ਪਨਾਮਾ ਪੇਪਰਜ਼ ਘੁਟਾਲੇ ਦੇ ਲੇਖੇ ਲੱਗਾ ਸ਼ਰੀਫ ਦਾ ਸਿਆਸੀ ਭਵਿਖ

ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਉਸ ਨੇ ਪਨਾਮਾ ਪੇਪਰਜ਼ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪੂੰਜੀ ਨਿਵੇਸ਼ ਕਰਨ ਦੇ ਸਾਹਮਣੇ ਆਏ ਤੱਥਾਂ ਨੂੰ ਆਧਾਰ ਬਣਾਇਆ ਹੈ। ਇਹ ਦਸਤਾਵੇਜ਼ ਇਕ ਅੰਤਰਰਾਸ਼ਟਰੀ ਖੋਜ ਏਜੰਸੀ ਵੱਲੋਂ ਲੱਭ ਕੇ ਜਾਰੀ ਕੀਤੇ ਗਏ ਸਨ। ਪਨਾਮਾ ਪੇਪਰਜ਼ ਰਾਹੀਂ ਦੁਨੀਆਂ ਦੇ ਅਮੀਰ ਵਿਅਕਤੀਆਂ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਬੇਨਾਮੀ ਬਣਾਈਆਂ ਗਈਆਂ ਕੰਪਨੀਆਂ ਅਤੇ ਬੈਂਕਾਂ ਵਿਚ ਜਮ੍ਹਾਂ ਕਰਾਈਆਂ ਗਈਆਂ ਵੱਡੀਆਂ ਰਕਮਾਂ ਬਾਰੇ ਖੁਲਾਸਾ ਹੋਇਆ ਸੀ।

ਇਨ੍ਹਾਂ ਵਿਚ ਨਵਾਜ਼ ਸ਼ਰੀਫ਼ ਤੇ ਉਸ ਦੇ ਪਰਿਵਾਰ ਦਾ ਨਾਂ ਵੀ ਸ਼ਾਮਲ ਸੀ। ਇਸ ਆਧਾਰ ‘ਤੇ ਲੰਬੀ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਗਰਦਾਨ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਉਚ ਅਹੁਦੇ ਲਈ ਅਯੋਗ ਕਰਾਰ ਦੇ ਦਿੱਤਾ ਗਿਆ।
ਇਹ ਤੀਜੀ ਵਾਰ ਹੈ ਜਦੋਂ 67-ਸਾਲਾ ਸ੍ਰੀ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਆਦ ਪੁੱਗਣ ਤੋਂ ਪਹਿਲਾਂ ਛੱਡਣਾ ਪਿਆ ਹੈ। ਇਸ ਬੇਤਾਬੀ ਨਾਲ ਉਡੀਕੇ ਜਾ ਰਹੇ ਫੈਸਲੇ ਨੇ ਪਾਕਿਸਤਾਨ ਨੂੰ ਉਸ ਨਾਜ਼ੁਕ ਮੌਕੇ ਸਿਆਸੀ ਸੰਕਟ ਵਿਚ ਪਾ ਦਿੱਤਾ, ਜਦੋਂ ਮੁਲਕ ਪਹਿਲਾਂ ਹੀ ਮਾੜੀ ਮਾਲੀ ਹਾਲਤ ਅਤੇ ਦਹਿਸ਼ਤਗਰਦੀ ਦਾ ਸਾਹਮਣਾ ਕਰ ਰਿਹਾ ਹੈ। ਜਿਉਂ ਹੀ ਪੰਜ ਜੱਜਾਂ ਦੀ ਬੈਂਚ ਵੱਲੋਂ ਇਤਫਾਕ ਰਾਇ ਨਾਲ ਕੀਤਾ ਫੈਸਲਾ ਖਚਾਖਚ ਭਰੀ ਅਦਾਲਤ ਵਿਚ ਜਸਟਿਸ ਐਜਾਜ਼ ਅਫ਼ਜ਼ਲ ਖ਼ਾਨ ਨੇ ਪੜ੍ਹ ਕੇ ਸੁਣਾਇਆ ਤਾਂ ਅਦਾਲਤ ਦੇ ਬਾਹਰ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀæਟੀæਆਈæ) ਦੇ ਕਾਰਕੁਨਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਉਹ ਖੁਸ਼ੀ ਵਿਚ ਸ਼ਰੀਫ਼ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ। ਅਦਾਲਤ ਨੇ ਸ੍ਰੀ ਸ਼ਰੀਫ਼ ਨੂੰ ਪਾਕਿਸਤਾਨੀ ਸੰਵਿਧਾਨ ਦੀ ਧਾਰਾ 62 ਤੇ 63 ਤਹਿਤ ਅਯੋਗ ਕਰਾਰ ਦਿੱਤਾ।
