‘ਦੋਆਬੇ ਦਾ ਮਾਣ’ ਕਬੱਡੀ ਖਿਡਾਰੀ ਸੁਰਿੰਦਰ ਸਿੰਘ ਅਟਵਾਲ

ਇਕਬਾਲ ਸਿੰਘ ਜੱਬੋਵਾਲੀਆ
ਜਦੋਂ ਦੋਆਬੇ ਦੇ ਪਿੰਡਾਂ ‘ਚ ਕਬੱਡੀ ਦੀ ਗੱਲ ਚੱਲਦੀ ਹੈ ਤਾਂ ਪਿੰਡ ਬਹਿਰਾਮ ਨਾਂ ਮੱਲੋਮੱਲੀ ਜ਼ੁਬਾਨ ‘ਤੇ ਆ ਜਾਂਦੈ। ਇਸ ਪਿੰਡ ਨੇ ਕਈ ਨਾਮੀ ਕਬੱਡੀ ਖਿਡਾਰੀ ਸਾਡੀ ਝੋਲੀ ਪਾਏ ਹਨ, ਜਿਨ੍ਹਾਂ ‘ਚੋਂ ਸੁਰਿੰਦਰ ਸਿੰਘ ਅਟਵਾਲ, ਜਿਸ ਨੂੰ ਪਿਆਰ ਨਾਲ ਸ਼ਿੰਦਾ ਅਟਵਾਲ ਜਾਂ ਸ਼ਿੰਦਾ ਬਹਿਰਾਮ ਵੀ ਕਿਹਾ ਜਾਂਦਾ ਸੀ, ਇਕ ਹੈ। ਸ਼ਿੰਦੇ ਅਟਵਾਲ ਦਾ ਸਕੂਲਾਂ ਤੇ ਕਾਲਜਾਂ ਸਮੇਂ ਆਪਣਾ ਖੇਡ-ਰੰਗ ਸੀ। ਜਿਧਰ ਜਾਂਦਾ ‘ਸ਼ਿੰਦਾ, ਸ਼ਿੰਦਾ’ ਹੋਈ ਜਾਂਦੀ। ਇਹ ਗੱਲ 1972-73 ਦੀ ਹੈ।

ਉਸ ਨੇ ਪੰਜਾਬ ਚੈਂਪੀਅਨਸ਼ਿਪ 1972, 73 ਤੇ 74 ਲਗਾਤਾਰ ਜਿੱਤੀ। 1974 ‘ਚ ਜਗਤਪੁਰ ਸਟੇਡੀਅਮ ਵਿਚ ਜਿਲ੍ਹਿਆਂ ਦੇ ਮੈਚਾਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ। ਜਲੰਧਰ, ਕੋਟਲੀ ਥਾਨ ਸਿੰਘ ਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ, ਦਸੂਹੇ, ਬਠਿੰਡੇ ਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ‘ਚ ਖੇਡ ਦੀ ਧਾਕ ਜਮਾਈ।
ਸੋਹਣਾ-ਸੁਨੱਖਾ, ਗੋਰਾ ਰੰਗ, ਮੋਟੇ ਮੋਟੇ ਪੱਟ, ਚੌੜੀ ਛਾਤੀ ਤੇ ਫਰਕਦੇ ਡੌਲਿਆਂ ਵਾਲਾ ਸ਼ਿੰਦਾ ਜਾਫੀ ਤੇ ਰੇਡਰ-ਦੋਵੇਂ ਪਾਸੇ ਚਲਦਾ। ਜਦੋਂ ਉਹ ਖੇਡ ਮੈਦਾਨ ਵਿਚ ਜਾਂਦਾ ਤਾਂ ਧਰਤੀ ਮਾਂ ਨੂੰ ਪਤਾ ਲੱਗ ਜਾਂਦਾ, ਕੋਈ ਮਾਈ ਦਾ ਲਾਲ ਸ਼ੂਕਦਾ ਆ ਰਿਹੈ। ਸਾਹ ਪਾਉਣ ਜਾਂਦਾ ਤਾਂ ਜਾਫੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਹੱਥ ਲਾ ਕੇ ਜਾਫੀਆਂ ਨੂੰ ਧੱਕਦਾ ਔਹ ਜਾਂਦਾ, ਔਹ ਜਾਂਦਾ। ਫੜ੍ਹਨ ਖੜ੍ਹਦਾ ਤਾਂ ਬੜੇ ਬੜੇ ਰੇਡਰਾਂ ਨੂੰ ਥੰਮ੍ਹ ਲੈਂਦਾ।
