ਰਾਇ ਬੁਲਾਰ ਖਾਨ ਦੀ ਕਬਰ ਦੀ ਹੋਣੀ

ਹਰਪਾਲ ਸਿੰਘ ਪੰਨੂ
ਫੋਨ: 91-94642 51454
ਚਾਰੇ ਜਨਮ ਸਾਖੀਆਂ ਵਿਚ ਰਾਇ ਬੁਲਾਰ ਖਾਨ ਨੂੰ ਪੂਰੇ ਸਤਿਕਾਰ ਨਾਲ ਯਾਦ ਕੀਤਾ ਗਿਆ ਹੈ ਪਰ ਇਕ ਬਹੁਤ ਵੱਡੀ ਘਟਨਾ ਸਾਖੀਕਾਰਾਂ ਨੇ ਕਿਉਂ ਨਜ਼ਰਅੰਦਾਜ਼ ਕੀਤੀ, ਪਤਾ ਨਹੀਂ! ਇਸ ਦਾ ਵੇਰਵਾ ਨਨਕਾਣਾ ਸਾਹਿਬ ਜਾ ਕੇ ਉਥੋਂ ਭੱਟੀਆਂ ਤੋਂ ਮਿਲਿਆ।

ਭੱਟੀ ਸਰਦਾਰ ਰਾਇ ਬੁਲਾਰ ਖਾਨ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਸੀ ਪਰ ਔਲਾਦੋਂ ਸੱਖਣਾ ਸੀ। ਪਿਤਾ ਨੇ ਦੇਖਿਆ ਨਾਨਕ ਨਾ ਚੱਜ ਨਾਲ ਪੜ੍ਹਦਾ ਹੈ, ਨਾ ਹੱਟੀ ਦਾ ਕਾਰੋਬਾਰ ਚੱਲਿਆ, ਚਲੋ ਫਿਰ ਇਸ ਨੂੰ ਪਸੂ ਚਾਰਨ ਲਾ ਦਿੰਨੇ ਆਂ। ਘੋੜੀ ‘ਤੇ ਸਵਾਰ ਰਾਇ ਖੇਤਾਂ ਦੇ ਦੌਰੇ ‘ਤੇ ਨਿਕਲਿਆ, ਦੇਖਿਆ ਮਸਫੁਟ ਬਾਬਾ ਸੋਟੀ ਫੜੀ ਪਸੂ ਚਾਰ ਰਿਹਾ ਹੈ। ਘੋੜੀ ਤੋਂ ਉਤਰਿਆ, ਜੋੜੇ ਉਤਾਰੇ, ਬਾਬਾ ਨਾਨਕ ਅੱਗੇ ਫਰਿਆਦ ਕਰਨ ਲੱਗਾ, “ਬਾਬਾ, ਮੇਰੀ ਮੁਰਾਦ ਪੂਰੀ ਕਰ। ਹਵੇਲੀ ਵਿਚ ਦੀਵਾ ਜਗਦਾ ਰਹੇ।”
ਬਾਬੇ ਨੇ ਕਿਹਾ, “ਆਪਾਂ ਕਰਤਾਰ ਪਾਸ ਅਰਦਾਸ ਕਰਦੇ ਹਾਂ ਰਾਇ ਜੀ।” ਬਾਬਾ ਜੀ ਨੇ ਅਰਦਾਸ ਕਰਕੇ ਕਿਹਾ, “ਰਾਇ ਜੀ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਹੀਂ ਕਰਨਾ।” ਸ਼ੁਕਰਾਨਾ ਕਰਦਾ ਰਾਇ ਨੰਗੇ ਪੈਰੀਂ ਪੈਦਲ ਹਵੇਲੀ ਵਾਪਸ ਆ ਗਿਆ।
ਸਾਲ ਬਾਅਦ ਰਾਇ ਘਰ ਪੁੱਤ ਪੈਦਾ ਹੋਇਆ। ਦਰਜਨ ਪਿੰਡਾਂ ਦੇ ਮਾਲਕ ਸਰਦਾਰ ਨੇ ਖੁਸ਼ੀ ਵਿਚ ਵੱਡੀ ਦਾਅਵਤ ਦਿੱਤੀ ਜਿਸ ਵਿਚ ਲੋਧੀ ਨਵਾਬ ਦੌਲਤ ਖਾਨ ਵੀ ਸ਼ਾਮਲ ਹੋਇਆ। ਇਸ ਮੌਕੇ ਰਾਇ ਨੇ ਅਹਿਮ ਐਲਾਨ ਕੀਤਾ, “ਅੱਜ ਇਸ ਮੁਬਾਰਕ ਮੌਕੇ ਮੈਂ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਦੇ ਨਾਮ ਇੰਤਕਾਲ ਕਰਦਾ ਹਾਂ।”
