ਅਲਵਿਦਾ ਬਣ ਜਾਂਦੇ ਨੇ ਲੋਕ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਗਿਲਾ ਕੀਤਾ ਸੀ ਕਿ ਸਿਵੇ ਦੇ ਦਗਦੇ ਕੋਲਿਆਂ ‘ਤੇ ਆਪਣਾ ਟੁੱਕਰ ਸੇਕਣ ਵਾਲੇ ਲੋਕ ਇਹ ਭੁੱਲ ਹੀ ਜਾਂਦੇ ਨੇ ਕਿ ਸਿਵੇ ਦੀ ਅਗਨੀ ਵਿਚ ਸਭ ਕੁਝ ਨੂੰ ਫਨਾਹ ਕਰਨ ਦੀ ਤਾਕਤ ਹੁੰਦੀ ਏ।

ਹਥਲੇ ਲੇਖ ਵਿਚ ਡਾæ ਭੰਡਾਲ ਨੇ ਆਪਣੀ ਕਲਮ ਦੀ ਕਾਰਕਰਦਗੀ ਅਤੇ ਪਾਠਕਾਂ ਦੇ ਹੁੰਗਾਰੇ ਦੀ ਬਾਤ ਪਾਈ ਹੈ, “ਇਨ੍ਹਾਂ ਅੱਖਰਾਂ ਨੇ ਬੜਾ ਕੁਝ ਦਿੱਤਾ ਏ। ਕਦੇ ਮਿਲਦੀ ਏ ਮਾਂਵਾਂ ਦੀ ਅਸੀਸ ਅਤੇ ਕਦੇ ਮਿਲਦਾ ਏ ਬਾਪ ਵਰਗੇ ਪਾਠਕਾਂ ਦਾ ਥਾਪੜਾ। ਕਦੇ ਨੌਜਵਾਨ ਵਰਗ ਵਲੋਂ ਇਕ ਸਾਰਥਿਕ ਹੁੰਗਾਰਾ ਅਤੇ ਕਦੇ ਧੀਆਂ ਵਰਗੀ ਕਿਸੇ ਕੁੜੀ ਵਲੋਂ ਕਲਮ ਨੂੰ ਕਲਮ-ਸਾਧਨਾ ਦੀ ਕਾਮਨਾ।” ਉਨ੍ਹਾਂ ਪਾਠਕਾਂ ਪ੍ਰਤੀ ਅਹਿਸਾਨਮੰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ, “ਕਲਮ ਰਿਣੀ ਏ ਤੁਹਾਡੀਆਂ ਭਾਵਨਾਵਾਂ ਦੀ, ਤੁਹਾਡੇ ਮਨਾਂ ‘ਚ ਪਲਰਦੇ ਚਾਵਾਂ ਦੀ, ਤੁਹਾਡੇ ਦਿਲ ਵਿਚ ਪਨਪੇ ਪ੍ਰਭਾਵਾਂ ਦੀ ਅਤੇ ਚਾਨਣ ਵੰਡਦੀਆਂ ਰਾਹਾਂ ਦੀ।” ਸ਼ਾਲਾ! ਉਨ੍ਹਾਂ ਦੀ ਕਲਮ ਇਸੇ ਤਰ੍ਹਾਂ ਅੱਖਰ ਉਲੀਕਦੀ ਰਹੇ ਤੇ ਪਾਠਕਾਂ ਨੂੰ ਆਪਣੀ ਅਹਿਸਾਨਮੰਦ ਬਣਾਉਂਦੀ ਰਹੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਵਕਤ ਇਕ ਰੰਗ ਮੰਚ। ਕਈ ਤਰ੍ਹਾਂ ਦੇ ਕਿਰਦਾਰ ਇਸ ਰੰਗ ਮੰਚ ‘ਤੇ ਆਉਂਦੇ। ਹਰ ਵਿਅਕਤੀ ਦਾ ਆਪਣਾ ਆਪਣਾ ਰੋਲ। ਆਪਣੀ ਸਮਰੱਥਾ ਅਨੁਸਾਰ ਰੋਲ ਚੁਣਦਾ ਅਤੇ ਆਪਣਾ ਰੋਲ ਅਦਾ ਕਰਦਾ ਏ। ਇਹ ਰੋਲ ਕਈ ਤਰ੍ਹਾਂ ਦੀਆਂ ਪਰਤਾਂ ਫਰੋਲਦਾ। ਕਈ ਤਰ੍ਹਾਂ ਦੇ ਪ੍ਰਸ਼ਨ ਦਰਸ਼ਕਾਂ ਦੇ ਸੋਚ ਧਰਾਤਲ ਵਿਚ ਧਰਦਾ। ਲੋਕਾਂ ਦੀ ਸੋਚ ਇਨ੍ਹਾਂ ਪ੍ਰਸ਼ਨਾਂ ਦੇ ਉਤਰਾਂ ਵਿਚ ਨਿਖਰਦੀ ਅਤੇ ਇਨ੍ਹਾਂ ਦਾ ਸਾਰਥਕ ਹੱਲ ਤਲਾਸ਼ਣ ਦੀ ਪ੍ਰੀਕ੍ਰਿਆ ਵਿਚ ਰੁੱਝ ਜਾਂਦੀ।
ਹਰ ਵਿਅਕਤੀ ਦੀ ਆਪਣੀ ਸਮਰੱਥਾ, ਆਪਣੀ ਯੋਗਤਾ ਅਤੇ ਇਸ ਨਾਲ ਉਹ ਆਪਣਾ ਰੋਲ ਪੂਰਨ ਕਾਮਯਾਬੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਪਰ ਕਈ ਵਾਰ ਕਿਸੇ ਵਿਅਕਤੀ ਦੀ ਕਾਰ-ਕਰਦਗੀ ਕਿਸੇ ਨੂੰ ਨਾ ਭਾਉਂਦੀ ਪਰ ਕਈਆਂ ਨੂੰ ਇਹ ਚੰਗੀ ਲਗਦੀ। ਹਰ ਇਕ ਦੀ ਆਪੋ-ਆਪਣੀ ਪਸੰਦ, ਆਪੋ-ਆਪਣੀ ਨਾ-ਪਸੰਦ।
ਜਦ ਇਕ ਵਿਅਕਤੀ ਕੋਈ ਕਿਰਦਾਰ ਨਿਭਾਉਂਦਾ ਏ ਤਾਂ ਉਹ ਕੁਝ ਨਵੀਆਂ ਰਾਹਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਦਾ ਏ, ਕਿਸੇ ਨਵੀਂ ਸੋਚ ਦੇ ਫੈਲਾਅ ਦਾ ਆਧਾਰ ਵੀ ਬਣਦੀ, ਕਿਸੇ ਨਵੀਨਤਮ ਦਿਸਹੱਦਿਆਂ ਦਾ ਸਿਰਨਾਵਾਂ ਸਮੇਂ ਦੀ ਮਸਤਕ ਵਿਚ ਧਰਦੀ ਅਤੇ ਕਿਸੇ ਦੀ ਤਕਦੀਰ ਵੀ ਬਣਦੀ।
ਸਮਾਂ ਕਦੇ ਰੁਕਦਾ ਨਹੀਂ ਅਤੇ ਚਲਦੇ ਵਕਤ ਵਿਚ ਹਰ ਸ਼ਖਸ ਆਪਣੇ ਨਕਸ਼ ਨਿਹਾਰਨ ਦੇ ਨਾਲ ਨਾਲ ਸਮਾਜਿਕ ਨਖਸ਼ਾਂ ਨੂੰ ਨਿਖਾਰਨ ਦੇ ਯਤਨ ਵੀ ਕਰਦਾ। ਇਨ੍ਹਾਂ ਨਕਸ਼ਾਂ ਵਿਚ ਕਈ ਸੁਪਨੇ ਜਨਮ ਲੈਂਦੇ ਅਤੇ ਇਨ੍ਹਾਂ ਸੁਪਨਿਆਂ ਦੀ ਪੂਰਤੀ ਕਈਆਂ ਦਾ ਕਰਮ ਬਣ ਜਾਂਦੀ।
