ਭਗਵਾ ਬ੍ਰਿਗੇਡ ਖਿਲਾਫ ਖੜ੍ਹਾ ਹੋਇਆ ‘ਮਹਾਂਗੱਠਜੋੜ’ ਢਹਿ-ਢੇਰੀ

ਪਟਨਾ: ਬਿਹਾਰ ਦੀ ਸਿਆਸੀ ਉਥਲ-ਪੁਥਲ ਅਤੇ ਨਿਤੀਸ਼ ਕੁਮਾਰ ਵੱਲੋਂ ਅਚਾਨਕ ਮਹਾਂਗਠਬੰਧਨ ਤੋੜਨ ਦੇ ਫੈਸਲੇ ਨਾਲ 2019 ਦੀਆਂ ਆਮ ਚੋਣਾਂ ਵਿਚ ਭਗਵਾ ਬ੍ਰਿਗੇਡ ਨੂੰ ਰੋਕਣ ਤੇ ਆਰæਐਸ਼ਐਸ਼ ਨੂੰ ਖੁੰਝੇ ਲਾਉਣ ਦੇ ਦਾਅਵੇ ਵੀ ਧਰੇ ਧਰਾਏ ਰਹਿ ਗਏ ਹਨ। ਵਿਰੋਧੀ ਧਿਰ ਦੇ ‘ਮਹਾਂਗੱਠਜੋੜ’ ਨੂੰ ਢਹਿਢੇਰੀ ਕਰ ਕੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਨੇ ਫਿਰ ਭਾਜਪਾ ਦੀ ਹਮਾਇਤ ਸਹਾਰੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਨਿਤੀਸ਼ ਚਾਰ ਸਾਲਾਂ ਤੋਂ ਸੰਘ ਮੁਕਤ ਭਾਰਤ ਸਥਾਪਤ ਕਰਨ ਦੀ ਗੱਲ ਕਰਦੇ ਆ ਰਹੇ ਸਨ।

ਹੁਣ ਅਚਾਨਕ ਖੁਦ ਹੀ ਉਸੇ ਸੰਘ ਦੀ ਸ਼ਰਨ ‘ਚ ਪਹੁੰਚ ਗਏ। ਉਨ੍ਹਾਂ ਦੇ ਕੱਟੜ ਹਮਾਇਤੀ ਵੀ ਅਜਿਹੀ ਅਚਨਚੇਤੀ ਕਲਾਬਾਜ਼ੀ ਲਈ ਤਿਆਰ ਨਹੀਂ ਸਨ। ਲਾਲੂ ਦੀ ਥਾਂ ਨਰੇਂਦਰ ਮੋਦੀ ਦਾ ਹੱਥ ਫੜ ਕੇ ਉਹ ਹੁਣ ਬਿਹਾਰ ਲਈ ਵੱਧ ਕੇਂਦਰੀ ਮਾਇਕ ਮਦਦ ਯਕੀਨੀ ਬਣਾ ਸਕਦੇ ਹਨ, ਪਰ ਰਾਜਸੀ ਮੌਕਾਪ੍ਰਸਤੀ ਤੇ ਤਿਲਕਵੀਂ ਵਫਾਦਾਰੀ ਦੇ ਦੋਸ਼ਾਂ ਤੋਂ ਪਿੱਛਾ ਨਹੀਂ ਛੁਡਾ ਸਕਣਗੇ। ਭਾਜਪਾ ਲਈ ਇਹ ਸਥਿਤੀ ਕਾਫੀ ਸੁਖਾਵੀਂ ਹੈ।
‘ਮਹਾਂਗੱਠਜੋੜ’ ਛੱਡ ਕੇ ਅਸਤੀਫਾ ਦੇਣ ਤੋਂ ਮਹਿਜ਼ 12 ਘੰਟਿਆਂ ਬਾਅਦ ਹੀ ਉਹ ਮੁੜ ਹਲਫ ਲੈ ਕੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹੋ ਗਏ। ਰਾਜ ਭਵਨ ਵਿਚ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਮੋਦੀ ਨੇ ਵੀ ਹਲਫ਼ ਲਿਆ, ਜੋ ਉਪ ਮੁੱਖ ਮੰਤਰੀ ਹੋਣਗੇ। ਸ੍ਰੀ ਨਿਤੀਸ਼ ਕੁਮਾਰ ਨੇ ਮੁਸਲਮਾਨਾਂ ਦੀਆਂ ਵੋਟਾਂ ‘ਤੇ ਨਜ਼ਰ ਰੱਖਦਿਆਂ 2013 ਵਿਚ ਭਾਜਪਾ ਤੋਂ ਆਪਣਾ 17 ਸਾਲ ਪੁਰਾਣਾ ਗੱਠਜੋੜ ਉਦੋਂ ਤੋੜ ਲਿਆ ਸੀ, ਜਦੋਂ ਭਾਜਪਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (ਉਦੋਂ ਗੁਜਰਾਤ ਦੇ ਮੁੱਖ ਮੰਤਰੀ) ਨੂੰ 2014 ਦੀਆਂ ਆਮ ਚੋਣਾਂ ਲਈ ਆਪਣੀ ਪ੍ਰਚਾਰ ਕਮੇਟੀ ਦਾ ਮੁਖੀ ਬਣਾਉਣ ਦੀ ਤਿਆਰੀ ਕੀਤੀ ਸੀ, ਪਰ ਹੁਣ ਮੁੜ ਉਨ੍ਹਾਂ ਐਨæਡੀæਏæ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਦੇਸ਼ ਭਰ ਵਿਚ ਅਸਹਿਣਸ਼ੀਲਤਾ ਤੇ ਖਾਸਕਰ ਹਜੂਮੀ ਮੌਤਾਂ ਦੇ ਮੁੱਦੇ ‘ਤੇ ਭਾਜਪਾ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਜੇæਡੀæ(ਯੂ) ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਦੀ ਹਮਾਇਤ ਦਾ ਐਲਾਨ ਵੀ ਕੀਤਾ ਹੈ।
ਅਸਲ ਵਿਚ, ਬਿਹਾਰ ਵਿਚ ਜੋ ਸਿਆਸੀ ਘਟਨਾਕ੍ਰਮ ਵਾਪਰਿਆ ਹੈ, ਉਸ ਬਾਰੇ ਕਿਆਸਅਰਾਈਆਂ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀਆਂ ਸਨ। ਭ੍ਰਿਸ਼ਟਾਚਾਰ ਦੇ ਕੇਸ ਵਿਚ ਫਸੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਅਸਤੀਫੇ ਦੀ ਮੰਗ ਉਸ ਦੇ ਪਿਤਾ ਤੇ ਰਾਸ਼ਟਰੀ ਜਨਤਾ ਦਲ (ਆਰæਜੇæਡੀæ) ਸੁਪਰੀਮੋ ਲਾਲੂ ਯਾਦਵ ਵੱਲੋਂ ਰੱਦ ਕੀਤੇ ਜਾਣ ਦੇ ਇਕ ਘੰਟੇ ਦੇ ਅੰਦਰ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਇਸ ਦੇ ਕਾਰਨ ਬਿਆਨਣ ਲਈ ਮੀਡੀਆ ਨੂੰ ਸੰਬੋਧਨ ਕੀਤਾ, ਉਸ ਮਗਰੋਂ ਭਾਜਪਾ ਆਗੂ ਸੁਸ਼ੀਲ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਫਿਰ ਆਪਣੀ ਪਾਰਟੀ ਜੇæਡੀæਯੂæ ਦੇ ਵਿਧਾਇਕਾਂ ਅਤੇ ਐਨæਡੀæਏæ ਦੇ ਵਿਧਾਇਕਾਂ ਦੀ ਸਾਂਝੀ ਮੀਟਿੰਗ ਵਿਚ ਆਪਣੀ ਨੇਤਾਗਿਰੀ ‘ਤੇ ਮੋਹਰ ਲਵਾਈ। ਇਸ ਤੋਂ ਬਾਅਦ ਅੱਧੀ ਰਾਤ ਨੂੰ ਰਾਜ ਭਵਨ ਦਾ ਦਰਵਾਜ਼ਾ ਖੜਕਾ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਰਾਜਪਾਲ ਕੇਸਰੀ ਨਾਥ ਤ੍ਰਿਪਾਠੀ, ਜੋ ਕਿ ਪੱਛਮੀ ਬੰਗਾਲ ਦੇ ਰਾਜਪਾਲ ਵੀ ਹਨ, ਨੇ ਇਹ ਦਾਅਵਾ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਦੁਬਾਰਾ ਹਲਫ ਦਿਵਾ ਦਿੱਤਾ। ਉਨ੍ਹਾਂ ਦੇ ਨਾਲ ਸੁਸ਼ੀਲ ਮੋਦੀ ਨੂੰ ਉਪ ਮੁੱਖ ਮੰਤਰੀ ਥਾਪਿਆ ਗਿਆ ਹੈ। ਸਮੁੱਚੇ ਨਾਟਕੀ ਘਟਨਾਕ੍ਰਮ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਕਸੂਤਾ ਫਸਾਇਆ, ਉਥੇ ਸਿਰਫ ਭਾਜਪਾ ਦੇ ਦੋਵੇਂ ਹੱਥੀਂ ਲੱਡੂ ਆਏ।
_______________________________________
ਸ਼ਿਵ ਸੈਨਾ ਨੇ ਉਡਾਇਆ ਭਾਜਪਾ ਦਾ ਮਜ਼ਾਕ
