ਪੰਜਾਬ ਵਿਚ ਬਦਅਮਨੀ ਦਾ ਆਲਮ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਅਮਨ-ਕਾਨੂੰਨ ਨੂੰ ਲੀਹੇ ਪਾਉਣਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ। ਨਿੱਤ ਦਿਨ ਲੁੱਟ ਖੋਹ ਤੇ ਕਤਲਾਂ ਦੀਆਂ ਵਾਰਦਾਤਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਜੈਤੋ ਵਿਚ ਇਕ ਕਾਰੋਬਾਰੀ ਦੀ ਉਸ ਦੀ ਚੌਲ ਮਿੱਲ ਦੇ ਬਾਹਰ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਪੰਜਾਬ ਪੁਲਿਸ ਲਈ ਵੱਡੀ ਨਮੋਸ਼ੀ ਬਣੀ ਹੋਈ ਹੈ।

ਵਾਰਦਾਤ ਸਮੇਂ ਇਹ ਵਪਾਰੀ ਜਿਸ ਗੱਡੀ ਵਿਚ ਸਵਾਰ ਸੀ, ਇਸ ਨੂੰ ਸੱਤ ਫਰਵਰੀ ਨੂੰ ਗੈਂਗਸਟਰਾਂ ਨੇ ਖੋਹ ਲਿਆ ਸੀ। ਕਈ ਦਿਨਾਂ ਬਾਅਦ ਇਹ ਕਾਰ ਮੋਗਾ ਜ਼ਿਲ੍ਹੇ ‘ਚੋਂ ਲਾਵਾਰਸ ਮਿਲੀ ਸੀ। ਉਸ ਦਿਨ ਤੋਂ ਬਾਅਦ ਵਪਾਰੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਪਰ ਪੁਲਿਸ ਨੇ ਇਸ ਪਾਸੇ ਕੋਈ ਕਾਰਵਾਈ ਨਾ ਕੀਤੀ। ਜਿਸ ਦਿਨ ਇਹ ਘਟਨਾ ਵਾਪਰੀ, ਉਸੇ ਦਿਨ ਹੁਸ਼ਿਆਰਪੁਰ ਵਿਚ ਮਹਿਲਾ ਡਾਕਟਰ ਦੀ ਜਾਨ ਲੈ ਲਈ ਗਈ। ਇਸੇ ਦਿਨ ਮੋਗਾ ਵਿਚ ਇਕ ਨਾਬਾਲਗ ਕੁੜੀ ਨਾਲ ਦੋ ਗੁਆਂਢੀਆਂ ਵੱਲੋਂ ਬਲਾਤਕਾਰ ਕਰਨ ਦੀ ਘਟਨਾ ਵਾਪਰੀ। ਤਰਨ ਤਾਰਨ ਜ਼ਿਲ੍ਹੇ ਦੇ ਵਲਟੋਹਾ ਥਾਣੇ ਅੰਦਰ ਸਿੱਖਾਂ ਅਤੇ ਇਸਾਈਆਂ ਦੇ ਗੁੱਟ ਆਪਸ ਵਿਚ ਭਿੜ ਪਏ ਅਤੇ ਤਿੰਨ ਬੰਦੇ ਜ਼ਖ਼ਮੀ ਹੋ ਗਏ।
ਆਮ ਆਦਮੀ ਪਾਰਟੀ ਦੇ ਰੋਪੜ ਹਲਕੇ ਨਾਲ ਸਬੰਧਤ ਵਿਧਾਇਕ ਖਿਲਾਫ਼ ਸਾਬਕਾ ਮਕਾਨ ਮਾਲਕਣ ਦੀ ਮਾਰਕੁੱਟ ਕਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਅਤੇ ਡੱਬਵਾਲੀ ਵਿਚ ਇਕ ਪਤੀ ਵੱਲੋਂ ਤਲਾਕ ਦੀ ਖਾਤਰ ਪਤਨੀ ਨਾਲ ਸਮੂਹਿਕ ਬਲਾਤਕਾਰ ਕਰਵਾਏ ਜਾਣ ਦਾ ਮਾਮਲਾ ਵਾਪਰਿਆ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਅਮਨ-ਕਾਨੂੰਨ ਦੀ ਸਥਿਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਪਿਛਲੇ ਡੇਢ-ਦੋ ਸਾਲਾਂ ਤੋਂ ਕਈ ਅਹਿਮ ਕੇਸ- ਬਰਗਾੜੀ ਬੇਅਦਬੀ ਕੇਸ, ਨਾਮਧਾਰੀ ਮਾਤਾ ਚੰਦ ਕੌਰ ਹੱਤਿਆ, ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਹੱਤਿਆ ਅਤੇ ਹੁਣ ਪਾਦਰੀ ਸੁਲਤਾਨ ਮਸੀਹ ਹੱਤਿਆ ਕਾਂਡ ਵਰਗੇ ਮਾਮਲੇ ਅਣਸੁਲਝੇ ਰਹਿਣ ਕਾਰਨ ਪੁਲਿਸ ਪ੍ਰਬੰਧ ਦਾ ਮਜ਼ਾਕ ਉਡ ਰਿਹਾ ਹੈ। ਪੰਜਾਬ ਪੁਲਿਸ ਨੂੰ ਡੇਢ ਦਹਾਕਾ ਪਹਿਲਾਂ ਦੇਸ਼ ਦੀ ਸਭ ਤੋਂ ਵੱਧ ਪੇਸ਼ੇਵਾਰਾਨਾ ਪੁਲਿਸ ਫੋਰਸ ਮੰਨਿਆ ਜਾਂਦਾ ਸੀ, ਪਰ ਸਿਆਸੀਕਰਨ ਦੇ ਅਮਲ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉਤੇ ਮਾੜਾ ਅਸਰ ਪਾਇਆ ਹੈ।
ਹੁਣ ਹਾਲਤ ਇਹ ਹੈ ਕਿ ਰਾਜ ਵਿਚ ਫਿਰਕੂ ਹਿੰਸਾ ਭੜਕਾਉਣ ਦੀ ਸਾਜ਼ਿਸ਼ ਅਧੀਨ ਕੀਤੇ ਜਾਣ ਵਾਲੇ ਕਤਲਾਂ ਤੇ ਹੋਰ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਪੁਲਿਸ ਨਾਕਾਮ ਹੈ। ਲੁਧਿਆਣਾ ਵਿਚ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਇਸ ਦੀ ਤਾਜ਼ਾ ਮਿਸਾਲ ਹੈ। ਪੁਲਿਸ ਆਪਣੀ ਨਾਕਾਮੀ ਲੁਕਾਉਣ ਲਈ ਹਰ ਘਟਨਾ ਨੂੰ ਵਿਦੇਸ਼ੀ ਤਾਕਤਾਂ ਨਾਲ ਜੋੜ ਰਹੀ ਹੈ। ਹੁਣ ਤੱਕ ਸਿਆਸੀ ਦਖਲ ਨੂੰ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਹ ਵੀ ਚਰਚਾ ਹੁੰਦੀ ਰਹੀ ਹੈ ਕਿ ਨਾਮਧਾਰੀ ਆਗੂ ਮਾਤਾ ਚੰਦ ਕੌਰ ਦੀ ਹੱਤਿਆ ਉਸ ਸੰਪਰਦਾ ਦੇ ਅੰਦਰੋਂ ਹੀ ਕੀਤੀ ਜਾਣ ਕਰ ਕੇ ਸਿਆਸੀ ਦਖਲ ਨੇ ਤਫਤੀਸ਼ ਲੀਹ ‘ਤੇ ਨਾ ਆਉਣ ਦਿੱਤੀ। ਆਰæਐਸ਼ਐਸ਼ ਲੀਡਰ ਜਗਦੀਸ਼ ਗਗਨੇਜਾ, ਡੇਰਾ ਸਿਰਸਾ ਦੇ ਦੋ ਪ੍ਰੇਮੀਆਂ, ਹਿੰਦੂ ਆਗੂ ਅਮਿਤ ਸ਼ਰਮਾ ਤੇ ਹੁਣ ਪਾਦਰੀ ਸੁਲਤਾਨ ਮਸੀਹ ਦੀਆਂ ਹੱਤਿਆਵਾਂ ਦੇ ਤਾਰ ਆਪੋ ਵਿਚ ਜੁੜੇ ਹੋਣ ਦੀ ਚਰਚਾ ਆਮ ਹੁੰਦੀ ਆ ਰਹੀ ਹੈ। ਇਨ੍ਹਾਂ ਵਿਚੋਂ ਕੁਝ ਮਾਮਲੇ ਸੀæਬੀæਆਈæ ਕੋਲ ਵੀ ਹਨ, ਪਰ ਤਹਿਕੀਕਾਤੀ ਅਮਲ ਕਿਸੇ ਸਿਰੇ ਨਹੀਂ ਲੱਗ ਰਿਹਾ।
____________________________________________
ਲਾਕਾਨੂੰਨੀ ਲਈ ਸਿਆਸੀ ਦਖਲ ਵੱਧ ਜ਼ਿੰਮੇਵਾਰ
ਚੰਡੀਗੜ੍ਹ: ਇਹ ਦੋਸ਼ ਆਮ ਲੱਗਦੇ ਰਹੇ ਹਨ ਕਿ ਪਹਿਲਾਂ ਅਕਾਲੀ ਹੁਕਮਰਾਨ, ਪੁਲਿਸ ਨੂੰ ਉਸ ਦੇ ਅਸਲ ਕੰਮਾਂ ਤੋਂ ਲਾਂਭੇ ਕਰ ਕੇ ਆਪਣੇ ਰਾਜਸੀ ਕੰਮਾਂ ਲਈ ਜਾਂ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਵਰਤਦੇ ਰਹੇ। ਹੁਣ ਇਹੋ ਕੁਝ ਕਾਂਗਰਸੀਆਂ ਵੱਲੋਂ ਥਾਣਾ ਪੱਧਰ ਤੋਂ ਲੈ ਕੇ ਉਚੇਰੇ ਪੱਧਰਾਂ ਤੱਕ ਕੀਤਾ ਜਾ ਰਿਹਾ ਹੈ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦਾ ਬਹੁਤਾ ਸਮਾਂ ਤਾਂ ਵੀæਆਈæਪੀਜ਼æ, ਮੰਤਰੀਆਂ ਜਾਂ ਵਿਧਾਇਕਾਂ ਦੇ ਦੌਰਿਆਂ ਲਈ ਢੁਕਵੇਂ ਇੰਤਜ਼ਾਮਾਤ ਕਰਨ ਜਾਂ ਸਿਆਸੀ ਰੈਲੀਆਂ ਲਈ ਸੁਰੱਖਿਆ ਛਤਰ ਮੁਹੱਈਆ ਕਰਨ ਵਰਗੇ ਪ੍ਰੋਗਰਾਮਾਂ ਉਤੇ ਜ਼ਾਇਆ ਹੋ ਜਾਂਦਾ ਹੈ।