ਭਾਰਤੀ ਸਿਆਸਤ ‘ਤੇ ਭਗਵਾ ਜਕੜ ਵਧੀ

ਨਵੀਂ ਦਿੱਲੀ: ਬਿਹਾਰ ਵਿਚ ਮਹਾਂ ਗਠਜੋੜ ਨੂੰ ਖੇਰੂੰ-ਖੇਰੂੰ ਕਰ ਕੇ ਅਤੇ ਗੁਜਰਾਤ ਵਿਚ ਕਾਂਗਰਸ ਸਮੇਤ ਹੋਰ ਸਿਆਸੀ ਧਿਰਾਂ ਦੇ ਵਿਧਾਇਕਾਂ ਨੂੰ ਆਪਣੇ ਨਾਲ ਗੰਢਣ ਵਾਲੀ ਰਣਨੀਤੀ ਨਾਲ ਭਾਜਪਾ ਨੇ ਸਪਸ਼ਟ ਸੰਕੇਤ ਦੇ ਦਿੱਤੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਉਹ ਆਪਣੇ ਸਾਹਮਣੇ ਕਿਸੇ ਵੀ ਧਿਰ ਨੂੰ ਬਰਾਬਰ ਖੜ੍ਹਾ ਨਹੀਂ ਰਹਿਣ ਦੇਵੇਗੀ। ਗੋਆ, ਮਨੀਪੁਰ, ਬਿਹਾਰ ਪਿੱਛੋਂ ਗੁਜਰਾਤ ਤੇ ਉਤਰ ਪ੍ਰਦੇਸ਼ ਵਿਚ ਮੱਲੇ ਭਾਜਪਾ ਦੇ ਪੈਂਤੜਿਆਂ ਤੋਂ ਜਾਪ ਰਿਹਾ ਹੈ ਕਿ ਇਹ ਸਿਆਸੀ ਧਿਰ ‘ਕਾਂਗਰਸ ਮੁਕਤ ਭਾਰਤ’ ਦੇ ਸੁਪਨੇ ਵੱਲ ਤੇਜ਼ੀ ਨਾਲ ਵਧ ਰਹੀ ਹੈ।

ਮੋਦੀ ਸਰਕਾਰ ਦੀ ਰਣਨੀਤੀ ਅੱਗੇ ਬੇਵੱਸ ਹੋਈਆਂ ਸਿਆਸੀ ਧਿਰਾਂ ਬੱਸ ਲੋਕਤੰਤਰ ਨੂੰ ਖਤਰੇ ਦੀ ਦੁਹਾਈ ਪਾ ਰਹੀਆਂ ਹਨ। ਅਸਲ ਵਿਚ, ਭਾਜਪਾ ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ਕਿਸੇ ਵੀ ਕੀਮਤ ਉਤੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ ਤੇ ਇਸ ਲਈ ਹਰ ਕੀਮਤ ਤਾਰਨ ਲਈ ਤਿਆਰ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਗੁਜਰਾਤ ਤੋਂ ਰਾਜ ਸਭਾ ਦੀ ਚੋਣ ਲੜ ਰਹੇ ਹਨ, ਕਾਂਗਰਸ ਦੇ ਉਥੇ 57 ਵਿਧਾਇਕ ਸਨ, ਪਰ ਦੋ ਦਿਨਾਂ ਵਿਚ ਹੀ ਇਸ ਦੇ ਛੇ ਵਿਧਾਇਕ ਅਸਤੀਫਾ ਦੇ ਗਏ। ਇਸ ਤੋਂ ਇਲਾਵਾ ਯੂæਪੀæ ਦੀ ਵਿਧਾਨ ਪ੍ਰੀਸ਼ਦ ਤੋਂ ਸਮਾਜਵਾਦੀ ਪਾਰਟੀ ਦੇ ਦੋ ਅਤੇ ਬਸਪਾ ਦੇ ਇਕ ਮੈਂਬਰ ਨੇ ਅਸਤੀਫਾ ਦੇ ਦਿੱਤਾ।
ਵਿਰੋਧੀ ਧਿਰਾਂ ਦਾ ਹੁਣ ਤੱਕ ਇਹੀ ਦੋਸ਼ ਹੈ ਕਿ ਭਾਜਪਾ ਨੇ ਗੁਜਰਾਤ ਵਿਚ 15-15 ਕਰੋੜ ਰੁਪਏ ਦਾ ਲਾਲਚ ਦੇ ਕੇ ਉਨ੍ਹਾਂ ਨੇ ਵਿਧਾਇਕਾਂ ਨੂੰ ਤੋੜਿਆ ਹੈ। ਧੜਾ-ਧੜ ਅਸਤੀਫਿਆਂ ਕਾਰਨ ਕਾਂਗਰਸ ਦੀ ਹਾਲਤ ਇੰਨੀ ਪਤਲੀ ਹੋ ਗਈ ਕਿ ਉਸ ਨੇ ਆਪਣੇ ਬਾਕੀ ਵਿਧਾਇਕਾਂ ਨੂੰ ਬਚਾਉਣ ਲਈ ਬੰਗਲੌਰ ਦੇ ਇਕ ਰਿਜ਼ੋਰਟ ਵਿਚ ‘ਨਜ਼ਰਬੰਦ’ ਕਰ ਦਿੱਤਾ।