ਸ਼ਿੰਦੇ ਦਾ ਜਨਮ ਉਸ ਘਰ ਹੋਇਆ ਜਿਥੇ ਪਿਤਾ-ਪੁਰਖਿਆਂ ਨੂੰ ਖੇਡਾਂ ਦਾ ਸ਼ੌਕ ਸੀ। ਬਾਪ-ਦਾਦੇ ਨੇ ਬੜੇ ਸ਼ੌਕ ਨਾਲ ਪਾਲਿਆ ਤੇ ਤਿਆਰ ਕੀਤਾ। ਪਾਕਿਸਤਾਨ ਤੋਂ ਆਇਆ ਬਾਬਾ ਬੰਤਾ ਸਿੰਘ ਆਪਣੇ ਸਮੇਂ ਦਾ ਵਧੀਆ ਕਬੱਡੀ ਖਿਡਾਰੀ ਤੇ ਭਾਰ ਚੁੱਕਣ ਦਾ ਮਾਹਰ ਸੀ। ਪਿਤਾ ਸ਼ ਪਿਆਰਾ ਸਿੰਘ ਅਟਵਾਲ ਖਾਲਸਾ ਕਾਲਜ ਜਲੰਧਰ ਦੇ ਮਸ਼ਹੂਰ ਕਬੱਡੀ ਖਿਡਾਰੀ ਤੇ ਵੇਟ ਲਿਫਟਰ ਰਹੇ ਹਨ ਤੇ ਆਪਣੇ ਜ਼ਮਾਨੇ ਦੇ ਭਾਰਤੀ ਚੈਂਪੀਅਨ ਸੋਹਣ ਸਿੰਘ ਬੀ.ਏ. ਨਾਲ ਖੇਡੇ। ਇਸੇ ਪਿੰਡ ਦੇ ਬਲਕਾਰ, ਅਮਰੀਕ ਤੇ ਮੱਖਣ ਨਾਮਵਰ ਤਕੜੇ ਖਿਡਾਰੀ ਹੋਏ ਹਨ ਜਦਕਿ ਮੀਤਾ ਤੇ ਕਾਟੂ ਪਿੰਡਾਂ ਦੇ ਖੇਡ ਮੇਲਿਆਂ ਅਤੇ ਓਪਨ ਮੈਚਾਂ ਦੇ ਨਾਮਵਰ ਖਿਡਾਰੀ ਹੁੰਦੇ ਸਨ। ਪਿਆਰਾ ਸਿੰਘ ਤੋਂ ਇਲਾਵਾ ਜੀਤ, ਚਰਨ, ਚਮਕੌਰ ਤੇ ਸੱਤੋ ਪੁਰਾਣੇ ਖਿਡਾਰੀ ਹੋਏ।
ਸ਼ਿੰਦਾ ਛੇਵੀਂ ਤੋਂ ਅੱਠਵੀਂ ਤੱਕ ਫਰਾਲੇ ਪੜ੍ਹਿਆ। ਉਪਰੰਤ 1968 ਵਿਚ ਖਾਲਸਾ ਸਕੂਲ ਬੰਗਾ ਜਾ ਦਾਖਲ ਹੋਇਆ। ਉਥੇ ਟ੍ਰਿਪਲ ਜੰਪ, ਲੌਂਗ ਜੰਪ, ਹਾਈ ਜੰਪ, ਸ਼ਾਟ ਪੁੱਟ ਤੇ 100, 200, 400 ਮੀਟਰ ਰੇਸ ਤੋਂ ਇਲਾਵਾ ਕਬੱਡੀ ‘ਚ ਵਾਹਵਾ ਨਾਂ ਕਮਾਇਆ। ਘਰ ਦਾ ਰੋਟੀ-ਪਾਣੀ ਵਧੀਆ ਚਲਦਾ ਸੀ। ਰੋਜ ਸ਼ਾਮ ਨੂੰ ਗਰਾਊਂਡ ਜਾ ਕੇ ਕਬੱਡੀ ਖੇਡਣੀ ਤੇ ਘਰ ਵੇਟ ਚੁੱਕਣ ਦੀ ਪ੍ਰੈਕਟਿਸ ਕਰਨੀ। ਮਿਹਨਤ ਕਰਕੇ ਸਰੀਰ ਕਮਾਇਆ। ਹਰ ਪਾਸੇ ਮੱਲਾਂ ਮਾਰਦਾ ਚਲਿਆ ਗਿਆ ਤੇ ਸਕੂਲ ਦਾ ਬੈਸਟ ਰੇਡਰ ਚੁਣਿਆ ਗਿਆ। ਜਦੋਂ ਉਹ ਸਕੂਲਾਂ ਵਿਚੋਂ ਪੰਜਾਬ ਖੇਡ ਕੇ ਆਇਆ ਤਾਂ ਹਰ ਪਾਸੇ ਬੱਲੇ ਬੱਲੇ ਸੀ।
ਦਸਵੀਂ ‘ਚ ਖਾਲਸਾ ਸਕੂਲ ਪੜ੍ਹਦਾ ਪੜ੍ਹਦਾ ਉਹ ਜਗਤਪੁਰ ਸਟੇਡੀਅਮ ਵਿਚ ਜਿਲ੍ਹਿਆਂ ਦੇ ਮੈਚ ਖੇਡਣ ਗਿਆ, ਜੋ ਮਾਣ ਵਾਲੀ ਗੱਲ ਸੀ। ਉਥੇ ਦੂਰੋਂ ਦੂਰੋਂ ਖਿਡਾਰੀ ਆਏ ਤੇ ਖਿਡਾਰੀਆਂ ਦੀ ਤਾਕਤ ਵੇਖਣ ਲਈ ਖਿੱਚਣ ਵਾਸਤੇ ਸਪਰਿੰਗ ਰੱਖੇ ਹੋਏ ਸਨ। ਦੂਜੇ ਖਿਡਾਰੀਆਂ ਕੋਲੋਂ ਮੁਸ਼ਕਿਲ ਨਾਲ ਉਹ ਸਪਰਿੰਗ ਖਿੱਚ ਹੋਏ ਪਰ ਜਦੋਂ ਸ਼ਿੰਦੇ ਦੀ ਵਾਰੀ ਆਈ ਤਾਂ ਉਸ ਨੇ ਬੜੇ ਆਰਾਮ ਨਾਲ ਸਪਰਿੰਗ ਖਿੱਚ ਗਿਆ।
