ਆਪਣੇ ਕੁੱਤੇ ਦੀ ਸਿਫਤ

ਕੁੱਤੇ ਨੂੰ ਬੰਦੇ ਦਾ ਬਹੁਤ ਵਫਾਦਾਰ ਜਾਨਵਰ ਗਿਣਿਆ ਜਾਂਦਾ ਹੈ। ਕੁੱਤਾ ਬੰਦੇ ਦਾ ਪਿਆਰ ਵੀ ਲੈਂਦਾ ਹੈ ਤੇ ਬੰਦੇ ਨੂੰ ਪਿਆਰ ਵੀ ਕਰਦਾ ਹੈ। ਕਈ ਘਰਾਂ ਦੀ ਤਾਂ ਰੌਣਕ ਹੀ ਕੁੱਤਾ ਬਣ ਜਾਂਦਾ ਹੈ। ਅਮਰੀਕਾ ਜਿਹੇ ਮੁਲਕਾਂ ਵਿਚ ਤਾਂ ਕਈ ਲੋਕ ਬੱਚੇ ਪੈਦਾ ਕਰਨ ਤੇ ਸਾਂਭਣ ਨਾਲੋਂ ਕੁੱਤੇ ਨੂੰ ਰੱਖ ਕੇ ਤਸੱਲੀ ਭਾਲਦੇ ਹਨ। ਕੁੱਤਾ ਅੱਜ ਸਟੇਟਸ ਸਿੰਬਲ ਵੀ ਬਣਿਆ ਹੋਇਆ ਹੈ। ਕੁੱਤਿਆਂ ਦੇ ਗਲੀਂ ਪਟੇ ਵੀ ਗਹਿਣਿਆਂ ਦੀ ਤਰ੍ਹਾਂ ਪਾਏ ਹੁੰਦੇ ਹਨ। ਉਨ੍ਹਾਂ ਲਈ ਭੋਜਨ ਵੀ ਭਾਂਤ-ਸੁਭਾਂਤੇ ਪਰੋਸੇ ਜਾਂਦੇ ਹਨ। ਉਨ੍ਹਾਂ ਲਈ ਵੱਡੇ ਵੱਡੇ ਸਟੋਰ ਹਨ।

ਕਈ ਲੋਕਾਂ ਨੇ ਤਾਂ ਕਈ ਕਈ ਨਸਲਾਂ ਦੇ ਕਈ ਕਈ ਕੁੱਤੇ ਰੱਖੇ ਹੁੰਦੇ ਹਨ। ਲੋਕਾਂ ਨੂੰ ਕੁੱਤਿਆਂ ਨੂੰ ਲੈ ਕੇ ਸ਼ੇਖੀਆਂ ਮਾਰਦਿਆਂ ਵੀ ਦੇਖਿਆ ਜਾ ਸਕਦਾ ਹੈ। ਇਸ ਲੇਖ ਵਿਚ ਲੇਖਕ ਵਾਸਦੇਵ ਸਿੰਘ ਪਰਹਾਰ ਨੇ ਇਹੋ ਸਭ ਬਿਆਨਿਆ ਹੈ। -ਸੰਪਾਦਕ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155

ਅੱਜ ਕੱਲ੍ਹ ਵਧੀਆ ਨਸਲ ਦਾ ਕੁੱਤਾ ਸਟੇਟਸ ਸਿੰਬਲ ਸਮਝਿਆ ਜਾਂਦਾ ਹੈ। ਸਵੇਰੇ ਸਵੇਰੇ ਕੁੱਤੇ ਦੇ ਗਲ ਸੰਗਲੀ ਪਾ ਕੇ ਸੈਰ ਨੂੰ ਜਾਣਾ ਆਪਣੇ ਆਪ ਨੂੰ ਖਾਸ ਬੰਦਿਆਂ ਵਿਚ ਸ਼ੁਮਾਰ ਕਰਨਾ ਸਮਝਿਆ ਜਾਂਦਾ ਹੈ। ਹੱਥ ਵਿਚ ਵਧੀਆ ਲੱਕੜ ਤੇ ਹਾਥੀ ਦੰਦ ਦੀ ਜੜਤ ਵਾਲੀ ਖੂੰਡੀ ਵੀ ਫੜ੍ਹਨੀ ਪੈਂਦੀ ਹੈ, ਭਾਵੇਂ ਬੰਦਾ ਜੁਆਨ ਹੀ ਹੋਵੇ ਤਾਂ ਕਿ ਆਪਣੇ ਕੁੱਤੇ ਨੂੰ ਲੰਡਰ ਕੁੱਤਿਆਂ ਦੇ ਸਵਾਗਤ ਤੋਂ ਬਚਾਇਆ ਜਾ ਸਕੇ। ਲੰਡਰ ਕੁੱਤੇ ਕਿਸੇ ਇਕ ਘਰ ਨਹੀਂ, ਸਾਰੇ ਮੁਹੱਲੇ ਨੂੰ ਹੀ ਆਪਣਾ ਘਰ ਸਮਝਦੇ ਹਨ। ਇਹ ਰਹਿੰਦੇ ਵੀ ਦੋ ਚਾਰ ਇਕੱਠੇ ਹੀ ਹਨ ਤੇ ਪਾਲਤੂ ਕੁੱਤਿਆਂ ਨੂੰ ਉਹ ਮਾਲਕਾਂ ਦੇ ਗੁਲਾਮ ਜਾਂ ਮਾਲਕਾਂ ਦੇ ਬੂਟ-ਚਾਟੜੇ ਸਮਝਦੇ ਹਨ ਅਤੇ ਆਪਣੇ ਆਪ ਨੂੰ ਆਜ਼ਾਦ ਤੇ ਖੁਦਮੁਖਤਾਰ।