ਕਾਂਗਰਸ ਚਾਹੁੰਦੀ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਮੁੜ ਤੋਂ ਰਾਜ ਸਭਾ ਲਈ ਚੁਣੇ ਜਾਣ, ਪਰ ਭਾਜਪਾ ਨੇ ਵਿਧਾਨ ਸਭਾ ਵਿਚ ਕਾਂਗਰਸ ਦੇ ਚੀਫ ਵ੍ਹਿਪ ਰਹੇ ਬਲਵੰਤ ਸਿੰਹੁ ਰਾਜਪੂਤ ਨੂੰ ਅਸਤੀਫਾ ਦਿਵਾ ਕੇ ਉਨ੍ਹਾਂ ਖਿਲਾਫ਼ ਚੋਣ ਮੈਦਾਨ ਵਿਚ ਲੈ ਆਂਦਾ। ਹੁਣ ਬਲਵੰਤ ਰਾਜਪੂਤ, ਅਮਿਤ ਸ਼ਾਹ ਤੇ ਸਿਮਰਿਤੀ ਇਰਾਨੀ ਭਾਜਪਾ ਦੇ ਉਮੀਦਵਾਰ ਹਨ ਅਤੇ ਭਾਜਪਾ ਇਨ੍ਹਾਂ ਦੀ ਜਿੱਤ ਲਈ ਪਿੜ ਤਿਆਰ ਕਰਨ ਲਈ ਹਰ ਦਾਅ ਖੇਡ ਰਹੀ ਹੈ। ਗੈਰ ਭਾਜਪਾ ਸਿਆਸੀ ਧਿਰਾਂ ਇਸ ਰਣਨੀਤੀ ਨੂੰ ਆਪਣੀ ਹੋਂਦ ਲਈ ਖਤਰਾ ਸਮਝ ਰਹੀਆਂ ਹਨ। ਬਿਹਾਰ ਵਿਚ ਜੋ ਕੁਝ ਹੋਇਆ, ਛੇ ਮਹੀਨੇ ਪਹਿਲਾਂ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਗੋਆ ਅਤੇ ਮਨੀਪੁਰ ਤੋਂ ਬਾਅਦ ਮੋਦੀ-ਸ਼ਾਹ ਦੇ ਬਿਹਾਰ ਬਾਣਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਜ਼ਾਦ ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਕਿ ਕੇਂਦਰੀ ਜਾਂਚ ਏਜੰਸੀਆਂ ਨੂੰ ਵਿਰੋਧੀਆਂ ਖਿਲਾਫ ਇਸ ਢੰਗ ਨਾਲ ਇਸਤੇਮਾਲ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਸਿਆਸੀ ਮੰਤਵਾਂ ਲਈ ਇਨ੍ਹਾਂ ਏਜੰਸੀਆਂ ਦੀ ਵਰਤੋਂ ਹੁੰਦੀ ਰਹੀ ਹੈ, ਪਰ ਹੁਣ ਤਾਂ ਇਨ੍ਹਾਂ ਜ਼ਰੀਏ ਇਕ ਵੱਡੇ ਸੂਬੇ ਦੇ ਸਾਅਸੀ ਸਮੀਕਰਨਾਂ ਨੂੰ ਹੀ ਬਦਲ ਦਿੱਤਾ ਗਿਆ।
ਉਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਬਿਹਾਰ ਦੇ ਗੱਠਜੋੜ ਨੂੰ ਖਤਮ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਸੀ। ਉਸ ਨੂੰ ਡਰ ਸੀ ਕਿ ਚੋਣਾਂ ਵਿਚ ਕਰਾਰੀ ਹਾਰ ਕਿਤੇ ਅਖਿਲੇਸ਼ ਯਾਦਵ ਅਤੇ ਮਾਇਆਵਤੀ ਨੂੰ ਇਸੇ ਤਰ੍ਹਾਂ ਦਾ ਮਹਾਂਗਠਜੋੜ ਬਣਾਉਣ ਲਈ ਮਜਬੂਰ ਨਾ ਕਰ ਦੇਵੇ। ਇਸ ਲਈ ਭਾਜਪਾ ਪੂਰੇ ਰਾਜਨੀਤਕ ਸਮਾਜ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਉਹ ਆਪਣੇ ਖਿਲਾਫ ਕਿਸੇ ਵੀ ਮਹਾਂਗਠਜੋੜ ਨੂੰ ਨਾ ਸੂਬਿਆਂ ਦੀ ਪੱਧਰ ‘ਤੇ ਅਤੇ ਨਾ ਹੀ ਕੌਮੀ ਪੱਧਰ ਉਤੇ ਬਣਨ ਜਾਂ ਟਿਕਣ ਦੇਵੇਗੀ। ਜੇ ਬਿਹਾਰ ਵਿਚ ਮਹਾਂ ਗਠਜੋੜ ਕਾਇਮ ਰਹਿੰਦਾ ਤਾਂ ਕੁਝ ਅਜਿਹਾ ਹੀ ਗੱਠਜੋੜ ਲਖਨਊ ਵਿਚ ਬਣਨਾ ਤੈਅ ਸੀ।