ਕੁਝ ਲੋਕ ਬੋਲਾਂ ਸੰਗ ਆਪਣੀ ਹੋਂਦ ਇਸ ਰੰਗਮੰਚ ਦੇ ਨਾਮ ਕਰਦੇ, ਇਨ੍ਹਾਂ ਬੋਲਾਂ ਵਿਚ ਜੀਵਨ ਦੇ ਸੁੱਚੇ ਅਰਥ ਧਰਦੇ ਅਤੇ ਇਕ ਨਵੀਂ ਚੇਤਨਾ ਸਰੋਤਿਆਂ ਦੀ ਚੇਤਨਾ ਵਿਚ ਧਰਦੇ। ਇਹ ਬੋਲ ਫਿਜ਼ਾ ਵਿਚ ਗੂੰਜਦੇ ਅਤੇ ਇਸ ‘ਚੋਂ ਪਨਪਦੀ ਆਜ਼ਾਨ-ਰੂਪੀ ਲੋਚਾ, ਜਿੰਦ ਨੂੰ ਉਮਰ ਦਾ ਵਰ ਦਿੰਦੀ। ਇਸ ਜੀਵਨ ਲੋਚਾ ਨਾਲ ਜੀਵਨ ਦੇ ਅਰਥ ਬਦਲ ਜਾਂਦੇ, ਤਬਦੀਲ ਹੋ ਜਾਂਦੀਆਂ ਤਕਦੀਰਾਂ ਅਤੇ ਕਈ ਪ੍ਰਤੀਰੂਪਾਂ ਵਿਚ ਸਾਹਮਣੇ ਆਉਂਦੀਆਂ ਅੱਖਾਂ ਨੂੰ ਭਾਉਂਦੀਆਂ ਤਸਵੀਰਾਂ।
ਕੁਝ ਲੋਕ ਅੱਖਰਾਂ ਦਾ ਵਣਜ ਕਰਦੇ। ਇਨ੍ਹਾਂ ਵਿਚ ਸੁਪਨੇ ਧਰਦੇ। ਇਨ੍ਹਾਂ ਦੀ ਪੂਰਤੀ ਲਈ ਪੂਰਨ ਤਨਦੇਹੀ ਨਾਲ ਪ੍ਰਤੀਬੱਧ ਹੁੰਦੇ ਅਤੇ ਇਸ ‘ਚੋਂ ਪ੍ਰਾਪਤ ਸਫਲਤਾ ਨੂੰ ਸਮਿਆਂ ਦੀ ਤਲੀ ‘ਤੇ ਧਰਦੇ। ਸਮਾਂ ਉਨ੍ਹਾਂ ਦਾ ਸ਼ੁਕਰ-ਗੁਜ਼ਾਰ ਹੁੰਦਾ। ਇਨ੍ਹਾਂ ਅੱਖਰਾਂ ਨਾਲ ਆਪਣਾ ਰਿਸ਼ਤਾ ਜੋੜਨ ਵਾਲੇ ਬਹੁਤ ਘੱਟ ਲੋਕ ਜੋ ਇਨ੍ਹਾਂ ਦਾ ਹੁੰਗਾਰਾ ਭਰਦੇ ਅਤੇ ਉਨ੍ਹਾਂ ਦੇ ਮਨ ਵਿਚ ਅਜਿਹੇ ਅੱਖਰ-ਵਣਜਾਰਿਆਂ ਨੂੰ ਮਿਲਣ ਲਈ ਮੋਹ ਉਗਦਾ।
ਕੁਝ ਸਮੇਂ ਤੋਂ ਅੱਖਰਾਂ ਵਿਚ ਜ਼ਿੰਦਗੀ ਦਾ ਰੰਗ ਭਰਨ ਦੀ ਨਿਮਾਣੀ ਜਿਹੀ ਪ੍ਰੀਕ੍ਰਿਆ ਵਿਚ ਰੁਝਿਆ ਹੋਇਆ ਹਾਂ। ਪੰਜਾਬੀ ਪਿਆਰਿਆਂ ਦੀ ਮਾਨਸਿਕ ਚੋਗ ਦੀ ਪੂਰਤੀ ਲਈ ਇਕ ਨਿੱਕੀ ਜਿਹੀ ਕੋਸ਼ਿਸ਼ ਹੈ ਅਤੇ ਇਸ ਨਾਲ ਉਨ੍ਹਾਂ ਪੰਜਾਬੀ ਪਿਆਰਿਆਂ ਦਾ ਭਰਵਾਂ ਹੁੰਗਾਰਾ ਹੈ, ਮੇਰਾ ਹਾਸਲ। ਬਹੁਤ ਘੱਟ ਲੋਕਾਂ ਨੂੰ ਮਿਲਦਾ ਏ ਅਜਿਹਾ ਮੋਹ। ਇਕ ਅਪਣੱਤ। ਅਣਜਾਣੇ ਹੁੰਦੇ ਹੋਏ ਵੀ ਆਪਣੇਪਨ ਦਾ ਅਹਿਸਾਸ। ਕਦੇ ਵੀ ਨਾ ਮਿਲੇ ਹੋਣ ਕਾਰਨ, ਨਿੱਤ ਮਿਲਣ ਵਰਗੀ ਇਕ ਅਜੀਬ ਸੁੱਖਦ-ਭਾਵਨਾ।
ਇਨ੍ਹਾਂ ਅੱਖਰਾਂ ਨੇ ਬੜਾ ਕੁਝ ਦਿੱਤਾ ਏ। ਕਦੇ ਮਿਲਦੀ ਏ ਮਾਂਵਾਂ ਦੀ ਅਸੀਸ ਅਤੇ ਕਦੇ ਮਿਲਦਾ ਏ ਬਾਪ ਵਰਗੇ ਪਾਠਕਾਂ ਦਾ ਥਾਪੜਾ। ਕਦੇ ਨੌਜਵਾਨ ਵਰਗ ਵਲੋਂ ਇਕ ਸਾਰਥਿਕ ਹੁੰਗਾਰਾ ਅਤੇ ਕਦੇ ਧੀਆਂ ਵਰਗੀ ਕਿਸੇ ਕੁੜੀ ਵਲੋਂ ਕਲਮ ਨੂੰ ਕਲਮ-ਸਾਧਨਾ ਦੀ ਕਾਮਨਾ। ਬਹੁਤ ਕੁਝ ਮਿਲ ਰਿਹਾ ਏ ਅਤੇ ਮਿਲਦਾ ਰਹੇਗਾ। ਸਭ ਦਾ ਹੁੰਗਾਰਾ ਇਕ ਹਾਸਲ ਅਤੇ ਇਸ ਹਾਸਲ ਦੇ ਨਾਮ ‘ਤੇ ਹੀ ਆਪਣੀ ਰੁਖਸਤਗੀ ਦਾ ਸੁਨੇਹਾ ਤੁਹਾਡੀ ਤਲੀ ‘ਤੇ ਧਰਨਾ ਚਾਹੁੰਦਾ ਹਾਂ। ਵਕਤ ਮਿਲਿਆ ਤਾਂ ਫਿਰ ਕਦੇ ਇਸ ਅੱਖਰੀ ਸਾਂਝ ਦਾ ਨਸੀਬਾ, ਕੋਰੇ ਵਰਕਿਆਂ ਦੇ ਨਾਮ ਕਰਾਂਗਾ। ਕਲਮ ਰਿਣੀ ਏ ਤੁਹਾਡੀਆਂ ਭਾਵਨਾਵਾਂ ਦੀ, ਤੁਹਾਡੇ ਮਨਾਂ ‘ਚ ਪਲਰਦੇ ਚਾਵਾਂ ਦੀ, ਤੁਹਾਡੇ ਦਿਲ ਵਿਚ ਪਨਪੇ ਪ੍ਰਭਾਵਾਂ ਦੀ ਅਤੇ ਚਾਨਣ ਵੰਡਦੀਆਂ ਰਾਹਾਂ ਦੀ। ਉਂਗਲ ਫੜ ਕੇ ਰਸਤੇ ਪਾਉਣ ਵਾਲੇ ਲੋਕ ਹੀ ਕਿਸੇ ਦਾ ਰਹਿਬਰ ਬਣਨ ਦਾ ਕਰਮ ਨਿਭਾ ਸਕਦੇ ਨੇ ਅਤੇ ਸਭ ਪਾਠਕ ਮੇਰੇ ਰਹਿਬਰ ਨੇ।