ਫੈਸਲੇ ਵਿਚ ਕਿਹਾ ਗਿਆ ਹੈ ਕਿ ਸ੍ਰੀ ਸ਼ਰੀਫ਼ ਨੇ ਝੂਠਾ ਹਲਫਨਾਮਾ ਦਿੱਤਾ ਸੀ, ਜਿਸ ਕਾਰਨ ਉਹ ਸੰਵਿਧਾਨ ਮੁਤਾਬਕ ‘ਈਮਾਨਦਾਰ ਨਹੀਂ’ ਹਨ। ਅਦਾਲਤ ਨੇ ਕੌਮੀ ਜਵਾਬਦੇਹੀ ਬਿਊਰੋ ਨੂੰ ਸ੍ਰੀ ਸ਼ਰੀਫ਼ ਤੇ ਉਨ੍ਹਾਂ ਦੇ ਪੁੱਤਰਾਂ ਹੁਸੈਨ ਤੇ ਹਸਨ ਅਤੇ ਧੀ ਮਰੀਅਮ ਖਿਲਾਫ਼ ਛੇ ਹਫਤੇ ‘ਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰ ਕੇ ਛੇ ਮਹੀਨੇ ਵਿਚ ਕਾਰਵਾਈ ਮੁਕੰਮਲ ਕਰਨ ਦਾ ਹੁਕਮ ਵੀ ਦਿੱਤਾ ਹੈ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 2012 ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀæਪੀæਪੀæ) ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਵੀ ਅਦਾਲਤੀ ਤੌਹੀਨ ਦੇ ਦੋਸ਼ ‘ਚ ਅਯੋਗ ਕਰਾਰ ਦੇ ਦਿੱਤਾ ਸੀ, ਜਦੋਂ ਉਨ੍ਹਾਂ ਪਾਰਟੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਖਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਖੋਲ੍ਹਣ ਤੋਂ ਨਾਂਹ ਕਰ ਦਿੱਤੀ ਸੀ।
ਵਿਰੋਧੀ ਪਾਰਟੀਆਂ ਨੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਕੇਸ ਦੀ ਪੈਰਵੀ ਕਰ ਰਹੀ ਪੀæਟੀæਆਈæ ਤੋਂ ਇਲਾਵਾ ਪੀæਪੀæਪੀæ ਨੇ ਵੀ ਫੈਸਲੇ ਦਾ ਸਵਾਗਤ ਕਰਦਿਆਂ ਇਸ ਸਫਲਤਾ ਦਾ ਸਿਹਰਾ ਪੀæਟੀæਆਈæ ਦੇ ਮੁਖੀ ਤੇ ਕ੍ਰਿਕਟਰ ਤੋਂ ਸਿਆਸਤਾਦਨ ਬਣੇ ਇਮਰਾਨ ਖ਼ਾਨ ਸਿਰ ਬੰਨ੍ਹਿਆ।
ਅਦਾਲਤ ਨੇ ਪਿਛਲੇ ਸਾਲ ਤਿੰਨ ਨਵੰਬਰ ਨੂੰ ਮਾਮਲਾ ਸ਼ੁਰੂ ਕੀਤਾ ਅਤੇ 23 ਫਰਵਰੀ ਨੂੰ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ 132 ਘੰਟਿਆਂ ਵਿਚ 35 ਤੋਂ ਵੀ ਵੱਧ ਸੁਣਵਾਈਆਂ ਕੀਤੀਆਂ। ਇਸ ਨੇ ਨਵਾਜ਼ ਸ਼ਰੀਫ ਪਰਿਵਾਰ ਖਿਲਾਫ ਜਾਂਚ ਟੀਮ ਦੇ ਗਠਨ ਬਾਰੇ 20 ਅਪਰੈਲ ਨੂੰ 547 ਸਫਿਆਂ ਦਾ ਟੁੱਟਵਾਂ ਫੈਸਲਾ ਜਾਰੀ ਕੀਤਾ ਸੀ।