ਰਾਇ 1500 ਮੁਰੱਬੇ ਜ਼ਮੀਨ ਦਾ ਮਾਲਕ ਸੀ, ਅੱਧੀ ਜ਼ਮੀਨ ਬਾਬਾ ਜੀ ਦੇ ਨਾਮ ਚਾੜ੍ਹ ਦਿੱਤੀ, 750 ਮੁਰੱਬੇ ਯਾਨਿ 18750 ਏਕੜ ਰਕਬੇ ਦੀ ਮਾਲਕੀ ਬਾਬਾ ਜੀ ਦੀ ਹੋ ਗਈ। ਅੱਜ ਇਨ੍ਹਾਂ ਪਿੰਡਾਂ ਦੇ ਪਟਵਾਰੀ ਤੋਂ ਫਰਦ ਮੰਗੋ, ਜ਼ਮੀਨ ਦਾ ਮਾਲਕ, ਕਾਬਜ਼, ਕਾਸ਼ਤਕਾਰ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ।
ਮੈਂ 1993 ਵਿਚ ਪਹਿਲੀ ਵਾਰ ਤੀਰਥ ਯਾਤਰਾ ਹਿਤ ਨਨਕਾਣਾ ਸਾਹਿਬ ਗਿਆ, ਉਥੋਂ ਇਹ ਵੇਰਵੇ ਮਿਲੇ। ਪੁੱਛ ਪੁਛਾ ਕੇ ਰਾਇ ਜੀ ਦੀ ਕਬਰ ਲੱਭੀ, ਸਜਦਾ ਕਰਨਾ ਸੀ ਨਾ। ਟੁੱਟੀ ਭੱਜੀ ਕਬਰ ਪਥਵਾੜੇ ਵਿਚ ਸੀ, ਆਲੇ-ਦੁਆਲੇ ਪਾਥੀਆਂ ਪੱਥੀਆਂ ਹੋਈਆਂ, ਗੁਹਾਰੇ ਚਿਣੇ ਹੋਏ। ਮੈਂ ਭੱਟੀ ਸਰਦਾਰਾਂ ਨੂੰ ਮਿਲ ਕੇ ਗਿਲਾ ਕੀਤਾ, “ਤੁਹਾਡੇ ਸਰਦਾਰ ਦੀ ਕਬਰ ਦਾ ਇਹ ਹਾਲ?” ਉਹ ਕਹਿੰਦੇ, “ਅੱਧ ਦੀ ਮਾਲਕੀ ਤੁਹਾਨੂੰ ਦੇ ਗਿਐ ਰਾਇ ਸਰਦਾਰ, ਤੁਸੀਂ ਕਿਉਂ ਨ੍ਹੀਂ ਬਣਾਉਂਦੇ?”
ਮੌਕੇ ‘ਤੇ ਮੌਜੂਦ ਪੁਲਿਸ ਅਤੇ ਔਕਾਫ ਬੋਰਡ ਦੇ ਅਫਸਰਾਂ ਨਾਲ ਗੱਲ ਕੀਤੀ ਕਿ ਮੈਂ ਇਸ ਥਾਂ ਸੇਵਾ ਸੰਭਾਲ ਦੀ ਜਿੰਮੇਵਾਰੀ ਲੈਣ ਲਈ ਤਿਆਰ ਹਾਂ, ਕੀ ਵਿਉਂਤ ਕਰਾਂ? ਉਨ੍ਹਾਂ ਦੱਸਿਆ, ਇਸਲਾਮਿਕ ਸਟੇਟ ਵਿਚ ਕਬਰ-ਪੂਜਾ ਦੀ ਮਨਾਹੀ ਹੈ, ਆਗਿਆ ਨਹੀਂ ਮਿਲਣੀ। ਕਹਿਣਾ ਚਾਹੁੰਦਾ ਸਾਂ ਜਿੰਨੇ ਮਕਬਰੇ ਮੁਸਲਮਾਨਾਂ ਨੇ ਤਾਮੀਰ ਕਰਵਾਏ ਹਨ, ਉਨੇ ਹੋਰ ਕਿਸ ਨੇ ਕਰਵਾਏ ਹੋਣਗੇ? ਪਰ, “ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁਪ॥”
ਵਾਪਸ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖਦਾ ਰਿਹਾ, ਉਦੋਂ ਦੇ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਹੁੰਗਾਰਾ ਵੀ ਭਰਿਆ ਪਰ ਸਿੱਟਾ ਜ਼ੀਰੋ।
2010 ਵਿਚ ਕੋਈ ਯਾਤਰੂ ਨਨਕਾਣਾ ਸਾਹਿਬ ਦੀ ਜ਼ਿਆਰਤ ਕਰਕੇ ਪਰਤਿਆ ਤਾਂ ਇਸ ਕਬਰ ਦੀ ਮੰਦੀ ਹਾਲਤ ਬਾਰੇ ਅਖਬਾਰਾਂ ਵਿਚ ਗੁਸੈਲਾ ਬਿਆਨ ਦਿੱਤਾ, “ਸਿੱਖਾਂ ਕੋਲ ਪੈਸੇ ਮੁੱਕ ਗਏ ਨੇ ਕਿ ਵਡੇਰਿਆਂ ਦਾ ਅਦਬ ਨਹੀਂ ਰਿਹਾ?” ਮੈਂ ਉਸ ਨੂੰ ਸਾਰੀ ਗੱਲ ਦੱਸ ਕੇ ਬੇਨਤੀ ਕੀਤੀ, “ਸਿੱਖਾਂ ਕੋਲ ਨਾ ਅਦਬ ਦੀ ਘਾਟ ਏ, ਨਾ ਪੈਸੇ ਦੀ, ਤੁਸੀਂ ਪਾਕਿਸਤਾਨ ਸਰਕਾਰ ਤੋਂ ਆਗਿਆ ਲੈ ਦਿਓ, ਮੈਂ ਸ਼ਾਨਦਾਰ ਮਕਬਰਾ ਉਸਾਰ ਕੇ ਬਾਗ ਲੁਆ ਦਿਆਂਗਾ।”
ਪ੍ਰੋਫੈਸਰਾਂ ਨੂੰ ਚਿੱਠੀਆਂ ਲਿਖਣੀਆਂ ਆਉਂਦੀਆਂ ਹੁੰਦੀਆਂ ਨੇ, ਹੋਰ ਕੀ ਕਰਨ ਜੋਗੇ ਨੇ? ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਖਤ ਲਿਖ ਕੇ ਬੇਨਤੀ ਕੀਤੀ, ਪਾਕਿਸਤਾਨ ਸਰਕਾਰ ਤੋਂ ਇਸ ਕਬਰ ਦੀ ਸੇਵਾ ਸੰਭਾਲ ਦੀ ਆਗਿਆ ਲੈ ਕੇ ਦਿਓ। ਡਾæ ਮਨਮੋਹਨ ਸਿੰਘ ਨੇ ਖਤ ਦਾ ਜਵਾਬ ਦਿੱਤਾ, “ਸਬੰਧਤ ਮੰਤਰਾਲੇ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ।” ਇਸ ਹੁਕਮ ਦੀ ਕਦੀ ਤਾਮੀਲ ਨਹੀਂ ਹੋਈ।
ਕਿਤੋਂ ਮੇਰਾ ਨੰਬਰ ਲੱਭ ਕੇ ਹਾਈ ਕੋਰਟ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਨੇ ਫੋਨ ਕੀਤਾ। ਦੱਸਿਆ, “ਪ੍ਰੋਫੈਸਰ ਸਾਹਿਬ, ਦੋ ਭਲੇ ਕੰਮ ਇੱਕੋ ਵਾਰ ਹੋ ਗਏ ਨੇ। ਨਨਕਾਣਾ ਸਾਹਿਬ ਵਸਦੇ ਸੱਭਰਵਾਲ ਪਰਿਵਾਰ ਨੇ ਮਕਬਰੇ ਦੀ ਸੇਵਾ ਸੰਭਾਲ ਵਾਸਤੇ ਇਜਾਜ਼ਤ ਤਾਂ ਲਈ ਹੀ ਲਈ, ਇਕ ਕਰੋੜ ਰੁਪਏ ਦੀ ਗਰਾਂਟ ਵੀ ਪਾਕਿਸਤਾਨ ਸਰਕਾਰ ਤੋਂ ਆਪਣੇ ਰਸੂਖ ਨਾਲ ਲੈ ਲਈ ਹੈ। ਸੇਵਾ ਸ਼ੁਰੂ ਹੋ ਗਈ ਹੈ।”
ਇੱਧਰ ਸ਼੍ਰੋਮਣੀ ਕਮੇਟੀ ਨੇ ਸਿੱਖ ਮਿਊਜ਼ੀਅਮ ਵਿਚ ਰਾਇ ਬੁਲਾਰ ਖਾਨ ਦੀ ਪੇਂਟਿੰਗ ਸੁਸ਼ੋਭਿਤ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਸਰਕਾਰ ਅਤੇ ਸ਼੍ਰੋਮਣੀ ਕਮੇਟੀ-ਦੋਵਾਂ ਦਾ ਹਾਰਦਿਕ ਸ਼ੁਕਰਾਨਾ।
ਮੌਲਾਨਾ ਰੂਮੀ ਦਾ ਸ਼ਿਅਰ ਹੈ,
ਜਾਏਂਗਾ ਦੂਰ ਜਦ ਆਪਣੀਆਂ ਜੜ੍ਹਾਂ ਤੋਂ
ਤਾਂ ਮਾਰੇਂਗਾ ‘ਵਾਜ ਆਪਣੀਆਂ ਜੜ੍ਹਾਂ ਨੂੰ।
ਤੇਰੀ ‘ਵਾਜ ਨੂੰ ਹੁੰਗਾਰਾ ਕਿਤੋਂ ਮਿਲੇਗਾ ਆਖਰ
ਤਾਂ ਮਿਲੇਗਾ ਤੇਰੀਆਂ ਜੜ੍ਹਾਂ ਤੋਂ।