ਮੈਂ ਤਾਂ ਸਿਰਫ ਕਲਮ-ਕਰਮੀ। ਮਨ ਦੇ ਭਾਵਾਂ ਦੀ ਜ਼ੁਬਾਨ। ਕਿਸੇ ਸੋਚ ਨੂੰ ਹਰਫ। ਕਿਸੇ ਵਿਚਾਰਧਾਰਾ ਨੂੰ ਵਹਾਅ। ਕਿਸੇ ਚੁੱਪ ਨੂੰ ਤੋੜਨ ਦਾ ਕਾਰਜ। ਕਿਸੇ ਵਕਤ ਦੀ ਵੱਖੀ ਵਿਚ ਹੋ ਰਹੀ ਪੀੜ ਨੂੰ ਦੱਸਣਾ। ਕਿਸੇ ਦੀ ਧੁੱਖਦੀ ਸੋਚ ਵਿਚ ਸ਼ਫਾਫ ਹਾਸਿਆਂ ਦਾ ਵੰਡਾਰਾ ਅਤੇ ਕਿਸੇ ਦੇ ਵਿਹੜੇ ਵਿਚ ਇਕ ਦੀਵਾ ਡੰਗਣਾ। ਕਿਸੇ ਦੇ ਬਨੇਰੇ ‘ਤੇ ਬੋਲਦੇ ਕਾਂਵਾਂ ਦਾ ਸੁਨੇਹਾ। ਕਿਸੇ ਘਰ ਦੀਆਂ ਪੌੜੀਆਂ ਤੋਂ ਉਤਰਦੀ ਸਰਘੀ। ਕਿਸੇ ਕਮਰੇ ਵਿਚ ਮਿੱਠ-ਬੋਲੜੇ ਬੋਲਾਂ ਦੀ ਗੁਫਤਗੂ। ਕਿਸੇ ਚੌਂਕੇ ਵਿਚ ਨਿੱਕੇ ਨਿੱਕੇ ਹਾਸੇ ਅਤੇ ਠੱਠਿਆਂ ਦਾ ਫੈਲ ਰਿਹਾ ਪਾਸਾਰਾ। ਕਿਸੇ ਦੀ ਚੇਤਨਾ ਨੂੰ ਸੁੱਚੀ ਸੋਚ ਦਾ ਜਾਗ। ਕਿਸੇ ਪਰਿੰਦੇ ਦੇ ਨਾਵੇਂ ਉਚੇ ਅੰਬਰਾਂ ਦੀ ਪਰਵਾਜ਼।
ਇਹ ਅੱਖਰ ਤੁਹਾਡੇ ਕਰਜ਼ਦਾਰ। ਤੁਹਾਡੇ ਸਮੁੱਚ ਦੇ ਰਾਜ਼ਦਾਰ। ਤੁਹਾਡੇ ਵਿਅਕਤੀਤਵ ਨਾਲ ਰਚਾਉਂਦੇ ਸੰਵਾਦ ਅਤੇ ਇਸ ‘ਚੋਂ ਹੁੰਦਾ ਕਿਸੇ ਮਾਨਵੀ ਬਿਰਤੀ ਦਾ ਸੰਚਾਰ। ਦਰਅਸਲ ਇਹ ਅੱਖਰ ਤਾਂ ਮੇਰੇ ਹੈ ਨਹੀਂ। ਇਹ ਤਾਂ ਇਕ ਆਵੇਸ਼ ਹੈ ਜੋ ਵਰਕੇ ‘ਤੇ ਫੈਲ ਰਿਹਾ ਏ। ਇਕ ਕਰਜ਼-ਉਤਾਰਨ ਦੀ ਤਲਬ ਏ ਇਸ ਜ਼ਿੰਦਗੀ ਦਾ।
ਕੁਝ ਲੋਕ ਉਮਰ ਭਰ ਹੀ ਕਰਜ਼ਈ ਰਹਿੰਦੇ। ਕਦੇ ਉਹ ਹਰਫਾਂ ਦਾ ਕਰਜ਼ ਉਤਾਰਦੇ, ਕਦੇ ਗਿਆਨ ਦਾ ਕਰਜ਼ ਲਾਹੁਣ ਦੀ ਡਿਊਟੀ ਅਤੇ ਕਦੇ ਉਸ ਦੇ ਫਰਜ਼ਾਂ ਵਿਚ, ਸਮਾਜਿਕ-ਦੇਣ ਦਾ ਕਰਜ਼ਾ ਆਪਣਾ ਮੁਹਾਂਦਰਾ ਲਿਸ਼ਕੋਰਦਾ। ਪਰ ਬਹੁਤ ਹੀ ਚੰਗਾ ਲੱਗਦਾ ਏ, ਕਿਸੇ ਦਾ ਦੇਣਦਾਰ ਬਣ ਕੇ ਜਿਉਣਾ। ਕਿਸੇ ਨੂੰ ਦੇਣ ਵਾਲੇ ਲੋਕ ਕਦੇ ਭੁੱਖੇ ਨਹੀਂ ਮਰ ਸਕਦੇ। ਉਨ੍ਹਾਂ ਦਾ ਰੱਜ, ਉਨ੍ਹਾਂ ਦੀ ਦੇਣ ਵਿਚ ਹੀ ਹੁੰਦਾ ਏ ਅਤੇ ਇਹ ਹੀ ਬਣਦਾ ਏ ਉਨ੍ਹਾਂ ਦੇ ਸਕੂਨ ਦਾ ਧਰਾਤਲ।
ਬੜੀ ਚੰਗੀ ਲੱਗਦੀ ਏ ਹਰਫ-ਦੀਵਾਨਿਆਂ ਦੀ ਮੁਹੱਬਤੀ ਤਾਂਘ, ਰਚਨਾ ਨੂੰ ਵਿਸਮਾਦੀ ਲੋਰ ਨਾਲ ਮਾਣਨਾ, ਇਸ ‘ਚੋਂ ਚਾਨਣ ਢੁੰਡੇਂਦੀਆਂ ਪੈੜਾਂ ਨੂੰ ਭਾਲਣਾ, ਇਨ੍ਹਾਂ ਪੈੜਾਂ ਨੂੰ ਆਪਣੇ ਸੁਰਖ ਸੋਚ-ਸਰਵਰ ਵਿਚ ਹੰਗਾਲਣਾ ਅਤੇ ਫਿਰ ਕਿਸੇ ਟੀਚੇ ਦੇ ਸਿਰਨਾਵੇਂ ਨੂੰ ਆਪਣੀਆਂ ਰਾਹਾਂ ਵਿਚ ਵਿਸਤਾਰਨਾ।
ਇਹ ਹਰਫ ਜਦ ਕਿਸੇ ਦੀ ਨਿਰਛੱਲ ਸੋਚ ਵਿਚ ਇਕ ਜਾਗ ਲਾਉਂਦੇ, ਕਿਸੇ ਦੇ ਸੀਨੇ ਵਿਚ ਇਕ ਤੜਫ ਉਪਜਾਉਂਦੇ, ਕਿਸੇ ਦੇ ਪੈਰਾਂ ਦੇ ਨਾਮ ਇਕ ਸਫਰ ਲਾਉਂਦੇ, ਕਿਸੇ ਦੇ ਮਸਤਕ ਵਿਚ ਤਾਂਘ ਦਾ ਦੀਪ ਜਗਾਉਂਦੇ ਤਾਂ ਹਰਫਾਂ ਦੀ ਜਾਤ ਆਪਣੀ ਹੋਂਦ ‘ਤੇ ਮਾਣ ਕਰਦੀ।
ਹਰਫਾਂ ਦਾ ਸਾਥ, ਇਕ ਨਿਰੰਤਰ ਘਾਲਣਾ। ਇਕ ਸਿਰੜੀ ਸਾਧਨਾ। ਇਕ ਸੰਤੋਖੀ ਸੰਵੇਦਨਾ। ਇਕ ਸੰਜਮੀ ਸਾਰਥਿਕਤਾ। ਇਕ ਸੁਹਜਮਈ ਸੱਚ। ਇਕ ਸਿਤਮਗਰੀ ਸਫਰ ਅਤੇ ਸਮਿਆਂ ਦੀ ਦਾਸਤਾਨ।
ਹਰਫਾਂ ਦਾ ਨਿੱਘ ਮਾਣਨ ਦੀ ਤਮੰਨਾ ਮਨ ਵਿਚ ਪਾਲਣ ਵਾਲੇ ਲੋਕ ਫੱਕਰਪੁਣੇ ਦੀ ਫਿਲਾਸਫੀ, ਸੂਲਾਂ ‘ਤੇ ਚਲਣ ਦਾ ਕਸਬ, ਧਾਰ ‘ਤੇ ਤੁਰਨ ਦੀ ਲੋਚਾ ਅਤੇ ਗੁੰਮਨਾਮੀ ਦੀ ਜੂਨ ਹੰਢਾ ਰਹੀ ਹੋਸ਼।
ਵਿਰਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਸੀਨੇ ਵਿਚ ਇਨ੍ਹਾਂ ਸ਼ਬਦਾਂ ਲਈ ਚਾਅ, ਇਸ ਵਿਚ ਫੈਲਦੇ ਅਰਥਾਂ ਲਈ ਉਮਾਹ ਅਤੇ ਇਨ੍ਹਾਂ ਦੀ ਹਿੱਕ ਵਿਚ ਦਗਦੇ ਚੰਗਿਆੜਿਆਂ ਲਈ ਸ਼ੁਦਾਅ ਹੁੰਦਾ। ਅਜਿਹੇ ਲੋਕਾਂ ਦੀ ਦਰਿਆ-ਦਿਲੀ ਅਤੇ ਜੀਵਨ ਹੱਠ ‘ਤੇ ਕੁਰਬਾਨ ਜਾਣ ਨੂੰ ਜੀ ਕਰਦਾ ਏ।
ਅੱਖਰਾਂ ਨਾਲ ਪ੍ਰਤੀਬੱਧਤਾ ਨਾਲ ਆਪਣੀ ਸਾਂਝ ਨਿਭਾਉਣਾ, ਇਕ ਨਿਮਾਣਾ ਜਿਹਾ ਕਰਮ। ਇਨ੍ਹਾਂ ਦੇ ਅਰਥਾਂ ਨੂੰ ਆਪਣੀ ਕਰਮ-ਸਾਧਨਾ ਬਣਾਉਣਾ, ਮੇਰਾ ਧਰਮ। ਇਨ੍ਹਾਂ ਹਰਫਾਂ ਨੂੰ ਸਮਾਜਿਕ ਫਿਜ਼ਾ ਦੇ ਨਾਮ ਕਰਨਾ, ਤੁੱਛ ਜਿਹੀ ਕੋਸ਼ਿਸ਼ ਅਤੇ ਇਸ ਕੋਸ਼ਿਸ਼ ਦੇ ਨਾਮ ਏ ਨਾਚੀਜ਼ ਕਲਮ ਦਾ ਸਫਰ। ਬੜਾ ਕੁਝ ਸਿਖਿਆ ਏ, ਤੁਹਾਡੇ ਮੋਹ ਤੋਂ। ਤੁਹਾਡੇ ਮੋਹ ਦਾ ਸਦਾ ਰਹਾਂਗਾ ਰਿਣੀ ਅਤੇ ਤੁਹਾਡੀ ਅਪਣੱਤ ਮੇਰਾ ਉਮਰ ਭਰ ਦਾ ਸਰਮਾਇਆ।
ਅਲਵਿਦਾ ਕਹਿਣਾ ਬੜਾ ਔਖਾ ਹੁੰਦਾ ਏ ਪਰ ਆਖਰ ਨੂੰ ਤਾਂ ਅਲਵਿਦਾ ਕਹਿ ਕੇ ਹੀ ਇਕ ਯਾਤਰੀ ਆਪਣੇ ਸਫਰ ਦੀ ਨਿਰੰਤਰਤਾ ਵਿਚ ਵਾਧਾ ਕਰਦਾ ਏ। ਨਿਰੰਤਰਤਾ, ਜੋ ਇਸ ਜੱਗ ਦੀ ਰੀਤ ਏ ਅਤੇ ਮੈਂ ਵੀ ਇਸ ਰੀਤ ਨੂੰ ਨਿਭਾਉਣ ਵਾਲਾ ਇਕ ਅਦਨਾ ਮਨੁੱਖ, ਤੁਹਾਡੇ ਭਾਵਾਂ ਦਾ ਸਦੀਵੀ ਕਦਰਦਾਨ।
ਦੁਆ ਜਰੂਰ ਕਰਨੀ ਕਿ ਮੇਰੀ ਕਲਮ ਨੂੰ ਹਰਫਾਂ ਦਾ ਦਾਨ ਮਿਲੇ। ਇਹਦੇ ਵਿਚ ਸੁੱਚੇ ਅਤੇ ਡੂੰਘੇ ਅਰਥਾਂ ਦਾ ਵਰਦਾਨ ਮਿਲੇ। ਜਿੰਦ-ਸਫਾ ਕਦੇ ਵੀ ਕੋਰੇ ਵਰਕੇ ਦੀ ਜੂਨ ਨਾ ਹੰਢਾਵੇ ਅਤੇ ਨਾ ਹੀ ਕਦੇ ਇਸ ਦੀ ਝੋਲੀ ਨੂੰ ਸੱਖਣਾ ਕਰੇ।
