲੇ ਗਏ ਸਨ, ਜੋ ਪਿਛਲੀ ਅੱਧੀ ਸਦੀ ਤੋਂ ਇਲਾਕੇ ਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਤੇ ਕਾਰ-ਸੇਵਾ ਵਿਚ ਜੁਟਿਆ ਹੁਣ ਸੰਪੂਰਨ ਸਿੱਖ ਸੀ।
ਸਾਡੇ ਪ੍ਰੋਗਰਾਮ ਵਿਚ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਮੀਆਂ ਮੀਰ ਅਤੇ ਬਾਬਾ ਫਰੀਦ ਦੇ ਕਬਰੇ ਤੋਂ ਬਿਨਾ ਮੀਆਂ ਮੁਹੰਮਦ ਸ਼ਰੀਫ ਦੇ ਸਥਾਪਤ ਕੀਤੇ ਉਸ ਮੈਡੀਕਲ ਸਿਟੀ ਨੂੰ ਦੇਖਣਾ ਵੀ ਸ਼ਾਮਲ ਸੀ, ਜੋ ਮੀਆਂ ਪਰਿਵਾਰ ਨੇ ਰਾਏ ਪਿੰਡ ਦੇ ਨੇੜੇ 700 ਏਕੜ ਭੋਂ ਲੈ ਕੇ ਆਪਣੇ ਫਾਰਮ ਹਾਊਸ ਵਿਚ ਉਸਾਰਿਆ ਸੀ। ਇਸ ਦੇ ਨਾਲ ਇਕ ਵਧੀਆ ਪਬਲਿਕ ਸਕੂਲ ਤੇ ਇਕ ਵਧੀਆ ਟੈਕਨੀਕਲ ਟਰੇਨਿੰਗ ਸਕੂਲ ਤੇ ਇਕ ਆਲੀਸ਼ਾਨ ਮਸਜਿਦ ਲਾਹੌਰ ਤੋਂ ਰਾਏ ਵਿੰਡ ਦੇ ਫਾਰਮ ਹਾਊਸ ਨੂੰ ਜਾਂਦਿਆਂ ਇਸ ਇਲਾਕੇ ਦੇ ਖੇਤ, ਫਸਲਾਂ, ਸੜਕਾਂ ਤੇ ਰੁੱਖ, ਬਨਸਪਤੀ ਐਨ ਭਾਰਤ ਵਰਗੇ ਹੀ ਹਨ।
ਕਿਉਂਕਿ ਮੀਆਂ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਪਿਤਾ ਮੁਹੰਮਦ ਸ਼ਰੀਫ ਨੇ ਟੀਮ ਲੀਡਰ ਕਰਨਲ ਪ੍ਰਤਾਪ ਸਿੰਘ ਨੂੰ ਬਾਕੀ ਦੇ ਟੋਲੇ ਤੋਂ ਘੰਟਾ ਪਹਿਲਾਂ ਸੱਦਿਆ ਹੋਇਆ ਸੀ। ਸਾਡੇ ਟੋਲੇ ਦੀ ਰੌਣਕ ਤੇ ਜ਼ਿੰਦ ਜਾਨ ਸੀ ਬਾਪੂ ਅਰਜਨ ਸਿੰਘ। ਅਰਜਨ ਸਿੰਘ ਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਆਪਣੇ ਫਾਰਮ ਵਾਲੀ ਇਸ ਵੱਸੋਂ ਦਾ ਨਾਂ ਮੁਹੰਮਦ ਸ਼ਰੀਫ ਨੇ ਆਪਣੇ ਜੱਦੀ ਪਿੰਡ ਤੋਂ ਨਿਊ ਜਾਤੀ ਉਮਰਾ ਹੀ ਰੱਖਿਆ ਸੀ। ਕੰਪਲੈਕਸ ਵਿਚ ਆਦਰਸ਼ ਸਕੂਲ ਵੀ ਸੀ, ਹਸਪਤਾਲ ਵੀ, ਟੈਕਨੀਕਲ ਸੰਸਥਾ ਦੀ ਸੁਵਿਧਾ ਵੀ ਤੇ ਬਹੁਤ ਵੱਡਾ ਪਾਰਕ ਵੀ।