ਖਾਲਸਾ ਸਕੂਲ ਖਤਮ ਕਰਕੇ ਉਹਨੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਦਾਖਲਾ ਲੈ ਲਿਆ। ਕਾਲਜ ਵਿਚ ਤਿੰਨ ਸਾਲ ਡਟ ਕੇ ਕਬੱਡੀ ਖੇਡੀ ਅਤੇ ਸਾਲ 1971, 72 ਤੇ 73 ਦਾ ਬੈਸਟ ਰੇਡਰ ਐਲਾਨਿਆ ਗਿਆ। ਕਾਲਜ ਦੇ ਇਸ ਮਹਿਬੂਬ ਖਿਡਾਰੀ ਨੂੰ ਸਭ ਤੋਂ ਬੜਾ ਪਿਆਰ ਮਿਲਿਆ।
1972 ਤੋਂ 74 ਤੱਕ ਅਨੰਦਪੁਰ ਸਾਹਿਬ ਮੇਲੇ ‘ਤੇ ਬੈਸਟ ਰੇਡਰ ਆਉਂਦਾ ਰਿਹਾ। ਕਸ਼ਮੀਰਾ ਰਾਏਪੁਰ ਡੱਬਾ, ਮੋਹਣੀ ਰਾਏਪੁਰ ਡੱਬਾ, ਕੁਲਦੀਪ ਹਰੀਪੁਰ, ਦਾਲੀ ਸ਼ੰਕਰ, ਘੁੱਗਾ ਸ਼ੰਕਰ ਤੇ ਮੋਹਣਾ ਸਾਥੀ ਖਿਡਾਰੀ ਸਨ। ਫਾਈਨਲ ਮੈਚ ਦਸੂਹੇ ਨਾਲ ਹੋਇਆ। ਕਿਲ੍ਹਾ ਰਾਏਪੁਰ, ਜਗਰਾਵਾਂ, ਹੁਸ਼ਿਆਰਪੁਰ, ਤਲਵਣ ਤੇ ਅਨੇਕਾਂ ਹੋਰ ਥਾਂਵਾਂ ‘ਤੇ ਮੈਚ ਖੇਡੇ।
ਉਹਨੇ ਨਾਮੀ ਖਿਡਾਰੀਆਂ-ਨਡਾਲੇ ਵਾਲਾ ਪ੍ਰੀਤਾ (ਆਇਆ ਪ੍ਰੀਤਾ, ਗਿਆ ਪ੍ਰੀਤਾ), ਸ਼ੰਕਰੀਆ ਘੁੱਗਾ, ਪੱਤੜੀਆ ਬੋਲਾ, ਪਾਲਾ ਸ਼ੰਕਰ, ਮਨਸਾ ਸ਼ਾਹਕੋਟ, ਮਨਸਾ ਲੋਹੀਆਂ, ਸੋਹਣਾ ਕੋਚ, ਗੁਰਜੀਤ ਪੁਰੇਵਾਲ, ਲਹਿੰਬੀ ਹਕੀਮਪੁਰ, ਮੱਖਣ ਪੁਆਧੜਾ, ਗੀਰਾ ਮੁਕੰਦਪੁਰ, ਬਲਵਿੰਦਰ ਫਿੱਡਾ, ਸ਼ਿਵਦੇਵ, ਚੱਕਾਂ ਵਾਲਾ ਕਮਲ ਪੰਡਿਤ, ਖਟਕੜਾਂ ਦੇ ਭਰਾ ਪੱਪੂ ਤੇ ਬਿੱਲੂ, ਹਰੀ ਮੱਲਪੁਰ, ਗੁੱਡੂ ਕਰੀਹਾ, ਅਰਜਨ ਕਾਉਂਕਿਆਂ, ਅੰਬੀ ਸ਼ੰਕਰ, ਹਰਬੰਸਾ ਢੰਡੋਵਾਲ, ਦੀਪ ਹਕੀਮਪੁਰ, ਅਜੈਬ ਚੀਮਾ, ਮੱਖਣ ਵੈਕਟੋਰੀਆ, ਮੇਜਰ ਤਲਵੰਡੀ ਫੱਤੂ, ਜੈਸੀ, ਬੈਂਸਾਂ ਵਾਲੇ ਸੋਖਾ ਤੇ ਸਰਦਾਰਾ (ਸਕੇ ਭਰਾ), ਗੁਰਜੀਤ ਦਾਦੂਵਾਲ ਸਣੇ ਹੋਰ ਨਾਮੀ ਖਿਡਾਰੀਆਂ ਨਾਲ ਮੈਚ ਖੇਡੇ। ਕੋਚ ਅਜੀਤ ਸਿੰਘ ਮਾਲੜੀ ਤੇ ਸਰਬਣ ਸਿੰਘ ਬੱਲ ਕੋਲੋਂ ਸਿੰ.ਦੇ ਨੇ ਬੜਾ ਕੁਝ ਸਿਖਿਆ ਪਰ ਮੇਨ ਕੋਚ ਰੱਤੂ ਟਿੱਬਾ ਸੀ।
ਸ਼ਿੰਦੇ ਨੇ ਸ਼ੰਕਰੀਏ ਘੁੱਗੇ ਨਾਲ ਅਨੰਦਪੁਰ ਸਾਹਿਬ, ਪੰਜਾਬ ਚੈਂਪੀਅਨਸ਼ਿਪਾਂ ਤੇ ਪਿੰਡਾਂ ਦੇ ਓਪਨ ਮੈਚ ਵਾਹਵਾ ਖੇਡੇ ਅਤੇ ਘੁੱਗੇ ਤੇ ਪ੍ਰੀਤੇ ਨੂੰ ਚੰਗੇ ਇਨਸਾਨ ਤੇ ਤਕੜੇ ਖਿਡਾਰੀ ਮੰਨਿਆ। ਸ਼ੰਕਰੀਏ ਪਾਲੇ ਨਾਲ ਵੀ ‘ਕੱਠਿਆਂ ਰਲ ਕੇ ਕੋਟਲੀ ਥਾਨ ਸਿੰਘ ਪੰਜਾਬ ਅਤੇ ਦਸੂਹੇ ਪੰਚਾਇਤੀ ਰਾਜ ਟੂਰਨਾਮੈਂਟ ਖੇਡੇ। ਇਨ੍ਹਾਂ ਮੈਚਾਂ ਵਿਚ ਕੋਈ ਨੌਕਰੀ ਕਰਦਾ ਖਿਡਾਰੀ ਨਹੀਂ ਸੀ ਖੇਡ ਸਕਦਾ, ਸਿਰਫ ਸਕੂਲਾਂ-ਕਾਲਜਾਂ ਦੇ ਖਿਡਾਰੀ ਹੀ ਖੇਡ ਸਕਦੇ ਸਨ।