ਅਸੀਸ ਜਰੂਰ ਦੇਣੀ ਕਿ ਜੀਵਨ ਦਾ ਸੁੱਚਮ ਤੁਹਾਡੇ ਨਾਮ ਕਰਦਾ ਰਹਾਂ, ਇਸ ਦੀਆਂ ਕਦਰਾਂ ਕੀਮਤਾਂ ਦੀ ਦੱਸ ਪਾਉਂਦਾ ਰਹਾਂ, ਆਪਣੇ ਵਿਰਸੇ ਪ੍ਰਤੀ ਚੇਤਨਾ ਦਾ ਜਾਗ ਲਾਉਂਦਾ ਰਹਾਂ ਅਤੇ ਆਪਣੇ ਸਭਿਆਚਾਰ ਦੀ ਵਿਲੱਖਣਤਾ ਬਾਰੇ ਸੁਚੇਤ ਕਰਦਾ ਰਹਾਂ।
ਇਨ੍ਹਾਂ ਹਰਫਾਂ ਦਾ ਮਾਣ ਕਰਨ ਵਾਲੇ ਲੋਕ ਮੇਰੀਆਂ ਸੋਚਾਂ ਦੇ ਸਦੀਵੀ ਪਾਤਰ ਅਤੇ ਇਹ ਪਾਤਰ ਮੇਰਾ ਹਾਸਲ, ਮੇਰਾ ਸੁਖਨ, ਮੇਰਾ ਸ਼ਰਫ ਅਤੇ ਇਕ ਮਾਣਮੱਤੀ ਪ੍ਰਾਪਤੀ।
ਜਿਉਂਦੇ ਰਹਿਣ ਮੇਰੀ ਕਲਮ ਦੇ ਪਾਤਰ, ਚਿਰਸੰਜੀਵ ਰਹੇ ਇਨ੍ਹਾਂ ਦੇ ਨੈਣਾਂ ਵਿਚ ਜਗਦੀ ਲੋਅ, ਸਦਾ ਸਲਾਮਤ ਰਹੇ ਇਨ੍ਹਾਂ ਵਿਚ ਰਮ ਚੁਕੀ ਤਾਜ਼ਗੀ, ਰੁਮਕਦੀ ਰਹੇ ਇਨ੍ਹਾਂ ਵਿਚ ਕਾਵਿਕਤਾ, ਤਰਲਤਾ ਦੇ ਰਾਹੀਂ ਪਈ ਰਹੇ ਇਸ ਦੀ ਰਵਾਨਗੀ ਅਤੇ ਅਟੁੱਟ ਰਹੇ ਇਸ ਦੀ ਨਿਰੰਤਰਤਾ।
ਅਲਵਿਦਾ ਬਣਨ ਵਾਲੇ ਲੋਕ ਸਮੇਂ ਦਾ ਸੰਜ਼ੀਲਾ ਸ਼ਰਫ। ਫੱਕਰਾਂ ਦੀ ਰਹਿਮਤ। ਕਰਮਯੋਗੀਆਂ ਦੀ ਧੁੱਖਦੀ ਧੂਣੀ। ਯੱਖ ਮੌਸਮਾਂ ਵਿਚ ਪਸਰ ਰਿਹਾ ਨਿੱਘ। ਕਾਲਖ ਭਰੇ ਰਾਹਾਂ ਵਿਚ ਵਿਛ ਰਹੀ ਚਾਨਣ ਦੀ ਕਾਤਰ। ਬੇਮੌਸਮੀ ਰੁੱਤ ਦੇ ਨਾਂਵੇਂ ਬਹਾਰ ਦਾ ਨਿਉਂਦਾ। ਬਿਰਖ ਦੀ ਮਾਤਮੀ ਚੁੱਪ ਦੇ ਨਾਮ ਪਰਿੰਦਿਆਂ ਦੀ ਗੁਟਕਣੀ ਅਤੇ ਇਸ ਦੀਆਂ ਸ਼ਾਖਾਵਾਂ ਦੇ ਕੰਨੀਂ ਆਲ੍ਹਣਿਆਂ ਦੇ ਬੁੰਦੇ।
ਜਿੰਨਾ ਚਿਰ ਸਾਹ ਵਫਾ ਕਰਦੇ ਰਹਿਣ, ਜ਼ਿੰਦਗੀ ਸੰਗ ਪਾਕੀਜ਼-ਰਿਸ਼ਤਾ ਨਿਭਾਉਂਦੇ ਰਹੋ।