ਬਾਪੂ ਅਰਜਨ ਸਿੰਘ ਦੇ ਹੌਸਲੇ ਵਿਚ ਆਈ ਬੁਲੰਦੀ ਦਾ ਇਕ ਕਾਰਨ ਇਹ ਵੀ ਸੀ ਕਿ ਜਦੋਂ ਪਿਛਲੀ ਸ਼ਾਮ ਮੀਆਂ ਨਵਾਜ਼ ਸ਼ਰੀਫ ਨੇ ਭਾਰਤ ਤੋਂ ਯਾਤਰਾ ਲਈ ਗਏ ਉਨ੍ਹਾਂ ਸਾਰੇ ਯਾਤਰੂਆਂ ਨੂੰ ਲਾਹੌਰ ਵਿਚਲੇ ਗਵਰਨਰ ਹਾਊਸ ਦੇ ਸੈਨੇਟ ਹਾਲ ਵਿਚ ਚਾਹ ਲਈ ਸੱਦਿਆ ਸੀ ਤਾਂ ਉਨ੍ਹਾਂ ਵਿਚ ਕੇਵਲ ਬਾਪੂ ਹੀ ਸੀ ਜਿਸ ਨੇ ਮੀਆਂ ਨਵਾਜ਼ ਸ਼ਰੀਫ ਨੂੰ ਉਸ ਦੇ ਸਿਰ ਉਤੇ ਹੱਥ ਰੱਖ ਕੇ ਪਿਆਰ ਦਿੱਤਾ ਸੀ। ਖਾਣੇ ਦਾ ਪ੍ਰਬੰਧ ਵੱਡੇ ਕਮਰੇ ਦੇ ਗੋਲ ਦਾਇਰੇ ਵਿਚ ਫੁੱਲ ਵਿਛਾ ਕੇ ਕੀਤਾ ਹੋਇਆ ਸੀ। ਮਹਿਮਾਨਾਂ ਨੇ ਚੌਕੜੀ ਮਾਰ ਕੇ ਭੋਜਨ ਕਰਨਾ ਸੀ। ਜਦੋਂ ਖਾਣਾ ਖਤਮ ਹੋਇਆ ਤਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਗੋਦ ਵਿਚ ਇਕ ਗੋਲ ਮਟੋਲ ਤੇ ਮਾਸੂਮ ਬਾਲੜੀ ਆ ਬੈਠੀ। ਉਹ ਨਵਾਜ਼ ਸ਼ਰੀਫ ਨਾਲ ਬੱਚਿਆਂ ਵਾਲੇ ਕਲੋਲ ਕਰ ਰਹੀ ਸੀ ਕਿ ਉਨ੍ਹਾਂ ਦੇ ਖੱਬੇ ਹੱਥ ਬੈਠੇ ਅਰਜਨ ਸਿੰਘ ਨੂੰ ਪਤਾ ਲੱਗਿਆ ਕਿ ਇਹ ਤਾਂ ਉਨ੍ਹਾਂ ਦੀ ਦੋਹਤਰੀ ਹੈ। ਬਾਪੂ ਨੇ ਡੱਬ ਵਿਚੋਂ ਕੱਪੜੇ ਵਿਚ ਲਪੇਟੇ ਅਣਗਿਣਤ ਨੋਟਾਂ ਦੀ ਵੱਡੀ ਦੱਥੀ ਕੱਢੀ ਤੇ ਸੌ-ਸੌ ਦੇ ਨੋਟ ਦੋਹਤਰੀ ਨੂੰ ਦੇਣ ਲਈ ਗਿਣਨ ਲੱਗਿਆ।
