ਹਰਿਮੰਦਰ ਸਾਹਿਬ ‘ਚ ਬੀਬੀਆਂ ਦੇ ਕੀਰਤਨ ਦਾ ਮਸਲਾ ਭਖਿਆ

ਜਲੰਧਰ: ਸਿੱਖ ਧਰਮ ਵਿਚ ਔਰਤਾਂ ਨੂੰ ਬਰਾਬਰਤਾ ਅਤੇ ਹਰ ਤਰ੍ਹਾਂ ਦਾ ਸਨਮਾਨ ਦਿੱਤੇ ਜਾਣ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਾ ਦੇਣ ਦੀ ਰਵਾਇਤ ਖਿਲਾਫ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਆਵਾਜ਼ ਉਠਦੀ ਆ ਰਹੀ ਹੈ, ਪਰ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬਉਚ ਧਾਰਮਿਕ ਸ਼ਖਸੀਅਤ ਤਖਤਾਂ ਦੇ ਪੰਜ ਸਿੰਘ ਸਾਹਿਬਾਨ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ।

2000 ਵਿਚ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਸਮੇਂ ਇਹ ਮਾਮਲਾ ਉਠਿਆ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਇਕ ਬੀਬੀ ਬਣ ਸਕਦੀ ਹੈ ਤਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਵਿਚ ਬੀਬੀਆਂ ਦੇ ਕੀਰਤਨ ਕਰਨ ਦੀ ਮਨਾਹੀ ਕਿਉਂ ਹੈ। ਉਸ ਸਮੇਂ ਇਸ ਰਵਾਇਤ ਨੂੰ ਖਤਮ ਕਰਨ ਦੇ ਯਤਨ ਵੀ ਸ਼ੁਰੂ ਹੋਏ, ਪਰ ਬੀਬੀ ਨੂੰ ਪ੍ਰਧਾਨਗੀ ਤੋਂ ਫਾਰਗ ਕਰਨ ਨਾਲ ਗੱਲ ਉਥੇ ਹੀ ਰੁਕ ਗਈ। ਵਰਨਣਯੋਗ ਹੈ ਕਿ ਸਿੱਖ ਧਰਮ ‘ਚ ਬੀਬੀਆਂ ਨੂੰ ਗੁਰਦੁਆਰਿਆਂ ਵਿਚ ਜਾਣ, ਸਰੋਵਰਾਂ ‘ਚ ਇਸ਼ਨਾਨ ਕਰਨ, ਲੰਗਰ ‘ਚ ਜਾਣ ਤੇ ਸੇਵਾ ਕਰਨ ਅਤੇ ਇਥੋਂ ਤੱਕ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਬਾਕੀ ਸਭ ਥਾਵਾਂ ਉਪਰ ਕੀਰਤਨ ਕਰਨ ਦੀ ਵੀ ਖੁੱਲ੍ਹ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਬੀਬੀਆਂ ਨੂੰ ਕੀਰਤਨ ਕਰਨ ਬਾਰੇ ਮਨਾਹੀ ਦਾ ਕਦੇ ਕੋਈ ਫੈਸਲਾ ਨਹੀਂ ਹੋਇਆ।
ਲੰਬੇ ਸਮੇਂ ਤੋਂ ਇਹ ਰਵਾਇਤ ਚਲੀ ਆ ਰਹੀ ਹੈ। ਰਵਾਇਤ ਬਦਲਣ ਲਈ ਸਮਾਂ ਵੀ ਚਾਹੀਦਾ ਹੈ ਤੇ ਉਥੇ ਹਜ਼ੂਰੀ ਰਾਗੀ ਵਜੋਂ ਕੀਰਤਨ ‘ਚ ਮਾਹਰ ਤੇ ਸਮਰੱਥ ਬੀਬੀਆਂ ਵੀ ਚਾਹੀਦੀਆਂ ਹਨ। ਉਂਜ ਬੀਬੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਰਗਰਮੀ ‘ਚ ਸ਼ਾਮਲ ਹੋਣ ਤੇ ਅਗਵਾਈ ਕਰਨ ਦੀ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਪਣੇ ਕਾਰਜਕਾਲ ‘ਚ ਕੀਰਤਨ ਕਰਨ ਵਾਲੀਆਂ ਬੀਬੀਆਂ ਦੇ ਨਾਂ ਮੰਗੇ ਸਨ ਪਰ ਕਿਸੇ ਨੇ ਵੀ ਦਰਖਾਸਤ ਨਹੀਂ ਸੀ ਦਿੱਤੀ।
ਸ਼੍ਰੋਮਣੀ ਕਮੇਟੀ ‘ਚ ਅਹਿਮ ਅਹੁਦਿਆਂ ਉਪਰ ਰਹਿ ਚੁੱਕੇ ਬੀਬੀ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਕੀਰਤਨ ਬਾਰੇ ਰਵਾਇਤ ਕੋਈ ਸਿਧਾਂਤਕ ਮਸਲਾ ਨਹੀਂ। ਸਮਾਜਿਕ ਤਬਦੀਲੀਆਂ ਦੇ ਨਾਲ-ਨਾਲ ਸਾਨੂੰ ਅਜਿਹੀਆਂ ਰਵਾਇਤਾਂ ਨੂੰ ਵੀ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਮਹੰਤਾਂ ਦੇ ਕਬਜ਼ੇ ਸਮੇਂ ਔਰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਹੇਠਲੀ ਮੰਜ਼ਿਲ ਉਤੇ ਬੈਠਣ ਦੀ ਮਨਾਹੀ ਸੀ ਤੇ ਉਹ ਪਹਿਲੀ ਮੰਜ਼ਿਲ ਉਪਰ ਹੀ ਬੈਠ ਸਕਦੀਆਂ ਸਨ। ਸਮੇਂ ਦੇ ਨਾਲ ਇਹ ਰਵਾਇਤ ਬਦਲ ਗਈ। ਉਚ ਧਾਰਮਿਕ ਹਲਕਿਆਂ ‘ਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਹੈ ਕਿ ਸਿਆਸੀ ਦਬਾਅ ਹੇਠ ਅਨੇਕਾਂ ਧਾਰਮਿਕ ਮਸਲਿਆਂ ਬਾਰੇ ਫੈਸਲੇ ਝੱਟ ਲਏ ਜਾਂਦੇ ਹਨ, ਪਰ ਇਸ ਮਾਮਲੇ ਬਾਰੇ ਕਿਸੇ ਉਚ ਸਿਆਸੀ ਸ਼ਕਤੀ ਜਾਂ ਉਸ ਦੇ ਚਹੇਤੇ ਦੀ ਕੋਈ ਮਜਬੂਰੀ ਨਹੀਂ।
____________________________________
ਕੀ ਕਹਿੰਦੇ ਨੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਹੇਠ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸਥਾਰ ‘ਚ ਗੱਲ ਕਰਨ ਦੀ ਬਜਾਏ ਇੰਨਾ ਹੀ ਆਖਿਆ ਕਿ ਕਿਸੇ ਨੇ ਅਜਿਹਾ ਮਾਮਲਾ ਅਕਾਲ ਤਖਤ ਅੱਗੇ ਪੇਸ਼ ਨਹੀਂ ਕੀਤਾ।