ਪਾਲਤੂ ਕੁੱਤਿਆਂ ਦਾ ਆਪਣੇ ਮਾਲਕ ਨਾਲ ਚਲਣਾ ਉਨ੍ਹਾਂ ਨੂੰ ਬੜਾ ਭੈੜਾ ਲਗਦਾ ਹੈ ਤੇ ਉਸ ਨੂੰ ਦੇਖ ਕੇ ਉਹ ਆਪਣੀ ਬੋਲੀ ਵਿਚ ਤਾਅਨੇ ਮਿਹਣੇ ਮਾਰਦੇ ਤੇ ਧੌਲ-ਧੱਫਾ ਵੀ ਕਰਦੇ ਹਨ। ਜੇ ਪਾਲਤੂ ਕੁੱਤਾ ਛੋਟੇ ਕੱਦ ਦੀ ਨਸਲ ਦਾ ਹੋਵੇ ਤਾਂ ਮਾਲਕ ਇਨ੍ਹਾਂ ਆਜ਼ਾਦ ਸ਼ਹਿਜ਼ਾਦਿਆਂ ਤੋਂ ਬਚਾਉਣ ਲਈ ਉਸ ਨੂੰ ਕੁੱਛੜ ਚੁੱਕ ਕੇ ਸਿਰ ‘ਤੇ ਹੱਥ ਫੇਰ ਕੇ ਕਹਿੰਦੇ ਹਨ, “ਬਸ ਚੁੱਪ ਕਰ ਟੌਮੀ, ਇਨ੍ਹਾਂ ਘਟੀਆ ਕੁੱਤਿਆਂ ਨਾਲ ਨਹੀਂ ਜ਼ਬਾਨ ਲੜਾਈਦੀ। ਇਨ੍ਹਾਂ ਬਦਮਾਸ਼ਾਂ ਦੀ ਆਪਣੀ ਤਾਂ ਕੋਈ ਇੱਜਤ ਨਹੀਂ ਤੇ ਦੂਜਿਆਂ ਦੀ ਇੱਜਤ ਲਾਹੁਣੀ ਇਹ ਆਪਣਾ ਹੱਕ ਸਮਝਦੇ ਹਨ।”
ਕੁੱਤੇ ਦੇ ਮਾਲਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਆਪਣੇ ਕੁੱਤੇ ਦੀਆਂ ਸਿਫਤਾਂ ਕਰਨ ‘ਤੇ ਇੰਨਾ ਸਮਾਂ ਲਾ ਦਿੰਦੇ ਹਨ ਕਿ ਉਨ੍ਹਾਂ ਨੂੰ ਬਿਜਲੀ ਕੱਟ, ਮਹਿੰਗਾਈ ਅਤੇ ਕੋਲਾ ਖਾਨਾਂ ਦੀ ਅਲਾਟਮੈਂਟ ਵਰਗੇ ਭਖਦੇ ਮਸਲਿਆਂ ‘ਤੇ ਬਹਿਸ ਕਰਨ ਲਈ ਸਮਾਂ ਹੀ ਨਹੀਂ ਬਚਦਾ। ਮਹਿਮਾਨ ਆਏ ‘ਤੇ ਕੁੱਤੇ ਨੇ ਤਾਂ ਭੌਂਕਣਾ ਹੀ ਹੁੰਦਾ ਹੈ, ਮਾਲਕ ਉਸ ਨੂੰ ਚੁੱਪ ਕਰਾਉਣ ਤੋਂ ਬਾਅਦ ਮਹਿਮਾਨ ਨਾਲ ਪੋਲਾ ਜਿਹਾ ਹੱਥ ਮਿਲਾ ਕੇ ਬੈਠਣ ਸਾਰ ਆਪਣੇ ਕੁੱਤੇ ਦੀ ਤਾਰੀਫ ਦੇ ਪੁਲ ਬੰਨ੍ਹਣ ਲੱਗ ਪੈਂਦੇ ਹਨ, “ਇਹ ਸਵੇਰੇ ਗੇਟ ਤੋਂ ਅਖਬਾਰ ਚੁੱਕ ਕੇ ਲਿਆ ਕੇ ਮੇਰੇ ਮੇਜ਼ ‘ਤੇ ਰੱਖ ਦਿੰਦਾ ਹੈ, ਸਵੇਰੇ ਨੂੰ ਸੈਰ ਜਾਣ ਲਈ ਮੇਰੇ ਨਾਲੋਂ ਵੀ ਕਾਹਲਾ ਵਗਦਾ ਹੈ, ਮੂੰਹ ਵਿਚ ਸੰਗਲੀ ਪਾ ਕੇ ਮੇਰੇ ਕੋਲ ਲਿਆਉਂਦਾ ਹੈ ਕਿ ਮੇਰੇ ਪਟੇ ਨਾਲ ਇਸ ਦੀ ਹੁੱਕ ਫਸਾਓ, ਜੇ ਮੈਂ ਨਾ ਉਠਾਂ ਤਾਂ ਮੇਰੇ ਹੱਥੋਂ ਅਖਬਾਰ ਮੂੰਹ ਨਾਲ ਖਿਚ ਕੇ ਪਰ੍ਹੇ ਸੁੱਟ ਦਿੰਦਾ ਹੈ, ਮੇਰਾ ਪਜਾਮਾ ਫੜ੍ਹ ਕੇ ਖਿਚਦਾ ਹੈ, ਇਸ ਨੂੰ ਮੇਰੇ ਖਾਸ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਪਛਾਣ ਹੈ, ਇਹ ਉਨ੍ਹਾਂ ਨੂੰ ਨਹੀਂ ਭੌਂਕਦਾ।”
ਜਦੋਂ ਕੋਈ ਕੁੱਤੇ ਦੀ ਤਾਰੀਫ ਕਰਨੋਂ ਨਾ ਹੀ ਹਟੇ ਤਾਂ ਕਈ ਚਤਰ ਬੁੱਧੀ ਵਾਲੇ ਨਹਿਲੇ ‘ਤੇ ਦਹਿਲਾ ਮਾਰਦੇ ਹਨ, “ਤੁਹਾਡਾ ਕੁੱਤਾ ਤਾਂ ਗੇਟ ਤੋਂ ਹੀ ਅਖਬਾਰ ਲਿਆਉਂਦਾ ਹੈ, ਮੇਰਾ ਕੁੱਤਾ ਬੱਸ ਸਟੈਂਡ ਦੇ ਸਟਾਲ ਤੋਂ ਜਿਹੜੀ ਅਖਬਾਰ ਮੈਂ ਬੋਲ ਕੇ ਕਹਾਂ, ਲੈ ਆਉਂਦਾ ਹੈ। ਤਿੰਨ ਰੁਪਏ ਪਲਾਸਟਿਕ ਦੇ ਬੈਗ ਵਿਚ ਪਾ ਕੇ ਮੈਂ ਇਸ ਨੂੰ ਫੜ੍ਹਾ ਦਿੰਦਾ ਹਾਂ ਤੇ ਇਹ ਅਖਬਾਰ ਵਾਲੇ ਅੱਗੇ ਜਾ ਕੇ ਉਹ ਬੈਗ ਰੱਖ ਦਿੰਦਾ ਹੈ, ਉਹ ਪੈਸੇ ਕੱਢ ਲੈਂਦਾ ਹੈ ਤੇ ਜਿਸ ਅਖਬਾਰ ‘ਤੇ ਇਹ ਮੂੰਹ ਰੱਖ ਦੇਵੇ, ਇਸ ਨੂੰ ਫੜ੍ਹਾ ਦਿੰਦਾ ਹੈ।
ਜੱਟ ਵੀ ਆਪਣੇ ਕੁੱਤੇ ਦੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਸਕਦੇ ਤੇ ਦੋਸਤਾਂ ਨੂੰ ਦੱਸਦੇ ਹਨ, “ਰਾਤੀਂ ਭੋਲੂ ਭੌਂਕੀ ਜਾਵੇ ਤਾਂ ਮੈਂ ਉਠ ਕੇ ਦੇਖਿਆ, ਮੱਝ ਸੰਗਲ ਤੁੜਾ ਕੇ ਵਾੜੇ ਤੋਂ ਬਾਹਰ ਨੂੰ ਜਾਣ ਲੱਗੀ ਸੀ। ਇਸ ਨੇ ਘੇਰ ਲਈ, ਮੋੜ ਕੇ ਉਸ ਦੀ ਖੁਰਲੀ ‘ਤੇ ਲਿਆਇਆ ਤੇ ਭੌਂਕ ਭੌਂਕ ਕੇ ਮੈਨੂੰ ਜਗਾਇਆ।”
ਉਸ ਦਾ ਦੋਸਤ ਕਹਿੰਦਾ, “ਬੰਤਾ ਸਿਆਂ, ਇਸ ‘ਤੇ ਬਹੁਤਾ ਇਤਬਾਰ ਨਾ ਕਰੀਂ, ਅੱਜ ਕੱਲ੍ਹ ਚੋਰਾਂ ਨੂੰ ਕੁੱਤੇ ਚੁੱਪ ਕਰਾਉਣੇ ਆ ਗਏ ਆ। ਪਹਿਲਾਂ ਤਾਂ ਉਹ ਥੋੜ੍ਹਾ ਮੀਟ ਸੁੱਟ ਕੇ ਚੁੱਪ ਕਰਾ ਦਿੰਦੇ ਸੀ, ਅੱਜ ਕੱਲ੍ਹ ਨਵਾਂ ਤਰੀਕਾ ਚੋਰਾਂ ਲੱਭ ਲਿਆ ਹੈ। ਕਿਸੇ ਸਾਹੇ ਆਈ ਕੁੱਤੀ ਦੇ ਸਰੀਰ ਨਾਲ ਲੀਰ ਪੂੰਝ ਕੇ ਉਸ ਨੂੰ ਡੱਬੇ ਵਿਚ ਪਾ ਰੱਖਦੇ ਹਨ। ਬਸ, ਉਹ ਡੱਬਾ ਕੁੱਤੇ ਵੱਲ ਸੁੱਟ ਦਿੰਦੇ ਹਨ। ਸੁੰਘ ਕੇ ਕੁੱਤਾ ਐਸਾ ਮਸਤ ਹੁੰਦਾ ਹੈ ਕਿ ਪੁੱਛੋ ਹੀ ਨਾ, ਭੌਂਕਣਾ ਭੁੱਲ ਜਾਂਦਾ ਹੈ ਅਤੇ ਚੋਰਾਂ ਦੇ ਮਗਰ ਮਗਰ ਫਿਰਦਾ ਹੈ ਕਿ ਮੈਨੂੰ ਛੇਤੀਂ ਉਸ ਕੁੱਤੀ ਕੋਲ ਲੈ ਚਲੋ।”
ਰਿਸ਼ਵਤਖੋਰ ਅਫਸਰਾਂ ਅਤੇ ਨਾਜਾਇਜ਼ ਧੰਦੇ ਨਾਲ ਪੈਸਾ ਕਮਾਉਣ ਵਾਲਿਆਂ ਦੀਆਂ ਪਤਨੀਆਂ ਜਦੋਂ ਕਿਸੇ ਕਿੱਟੀ ਪਾਰਟੀ ‘ਤੇ ਇਕੱਠੀਆਂ ਹੋਣ ਤਾਂ ਆਪਣੇ ਪਤੀ ਨਾਲੋਂ ਵੱਧ ਸਿਫਤਾਂ ਆਪਣੇ ਡੌਗੀ ਦੀਆਂ ਕਰਦੀਆਂ ਹਨ।
“ਇਸ ਤੋਂ ਬਿਨਾ ਤਾਂ ਮੇਰਾ ਦਿਲ ਹੀ ਨਹੀਂ ਲਗਦਾ, ਇਹ ਵੀ ਮੇਰੇ ਬੈੱਡ ‘ਤੇ ਹੀ ਸੌਂਦਾ ਏ, ਡੰਗਰ ਡਾਕਟਰ ਨਾਲ ਮੈਂ ਮਹੀਨਾ ਕੀਤਾ ਹੋਇਆ ਹੈ ਕਿ ਉਹ ਰੋਜ਼ ਸਵੇਰੇ ਆ ਕੇ ਇਸ ਨੂੰ ਦੇਖ ਜਾਇਆ ਕਰੇ। ਦੇਖੋ ਨਾ ਮਿਸਿਜ਼ ਭਾਟੀਆ, ਅਜਿਹਾ ਕੁੱਤਾ ਰੱਖਣਾ ਕੋਈ ਸੌਖੀ ਗੱਲ ਏ, ਮਿਸਿਜ਼ ਸ਼ਰਮਾ ਵਰਗੀਆਂ ਕੰਜੂਸਾਂ ਨੇ ਕੀ ਕੁੱਤਾ ਰੱਖਣਾ!” ਮਿਸਿਜ਼ ਵਾਲੀਆ ਤਾਸ਼ ਖੇਡਦੀ ਮਿਸਿਜ਼ ਦੀਵਾਨ ਨੂੰ ਕਹਿੰਦੀ ਹੈ।