ਨਵਾਜ਼ ਸ਼ਰੀਫ ਨੇ ਉਹ ਬਸਤਾ-ਨੁਮਾ ਦੱਥੀ ਬਾਪੂ ਦੇ ਹੱਥੋਂ ਫੜ ਲਈ ਤਾਂ ਜੋ ਸਭ ਤੋਂ ਛੋਟਾ ਨੋਟ ਲੱਭ ਕੇ ਬਾਪੂ ਦਾ ਸ਼ਗਨ ਵੀ ਪੂਰਾ ਕਰ ਦੇਵੇ ਤੇ ਬਾਪੂ ਉਤੇ ਭਾਰ ਵੀ ਨਾ ਪਵੇ। ਬਾਹਰ ਨਿਕਲ ਕੇ ਜਦੋਂ ਘਰ ਦੀਆਂ ਸੁਆਣੀਆਂ ਬਾਪੂ ਨੂੰ ਮਿਲਣ ਆਈਆਂ ਤਾਂ ਉਸ ਨੇ ਇਕੱਲੀ-ਇਕੱਲੀ ਨੂੰ ਉਸੇ ਤਰ੍ਹਾਂ ਪਿਆਰ ਦਿੱਤਾ ਜਿਵੇਂ ਨਵਾਜ਼ ਸ਼ਰੀਫ ਨੂੰ ਦਿੱਤਾ ਸੀ, ਸਿਰ ਪਲੋਸ ਕੇ।
ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਨਵਾਜ਼ ਸ਼ਰੀਫ ਦੂਜੀ ਵਾਰ ਪ੍ਰਧਾਨ ਮੰਤਰੀ ਬਣਿਆ ਸੀ, ਬੇਨਜ਼ੀਰ ਭੁੱਟੋ ਦੀ ਸਰਕਾਰ ਤੁੜਾ ਕੇ। ਕਾਰਗਿੱਲ ਦੀ ਲੜਾਈ ਤੋਂ ਪਿੱਛੋਂ ਜਨਰਲ ਮੁਸ਼ੱਰਫ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਤਾਂ ਉਸ ਨੇ 10 ਸਾਲ ਲਈ ਦੇਸ਼ ਨਿਕਾਲਾ ਲੈਣ ਦਾ ਵਚਨ ਦਿੱਤਾ। ਮੁਸ਼ੱਰਫ ਫੇਰ ਵੀ ਨਾ ਮੰਨੇ। ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਦਖਲ ਦੇਣ ਤੇ ਉਹ ਸਾਉਦੀ ਅਰਬ ਚਲਾ ਗਿਆ ਤੇ ਸੱਤ ਸਾਲ ਉਥੇ ਰਿਹਾ। ਉਹਦੇ ਲਈ ਹੁਣ ਵਾਲੀ ਸਜ਼ਾ ਤਾਂ ਕੁਝ ਵੀ ਨਹੀਂ।
ਸ਼ਰੀਫ ਠਾਠ ਬਾਠ ਨਾਲ ਰਹਿਣ ਵਾਲਾ ਬੰਦਾ ਹੈ। ਸਨ ਸੰਤਾਲੀ ਵਿਚ ਉਧਰ ਜਾਣ ਨਾਲ ਸ਼ਰੀਫ ਪਰਿਵਾਰ ਨੂੰ ਏਧਰ ਵਾਲੀ ਜ਼ਮੀਨ ਨਾਲੋਂ ਕਈ ਗੁਣਾ ਵਧ ਜ਼ਮੀਨ ਮਿਲੀ ਹੋਵੇਗੀ। ਜਿਹੜੇ ਹਿੰਦੂ-ਸਿੱਖ ਉਧਰੋਂ ਇਧਰ ਆਏ ਸਨ, ਉਨ੍ਹਾਂ ਨੂੰ ਓਨੇ ਗੁਣਾ ਘੱਟ ਮਿਲੀ ਸੀ। ਨਿਊ ਜਾਤੀ ਉਮਰਾ ਦੀ ਸਰਦਾਰੀ ਟੁਟਣ ਵਾਲੀ ਨਹੀਂ। ਸ਼ਰੀਫ ਪਰਿਵਾਰ ਦੀਆਂ ਜੜ੍ਹਾਂ ਮਜ਼ਬੂਤ ਹਨ। ਦੇਖੋ ਕੀ ਬਣਦਾ ਹੈ। ਭਾਰਤ-ਪਾਕਿ ਸਬੰਧਾਂ ਨੂੰ ਝਟਕਾ ਲੱਗ ਸਕਦਾ ਹੈ।