ਦਸੂਹੇ ਚੈਂਪੀਅਨਸ਼ਿਪ ਮੁਕਾਬਲੇ ‘ਚ ਜਲੰਧਰ ਨੇ ਹੁਸ਼ਿਆਰਪੁਰ ਨੂੰ ਹਰਾਇਆ। ਜਲੰਧਰ ਦੀ ਟੀਮ ਵਿਚ ਸ਼ਿੰਦਾ, ਪਾਲਾ ਸ਼ੰਕਰ, ਘੁੱਗਾ, ਮੋਹਣਾ ਕੋਚ, ਕੁਲਦੀਪ ਹਕੀਮਪੁਰ, ਧਰਮਾ ਤੇ ਢਾਡੀ ਸ਼ੰਕਰ ਖਿਡਾਰੀ ਸਨ ਜਦ ਕਿ ਹੁਸ਼ਿਆਰਪੁਰ ਦੀ ਟੀਮ ਵਿਚ ਰਾਵਲ ਮਾਣਕ ਢੇਰੀ ਤੇ ਮੂਨਕਾਂ ਵਾਲੇ ਤਾਰੀ ਜਿਹੇ ਨਾਮੀ ਖਿਡਾਰੀ ਸਨ।
ਤਲਵੰਡੀ ਫੱਤੂ ਵਾਲੇ ਚਮਕੌਰ ਨਾਲ ਪਿੰਡਾਂ ਦੇ ਓਪਨ ਮੈਚਾਂ ਤੋਂ ਲੈ ਕੇ ਚੈਂਪੀਅਨਸ਼ਿਪਾਂ ਖੇਡੀਆਂ। ਚਮਕੌਰ ਕਦੇ ਸ਼ਿੰਦੇ ਨਾਲ ਖੇਡਦਾ, ਕਦੇ ਵਿਰੋਧੀ ਟੀਮ ਵਿਚ। ਇਸੇ ਤਰ੍ਹਾਂ ਹੀ ਬੰਗਾ ਕਾਲਜ ਅਤੇ ਯੂਨੀਵਰਸਿਟੀ ਦੇ ਵਾਲੀਬਾਲ ਟਾਪ ਖਿਡਾਰੀ ਮਜ਼ਾਰੇ ਵਾਲੇ ਚਰਨੇ (ਚਰਨ ਗਿੱਲ) ਨੇ ਸ਼ਿੰਦੇ ਨੂੰ ਤਕੜਾ ਧਾਵੀ ਤੇ ਥੰਮ੍ਹ ਜਾਫੀ ਮੰਨਿਆ। ਚਰਨੇ ਨੇ ਉਹਦੇ ਨਾਲ ਖਾਲਸਾ ਸਕੂਲ ‘ਚ ਪੜ੍ਹਾਈ ਕੀਤੀ ਤੇ ਐਸ਼ਐਨ. ਕਾਲਜ ਵਿਚ ਵੀ ਦੋ ਕੁ ਸਾਲ ‘ਕੱਠੇ ਰਹੇ। ਔੜ, ਬੈਂਸਾਂ, ਕਰਨਾਣਾ, ਮਾਹਿਲ ਗਹਿਲਾਂ ਅਤੇ ਹੋਰ ਪਿੰਡਾਂ ‘ਚ ਮੈਚ ਚਲਦੇ ਰਹੇ।
ਪਿੰਡਾਂ ਦੇ ਖੇਡ ਮੇਲਿਆਂ ਵਿਚ ਮੈਂ (ਲੇਖਕ) ਵੀ ਉਹਦੇ ਮੈਚ ਵੇਖੇ। ਬੜਾ ਤਕੜਾ ਧਾਵੀ ਸੀ ਉਹ। ਮਾੜਾ ਮੋਟਾ ਜਾਫੀ ਤਾਂ ਮੂਹਰੇ ਨਹੀਂ ਸੀ ਖੜ੍ਹਦਾ। ਬੈਂਸੀਂ ਮੈਚਾਂ ਵਿਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। 1970-71 ਤੋਂ ਭਰ ਜੁਆਨੀ ਤੋਂ ਉਹਨੂੰ ਖੇਡਦੇ ਨੂੰ ਅੱਜ ਤੱਕ ਵੇਖਦਾ ਆ ਰਿਹਾ ਹਾਂ।