ਮੁੰਬਈ: ਬਿਹਾਰ ਵਿਚ ਵਾਪਰੇ ਸਿਆਸੀ ਘਟਨਾਕ੍ਰਮ ‘ਤੇ ਗੁੱਝੀ ਸੱਟ ਮਾਰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਇੰਜ ਜਾਪਦਾ ਹੈ ਕਿ ਉਨ੍ਹਾਂ ਦੇ ਸਹਿਯੋਗੀ ਦਲ (ਭਾਜਪਾ) ਨੇ ਨਿਤੀਸ਼ ਕੁਮਾਰ ਨਾਲ ਗਠਜੋੜ ਕਰ ਕੇ ਪਾਕਿਸਤਾਨ ਨੂੰ ਖੁਸ਼ ਕਰ ਦਿੱਤਾ ਹੈ। ਸ਼ਿਵ ਸੈਨਾ ਦੇ ਰਸਾਲੇ ‘ਸਾਮਨਾ’ ਵਿਚ ਇਹ ਸਵਾਲ ਕੀਤਾ ਗਿਆ ਹੈ, ‘ਅਮਿਤ ਸ਼ਾਹ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਨਿਤੀਸ਼ ਕੁਮਾਰ ਜਿੱਤਿਆ ਤਾਂ ਪਾਕਿਸਤਾਨ ਜਸ਼ਨ ਮਨਾਏਗਾ। ਤਾਂ ਹੁਣ ਕੀ ਪਾਕਿਸਤਾਨ ਜਸ਼ਨ ਮਨਾ ਰਿਹਾ ਹੈ? ਇੰਜ ਜਾਪਦਾ ਹੈ ਕਿ ਭਾਜਪਾ ਨੇ ਨਿਤੀਸ਼ ਨਾਲ ਗਠਜੋੜ ਕਰ ਕੇ ਪਾਕਿਸਤਾਨ ਨੂੰ ਆਪੇ ਹੀ ਖੁਸ਼ ਕਰ ਦਿੱਤਾ ਹੈ।”
_______________________________________
ਨਿਤੀਸ਼ ਨੇ ਫਿਰਕੂ ਤਾਕਤਾਂ ਨਾਲ ਹੱਥ ਮਿਲਾਇਆ: ਰਾਹੁਲ
ਨਵੀਂ ਦਿੱਲੀ: ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸੱਤਾ ਲਈ ਕੁਝ ਵੀ ਕਰ ਸਕਦੇ ਹਨ। ਹਿੰਦੁਸਤਾਨ ਦੀ ਸਿਆਸਤ ਦੀ ਇਹੋ ਸਮੱਸਿਆ ਹੈ। ਆਪਣੇ ਸਵਾਰਥ ਲਈ ਵਿਅਕਤੀ ਕੁਝ ਵੀ ਕਰ ਸਕਦਾ ਹੈ। ਰਾਹੁਲ ਨੇ ਨਿਤੀਸ਼ ਵੱਲੋਂ ਗੱਠਜੋੜ ਵਿਚੋਂ ਨਿਕਲਣ ਨੂੰ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਨਿਤੀਸ਼ ਨੂੰ ਫਿਰਕੂਵਾਦੀ ਤਾਕਤਾਂ ਨਾਲ ਲੜਨ ਲਈ ਲੋਕਾਂ ਦਾ ਫਤਵਾ ਮਿਲਿਆ ਸੀ ਪਰ ਉਨ੍ਹਾਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਉਨ੍ਹਾਂ ਹੀ ਤਾਕਤਾਂ ਦੇ ਨਾਲ ਹੱਥ ਮਿਲਾ ਲਿਆ।
_______________________________________
ਲਾਲੂ ਯਾਦਵ ਦੇ ਪਰਿਵਾਰ ਖਿਲਾਫ ਸ਼ਿਕੰਜਾ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੇ ਯੂæਪੀæਏæ ਹਕੂਮਤ ਦੌਰਾਨ ਰੇਲਵੇ ਹੋਟਲ ਅਲਾਟਮੈਂਟ ਸਬੰਧੀ ਭ੍ਰਿਸ਼ਟਾਚਾਰ ਦੇ ਇਕ ਕੇਸ ਵਿਚ ਆਰæਜੇæਡੀæ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਖਿਲਾਫ਼ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਈæਡੀæ ਨੇ ਇਹ ਕਾਰਵਾਈ ਸੀæਬੀæਆਈæ ਵੱਲੋਂ ਉਨ੍ਹਾਂ ਖਿਲਾਫ਼ ਦਰਜ ਕੀਤੀ ਗਈ ਐਫ਼ਆਈæਆਰæ ਦੇ ਮੱਦੇਨਜ਼ਰ ਕੀਤੀ ਹੈ।