ਜਮਾਇਕਾ ਦੇ ਜਾਏ ਓਸੈਨ ਬੋਲਟ ਨੂੰ ਸਲੂਟ

ਪ੍ਰਿੰ. ਸਰਵਣ ਸਿੰਘ
‘ਜਮਾਇਕਾ ਦਾ ਝੱਖੜ’ ਓਸੈਨ ਬੋਲਟ, ਜਿਸ ਨੂੰ ‘ਲਾਈਟਨਿੰਗ ਬੋਲਟ’ ਵੀ ਕਿਹਾ ਜਾਂਦੈ, ਇਕ ਵਾਰ ਫਿਰ ਖਬਰਾਂ ਵਿਚ ਹੈ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਉਹ 100 ਮੀਟਰ ਦੀ ਦੌੜ ਹਾਰ ਜਾਣ ਕਾਰਨ ਵਿਸ਼ਵ ਦੀ ਸਭ ਤੋਂ ਵੱਡੀ ਖਬਰ ਬਣ ਗਿਆ ਹੈ। ਉਸ ਨੇ ਐਲਾਨ ਕੀਤਾ ਸੀ ਕਿ ਲੰਡਨ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਦੌੜ ਨੂੰ ਅਲਵਿਦਾ ਕਹਿ ਦੇਵੇਗਾ। ਉਸ ਦੇ ਪ੍ਰਸ਼ੰਸਕਾਂ ਨੂੰ ਆਸ ਸੀ ਕਿ ਉਹ ਅਲਵਿਦਾਈ ਦੌੜ ਜ਼ਰੂਰ ਜਿੱਤੇਗਾ। ਪਰ ਅਜਿਹਾ ਨਾ ਹੋ ਸਕਿਆ। ਉਹ 100 ਮੀਟਰ ਦੀ ਦੌੜ ‘ਚ ਤੀਜੇ ਸਥਾਨ ‘ਤੇ ਹੀ ਆ ਸਕਿਆ।

ਦੋ ਵਾਰ ਡੋਪ ਟੈਸਟਾਂ ਵਿਚ ਸਜ਼ਾ ਭੋਗ ਚੁਕਾ ਤੇ ਉਸ ਤੋਂ ਚਾਰ ਸਾਲ ਵੱਡਾ ਅਮਰੀਕੀ ਅਥਲੀਟ ਜਸਟਿਨ ਗੈਟਲਿਨ ਉਹ ਦੌੜ ਜਿੱਤ ਗਿਆ। ਉਸ ਦਾ ਟਾਈਮ 9.92 ਸੈਕੰਡ ਨਿਕਲਿਆ ਜਦ ਕਿ ਓਸੈਨ ਦਾ 9.95 ਸੈਕੰਡ।
ਓਸੈਨ ਦਾ ਪੂਰਾ ਨਾਂ ਓਸੈਨ ਸੇਂਟ ਲੀਓ ਬੋਲਟ ਹੈ। ਉਹਦਾ ਜਨਮ ਵੈਲਜ਼ਲੇ ਤੇ ਜੈਨੀਫਰ ਦੇ ਘਰ 21 ਅਗਸਤ 1986 ਨੂੰ ਜਮਾਇਕਾ ਵਿਚ ਹੋਇਆ। ਉਸ ਦੀ ਅੰਸ਼-ਵੰਸ਼ ਅਫਰੀਕੀ/ਕੈਰੀਬੀਅਨ ਨਸਲ ਦੀ ਹੈ। ਉਸ ਦੇ ਰਿਕਾਰਡ ਦੰਗ ਕਰ ਦੇਣ ਵਾਲੇ ਹਨ। 100 ਮੀਟਰ ਦੌੜ 9.58 ਸੈਕੰਡ, 150 ਮੀਟਰ 14.35, 200 ਮੀਟਰ 19.19 ਤੇ 4+100 ਮੀਟਰ ਰਿਲੇਅ ਦੌੜ 36.84 ਸੈਕੰਡ। 2008 ‘ਚ ਉਹ ਨਿਊ ਯਾਰਕ ਵਿਚ 100 ਮੀਟਰ ਦੀ ਦੌੜ 9.72 ਸੈਕੰਡ ‘ਚ ਲਾ ਕੇ ਨਵਾਂ ਵਿਸ਼ਵ ਰਿਕਾਰਡ ਕਰ ਗਿਆ ਸੀ। ਬੀਜਿੰਗ ਦੀਆਂ ਉਲੰਪਿਕ ਖੇਡਾਂ 2008 ਵਿਚ ਤਾਂ ਉਸ ਨੇ ਕਮਾਲ ਹੀ ਕਰ ਦਿੱਤੀ ਸੀ। ਉਥੇ 100 ਮੀਟਰ ਦੀ ਦੌੜ 9.69 ਸੈਕੰਡ ਵਿਚ ਲਾ ਵਿਖਾਈ। ਉਥੇ ਉਸ ਨੇ 200 ਮੀਟਰ ਦੀ ਦੌੜ 19.30 ਸੈਕੰਡ ਵਿਚ ਜਿੱਤ ਕੇ ਇਕ ਹੋਰ ਵਿਸ਼ਵ ਰਿਕਾਰਡ ਰੱਖਿਆ। ਉਲੰਪਿਕ ਖੇਡਾਂ ਦਾ ਤੀਜਾ ਗੋਲਡ ਮੈਡਲ 4+100 ਮੀਟਰ ਦੀ ਰਿਲੇਅ 37.10 ਸੈਕੰਡ ਵਿਚ ਲਾ ਕੇ ਜਿੱਤਿਆ। ਲੰਡਨ ਉਲੰਪਿਕ 2012 ‘ਚ ਓਸੈਨ 100 ਮੀਟਰ 9.63 ਸੈਕੰਡ, 200 ਮੀਟਰ 19.32 ਤੇ 4+100 ਮੀਟਰ ਰਿਲੇਅ 36.84 ਸੈਕੰਡ ਵਿਚ ਦੌੜ ਕੇ ਫਿਰ ਤਿੰਨ ਗੋਲਡ ਮੈਡਲ ਜਿੱਤੇ।
2009 ਵਿਚ ਬਰਲਿਨ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਸਮੇਂ ਉਹ 100 ਮੀਟਰ 9.58 ਸੈਕੰਡ ਵਿਚ ਲਾ ਗਿਆ ਜੋ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। 200 ਮੀਟਰ 19.19 ਸੈਕੰਡ ਵਿਚ ਲਾ ਕੇ ਕਹਿਰ ਹੀ ਕਰ ਦਿੱਤਾ! ਰੀਓ ਉਲੰਪਿਕਸ 2016 ਵਿਚ ਫਿਰ ਤਿੰਨ ਗੋਲਡ ਮੈਡਲ ਜਿੱਤਣ ਨਾਲ ਉਹਦੇ ਉਲੰਪਿਕ ਗੋਲਡ ਮੈਡਲਾਂ ਦੀ ਗਿਣਤੀ 8 ਹੋ ਗਈ। 11 ਗੋਲਡ ਮੈਡਲ ਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ ਦੇ ਜਿੱਤੇ।
ਮਨੁੱਖ ਜਦੋਂ ਪੈਰਾਂ ‘ਤੇ ਖੜ੍ਹਨ ਜੋਗਾ ਹੋਇਆ ਤਾਂ ਇਹ ਵੀ ਮੁਸ਼ਕਿਲ ਲੱਗਦਾ ਸੀ ਕਿ ਉਹ ਕਦੇ ਦੌੜ ਵੀ ਸਕੇਗਾ। ਉਸ ਨੂੰ ਇਕ ਮੀਲ ਦੀ ਦੌੜ 4 ਮਿੰਟ ਤੋਂ ਘੱਟ ਸਮੇਂ ‘ਚ ਦੌੜਨ ਲਈ 190,000 ਸਾਲ ਵਿਕਸਿਤ ਹੋਣਾ ਪਿਆ। ਆਖਰ 6 ਮਈ 1954 ਨੂੰ 4 ਮਿੰਟ ਦੀ ਹੱਦ ਟੁੱਟੀ ਤਾਂ ਫਿਰ ਟੁੱਟਦੀ ਹੀ ਚਲੀ ਗਈ। ਮੀਲ ਦੀ ਦੌੜ ਦਾ ਸਮਾਂ 4:1.6 ਮਿੰਟ ਤੋਂ ਘਟਾ ਕੇ 3:59.4 ਮਿੰਟ ਤਕ ਲਿਆਉਣ ਲਈ ਦਸ ਵਰ੍ਹੇ ਲੱਗੇ ਪਰ ਇਸ ਸਮੇਂ ਨੂੰ 3:57.9 ਮਿੰਟ ਤਕ ਲਿਆਉਣ ਲਈ ਸਿਰਫ 46 ਦਿਨ ਹੀ ਲੱਗੇ। ਅਗਲੇ ਦਸਾਂ ਸਾਲਾਂ ਵਿਚ 366 ਦੌੜਾਕ ਮੀਲ ਦੀ ਦੌੜ ਚਾਰ ਮਿੰਟ ਤੋਂ ਥੱਲੇ ਦੌੜੇ!
ਮਨੁੱਖ ਦੇ ਸਰੀਰ ਦੀ ਬਣਤਰ ਨੂੰ ਨਿਹਾਰਦਿਆਂ 1920 ਦੇ ਆਸ ਪਾਸ ਖੇਡ ਵਿਗਿਆਨੀਆਂ ਨੇ ਭਵਿੱਖਵਾਣੀ ਕੀਤੀ ਕਿ ਉਹ ਕਦੇ ਵੀ ਇਹ 100 ਮੀਟਰ ਦੌੜ 10 ਸੈਕੰਡ ਤੋਂ ਘੱਟ ਸਮੇਂ ਵਿਚ ਨਹੀਂ ਦੌੜ ਸਕੇਗਾ। ਪਰ 14 ਅਕਤੂਬਰ 1968 ਨੂੰ ਅਮਰੀਕਾ ਦੇ ਜਿਮ ਹਾਈਨਜ਼ ਨੇ ਇਹ ਦੌੜ 9.95 ਸੈਕੰਡ ਵਿਚ ਲਾ ਵਿਖਾਈ। ਫਿਰ ਤੂਫਾਨ ਮੇਲ ਦੌੜਾਕ ਉਸੈਨ ਬੋਲਟ ਦੀ ਗੁੱਡੀ ਚੜ੍ਹੀ। 31 ਮਈ 2008 ਦੇ ਦਿਨ ਨਿਊ ਯਾਰਕ ਵਿਚ ਦੌੜਦਿਆਂ ਉਹ ਵਿਸ਼ਵ ਰਿਕਾਰਡ 9.72 ਸੈਕੰਡ ‘ਤੇ ਲੈ ਆਇਆ ਤੇ ਢਾਈ ਮਹੀਨੇ ਬਾਅਦ 16 ਅਗਸਤ ਨੂੰ ਬੀਜਿੰਗ ਦੀਆਂ ਓਲੰਪਿਕ ਖੇਡਾਂ ਵਿਚ 9.69 ਸੈਕੰਡ ਸਮਾਂ ਕੱਢ ਗਿਆ। ਇਕ ਸਾਲ ਬਾਅਦ 16 ਅਗਸਤ ਨੂੰ ਹੀ ਬਰਲਿਨ ਵਿਚ ਦੌੜਦਿਆਂ ਉਸ ਨੇ ਕਮਾਲ ਕਰ ਦਿੱਤੀ। ਉਥੇ ਉਸ ਨੇ 100 ਮੀਟਰ ਦੌੜ 9.58 ਸੈਕੰਡ ਵਿਚ ਦੌੜ ਵਿਖਾਈ!
ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਬੰਦਾ ਹੋਰ ਕਿੰਨਾ ਤੇਜ਼ ਦੌੜ ਸਕੇਗਾ? ਕੀ ਕਦੇ 9 ਸੈਕੰਡ ਦੀ ਹੱਦ ਵੀ ਟੁੱਟ ਸਕੇਗੀ? ਖੇਡ ਵਿਗਿਆਨੀ ਜੌਨ੍ਹ ਬ੍ਰੈਂਕਸ ਨੇ ਪੁਸਤਕ ਲਿਖੀ ਹੈ, Ḕਦੀ ਪਰਫੈਕਟ ਪੁਆਇੰਟ।Ḕ ਸਵਾਲ ਉਠਾਇਆ ਗਿਐ ਕਿ ਬੰਦਾ ਵੱਧ ਤੋਂ ਵੱਧ ਕਿੰਨਾ ਤੇਜ਼ ਦੌੜ ਸਕਦੈ? ਵੱਧ ਤੋਂ ਵੱਧ ਤੇਜ਼ ਦੌੜਨ ਵਾਲੇ ਦਾ ਜੁੱਸਾ ਕਿਹੋ ਜਿਹਾ ਹੋਵੇ? ਉਹਦੇ ਜੀਨਜ਼ ਕਿਹੋ ਜਿਹੇ ਹੋਣ ਅਤੇ ਖੁਰਾਕ ਤੇ ਟ੍ਰੇਨਿੰਗ ਕਿਹੋ ਜਿਹੀ ਹੋਵੇ? ਸੌ ਮੀਟਰ ਦੌੜਨ ਦੇ ਚਾਰ ਪੜਾਅ ਹਨ। ਪਹਿਲਾ ਸਟਾਰਟ ਦੀ ਆਵਾਜ਼ ‘ਤੇ ਯਕ ਦਮ ਪ੍ਰਤੀਕਰਮ, ਦੂਜਾ ਪੂਰੀ ਤਾਕਤ ਨਾਲ ਬਲਾਕ ਤੋਂ ਉਠਣਾ, ਤੀਜਾ ਯਕ ਦਮ ਪੂਰੀ ਰਫ਼ਤਾਰ ਫੜਨੀ ਤੇ ਚੌਥਾ ਪੂਰੀ ਰਫਤਾਰ ਵਿਚ ਲੰਮੇ ਕਦਮਾਂ ਨਾਲ ਦੌੜ ਦਾ ਅੰਤ ਕਰਨਾ।
ਪਹਿਲਾਂ ਸਟਾਰਟਰ ਅੰਦਰਲੀ ਲੇਨ ਕੋਲੋਂ ਪਿਸਤੌਲ ਦੇ ਫਾਇਰ ਨਾਲ ਸਟਾਰਟ ਦਿਆ ਕਰਦਾ ਸੀ। ਉਸ ਦੀ ਆਵਾਜ਼ ਅੰਦਰਲੀ ਲੇਨ ਤੋਂ 0.025 ਸੈਕੰਡ ਬਾਅਦ 11 ਮੀਟਰ ਦੂਰ ਬਾਹਰਲੀ ਲੇਨ ਤਕ ਪੁੱਜਦੀ ਸੀ। ਇੰਜ ਅੰਦਰਲੀ ਲੇਨ ਵਾਲੇ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਸੀ ਤੇ ਬਾਹਰਲੀ ਲੇਨ ਵਾਲੇ ਨੂੰ ਸਭ ਤੋਂ ਵੱਧ ਨੁਕਸਾਨ। ਹੁਣ ਹਰ ਦੌੜਾਕ ਦੇ ਬਲਾਕ ਪਿਛੇ ਸਪੀਕਰ ਦੀ ਬੀਪ ਲੱਗੀ ਹੁੰਦੀ ਹੈ ਤੇ ਸਟਰਾਟ ਦੀ ਆਵਾਜ਼ ਸਭ ਨੂੰ ਇਕੋ ਸਮੇਂ ਸੁਣਾਈ ਦਿੰਦੀ ਹੈ। ਆਵਾਜ਼ ‘ਤੇ ਰੀਐਕਸ਼ਨ ਟਾਈਮ ਸੈਕੰਡ ਦਾ ਦਸਵਾਂ ਹਿੱਸਾ ਲੱਗਣਾ ਚਾਹੀਦੈ। ਇਸ ਤੋਂ ਘੱਟ ਸਮਾਂ ਲੱਗੇ ਤਾਂ ਸਟਾਰਟ ਗਲਤ ਹੋ ਜਾਂਦੈ। ਜੇ ਵੱਧ ਸਮਾਂ ਲੱਗ ਜਾਵੇ ਤਾਂ ਦੌੜ ਪੂਰੀ ਕਰਨ ਵਿਚ ਵੀ ਵੱਧ ਸਮਾਂ ਲੱਗਦੈ। ਬਰਲਿਨ ਵਿਚ ਜਿੱਦਣ ਉਸੈਨ ਬੋਲਟ ਨੇ 9.58 ਸੈਕੰਡ ਦਾ ਸਮਾਂ ਕੱਢਿਆ ਸੀ, ਉਦਣ ਉਹ ਬੀਪ ਉਤੇ ਸੈਕੰਡ ਦੇ ਦਸਵੇਂ ਹਿੱਸੇ ਨਾਲ ਰੀਐਕਟ ਕਰ ਜਾਂਦਾ ਤਾਂ ਉਸ ਦਾ ਸਮਾਂ 9.51 ਸੈਕੰਡ ਹੋਣਾ ਸੀ!