____________________________________________
ਕੀ ਹੈ ਪਨਾਮਾ ਪੇਪਰਜ਼ ਘੁਟਾਲਾæææ
ਇਸਲਾਮਾਬਾਦ: ਅਪਰੈਲ 2016 ਵਿਚ ਇੰਟਰਨੈਸ਼ਨਲ ਕਨਸਾਰਟੀਅਮ ਆਫ ਇਨਵੈਸਟੀਗੇਸ਼ਨ ਜਰਨਲਿਸਟਸ (ਆਈæਸੀæਆਈæਜੇ) ਨਾਂ ਦੇ ਇਕ ਗੈਰ-ਸਰਕਾਰੀ ਸੰਗਠਨ ਨੇ ਪਨਾਮਾ ਪੇਪਰਜ਼ ਨਾਮ ਹੇਠ ਕਈ ਦੇਸ਼ਾਂ ਦੇ ਮੁਖੀਆਂ, ਸਿਆਸੀ ਹਸਤੀਆਂ, ਫਿਲਮੀ ਸਿਤਾਰਿਆਂ, ਖਿਡਾਰੀਆਂ ਅਤੇ ਅਪਰਾਧੀਆਂ ਦੇ ਪੈਸੇ ਦੇ ਲੈਣ-ਦੇਣ ਦਾ ਖੁਲਾਸਾ ਕਰ ਕੇ ਵਿਸ਼ਵ ਭਰ ਵਿਚ ਤਹਿਲਕਾ ਮਚਾ ਦਿੱਤਾ ਸੀ। ਪਨਾਮਾ ਦੀ ਇਕ ਕਾਨੂੰਨੀ ਕੰਪਨੀ ‘ਮੌਸੇਕ ਫੋਂਸੇਕਾ’ ਦੇ ਸਰਵਰ ਨੂੰ 2013 ਵਿਚ ਹੈਕ ਕਰਨ ਪਿੱਛੋਂ ਇਹ ਖੁਲਾਸਾ ਹੋਇਆ ਸੀ।
ਇਸ ਵਿਚ ਪੱਤਰਕਾਰਾਂ ਦੇ ਇਸ ਸਮੂਹ ਨੇ 100 ਮੀਡੀਆ ਗਰੁੱਪ ਦੇ ਪੱਤਰਕਾਰਾਂ ਨੂੰ ਲਗਭਗ ਇਕ ਕਰੋੜ 10 ਲੱਖ ਦਸਤਾਵੇਜ਼ਾਂ ਦਿਖਾਏ ਗਏ। ਕਿਸੇ ਅਣਪਛਾਤੇ ਸੂਤਰ ਦੇ ਹਵਾਲੇ ਨਾਲ ਆਈæਸੀæਆਈæਜੇæ ਨੇ ਪਨਾਮਾ ਪੇਪਰਜ਼ ਲੀਕ ਦੇ ਨਾਂ ਹੇਠ ਵਿਦੇਸ਼ਾਂ ਵਿਚ ਪੈਸਾ ਰੱਖਣ ਵਾਲੇ ਲੋਕਾਂ ਦੀ ਸੂਚੀ ਜਾਰੀ ਕਰ ਦਿੱਤੀ । ਉਪਲਬਧ ਦਸਤਾਵੇਜ਼ਾਂ ਦੀ ਡੂੰਘੀ ਛਾਣਬੀਣ ਵਿਚ ਲਗਭਗ 140 ਸਿਆਸੀ ਨੇਤਾਵਾਂ, ਫਿਲਮੀ ਸਨਅਤ, ਖੇਡ ਜਗਤ ਨਾਲ ਜੁੜੀਆਂ ਹਸਤੀਆਂ ਤੋਂ ਇਲਾਵਾ ਅਰਬਪਤੀਆਂ ਦੀ ਲੁਕੀ ਆਮਦਨ ਦਾ ਪਤਾ ਲੱਗਾ।
ਇਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਂ ਤੋਂ ਇਲਾਵਾ 500 ਦੇ ਲਗਭਗ ਭਾਰਤੀਆਂ ਦੇ ਨਾਮ ਵੀ ਸ਼ਾਮਲ ਹਨ। ਪਨਾਮਾ ਪੇਪਰਜ਼ ਲੀਕ ਜਾਂਚ ਵਿਚ 1977 ਤੋਂ ਲੈ ਕੇ 2016 ਤੱਕ ਕਰੀਬ 40 ਸਾਲ ਦੇ ਦਸਤਾਵੇਜ਼ਾਂ ਦਾ ਖੁਲਾਸਾ ਹੋਇਆ। ਪਨਾਮਾ ਦੀ ਕੰਪਨੀ ਕੋਲ ਇਕ ਕਰੋੜ 15 ਲੱਖ ਗੁਪਤ ਫਾਈਲਾਂ ਦਾ ਭੰਡਾਰ ਹੈ। ਇਨ੍ਹਾਂ ਵਿਚ 2,14,000 ਕੰਪਨੀਆਂ ਬਾਰੇ ਜਾਣਕਾਰੀ ਹੈ। ਇਸ ਵਿਚ ਪੰਜ ਦੇਸ਼ਾਂ ਅਰਜਨਟੀਨਾ, ਆਈਸਲੈਂਡ, ਸਾਊਦੀ ਅਰਬ, ਯੂਕਰੇਨ, ਸੰਯੁਕਤ ਅਰਬ ਅਮੀਰਾਤ ਤੋਂ ਇਲਾਵਾ 40 ਦੇਸ਼ਾਂ ਦੀਆਂ ਸਰਕਾਰਾਂ ਨਾਲ ਜੁੜੇ ਲੋਕਾਂ ਬਾਰੇ ਜਾਣਕਾਰੀ ਹੈ।