ਮਿਸਿਜ਼ ਭਾਟੀਆ ਵੀ ਮਿਸਿਜ਼ ਵਾਲੀਆ ਦੀ ਹਾਂ ਵਿਚ ਹਾਂ ਮਿਲਾਉਂਦੀ ਹੈ, “ਤੁਸੀਂ ਠੀਕ ਹੀ ਕਿਹਾ ਏ, ਮਿਸਿਜ਼ ਵਾਲੀਆ, ਇਸ ਸ਼ਰਮਾ ਪੰਡਤਾਣੀ ਨੂੰ ਕੀ ਪਤਾ, ਕੁੱਤੇ ਦਾ ਕੀ ਫਾਇਦਾ ਹੈ। ਇਨ੍ਹਾਂ ਦੇ ਬਜ਼ੁਰਗ ਤਾਂ ਜੇ ਕੁੱਤਾ ਚੌਂਕੇ ਵਿਚ ਵੜ ਜਾਏ ਤਾਂ ਚੌਂਕਾ ਲਿੱਪੇ ਪੋਚੇ ਬਿਨਾ ਉਥੇ ਖਾਣਾ ਨਹੀਂ ਬਣਾਉਣ ਦਿੰਦੇ ਸਨ। ਤੁਸੀਂ ਦੇਖਿਆ ਹੀ ਹੈ ਕਿ ਇਹ ਸਾਡੇ ਨਾਲ ਹੱਥ ਨਹੀਂ ਮਿਲਾਉਂਦੀ ਕਿ ਸਾਡੇ ਹੱਥਾਂ ਤੋਂ ਕੁੱਤਿਆਂ ਦਾ ਮੁਸ਼ਕ ਆਉਂਦਾ ਏ, ਦੂਰੋਂ ਹੀ ਹੱਥ ਜੋੜ ਕੇ ਨਮਸਤੇ ਕਰ ਦਿੰਦੀ ਏ।”

ਅਖਬਾਰਾਂ ਦੇ ਪੱਤਰ ਪ੍ਰੇਰਕਾਂ ਦਾ ਵੱਖਰਾ ਹੀ ਸਮਾਜ ਹੁੰਦਾ ਹੈ। ਉਹ ਕਦੇ ਕਦੇ ਸ਼ਹਿਰ ਦੇ ਕਿਸੇ ਮਹਿੰਗੇ ਰੈਸਟੋਰੈਂਟ ਜਾਂ ਹੋਟਲ ਵਿਚ ਇਕੱਠੇ ਹੁੰਦੇ ਹਨ ਜਿਥੇ ਬਹੁਤੀ ਭੀੜ ਨਾ ਹੋਵੇ। ਜੇ ਕੋਈ ਸਾਮੀ ਫਸੀ ਹੋਵੇ ਤਾਂ ਵਧੀਆ ਵਿਸਕੀ ਨਾਲ ਮੁਰਗਾ-ਮੱਛੀ ਵੀ ਛਕ ਲੈਂਦੇ ਨੇ; ਨਹੀਂ ਤਾਂ ਕਾਫੀ ਦਾ ਕੱਪ ਲੈ ਕੇ ਦੋ ਤਿੰਨ ਘੰਟੇ ਗੱਪਾਂ ਮਾਰਦੇ ਰਹਿੰਦੇ ਹਨ। ਇਕ ਦਿਨ ਦੋ ਦੋ ਪੈਗ ਪੀ ਕੇ ਥੋੜ੍ਹੇ ਬੋਲਣ ਜੋਗੇ ਹੋ ਗਏ ਤਾਂ ਧਾਲੀਵਾਲ ਆਪਣੇ ਨਾਲ ਦੀ ਕੁਰਸੀ ਵਾਲੇ ਨੂੰ ਕਹਿਣ ਲੱਗਾ, “ਗਿੱਲ ਸਾਹਿਬ, ਅੱਜ ਤਾਂ ਕਿਸੇ ਪਰਵਾਸੀ ਭਾਰਤੀ ਦੀ ਖਬਰ ਲਾਈ ਲਗਦੀ ਏ।” ਅੱਗਿਓਂ ਗਿੱਲ ਹੱਸ ਕੇ ਬੋਲਿਆ, “ਨਹੀਂ ਯਾਰ, ਅੱਜ ਤਾਂ ਰੇਤੇ ਦੇ ਠੇਕੇਦਾਰ ਵੱਲੋਂ ਪਾਰਟੀ ਹੈ, ਖਬਰ ਨਾ ਲਾਉਣ ਦੀ।”
ਧਾਲੀਵਾਲ ਬੋਲਿਆ, “ਗਿੱਲ ਸਾਹਿਬ, ਕਿਸੇ ਮੁੰਡੇ ਨੇ ਮੂੰਹ ਨਾਲ ਵਜਾਉਣ ਵਾਲਾ ਵਾਜਾ ਖਰੀਦਿਆ। ਦੇਰ ਰਾਤ ਤੱਕ ਉਹ ਉਚੀ ਉਚੀ ਵਜਾਈ ਜਾਇਆ ਕਰੇ। ਗੁਆਂਢ ਰਹਿੰਦਾ ਪ੍ਰੋਫੈਸਰ ਬੜਾ ਤੰਗ ਹੋਇਆ ਕਰੇ। ਇਕ ਦਿਨ ਉਸ ਮੁੰਡੇ ਕੋਲੋਂ ਕੋਈ ਹੋਰ ਮੁੰਡਾ ਉਹ ਵਾਜਾ ਖਰੀਦਣ ਆਇਆ। ਵਾਜੇ ਵਾਲਾ ਮੁੰਡਾ ਖਰੀਦਦਾਰ ਨੂੰ ਪੁੱਛਣ ਲੱਗਾ, “ਦਸ ਬਈ ਮਿੱਤਰਾ, ਕੀ ਦਿੰਦਾ ਏਂ ਇਸ ਵਾਜੇ ਦਾ।” ਉਹ ਬੋਲਿਆ, “ਸੌ ਰੁਪਿਆ।” ਵਾਜੇ ਵਾਲਾ ਬੋਲਿਆ, “ਬਸ ਇਕ ਸੌ! ਸਾਡਾ ਗੁਆਂਢੀ ਪ੍ਰੋਫੈਸਰ ਮੈਨੂੰ ਪੰਜ ਸੌ ਰੁਪਏ ਦਿੰਦਾ ਏ, ਉਹ ਵੀ ਵਾਜਾ ਨਾ ਵਜਾਉਣ ਦਾ। ਉਹ ਕਹਿੰਦਾ ਏ, ਵਾਜਾ ਵੀ ਤੂੰ ਆਪਣੇ ਕੋਲ ਰੱਖ, ਪਰ ਇਸ ਨੂੰ ਨਾ ਵਜਾਉਣ ਦਾ ਪੰਜ ਸੌ ਰੁਪਏ ਲੈ ਲਾ। ਸੋ ਭਾਈ, ਕੋਈ ਕੋਈ ਖਬਰ ਨਾ ਲਾਉਣ ਦਾ ਵੀ ਮੁੱਲ ਵੱਧ ਪੈ ਜਾਂਦਾ ਹੈ।”