ਗੁਰਜੀਤ ਪੁਰੇਵਾਲ ਤੇ ਸੁਰਿੰਦਰ ਅਟਵਾਲ ਸਕੂਲਾਂ ਤੋਂ ਲੈ ਕਾਲਜ ਤੱਕ ‘ਕੱਠੇ ਖੇਡੇ। ਸ਼ਿੰਦਾ ਗੁਰਜੀਤ ਨਾਲੋਂ ਥੋੜ੍ਹਾ ਸੀਨੀਅਰ ਸੀ ਪਰ ਉਨ੍ਹਾਂ ਨੇ ਪੰਜਾਬ ਪੱਧਰ, ਅਨੰਦਪੁਰ ਸਾਹਿਬ, ਸ਼ੋਅ ਮੈਚ ਅਤੇ ਦੋਆਬੇ ਦੇ ਪਿੰਡਾਂ ‘ਚ ‘ਕੱਠਿਆਂ ਵਾਹਵਾ ਮੈਚ ਲਾਏ। ਬਹਿਰਾਮ ਅਤੇ ਹਕੀਮਪੁਰ ਦਾ ਤਕੜਾ ਸੈਟ ਸੀ ਉਸ ਵੇਲੇ। ਚਰਨ, ਮਲਕੀਤ ਤੇ ਗੁਰਜੀਤ-ਤਿੰਨੇ ਭਰਾ ਟਾਪ ਦੇ ਕਬੱਡੀ ਖਿਡਾਰੀ ਹੋਏ ਹਨ, ਸ਼ਿੰਦਾ ਤਿੰਨਾਂ ਨਾਲ ਖੇਡਿਆ। ਮਲਕੀਤ ਨਾਲ ਜਿਲ੍ਹਿਆਂ ਦੇ ਜਗਤਪੁਰ ਸਟੇਡੀਅਮ ਵਿਚ ਮੈਚ ਖੇਡੇ। ਮਲਕੀਤ ਉਸ ਵੇਲੇ ਕੈਨੇਡਾ ਤੋਂ ਗਿਆ ਸੀ।
ਉਹਨੇ ਰਾਏਪੁਰ ਡੱਬਾ ਦੇ ਖਿਡਾਰੀਆਂ ਨੂੰ ਵੀ ਤਕੜੇ ਮੰਨਿਆ ਤੇ ਇਹ ਵੀ ਕਿਹਾ ਕਿ ਪਿੰਡਾਂ ਦੇ ਮੈਚਾਂ ਵਿਚ ਬਹਿਰਾਮ ਤੇ ਰਾਏਪੁਰ ਡੱਬਾ ਦੇ ਫਸਵੇਂ ਭੇੜ ਹੁੰਦੇ ਸਨ। ਕਰੀਹੇ ਮੈਚਾਂ ਵਿਚ ਤਕੜੇ ਰੇਡਰ ਸੋਂਧੀ ਕੋਚ ਦੇ ਭਰਾ ਜੈਲੇ ਨੂੰ ਬੜੇ ਜੋਰ ਨਾਲ ਰੋਕਿਆ। ਬੜੀ ਮੁਸ਼ਕਿਲ ਨਾਲ ਇਕ ਦੋ ਨੰਬਰਾਂ ਨਾਲ ਜਿੱਤ ਹਾਰ ਹੁੰਦੀ।
ਕਰੀਹੇ ਮੈਚਾਂ ਵਿਚ ਇਕ ਪਾਸੇ ਖਟਕੜਾਂ ਵਾਲਾ ਬਿੱਲੂ, ਗੁੱਡੂ ਕਰੀਹਾ, ਸ਼ਿੰਦਾ ਗਰਚਾ, ਸੁੱਚਾ ਤੇ ਹੋਰ ਖਿਡਾਰੀ ਸਨ ਜਦਕਿ ਦੂਜੇ ਪਾਸੇ ਸ਼ਿੰਦਾ, ਮੀਤਾ ਤੇ ਹੋਰ ਹਲਕੇ ਜਿਹੇ ਖਿਡਾਰੀ ਸਨ। ਇਹ ਮੈਚ ਵੀ ਬੜਾ ਫਸਿਆ।
ਖਾਲਸਾ ਕਾਲਜ ਵਿਚ ਉਸ ਵੇਲੇ ਕੁਲਦੀਪ ਹਰੀਪੁਰ ਤੇ ਧਰਮੇ ਵਰਗੇ ਤਕੜੇ ਖਿਡਾਰੀ ਸਨ। ਕਾਲਜ ਵਿਚ ਇਕ ਸਾਲ ਕਬੱਡੀ ਦੀਆਂ ਧੁੰਮਾਂ ਪਾ ਕੇ ਉਹ ਕੈਲੀਫੋਰਨੀਆ ਆ ਗਿਆ ਤੇ ਕਬੱਡੀ ਖੇਡੀ। ਕੁਝ ਸਾਲ ਖੇਡ ਮੈਦਾਨਾਂ ‘ਚ ਕਬੱਡੀ ਦੇ ਜਲਵੇ ਵਿਖਾਏ। 1979 ‘ਚ ਕੈਨੇਡਾ ਖੇਡਣ ਗਿਆ। ਉਥੇ ਕੈਨੇਡਾ, ਇੰਡੀਆ ਤੇ ਇੰਗਲੈਂਡ ਦੀਆਂ ਟੀਮਾਂ ਖੇਡਣ ਗਈਆਂ ਹੋਈਆਂ ਸਨ। ਆਖਰੀ ਮੈਚ ਇੰਗਲੈਂਡ ਦੀ ਟੀਮ ਨਾਲ ਹੋਇਆ। ਜਿੱਤੀ ਤਾਂ ਇੰਗਲੈਂਡ ਦੀ ਟੀਮ ਪਰ ਬੈਸਟ ਰੇਡਰ ਸ਼ਿੰਦਾ ਐਲਾਨਿਆ ਗਿਆ।
1977 ਦੇ ਏੜ-ਗੇੜ ਵਿਚ ਕੈਲੀਫੋਰਨੀਆ ਵਿਚ ਕਾਮਰੇਡ ਮੈਚ ਕਰਵਾਉਂਦੇ ਸਨ। ਉਨ੍ਹਾਂ ਕੋਲ ਕਈ ਸਾਲ ਕਬੱਡੀ ਖੇਡੀ। ਫਿਰ ਨਾਮੀ ਖੇਡ ਪ੍ਰੋਮੋਟਰ ਜੌਹਨ ਸਿੰਘ ਗਿੱਲ ਨੇ ਮਿਲ ਕੇ 1979-80 ਤੋਂ ਯੂਬਾ ਸਿਟੀ ਮੈਚ ਕਰਾਉਣੇ ਸ਼ੁਰੂ ਕਰ ਦਿੱਤੇ। ਬੈਂਸ ਭਰਾਵਾਂ-ਦਿਲਬਾਗ ਸਿੰਘ ਅਤੇ ਦੀਦਾਰ ਸਿੰਘ ਨੇ ਬੜੀ ਮਦਦ ਕੀਤੀ। ਫਿਰ ਸੈਂਟਾ ਕਲਾਰਾ ਕਲੱਬ ਹੇਠ ਮੈਚ ਕਰਾਉਣੇ ਸ਼ੁਰੂ ਕਰ ਦਿਤੇ। ਇਹ ਕਲੱਬ ਵਧੀਆ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਦੇ ਰਿਹਾ ਸੀ। ਬਾਜੇਖਾਨੇ ਵਾਲੇ ਹਰਜੀਤ ਬਰਾੜ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਸੀ ਮਿਲਦਾ, ਕਲੱਬ ਨੇ ਕਾਫੀ ਨੱਠ-ਭੱਜ ਕਰਕੇ ਵੀਜ਼ਾ ਦਿਵਾਇਆ। ਬਲਵਿੰਦਰ ਫਿੱਡੂ ਨੂੰ ਵੀ ਪਹਿਲੀ ਵਾਰ ਇਸ ਕਲੱਬ ਵਾਲੇ ਹੀ ਲੈ ਕੇ ਆਏ ਸਨ।
ਸ਼ਿੰਦਾ ਉਠ ਰਹੇ ਨਵੇਂ ਖਿਡਾਰੀਆਂ ਲਈ ਮਾਰਗ ਦਰਸ਼ਕ ਹੈ। ਪੰਜਾਬ ਜਾ ਕੇ ਵੀ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਹੈ-ਕਾਰਜ ਭਾਵੇਂ ਗੁਰੂ ਘਰਾਂ ਦੇ ਹੋਣ, ਲੋਕ ਭਲਾਈ, ਯੋਗਤਾ ਰੱਖਣ ਵਾਲੇ ਖਿਡਾਰੀਆਂ ਜਾਂ ਖੇਡਾਂ ਦੇ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਵੀ ਉਸ ਵੱਧ ਚੜ੍ਹ ਕੇ ਹਿੱਸਾ ਪਾਇਆ।
27 ਸਤੰਬਰ 1952 ਨੂੰ ਜਨਮੇ ਸ਼ਿੰਦੇ ਅਟਵਾਲ ਦਾ ਵਿਆਹ 23 ਨਵੰਬਰ 1973 ਨੂੰ ਹੋਇਆ। ਪਰਮਾਤਮਾ ਨੇ ਤਿੰਨ ਪੁੱਤਰ ਦਿੱਤੇ-ਕੋਮਲ, ਸੁਖ ਤੇ ਭਵੀ। ਤਿੰਨਾਂ ਨੇ ਕਬੱਡੀ ਖੇਡੀ। ਵੱਡਾ ਬੇਟਾ ਕੋਮਲ ਤਕੜਾ ਕਬੱਡੀ ਖਿਡਾਰੀ ਬਣਨਾ ਚਾਹੁੰਦਾ ਸੀ, ਪਰ ਸੱਟ ਲੱਗਣ ਕਰਕੇ ਬਣ ਨਾ ਸਕਿਆ। ਕੋਮਲ ਨੇ ਸੈਂਟਰਲ ਵੈਲੀ ਕਬੱਡੀ ਕਲੱਬ ਬਣਾਇਆ ਹੋਇਐ ਜਿਸ ਦਾ ਉਹ ਕੋਚ ਹੈ ਤੇ ਪ੍ਰਧਾਨ ਟਿਵਾਣਾ। ਬਾਬਾ ਪਿਆਰਾ ਸਿੰਘ ਜਦੋਂ ਕਿਤੇ ਅਮਰੀਕਾ ਗੇੜਾ ਮਾਰਨ ਆਉਂਦਾ ਤਾਂ ਪੋਤਿਆਂ ਨੂੰ ਕਬੱਡੀ ਖੇਡਦੇ ਵੇਖ ਕੇ ਖੁਸ਼ ਹੁੰਦਾ। ਪਿਤਾ ਜੀ ਚਾਰ ਕੁ ਸਾਲ ਪਹਿਲਾਂ ਇਸ ਦੁਨੀਆਂ ਤੋਂ ਤੁਰ ਗਏ ਤੇ ਪਿਤਾ ਤੋਂ ਸਾਲ ਕੁ ਬਾਅਦ ਮਾਤਾ ਜੀ ਵੀ ਚਲ ਵਸੇ। ਬਾਬਾ ਬੰਤਾ ਸਿੰਘ ਬਹੁਤ ਸਾਲ ਪਹਿਲਾਂ ਰੁਖਸਤ ਹੋ ਗਏ ਸਨ। ਬਜ਼ੁਰਗਾਂ ਦੀ ਦਿੱਤੀ ਚੰਗੀ ਸਿਖਿਆ ਕਰਕੇ ਅੱਜ ਸ਼ਿੰਦਾ ਖਿਡਾਰੀਆਂ ਦਾ ਖਿਆਲ ਰੱਖਣ ਦੇ ਨਾਲ ਨਾਲ ਖੇਡ ਮੇਲਿਆਂ ‘ਚ ਵਧ-ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਉਹਦਾ ਦੂਜਾ ਭਰਾ ਰਵਿੰਦਰ ਵੀ ਆਪਣੇ ਸਮੇਂ ਚੰਗਾ ਖਿਡਾਰੀ ਰਿਹਾ ਹੈ।
