ਇਟਲੀ ਸਰਕਾਰ ਵੱਲੋਂ ਪ੍ਰਵਾਨ ਕਿਰਪਾਨ ਨੂੰ ਨਾ ਮਿਲੀ ਮਾਨਤਾ

ਅੰਮ੍ਰਿਤਸਰ: ਇਟਲੀ ਦੀ ਸਰਕਾਰ ਵੱਲੋਂ ਉਥੇ ਰਹਿੰਦੇ ਅੰਮ੍ਰਿਤਧਾਰੀ ਸਿੱਖਾਂ ਵਾਸਤੇ ਪ੍ਰਵਾਨ ਕੀਤੀ ਵਿਸ਼ੇਸ਼ ਕਿਸਮ ਦੀ ਕਿਰਪਾਨ ਨੂੰ ਸ੍ਰੀ ਅਕਾਲ ਤਖਤ ਵੱਲੋਂ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ ਗਈ। ਇਟਲੀ ਦੇ ਸਿੱਖਾਂ ਵੱਲੋਂ ਨਮੂਨੇ ਵਜੋਂ ਭੇਜੀ ਇਸ ਕਿਰਪਾਨ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਰੱਦ ਕਰ ਦਿੱਤਾ ਹੈ ਅਤੇ ਸਿੱਖਾਂ ਨੂੰ ਆਖਿਆ ਕਿ ਉਹ ਇਸ ਦੀ ਥਾਂ ਛੋਟੇ ਆਕਾਰ ਵਾਲੀ ਕਿਰਪਾਨ ਦੀ ਪ੍ਰਵਾਨਗੀ ਲੈਣ ਦਾ ਯਤਨ ਕਰਨ।

ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ। ਇਕੱਤਰਤਾ ਉਪਰੰਤ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਟਲੀ ਦੀ ਇਕ ਕੰਪਨੀ ਵੱਲੋਂ ਪੇਸ਼ ਕੀਤੇ ਕਿਰਪਾਨ ਦੇ ਨਮੂਨੇ ਨੂੰ ਇਤਿਹਾਸਕ ਸਰੋਤਾਂ ਮੁਤਾਬਕ ਵਾਚਿਆ ਗਿਆ ਹੈ। ਇਸ ਸਬੰਧੀ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੀ ਰਾਇ ਵੀ ਲਈ, ਜਿਸ ਮਗਰੋਂ ਇਸ ਕਿਰਪਾਨ ਦੇ ਨਮੂਨੇ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਕਿਰਪਾਨ ਨੂੰ ਇਕ ਸ਼ਸਤਰ ਵਜੋਂ ਪਹਿਨਣ ਲਈ ਆਦੇਸ਼ ਕੀਤਾ ਗਿਆ ਹੈ ਪਰ ਇਟਲੀ ਵਾਲੀ ਕਿਰਪਾਨ ਅਜਿਹੀ ਧਾਤ ਦੀ ਬਣੀ ਹੋਈ ਹੈ, ਜਿਸ ਦਾ ਮਜ਼ਬੂਤੀ ਪੱਖੋਂ ਕੋਈ ਆਧਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਇਟਲੀ ਦੇ ਸਿੱਖ ਛੋਟੇ ਆਕਾਰ ਦੀ ਕਿਰਪਾਨ ਵੀ ਪਹਿਨ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਛੋਟੀ ਕਿਰਪਾਨ ਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ। ਦੱਸਣਯੋਗ ਹੈ ਕਿ 26 ਜੂਨ ਨੂੰ ਇਟਲੀ ਵਾਸੀ ਸੁਖਦੇਵ ਸਿੰਘ ਕੰਗ ਤੇ ਹੋਰਨਾਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਨ੍ਹਾਂ ਕਿਰਪਾਨਾਂ ਦੇ ਨਮੂਨੇ ਪੇਸ਼ ਕਰਦਿਆਂ ਦੱਸਿਆ ਸੀ ਕਿ ਇਟਲੀ ਸਰਕਾਰ ਵੱਲੋਂ ਪ੍ਰਵਾਨ ਕੀਤੀ ਇਸ ਕਿਰਪਾਨ ਨੂੰ ਉਥੇ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਪਹਿਨਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸਾ ਵੱਲੋਂ ਭੇਟ ਕੀਤੇ ਹੱਥ ਲਿਖਤ ਸਰੂਪ ਦਾ ਬਿਨਾਂ ਸੁਧਾਈ ਕੀਤਿਆਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਖੰਡ ਪਾਠਾਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਲੇਖਕ ਨੂੰ ਸ੍ਰੀ ਅਕਾਲ ਤਖਤ ਉਤੇ ਤਲਬ ਕੀਤਾ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖਤ ਵੱਲੋਂ ਜਾਂਚ ਲਈ ਬਣਾਈ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਹੱਥ ਲਿਖਤ ਸਰੂਪ ਵਿਚ ਕਈ ਤਰੁੱਟੀਆਂ ਹਨ। ਰਿਪੋਰਟ ਵਿਚ ਤਖਤ ਦੇ ਮੈਨੇਜਰ ਜਗਜੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਖੰਡ ਪਾਠਾਂ ਦੇ ਇੰਚਾਰਜ ਜਰਨੈਲ ਸਿੰਘ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਤਿੰਨਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਲੇਖਕ ਜਸਵੰਤ ਸਿੰਘ ਖੋਸਾ, ਹੈੱਡ ਗ੍ਰੰਥੀ ਅਤੇ ਇੰੰਚਾਰਜ ਅਖੰਡ ਪਾਠਾਂ ਨੂੰ ਸ੍ਰੀ ਅਕਾਲ ਤਖਤ ਵਿਖੇ ਤਲਬ ਵੀ ਕੀਤਾ ਹੈ।
ਇਕੱਤਰਤਾ ਵਿਚ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੀਆਂ ਪੁਸਤਕਾਂ ਦਾ ਮਾਮਲਾ ਵੀ ਵਿਚਾਰਿਆ ਗਿਆ ਹੈ। ਜਾਂਚ ਕਮੇਟੀ ਦੀ ਰਿਪੋਰਟ ਵਿਚ ਵਿਦਵਾਨਾਂ ਨੇ ਦੋਸ਼ ਲਾਇਆ ਕਿ ਲੇਖਕ ਨੇ ਆਪਣੀਆਂ ਪੁਸਤਕਾਂ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਨੀਵੇਂ ਪੱਧਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਮਾਮਲੇ ਵਿਚ ਲੇਖਕ ਨੂੰ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ। ਜਦੋਂ ਤੱਕ ਲੇਖਕ ਸਪੱਸ਼ਟੀਕਰਨ ਨਹੀਂ ਦਿੰਦਾ, ਉਦੋਂ ਤੱਕ ਕਿਤਾਬਾਂ ‘ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਹਨ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਰਾਂ ਵਿਚ ਬੀਤੇ ਦਿਨ ਕੁਝ ਮੁਲਾਜ਼ਮਾਂ ਨੂੰ ਇਕ ਕੁੜੀ ਸਮੇਤ ਕਾਬੂ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਖਿਆ ਕਿ ਕਿਰਦਾਰ ਤੋਂ ਡਿੱਗੇ ਮੁਲਾਜ਼ਮਾਂ ਦੀ ਪੁਸ਼ਤਪਨਾਹੀ ਨਾ ਕੀਤੀ ਜਾਵੇ।
______________________________________
ਸਿੰਘ ਸਾਹਿਬਾਨ ਦਾ ਤਰਕ
ਅੰਮ੍ਰਿਤਸਰ: ਇਟਲੀ ਵਾਲੀ ਕਿਰਪਾਨ ਅਜਿਹੀ ਧਾਤ ਦੀ ਬਣੀ ਹੋਈ ਹੈ, ਜਿਸ ਦਾ ਮਜ਼ਬੂਤੀ ਪੱਖੋਂ ਕੋਈ ਆਧਾਰ ਨਹੀਂ ਹੈ। ਇਹ ਇੰਨੀ ਨਰਮ ਹੈ ਕਿ ਥੋੜ੍ਹੇ ਜਿਹੇ ਦਬਾਅ ਨਾਲ ਹੀ ਮੁੜ ਜਾਂਦੀ ਹੈ। ਇਸ ਨੂੰ ਸ਼ਸਤਰ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ। ਉਂਝ ਵੀ ਇਹ ਕਿਰਪਾਨ ਦੋ ਹਿੱਸਿਆ ਵਿਚ ਬਣਾ ਕੇ ਜੋੜੀ ਹੋਈ ਹੈ। ਇਸ ਦਾ ਇਕ ਹਿੱਸਾ ਮੁੱਠ ਵਜੋਂ ਅਤੇ ਇਕ ਹਿੱਸਾ ਬਲੇਡ ਵਜੋਂ ਹੈ।