ਧਰਮ

ਸੁਰਜੀਤ ਸਿੰਘ ਪੰਛੀ
ਫੋਨ: 661-827-8256
ਧਰਮ ਅਜਿਹਾ ਸ਼ਬਦ ਹੈ ਜਿਸ ਦਾ ਭਾਵ ਹਰ ਸਦੀ ਵਿਚ, ਹਰ ਮੁਲਕ ਵਿਚ ਬਦਲ ਜਾਂਦਾ ਹੈ। ਇਸ ਦਾ ਅਰਥ ਹਰ ਬੰਦਾ ਵੱਖਰੀ ਤਰ੍ਹਾਂ ਕਰਦਾ ਹੈ। ਹੋਰ ਬੋਲੀਆਂ ਵਿਚ ਵੀ ਇਸ ਦੇ ਅਰਥ ਬਦਲ ਜਾਂਦੇ ਨੇ।
ਧਰਮ ਸੱਚ, ਨਿਆਂ, ਮਨੁੱਖਤਾ, ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਨਾ, ਸਾਫ ਪਵਿੱਤਰ ਨੀਤ, ਪਰਮਾਤਮਾ ਦਾ ਨਾਮ ਜਪਣਾ ਹੈ। ਧਰਮ ਕੋਈ ਅਸਥਾਈ ਵਸਤੂ ਨਹੀਂ ਹੈ, ਇਹ ਤਾਂ ਸਦਾ ਰਹਿਣ ਵਾਲਾ ਸਿਧਾਂਤ ਹੈ। ਜਦੋਂ ਤੱਕ ਦੁਨੀਆਂ ਰਹੇਗੀ, ਧਰਮ ਰਹੇਗਾ।

ਧਰਮ ਦੇ ਕੋਸ਼-ਗਤ ਅਰਥਾਂ ਬਾਰੇ ਜਾਹਨ ਮਕੈਨਜ਼ੀ ਲਿਖਦਾ ਹੈ, “ਹੁਣ ਇਹ ਸਾਰੇ ਸ਼ਬਦ ‘ਧਰਮ’ ਦਾ ਕੁਝ ਅੰਸ਼ ਹੀ ਪ੍ਰਗਟ ਕਰਦੇ ਹਨ, ਪਰ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਧਰਮ ਦੇ ਸਮਾਨ-ਅਰਥੀ ਦੇ ਤੌਰ ‘ਤੇ ਵਰਤਣਾ ਬਹੁਤ ਵੱਡੀ ਭੁੱਲ ਹੈ।” ਇਸ ਅਨੁਸਾਰ ਰਿਲੀਜ਼ਨ ਸ਼ਬਦ ਨੂੰ ਧਰਮ ਦਾ ਸਮਾਨ-ਅਰਥ ਨਹੀਂ ਮੰਨਿਆ ਜਾ ਸਕਦਾ।
ਆਮ ਲੋਕ ਸੋਚਦੇ ਹਨ ਕਿ ਧਰਮ ਸ਼ਬਦ ਹਿੰਦੂ ਤੇ ਸਿੱਖ, ਮਜ਼ਹਬ ਸ਼ਬਦ ਮੁਸਲਮਾਨ ਅਤੇ ਰਿਲੀਜ਼ਨ ਸ਼ਬਦ ਨੂੰ ਇਸਾਈ ਤੇ ਯਹੂਦੀ ਵਰਤਦੇ ਹਨ, ਪਰ ਇਨ੍ਹਾਂ ਸ਼ਬਦਾਂ ਦੇ ਅਰਥ ਇਕ ਹੀ ਹਨ। ਅਜਿਹਾ ਨਹੀਂ ਹੈ। ਮਜ਼ਹਬ ਅਤੇ ਰਿਲੀਜ਼ਨ ਦੇ ਅਰਥ ਇਕ ਹੀ ਹਨ, ਪਰ ਧਰਮ ਦੇ ਅਰਥ ਇਨ੍ਹਾਂ ਨਾਲੋਂ ਵੱਖਰੇ ਹਨ। ਮਜ਼ਹਬ ਤੇ ਰਿਲੀਜ਼ਨ ਕਿਸੇ ਸਭਿਆਚਾਰ ਦੀ ਅੰਦਰੂਨੀ ਅਤੇ ਬਾਹਰੀ ਜੀਵਨ ਸ਼ੈਲੀ ਨੂੰ ਪ੍ਰਗਟਾਉਂਦੇ ਹਨ। ਜਿਵੇਂ ਮਜ਼ਹਬੀ ਮਨੁੱਖ (ਕਿਸੇ ਮਜ਼ਹਬ ਨੂੰ ਮੰਨਣ ਵਾਲਾ) ਦਾ ਰਹਿਣਾ-ਸਹਿਣਾ, ਭੋਜਨ, ਪਹਿਰਾਵਾ, ਜੀਵਨ-ਸੰਸਕਾਰ ਆਪਣੇ ਨਿਸਚੇ ਵਾਲੇ ਰੱਬ ਦੀ ਅਰਾਧਨਾ ਆਦਿ ਜੋ ਸਮਾਜ ਨਾਲੋਂ ਉਸ ਦੀ ਵੱਖਰੀ ਹੋਂਦ ਦਾ ਪ੍ਰਗਟਾਵਾ ਕਰਦੇ ਹਨ, ਪਰ ਧਰਮ ਸਮੁੱਚੀ ਮਾਨਵਤਾ ਦੇ ਭਲੇ ਵਾਲੇ ਗੁਣ ਅਪਨਾਉਣਾ ਹੈ। ਧਰਮ ਦਾ ਮਜ਼ਹਬ ਵਾਂਗ ਬਾਹਰੀ ਭੇਖ ਨਹੀਂ ਹੁੰਦਾ, ਜਿਵੇਂ ਸੱਚ ਬੋਲਣਾ, ਇਮਾਨਦਾਰੀ, ਸੁਕ੍ਰਿਤ, ਸਰਬੱਤ ਦਾ ਭਲਾ, ਲੋੜਵੰਦ ਦੀ ਸਹਾਇਤਾ, ਸਭ ਨੂੰ ਬਰਾਬਰ ਸਮਝਣਾ ਆਦਿ ਗੁਣ ਕਿਸੇ ਦੇਸ ਜਾਂ ਮਜ਼ਹਬ ਲਈ ਨਹੀਂ ਹੁੰਦੇ, ਪੂਰੀ ਦੁਨੀਆਂ ਦੇ ਲੋਕਾਂ ਲਈ ਹੁੰਦੇ ਹਨ। ਜਾਤ-ਪਾਤ, ਛੂਤ-ਛਾਤ, ਊਚ-ਨੀਚ, ਰੰਗ-ਨਸਲ ਆਦਿ ਨੂੰ ਮਿਟਾ ਕੇ ਪਰਮਾਤਮਾ ਦੀ ਜੋਤਿ ਹੋਣ ਕਾਰਨ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ। ਗੁਰੂ ਨਾਨਕ ਦਾ ਧਰਮ-ਮਾਰਗ ਮਜ਼ਹਬਾਂ ਤੋਂ ਉਚਾ ਉਠ ਕੇ ਸਰਬ ਸਾਂਝੇ ਧਰਮ ਦਾ ਮਾਰਗ ਹੈ, ਪਰ ਅੱਜ ਕੱਲ੍ਹ ਇਸ ਵਿਚ ਪਰਿਵਰਤਨ ਹੋ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਸ਼ਬਦ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਵਿਚ ਆਇਆ ਹੈ:
ਮੰਨੈ ਮਗੁ ਨ ਚਲੈ ਪੰਥੁ॥
ਮੰਨੈ ਧਰਮ ਸੇਤੀ ਸਨਬੰਧੁ॥ (ਜਪੁਜੀ ਸਾਹਿਬ)
ਅਰਥਾਤ ਅਕਾਲ ਪੁਰਖ ਨੂੰ ਮੰਨਣ ਵਾਲੇ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ। ਉਹ ਫਿਰ ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ ਰਸਤਿਆਂ ‘ਤੇ ਨਹੀਂ ਤੁਰਦਾ; ਭਾਵ ਉਸ ਦੇ ਅੰਦਰ ਕੋਈ ਵੱਖਰਾਪਣ ਨਹੀਂ ਰਹਿੰਦਾ।