ਉਹਦੀ ਯਾਰੀ-ਦੋਸਤੀ ਤੇ ਪਿਆਰ-ਮੁਹੱਬਤ ਦਾ ਬਹੁਤ ਵੱਡਾ ਦਾਇਰਾ ਹੈ। ਇਹ ਸਭ ਕੁਝ ਉਹਦੇ ਬੇਟੇ ਭਵੀ ਦੇ ਵਿਆਹ ‘ਤੇ ਮਲੇਰਕੋਟਲੇ ਵੇਖਣ ਨੂੰ ਮਿਲਿਆ। ਵੱਡੇ ਵੱਡੇ ਅਫਸਰ, ਸਾਥੀ ਖਿਡਾਰੀ, ਮੇਲੀ ਮਿੱਤਰ ਪਹੁੰਚੇ ਹੋਏ ਸਨ। ਵਿਆਹ ਦੇ ਉਹ ਰੰਗ ਮੈਂ ਵੀ ਅੱਖੀਂ ਵੇਖੇ। ਉਹਦੇ ਪ੍ਰਸ਼ੰਸਕਾਂ ਦਾ ਦਾਇਰਾ ਵੀ ਬੜਾ ਵਿਸ਼ਾਲ ਹੈ, ਜਿਨ੍ਹਾਂ ਵਿਚ ਗੁਣਾਚੌਰੀਆ ਦੇਬਾ, ਪਹਿਲਵਾਨ ਬੁੱਧ ਸਿੰਘ, ਪਹਿਲਵਾਨ ਸੁਖਵੰਤ ਸਿੰਘ, ਰਾਏਪੁਰ ਡੱਬੀਆਂ ਸ਼ੇਰਗਿੱਲ ਬਾਬਾ ਗੁਰਮੀਤ ਸਿੰਘ, ਗੁਰਨਾਮ ਰਸੂਲਪੁਰ, ਦੇਸ ਰਾਜ ਮੰਗੂਵਾਲ, ਦਿਲਾਵਰ ਕਾਹਮਾ, ਓਲੰਪੀਅਨ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਤੇ ਆਪਣੇ ਸਮੇਂ ਦਾ ਪ੍ਰਸਿੱਧ ਵੇਟ ਲਿਫਟਰ ਤੇ ਕਬੱਡੀ ਖਿਡਾਰੀ ਆਈ.ਜੀ. ਰਿਟਾਇਰ ਹਰਭਜਨ ਸਿੰਘ ਭੱਜੀ ਸੰਧਵਾਂ (ਫਰਾਲਾ)।
ਸੁਰਿੰਦਰ ਸਿੰਘ ਅਟਵਾਲ ਕੈਲੀਫੋਰਨੀਆ ‘ਚ ਹੁੰਦੇ ਕਬੱਡੀ ਮੇਲਿਆਂ ‘ਚ ਹਮੇਸ਼ਾ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ ਅਤੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਹੈ। ਟਰੇਸੀ ਗੁਰੂ ਘਰ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਗੁਰਦੁਆਰਾ ਸੈਨ ਹੋਜੇ ਨਾਲ ਜੁੜ ਕੇ ਵੀ ਪਹਿਲੀਆਂ ‘ਚ ਮੈਚ ਕਰਵਾਉਂਦਾ ਰਿਹਾ। ਗਾਖਲ ਭਰਾ, ਗਿੱਲ ਭਰਾ (ਮਜ਼ਾਰੇ ਵਾਲਾ ਚਰਨਾ), ਪਾਲ ਸਹੋਤਾ, ਨਿੱਝਰ ਭਰਾ, ਟੁੱਟ ਭਰਾ ਅਤੇ ਹੋਰ ਸੱਜਣਾਂ ਦੇ ਸਹਿਯੋਗ ਨਾਲ ਮਾਂ ਖੇਡ ਕਬੱਡੀ ਨੂੰ ਬੇਗਾਨੀ ਧਰਤੀ ‘ਤੇ ਪ੍ਰਫੁਲਿਤ ਕਰਨ ਦੇ ਰਾਹ ਤੁਰਿਆ ਹੋਇਆ ਹੈ।