ਲਤੀਫਾ ਸੁਣ ਕੇ ਪੱਤਰਕਾਰ ਖੂਬ ਹੱਸੇ। ਸ਼ਰਾਬ ਪੀਂਦਿਆਂ ਲਤੀਫੇ ਤਾਂ ਦਿਮਾਗ ਵਿਚੋਂ ਮੀਂਹ ਵਾਂਗ ਵਰ੍ਹਦੇ ਨੇ। ਚਲਦੀ ਚਲਦੀ ਗੱਲ ਕੁੱਤਿਆਂ ਬਾਰੇ ਆ ਗਈ। ਭਾਰਦਵਾਜ ਬੋਲਿਆ, “ਗੱਲ ਸੁਣੋ ਯਾਰ, ਹਰ ਕੋਈ ਆਪਣੇ ਕੁੱਤੇ ਦੀ ਤਾਰੀਫ ਕਰਨੋਂ ਕਿਉਂ ਨਹੀਂ ਰਹਿ ਸਕਦਾ? ਸਾਡਾ ਮਹਾਂ ਕੰਜੂਸ ਗੁਆਂਢੀ ਗੁਪਤਾ ਕੱਲ੍ਹ ਮੈਨੂੰ ਗੇਟ ਕੋਲ ਮਿਲ ਪਿਆ, ਕਹਿਣ ਲੱਗਾ, “ਇਹ ਕੁੱਤਾ ਕਾਹਦਾ, ਇਹ ਤਾਂ ਬੰਦਾ ਏ। ਮੈਂ ਇਸ ਦੇ ਗਲ ਵਿਚ ਲਫਾਫੇ ‘ਚ ਪੰਜਾਹਾਂ ਦਾ ਨੋਟ ਪਾ ਕੇ ਆਖਦਾਂ, ‘ਕਾਲੂ, ਜਾਹ ਜਾ ਕੇ ਨੁੱਕੜ ਵਾਲੀ ਦੁਕਾਨ ਤੋਂ ਸਿਗਰਟਾਂ ਵਾਲੀ ਡੱਬੀ ਲਿਆ।’ ਇਹ ਦੁਕਾਨ ‘ਤੇ ਜਾ ਕੇ ਦੁਕਾਨਦਾਰ ਕੋਲ ਖੜ੍ਹ ਜਾਂਦਾ ਹੈ। ਉਹ ਲਫਾਫੇ ਵਿਚੋਂ ਨੋਟ ਕੱਢ ਕੇ ਸਿਗਰਟ ਦੀ ਡੱਬੀ ਪਾ ਦਿੰਦਾ ਏ।
ਇਕ ਦਿਨ ਮੈਂ ਲਫਾਫੇ ਵਿਚ ਪੰਜ ਸੌ ਦਾ ਨੋਟ ਪਾ ਦਿੱਤਾ। ਇਹ ਕਾਫੀ ਦੇਰ ਨਾ ਮੁੜਿਆ ਤਾਂ ਮੈਂ ਭਾਲਣ ਮਗਰ ਗਿਆ। ਦੁਕਾਨਦਾਰ ਤੋਂ ਪੁੱਛਿਆ ਕਿ ਕਾਲੂ ਸਿਗਰਟ ਲੈ ਗਿਆ ਏ ਤਾਂ ਉਸ ਦੱਸਿਆ ਕਿ ਮੈਂ ਸਿਗਰਟਾਂ ਦੀ ਡੱਬੀ ਅਤੇ ਸਾਢੇ ਚਾਰ ਸੌ ਰੁਪਏ ਵੀ ਲਫਾਫੇ ਵਿਚ ਪਾ ਦਿੱਤੇ ਸੀ। ਅੱਗੇ ਬਾਜ਼ਾਰ ਵੱਲ ਗਿਆ ਤਾਂ ਕਾਲੂ ਢਾਬੇ ਸਾਹਮਣੇ ਬੈਠਾ ਚਿਕਨ ਖਾ ਰਿਹਾ ਸੀ। ਮੈਨੂੰ ਦੇਖ ਕੇ ਪਲੇਟ ਚੱਟ ਕੇ ਉਠ ਖੜ੍ਹਿਆ। ਮੈਂ ਕਿਹਾ, ‘ਕਾਲੂ ਪੁੱਤਰ, ਅੱਗੇ ਤਾਂ ਕਦੇ ਤੂੰ ਇਸ ਤਰ੍ਹਾਂ ਨਹੀਂ ਕੀਤਾ, ਅੱਜ ਕਾਹਤੇ ਕੀਤਾ?’ ਮੈਨੂੰ ਲੱਗਾ ਜਿਵੇਂ ਕਹਿ ਰਿਹਾ ਹੋਵੇ, ਅੱਗੇ ਕਦੇ ਤੁਸੀਂ ਪੰਜ ਸੌ ਦਾ ਨੋਟ ਹੀ ਨਹੀਂ ਸੀ ਦਿੱਤਾ।”
ਹਾਸਾ ਮੱਚਣ ਪਿਛੋਂ ਗੱਲ ਫੇਰ ਧਾਲੀਵਾਲ ਨੇ ਬੋਚ ਲਈ, “1975 ਵਿਚ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਾਂ ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈਸ’ ਵਿਚ ਉਦੋਂ ਲਤੀਫਾ ਛਪਿਆ ਸੀ, ਜਦੋਂ ਬਾਬੂ ਜਗਜੀਵਨ ਰਾਮ ਕਾਂਗਰਸ ਪਾਰਟੀ ਛੱਡ ਗਿਆ ਸੀ। ਪਾਰਕ ਵਿਚ ਲੰਡਰ ਕੁੱਤੀ ਨੇ ਪੰਜ ਕਤੂਰੇ ਦਿੱਤੇ, ਬਹੁਤ ਸੋਹਣੇ। ਕੋਈ ਅਮੀਰ ਜੋੜਾ ਪਾਰਕ ਵਿਚ ਸੈਰ ਕਰ ਰਿਹਾ ਸੀ। ਉਨ੍ਹਾਂ ਨਾਲ ਪੰਜ-ਛੇ ਸਾਲ ਦਾ ਮੁੰਡਾ ਸੀ। ਮੁੰਡੇ ਨੇ ਇਕ ਕਤੂਰਾ ਚੁੱਕ ਲਿਆ ਤੇ ਜ਼ਿਦ ਕਰ ਕੇ ਕਾਰ ਵਿਚ ਆਪਣੇ ਨਾਲ ਲੈ ਗਿਆ। ਰੋਜ਼ ਸ਼ਾਮ ਨੂੰ ਉਹ ਕਾਰ ਵਿਚ ਸੈਰ ਕਰਾਉਣ ਕਤੂਰੇ ਨੂੰ ਨਾਲ ਲੈ ਜਾਇਆ ਕਰਨ। ਉਹ ਕਾਰ ਵਿਚ ਬੈਠਾ ਰਹਿੰਦਾ। ਉਸ ਨੂੰ ਖਾਣ ਪੀਣ ਨੂੰ ਵਧੀਆ ਮਿਲਦਾ, ਮਾਲਕ ਉਸ ਨੂੰ ਸਾਫ ਸੁਥਰਾ ਰਖਦੇ। ਉਸ ਦੇ ਸਾਥੀ ਕਤੂਰੇ ਉਸ ਵੱਲ ਦੇਖ ਦੇਖ ਸੋਚਦੇ ਕਿ ਇਹਦੀ ਕਿਸਮਤ ਕਿੰਨੀ ਚੰਗੀ ਏ! ਕੁਝ ਦਿਨ ਬਾਅਦ ਉਹ ਘਰੋਂ ਭੱਜ ਕੇ ਉਨ੍ਹਾਂ ਕੋਲ ਆ ਗਿਆ। ਨਾਲ ਦੇ ਕਹਿਣ ਲੱਗੇ, ‘ਤੇਰੇ ਮਾਲਕ ਤੈਨੂੰ ਖਾਣ ਨੂੰ ਵਧੀਆ ਦਿੰਦੇ ਸੀ, ਸਾਫ ਸੁਥਰਾ ਰਖਦੇ ਸੀ, ਫੇਰ ਕਾਹਤੋਂ ਭੱਜ ਆਇਆਂ?’
ਕਤੂਰਾ ਬੋਲਿਆ, ‘ਹੋਰ ਤਾਂ ਸਭ ਕੁਝ ਵਧੀਆ ਸੀ, ਪਰ ਉਹ ਭੌਂਕਣ ਨਹੀਂ ਸੀ ਦਿੰਦੇ, ਖਾਣਾ ਖਾਣ ਤੋਂ ਬਾਅਦ ਮੇਰੇ ਮੂੰਹ ‘ਤੇ ਚਮੜੇ ਦੀ ਜਾਲੀ ਪਾ ਦਿੰਦੇ ਸੀ। ਭਲਾ ਸਾਨੂੰ ਕੁੱਤਿਆਂ ਨੂੰ ਜੇ ਭੌਂਕਣ ਲਈ ਵੀ ਮਾਲਕਾਂ ਤੋਂ ਪੁੱਛਣਾ ਪਵੇ ਤਾਂ ਇਹ ਕਾਹਦੀ ਜ਼ਿੰਦਗੀ! ਇਹ ਤਾਂ ਸਾਡੇ ਬੁਨਿਆਦੀ ਹੱਕਾਂ ਦਾ ਗਲਾ ਘੁੱਟਣ ਵਾਲੀ ਗੱਲ ਹੋਈ। ਅਜਿਹੀ ਗੁਲਾਮਾਂ ਵਾਲੀ ਜ਼ਿੰਦਗੀ ਛੱਡ ਕੇ ਮੈਂ ਤੁਹਾਡੇ ਵਾਂਗ ਆਜ਼ਾਦ ਜੀਵਨ ਦੀ ਭੁੱਖ ਨੂੰ ਠੀਕ ਸਮਝਦਾ ਹਾਂ। ਇਸ ਲਈ ਮੈਂ ਉਹ ਗੁਲਾਮੀ ਵਾਲੀ ਜ਼ਿੰਦਗੀ ਤੋਂ ਭੱਜ ਆਇਆ ਹਾਂ।”

ਬਚਪਨ ਵੇਲੇ ਹਰ ਇਕ ਪਿੰਡ ਦੀ ਅੱਧੀ ਕੁ ਜਮੀਨ ਹੀ ਵਾਹੀਯੋਗ ਹੁੰਦੀ ਸੀ। ਬਾਕੀ ਅੱਧੀ ਵਿਚ ਪਿੰਡ ਦਾ ਮਾਲ ਡੰਗਰ ਚਰਦਾ ਸੀ। ਇਸ ਬੇਅਬਾਦ ਜਮੀਨ ਵਿਚ ਬੂਝੇ, ਝਿੜੀਆਂ ਆਮ ਸਨ ਜਿਨ੍ਹਾਂ ਵਿਚ ਜੰਗਲੀ ਜਾਨਵਰ-ਸਹੇ, ਹਿਰਨ, ਗਿੱਦੜ, ਲੂੰਬੜ, ਬਘਿਆੜ ਆਦਿ ਆਮ ਹੀ ਹੁੰਦੇ। ਹਰ ਪਿੰਡ ਵਿਚ ਕੁਝ ਸ਼ਿਕਾਰੀ ਵੀ ਹੁੰਦੇ ਜਿਨ੍ਹਾਂ ਨੇ ਸ਼ਿਕਾਰੀ ਕੁੱਤੇ ਪਾਲੇ ਹੁੰਦੇ। ਸ਼ਿਕਾਰੀ ਕੁੱਤਿਆਂ ਦਾ ਕੱਦ ਉਚਾ ਅਤੇ ਸਰੀਰ ਪਤਲਾ ਹੁੰਦਾ। ਉਨ੍ਹਾਂ ਇਕ ਦੋ ਖੰਦੇ ਕੁੱਤੇ ਵੀ ਰੱਖੇ ਹੁੰਦੇ ਜੋ ਸ਼ਿਕਾਰ ਦੀ ਪੈੜ ਸੁੰਘ ਸੁੰਘ ਕੇ ਉਸ ਤੱਕ ਪਹੁੰਚ ਕੇ ਉਸ ਨੂੰ ਭਜਾ ਲੈਂਦੇ। ਸ਼ਿਕਾਰੀ ਕੁੱਤੇ ਤੇਜ਼ ਦੌੜ ਕੇ ਸ਼ਿਕਾਰ ਫੜ੍ਹ ਲੈਂਦੇ। ਸਾਡੇ ਪਿੰਡ ਦੇ ਅਮਲੀ ਨੇ ਵੀ ਸ਼ਿਕਾਰੀ ਕੁੱਤੀ ਰੱਖੀ ਹੋਈ ਸੀ। ਉਹ ਸੱਥ ਵਿਚ ਬੈਠਾ ਕੁੱਤੀ ਦੇ ਬਾਪ, ਦਾਦੇ, ਨਾਨੇ, ਨਾਨੀ ਦਾ ਪਿਛੋਕੜ ਮਹਾਰਾਜਾ ਪਟਿਆਲਾ, ਜੀਂਦ ਅਤੇ ਕਪੂਰਥਲਾ ਦੇ ਕੁੱਤਿਆਂ ਨਾਲ ਜੋੜ ਦਿੰਦਾ। ਕਿਸੇ ਨੇ ਹਾਸੇ ਵਿਚ ਕੇਰਾਂ ਆਖ ਦਿੱਤਾ, “ਅਮਲੀਆ ਤੇਰੀ ਕੁੱਤੀ ਤਾਂ ਸ਼ਿਕਾਰ ਨਿਕਲਣ ਵੇਲੇ ਕਾਫੀ ਪਿਛੇ ਰਹਿ ਗਈ ਸੀ।” ਉਹ ਕਹਿੰਦਾ, “ਭਾਈ, ਇਹ ਮੇਰਾ ਹੀ ਕਸੂਰ ਸੀ, ਮੈਥੋਂ ਰੱਸੀ ਛੱਡਣ ਵਿਚ ਦੇਰ ਹੋ ਗਈ ਸੀ। ਕੁੱਤੀ ਤਾਂ ਗੋਲੀ ਆਂਗਰ ਭੱਜੀ ਸੀ।”
ਸਾਨੂੰ ਨਿਆਣਿਆਂ ਨੂੰ ਉਹ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਦਿਖਾਉਂਦਾ। ਅਸੀਂ ਵੀ ਪਿੰਡ ਦਾ ਜੋ ਵੀ ਲੰਡਰ ਕੁੱਤਾ-ਕੁੱਤੀ ਮਿਲਦਾ, ਉਹਦੇ ਗਲ ਟੁੱਟੇ ਹੋਏ ਮੰਜੇ ਦੇ ਬਾਣ ਦੀ ਰੱਸੀ ਪਾ ਕੇ ਸ਼ਿਕਾਰੀਆਂ ਨਾਲ ਹੋ ਤੁਰਦੇ। ਸ਼ਿਕਾਰੀ ਵੀ ਸਾਨੂੰ ਨਾਲ ਲਿਜਾ ਕੇ ਖੁਸ਼ ਸਨ, ਕਿਉਂਕਿ ਬਹੁਤੇ ਬੰਦਿਆਂ ਦਾ ਰੌਲਾ ਸੁਣ ਕੇ ਸ਼ਿਕਾਰ ਨਿਕਲ ਭੱਜਦਾ ਸੀ। ਝਾੜਾਂ ‘ਤੇ ਡੰਡੇ ਮਾਰ ਮਾਰ ਹੜਾਤ ਹੜਾਤ ਕਰਨ ਨੂੰ ਸ਼ਿਕਾਰੀ ਆਖਦੇ।
ਕੁੱਤਿਆਂ ਦੀ ਜ਼ਬਾਨੀ ਜੇ ਆਪਣੇ ਮਾਲਕਾਂ ਦੀ ਸਿਫਤ ਸੁਣਨੀ ਹੋਵੇ ਤਾਂ ਉਹ ਇਸ ਤਰ੍ਹਾਂ ਦੀ ਹੋਵੇਗੀ, “ਮੇਰਾ ਮਾਲਕ ਮੈਨੂੰ ਬਹੁਤ ਪਿਆਰ ਨਾਲ ਰੱਖਦਾ ਹੈ। ਸਵੇਰ ਨੂੰ ਜਦੋਂ ਮੈਂ ਚਾਹਾਂ, ਮੈਨੂੰ ਸੈਰ ਕਰਾਉਣ ਲੈ ਕੇ ਜਾਂਦਾ ਹੈ। ਜੇ ਉਹ ਆਪਣੀ ਮਰਜ਼ੀ ਨਾਲ ਜਿਥੇ ਮਰਜ਼ੀ ਰੁਕ ਕੇ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਲਗ ਪੈਂਦਾ ਹੈ ਤਾਂ ਮੈਂ ਸੰਗਲੀ ਖਿਚ ਕੇ ਉਸ ਨੂੰ ਤੋਰ ਲੈਂਦਾ ਹਾਂ। ਮੈਂ ਵੀ ਹਰ ਖੰਬੇ ‘ਤੇ ਲੱਤ ਚੁੱਕ ਕੇ ਪਿਸ਼ਾਬ ਕਰਦਾਂ ਤਾਂ ਉਸ ਨੂੰ ਰੁਕਣਾ ਪੈਂਦਾ ਹੈ। ਜੇ ਕਿਸੇ ਦਿਨ ਮਾਲਕਣ ਹੋਵੇ ਤਾਂ ਜਦੋਂ ਮੈਂ ਪਿਸ਼ਾਬ ਕਰਨ ਲੱਗਾਂ ਤਾਂ ਉਹ ਦੂਜੇ ਪਾਸੇ ਮੂੰਹ ਫੇਰ ਕੇ ਗਾਲ੍ਹਾਂ ਕੱਢਦੀ ਹੈ, ‘ਦਾਦੇ ਮਗੌਣੇ ਨੂੰ ਇਹ ਬੜੀ ਭੈੜੀ ਆਦਤ ਏ, ਥਾਂ ਥਾਂ ‘ਤੇ ਤਿਪ-ਤਿਪ ਮੂਤਣ ਦੀ। ਇਕ ਵਾਰ ਨੀ ਮਰ ਹੁੰਦਾ। ਸ਼ਰਮ ਦਾ ਘਾਟਾ।’ ਕਦੇ ਕਦੇ ਖਿਝ ਕੇ ਪੋਲੀਆਂ ਪੋਲੀਆਂ ਸੋਟੀਆਂ ਵੀ ਮਾਰ ਦਿੰਦੀ ਏ।