ਸਿੱਖ ਧਰਮ ਵਿਚ ‘ਧਰਮ’ ਦਾ ਸੰਕਲਪ ਬਹੁਤ ਵਿਆਪਕ ਅਤੇ ਇਸ ਦੇ ਅਰਥ ਵੀ ਵਿਸ਼ਾਲ ਹਨ। ਧਰਮ ਨੂੰ ਬ੍ਰਹਿਮੰਡ ਵਿਚ ਸੰਗਠਨ ਕਾਇਮ ਕਰਨ ਵਾਲਾ ਨਿਯਮ ਮੰਨਿਆ ਗਿਆ ਹੈ। ਇਸ ਨਿਯਮ ਨੂੰ ਜਾਣਨ ਵਾਲਾ ਬੰਦਾ ਅੰਧਵਿਸ਼ਵਾਸੀ ਨਹੀਂ ਹੁੰਦਾ। ਹਰ ਸਮੱਸਿਆ ਦੀ ਬਿਬੇਕ ਬੁੱਧੀ ਨਾਲ ਪਰਖ ਕਰਨ ਦੇ ਯੋਗ ਹੋ ਜਾਂਦਾ ਹੈ।
ਧਰਮ ਸ੍ਰਿਸ਼ਟੀ ਨੂੰ ਨਿਯਮਿਤ ਰੂਪ ਵਿਚ ਚਲਾਉਣ ਵਾਲਾ ਭੌਤਿਕ ਨਿਯਮ ਹੈ ਅਤੇ ਸਮਾਜਕ ਹਾਲਾਤ ਦਾ ਸੰਤੁਲਨ ਰੱਖਣ ਵਾਲਾ ਧੁਰਾ ਵੀ ਹੈ। ਇਹ ਧਰਮ ਦੇ ਦੋ ਪਹਿਲੂਆਂ ਦਇਆ ਅਤੇ ਸੰਤੋਖ ਦੇ ਨੈਤਿਕ ਗੁਣਾਂ ਨਾਲ ਸਬੰਧ ਰੱਖਦੇ ਹਨ। ਇਹ ਦੋਵੇਂ ਸਿੱਖ ਧਰਮ ਦੇ ਅਤਿ ਲੋੜੀਂਦੇ ਗੁਣ ਮੰਨੇ ਗਏ ਹਨ।
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਜਪੁਜੀ ਸਾਹਿਬ)
ਜਿਹੜਾ ਬੰਦਾ ਦਇਆ ਦੇ ਗੁਣਾਂ ਨੂੰ ਅਪਨਾ ਕੇ ਦਇਆਵਾਨ ਹੋ ਜਾਂਦਾ ਹੈ, ਉਹ ਦੂਜਿਆਂ ਦੇ ਹੱਕਾਂ ਦਾ ਪੂਰਾ ਧਿਆਨ ਰੱਖਦਾ ਹੈ। ਉਹ ਸੰਤੋਖੀ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਸਮਾਜ ਵਿਚ ਸੰਤੁਲਨ ਬਣਿਆ ਰਹਿੰਦਾ ਹੈ। ਗੁਰੂ ਨਾਨਕ ਅਨੁਸਾਰ, ਇਕ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਉਹ ਇਕੋ ਹੀ ਜੁਗਾਂ ਜੁਗਾਂ ਵਿਚ ਵਰਤਦਾ ਆਇਆ ਹੈ ਅਤੇ ਜੁਗਾਂ ਦੇ ਧਰਮ ਵੀ ਇਕੋ ਦਾ ਨਾਮ-ਸਿਮਰਨ ਹਨ। ਗੁਰੂ ਜੀ ਦੀ ਸਿੱਖਿਆ ਅਨੁਸਾਰ, ਧਰਮ ਸਮੇਂ ਦੇ ਨਾਲ ਬਦਲਦਾ ਨਹੀਂ ਹੈ। ਗੁਰੂ ਰਾਮਦਾਸ ਅਨੁਸਾਰ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਉਸ ਨਾਲ ਇਕ ਸੁਰ ਹੋਣ ਵਿਚ ਸਾਰੇ ਕਰਮ-ਧਰਮ ਆ ਜਾਂਦੇ ਹਨ:
ਸਭਿ ਕਰਮ ਧਰਮ ਹਰਿ ਨਾਮੁ ਜਪਾਹਾ॥
(ਜੈਤਸਰੀ ਮਹਲਾ 4 ਪੰਨਾ 699)
ਗੁਰੂ ਗੋਬਿੰਦ ਸਿੰਘ ਨੇ ਵੀ ਕੇਵਲ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ:
ਕਲ ਮੈ ਏਕੁ ਨਾਮ ਕਿਰਪਾਨਿਧ
ਜਾਹਿ ਜਪੈ ਗਤਿ ਪਾਵੈ।
ਅਉਰ ਧਰਮ ਤਾਂ ਕੈ ਸਮਿ ਨਾਹਿਨ
ਇਹ ਬਿਧਿ ਬੇਦੁ ਬਤਾਵੈ। (ਗੁਰੂ ਗੋਬਿੰਦ ਸਿੰਘ)
ਗੁਰਬਾਣੀ ਅਨੁਸਾਰ, ਧਰਮ ਦਾ ਉਦੇਸ਼ ਆਪਣੇ ਮੂਲ ਆਪੇ, ਅਰਥਾਤ ਅੰਤਰ-ਆਤਮਾ ਵਿਚ ਵਸਦੀ ਪਰਮਾਤਮਾ ਦੀ ਜੋਤ ਨੂੰ ਪਛਾਣ ਕੇ ਉਸ ਵਿਚ ਅਭੇਦ ਹੋਣਾ ਹੈ, ਭਾਵ ਇਕ-ਮਿੱਕ ਹੋਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਨੇ ਧਰਮ ਮਾਰਗ ਦਰਸਾਇਆ ਹੈ ਜਿਸ ਨੂੰ ਭਾਈ ਗੁਰਦਾਸ ਨੇ ‘ਗਾਡੀ ਰਾਹ’ ਕਿਹਾ ਹੈ। ਇਸ ਨੂੰ ਸਿੱਖੀ ਮਾਰਗ, ਗੁਰਮਤਿ ਮਾਰਗ, ਸਹਿਜ ਮਾਰਗ, ਨਾਮ ਮਾਰਗ, ਸ਼ਬਦ-ਸੁਰਤਿ ਮਾਰਗ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਦੂਜੇ ਧਰਮਾਂ ਨਾਲੋਂ ਵਖਰੇਵਾਂ ਇਹ ਹੈ ਕਿ ਇਹ ਦੂਜੇ ਧਰਮਾਂ ਵਾਂਗ ਘਰ ਤਿਆਗਣ ਲਈ ਨਹੀਂ ਕਹਿੰਦਾ, ਗ੍ਰਹਿਸਥ ਜੀਵਨ ਵਿਚ ਵਿਚਰਦਿਆਂ ਹੀ ਪਰਮਾਤਮਾ ਵਿਚ ਅਭੇਦ ਹੋਣਾ ਹੈ।
ਜਦੋਂ ਰਾਜਨੀਤੀ ਕਿਸੇ ਮਜ਼ਹਬ ਨਾਲ ਜੁੜੇਗੀ ਤਾਂ ਉਹ ਆਪਣੇ ਮਜ਼ਹਬ ਦਾ ਭਲਾ ਸੋਚੇਗੀ ਅਤੇ ਦੂਜੇ ਮਜ਼ਹਬਾਂ ਨੂੰ ਖਤਮ ਕਰਨ ਨੂੰ ਆਪਣਾ ਧਰਮ ਸਮਝੇਗੀ ਜਿਵੇਂ ਔਰੰਗਜ਼ੇਬ ਨੇ ਕੀਤਾ। ਇਸ ਤਰ੍ਹਾਂ ਸਰਬੱਤ ਦੇ ਭਲੇ ਦੀ ਗੱਲ ਲੋਪ ਹੋ ਜਾਂਦੀ ਹੈ। ਸਿੱਖ ਅਕਸਰ ਧਰਮ ਅਤੇ ਰਾਜਨੀਤੀ ਨੂੰ ਇਕੱਠਾ ਰੱਖਣ ਦੀ ਗੱਲ ਕਰਦਿਆਂ ਬੇਸਮਝੀ ਨਾਲ ਰਾਜਨੀਤੀ ਨੂੰ ਮਜ਼ਹਬ ਨਾਲ ਜੋੜ ਬੈਠਦੇ ਹਨ।
ਸੱਯਦ ਮੁਹੰਮਦ ਲਤੀਫ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ’ ਵਿਚ ਲਿਖਦੇ ਹਨ, “ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਕਾਰ ਈਰਖਾ ਅਤੇ ਘ੍ਰਿਣਾ ਉਨ੍ਹਾਂ ਦਿਨਾਂ (ਔਰੰਗਜ਼ੇਬ ਦੇ ਸਮੇਂ) ਵਿਚ ਹੱਦੋਂ ਵਧ ਗਈ ਸੀ ਅਤੇ ਗੈਰ ਮੁਸਲਮਾਨ ਆਬਾਦੀ ਤੇ ਮੁਸਲਮਾਨ ਸ਼ਾਸਕਾਂ ਦੁਆਰਾ ਅਤਿਆਚਾਰ ਕੀਤੇ ਜਾਂਦੇ ਸਨ।” ਗੁਰੂ ਨਾਨਕ ਦੇਵ ਲਿਖਦੇ ਹਨ:
ਰਾਜੇ ਸੀਹ ਮੁਕਦਮ ਕੁਤੇ॥ (ਪੰਨਾ 1288 ਮਹਲਾ 1)
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
(ਆਸਾ ਦੀ ਵਾਰ ਮਹਲਾ 1 ਪੰਨਾ 145)
ਵੱਡੇ-ਵੱਡੇ ਮਜ਼ਹਬਾਂ ਦੇ ਪੈਰੋਕਾਰ ਧਰਮ ਦੀ ਘਾਟ ਕਾਰਨ ਇਕ ਦੂਜੇ ਦੇ ਵੈਰੀ ਬਣ ਜਾਂਦੇ ਹਨ। ਜੇ ਰਾਜਨੀਤਕ ਆਗੂਆਂ ਵਿਚ ਮਨੁੱਖਤਾ ਵਾਲੇ ਧਾਰਮਿਕ ਗੁਣ ਨਹੀਂ ਹਨ, ਤਾਂ ਦੇਰ-ਸਵੇਰ ਪਰਜਾ ਵਿਚ ਬੇਚੈਨੀ ਅਤੇ ਵਿਦਰੋਹ ਪੈਦਾ ਹੋਣਗੇ ਜਿਸ ਨਾਲ ਉਸ ਰਾਜ ਦਾ ਪਤਨ ਹੋ ਜਾਵੇਗਾ। ਰਾਜ ਨੂੰ ਧਰਮ ‘ਤੇ ਭਾਰੂ ਨਹੀਂ ਹੋਣਾ ਚਾਹੀਦਾ, ਸਗੋਂ ਧਰਮ ਦਾ ਕੁੰਡਾ ਰਾਜ ਦੇ ਸਿਰ ‘ਤੇ ਹੋਣਾ ਚਾਹੀਦਾ ਹੈ। ਜੇ ਰਾਜਨੀਤੀ ਧਰਮ ਦੇ ਹੇਠ ਹੋਵੇਗੀ ਤਾਂ ਹੀ ਸਰਬੱਤ ਦੇ ਭਲੇ ਬਾਰੇ ਸੋਚੇਗੀ। ਮਜ਼ਹਬੀ ਰਾਜਨੀਤੀ ਭਲੇ ਦੀ ਥਾਂ ਨੁਕਸਾਨ ਬਹੁਤਾ ਕਰਦੀ ਹੈ।
ਗੁਰਬਾਣੀ ਅਨੁਸਾਰ, ਸਭ ਤਰ੍ਹਾਂ ਦੇ ਲੋਕਾਂ ਵਿਚ ਇਕ ਜੋਤਿ ਅਤੇ ਅਕਾਲ ਪੁਰਖ ਦੀ ਹੋਂਦ ਕਾਰਨ ਬਰਾਬਰ ਹਨ:
ਬਿਰਖੈ ਹੇਠਿ ਸਭਿ ਜੰਤ ਇਕਠੇ॥
ਇਕਿ ਤਤੇ ਇਕਿ ਬੋਲਨਿ ਮਿਠੇ॥
(ਮਾਰੂ ਮਹਲਾ 5 ਪੰਨਾ 1019)