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਬੇਅ ਏਰੀਆ ਸਪੋਰਟਸ ਕਲੱਬ, ਫਤਿਹ ਸਪੋਰਟਸ ਕਲੱਬ, ਸੈਂਟਾ ਕਲਾਰਾ ਸਪੋਰਟਸ ਕਲੱਬ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੇ ਗਾਖਲ ਭਰਾਵਾਂ ਦੇ ਯੁਨਾਈਟਿਡ ਸਪੋਰਟਸ ਕਲੱਬ ਵਲੋਂ ਹਰ ਸਾਲ ਵਧੀਆ ਟੂਰਨਾਮੈਂਟ ਕਰਾਏ ਜਾਂਦੇ ਹਨ ਤੇ ਸ਼ਿੰਦਾ ਵੀ ਆਪਣਾ ਸਹਿਯੋਗ ਦੇਣ ਤੋਂ ਪਿਛੇ ਨਹੀਂ ਹਟਦਾ। ਪਿਛਲੇ ਸਾਲ ਗਾਖਲ ਭਰਾਵਾਂ ਦੇ ਕਬੱਡੀ ਮੇਲੇ ‘ਤੇ ਸ਼ਿੰਦਾ ਅਟਵਾਲ ਸਵੇਰ ਤੋਂ ਲੈ ਸ਼ਾਮ ਤੱਕ ਅਮੋਲਕ ਸਿੰਘ ਗਾਖਲ ਨਾਲ ਪੱਬਾਂ ਭਰ ਗਰਾਊਂਡ ਵਿਚ ਰਿਹਾ। ਉਸ ਮੇਲੇ ‘ਚ ਮੇਰਾ ਵੀ ਬੜਾ ਮਾਣ-ਤਾਣ ਕੀਤਾ ਗਿਆ।
ਪਿਛਲੇ ਸਾਲਾਂ ਦੌਰਾਨ ਪੰਜਾਬ ‘ਚ ਹੋਏ ਵਰਲਡ ਕਬੱਡੀ ਕੱਪਾਂ ‘ਚ ਸ਼ਿੰਦਾ ਅਮਰੀਕਾ ਦੀ ਟੀਮ ਲੈ ਕੇ ਜਾਂਦਾ ਰਿਹਾ ਹੈ। ਪੰਜਾਬ ‘ਚ ਹੁੰਦੇ ਕਬੱਡੀ ਕੱਪਾਂ ‘ਚ ਵੀ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ ਤੇ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਦਾ ਹੈ। ਪ੍ਰੋ. ਮੱਖਣ ਸਿੰਘ ਹਕੀਮਪੁਰ ਖੇਡ ਮੇਲਿਆਂ ‘ਚ ਸ਼ਿੰਦੇ ਦੀਆਂ ਬਾਤਾਂ ਜਰੂਰ ਪਾਉਂਦੈ।
ਸ਼ਿੰਦਾ ਅਟਵਾਲ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਕਿ ਸੱਚੇ ਪਾਤਸ਼ਾਹ ਨੇ ਬੜੀ ਇਜ਼ਤ ਬਣਾਈ ਰੱਖੀ, ਖੇਡਾਂ ਪੱਖੋਂ ਬੜਾ ਪਿਆਰ ਖੱਟਿਆ ਤੇ ਦਰਸ਼ਕਾਂ ਨੇ ਪਿਆਰ ਨਾਲ ਝੋਲੀਆਂ ਭਰੀਆਂ। ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ‘ਚ ਕਦੇ ਐਨਾ ਪਿਆਰ ਮਿਲੇਗਾ। ਨਵੇਂ ਖਿਡਾਰੀਆਂ ਨੂੰ ਉਹ ਇਹੋ ਸਲਾਹ ਦਿੰਦਾ ਹੈ ਕਿ ਨਸ਼ਿਆਂ ਤੋਂ ਬਚੋ ਅਤੇ ਚੰਗੀ ਤੇ ਸਾਫ ਸੁਥਰੀ ਖੇਡ ਖੇਡੋ।
ਖੇਡ ਸ਼ੌਕ ਜਿਨ੍ਹਾਂ ਨੂੰ ਲੱਗ ਜਾਂਦਾ,
ਕਦੇ ਨਾ ਕਾਸੇ ਦੀ ਪ੍ਰਵਾਹ ਕਰਦੇ।
ਖੇਡ ਮੈਦਾਨਾਂ ਦੇ ਸ਼ੇਰ ਬਣ ਕੇ,
‘ਨ੍ਹੇਰੀਆਂ ਝੱਖੜਾਂ ਦੀ ਨਾ ਪ੍ਰਵਾਹ ਕਰਦੇ।
‘ਜੱਬੋਵਾਲੀਆ’ ਸਲਾਮ ਉਨ੍ਹਾਂ ਖਿਡਾਰੀਆਂ ਨੂੰ,
ਜ਼ਿੰਦਗੀ ਜੋ ਖੇਡਾਂ ਦੇ ਨਾਂ ਕਰਦੇ।