ਜੇ ਕਦੇ ਮੈਂ ਰੁੱਸ ਜਾਵਾਂ ਤਾਂ ਮਾਲਕ ਮਿੰਨਤਾਂ ਕਰ ਕਰ ਕੇ ਬਿਸਕੁਟ ਖਾਣ ਨੂੰ ਦਿੰਦਾ ਹੈ। ਜਿੰਨਾ ਚਿਰ ਮੈਂ ਮੰਨ ਨਾ ਜਾਵਾਂ, ਮਾਲਕ ਬੇਚੈਨ ਰਹਿੰਦਾ ਹੈ। ਮਾਲਕ ਮੈਥੋਂ ਹਰ ਵਕਤ ਡਰਦਾ ਰਹਿੰਦਾ ਹੈ ਕਿ ਜੇ ਮੈਂ ਇਸ ਨੂੰ ਨਾਰਾਜ਼ ਕੀਤਾ ਤਾਂ ਇਹ ਘਰੋਂ ਭੱਜ ਜਾਵੇਗਾ। ਮਾਲਕ ਤਾਂ ਇਕ ਦਿਨ ਵੀ ਮੇਰੇ ਬਗੈਰ ਨਹੀਂ ਰਹਿ ਸਕਦਾ। ਕਈ ਕੁੱਤੇ ਘਰੋਂ ਭੱਜ ਜਾਣ ਤਾਂ ਮਾਲਕ ਉਨ੍ਹਾਂ ਦੀ ਫੋਟੋ ਅਖਬਾਰ ਵਿਚ ਛਪਵਾ ਕੇ ਵਾਪਸ ਲਿਆਉਣ ਵਾਲੇ ਨੂੰ ਕੁਝ ਰਕਮ ਨਕਦ ਇਨਾਮ ਦੀ ਵੀ ਰੱਖ ਦਿੰਦੇ ਹਨ। ਸਾਡੀ ਕੁੱਤਿਆਂ ਦੀ ਇਕ ਭੈੜੀ ਵਾਦੀ ਹੈ ਕਿ ਅਸੀਂ ਆਪਣੇ ਭਾਈਵੰਦਾਂ ਨਾਲ ਮਿਲ ਕੇ ਨਹੀਂ ਰਹਿ ਸਕਦੇ। ਸਾਡੀ ਕੋਈ ਜਨਰਲ ਬਾਡੀ ਮੀਟਿੰਗ ਹੀ ਨਹੀਂ ਹੋ ਸਕਦੀ ਜਿਸ ਵਿਚ ਅਸੀਂ ਆਪਣੀ ਇਨਸਾਨ ਹੱਥੋਂ ਹੁੰਦੀ ਦੁਰਦਸ਼ਾ ‘ਤੇ ਵਿਚਾਰ ਕਰ ਸਕੀਏ। ਆਪਣੀ ਕਿਸਮਤ ਦੇ ਅਸੀਂ ਆਪ ਜਿੰਮੇਵਾਰ ਹਾਂ ਜੋ ਇਨਸਾਨਾਂ ਤੋਂ ਡੰਡੇ ਖਾਂਦੇ ਫਿਰਦੇ ਹਾਂ। ਆਖਰ ਕਦੋਂ ਤੱਕ ਢਿਡ ਭਰਨ ਲਈ ਅਸੀਂ ਇਸ ਤਰ੍ਹਾਂ ਇਨਸਾਨਾਂ ‘ਤੇ ਨਿਰਭਰ ਰਹਾਂਗੇ। ਸੋ ਭਰਾਵੋ, ਜਾਗੋ ਤੇ ਕਿਸੇ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੋ ਕੇ ਕੁੱਤਾ ਭਲਾਈ ਦੇ ਕੰਮਾਂ ‘ਤੇ ਵਿਚਾਰ ਕਰੋ। ਬੰਦੇ ਗੱਲ ਗੱਲ ‘ਤੇ ਸਾਨੂੰ ਬੇਇੱਜਤ ਕਰਦੇ ਹਨ। ਜੇ ਇਕ ਬੰਦੇ ਨੇ ਦੂਜੇ ਨਾਲ ਕੁਪੱਤ ਕੀਤੀ ਹੋਵੇ ਤਾਂ ਸਾਥੀਆਂ ਨੂੰ ਆਖਦਾ ਹੈ, ‘ਮੈਂ ਉਸ ਨਾਲ ਬੜੀ ਕੁੱਤੇਖਾਣੀ ਕੀਤੀ ਏ।’ ਜੇ ਕੋਈ ਬੋਲਦਾ ਠੀਕ ਨਾ ਲੱਗੇ ਤਾਂ ਕਹਿੰਦੇ ਹਨ, ‘ਐਵੇਂ ਕਿਉਂ ਕੁੱਤੇ ਆਂਗਰ ਭੌਂਕੀ ਜਾਨਾਂ ਏਂ?’ ਬੰਦਿਆਂ ਦੀ ਲੜਾਈ ਵਿਚ ਸਾਨੂੰ ਬੇਜ਼ਬਾਨਾਂ ਨੂੰ ਐਵੇਂ ਘੜੀਸਦੇ ਹਨ। ਆਪਣੇ ਨਾਲ ਹੋ ਰਹੇ ਅਨਿਆਂ ਅਤੇ ਜਬਰ ਜ਼ੁਲਮ ਖਿਲਾਫ ਇਕ ਆਵਾਜ਼ ਵਿਚ ਅੱਧੀ ਰਾਤ ਨੂੰ ਰੋ ਕੇ ਅਸਮਾਨ ਸਿਰ ‘ਤੇ ਚੁੱਕ ਕੇ ਜਾਬਰ ਬੰਦਿਆਂ ਨੂੰ ਚੈਨ ਨਾਲ ਨਹੀਂ ਸੌਣ ਦੇਣਾ ਚਾਹੀਦਾ।”