ਖੇਡ ਵਿਗਿਆਨੀ ਵੱਲੋਂ 100 ਮੀਟਰ ਦੌੜ ਦੇ ਪਰਫੈਕਟ ਦੌੜਾਕ ਦੀ ਪਰਫੈਕਟ ਸਰੀਰਕ ਬਣਤਰ ਵੀ ਉਲੀਕੀ ਗਈ ਹੈ। ਉਸ ਨਾਲ ਹੀ ਉਹ ਪਰਫੈਕਟ ਪੁਆਇੰਟ ‘ਤੇ ਪੁੱਜ ਸਕਦੈ। ਅਜਿਹੇ ਦੌੜਾਕ ਦਾ ਕੱਦ 6 ਫੁੱਟ 2 ਇੰਚ ਤੇ ਸਰੀਰਕ ਵਜ਼ਨ 87 ਕਿੱਲੋ ਹੋਵੇ। ਲੱਤਾਂ ਦੀਆਂ ਹੱਡੀਆਂ ਇਕ ਮੀਟਰ ਅਤੇ ਪੱਟਾਂ ਦੇ ਬਾਰਾਂ ਇੰਚੀ ਪੱਠਿਆਂ ਵਿਚ 55-65% ਰੇਸ਼ੇ ਫਾਸਟ ਤੇ 35-45% ਮੱਠੇ ਹੋਣ। ਮੂੰਹ ਸਿਰ ਘੋਨ ਮੋਨ ਹੋਵੇ। ਸਟਾਰਟ ਦੀ ਆਵਾਜ਼ ‘ਤੇ ਸੈਕੰਡ ਦੇ ਦਸਵੇਂ ਹਿੱਸੇ ‘ਚ ਬਲਾਕ ਤੋਂ ਕਦਮ ਉਠੇ। ਟਰੈਕ ਸਮੁੰਦਰੀ ਸਤਰ ਤੋਂ 1000 ਮੀਟਰ ਦੀ ਉਚਾਈ ਵਾਲਾ ਹੋਵੇ। ਮੌਸਮ 27.7 ਸੈਲਸੀਅਸ, ਹੁੰਮਸ 11% ਤੇ ਹਵਾ ਦੀ ਰਫਤਾਰ ਪਿਛਲੇ ਪਾਸਿਓਂ 4.4 ਮੀਲ ਪ੍ਰਤੀ ਘੰਟਾ ਹੋਵੇ। ਇਸ ਤੋਂ ਵੱਧ ਤੇਜ਼ ਹਵਾ ਹੋਵੇ ਤਾਂ ਰਿਕਾਰਡ ਨਹੀਂ ਮੰਨਿਆ ਜਾਂਦਾ। ਦੌੜਨ ਦੀ ਪੁਸ਼ਾਕ ਕਸਵੀਂ ਪਰ ਸਰੀਰ ਨੂੰ ਹਵਾ ਲੱਗਦੀ ਹੋਵੇ। ਸਿੰਥੈਟਿਕ ਟਰੈਕ ਉਤੇ ਦੌੜਨ ਲਈ ਸਪਾਈਕਸਾਂ ਦਾ ਭਾਰ 3 ਔਂਸ ਅਥਵਾ 87 ਗਰਾਮ ਤੋਂ ਵੱਧ ਨਾ ਹੋਵੇ। ਫਿਰ ਦੌੜਾਕ 29.4 ਮੀਲ ਯਾਨਿ 47.3 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਫੜ੍ਹ ਸਕਦੈ ਤੇ 100 ਮੀਟਰ ਦੌੜਦਿਆਂ 9 ਸੈਕੰਡ ਦੀ ਹੱਦ ਤੋੜ ਸਕਦੈ। ਸੰਭਵ ਹੈ, ਇਹ ਬਾਈਵੀਂ ਸਦੀ ਚੜ੍ਹਨ ਤੋਂ ਪਹਿਲਾਂ ਹੀ ਟੁੱਟ ਜਾਵੇ ਤੇ ਬਾਈਵੀਂ ਸਦੀ ਲਈ ਅੱਠ ਸੈਕੰਡ ਦੀ ਸੀਮਾ ਮਿਥਣੀ ਪਵੇ!