ਗਾਂ ਰੱਖਿਆ ਦੇ ਨਾਂ ‘ਤੇ ਵਧੀਕੀਆਂ ਵਧੀਆਂ

ਨਵੀਂ ਦਿੱਲੀ: ਚਾਲੂ ਸਾਲ ਦੇ ਸੱਤ ਮਹੀਨਿਆਂ ਦੌਰਾਨ ਗਊ ਰੱਖਿਆ ਦੇ ਨਾਂ ਉਤੇ ਵਾਪਰੀਆਂ ਹਿੰਸਕ ਘਟਨਾਵਾਂ ਤਹਿਤ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਦੋ ਔਰਤਾਂ ਉਤੇ ਗਊ ਦਾ ਮਾਸ ਲਿਜਾਣ ਦੇ ਸ਼ੱਕ ‘ਚ ਹੋਇਆ ਹਮਲਾ ਅਜਿਹਾ 26ਵਾਂ ਹਮਲਾ ਸੀ। ਪਹਿਲੀ ਅਪਰੈਲ ਨੂੰ ਭੀੜ ਵੱਲੋਂ ਪਹਿਲੂ ਖਾਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਉਸ ਦੀ ਮੌਤ ਨਾਲ ਇਨ੍ਹਾਂ ਹਮਲਿਆਂ ਦੀ ਗਿਣਤੀ 27 ਹੋ ਗਈ। ਭਾਰਤ ਵਿਚ ਅਜਿਹੀ ਹਿੰਸਾ ਦਾ ਰਿਕਾਰਡ ਰੱਖਣ ਵਾਲੇ ਡਾਟਾਬੇਸ ‘ਇੰਡੀਆ ਸਪੈਂਡ’ ਮੁਤਾਬਕ ਪਿਛਲੇ ਅੱਠ ਸਾਲਾਂ ‘ਚ ਇਹ ਗਿਣਤੀ ਸਭ ਤੋਂ ਵੱਧ ਹੈ। ਡਾਟਾਬੇਸ ਮੁਤਾਬਕ ਪਿਛਲੇ ਅੱਠ ਸਾਲਾਂ ਦੌਰਾਨ ਗਊ ਰੱਖਿਆ ਦੇ ਨਾਂ ਉਤੇ ਹੋਈ ਹਿੰਸਾ ਦੇ 70 ਕੇਸ ਸਾਹਮਣੇ ਆਏ ਹਨ।

ਅੰਗਰੇਜ਼ੀ ਮੀਡੀਆ ਦੀਆਂ ਰਿਪੋਰਟਾਂ ਦੇ ਮੁਲਾਂਕਣ ਤੋਂ ਬਾਅਦ ਤਿਆਰ ਡਾਟਾਬੇਸ ਮੁਤਾਬਕ 97 ਫੀਸਦੀ (70 ਵਿਚੋਂ 68) ਮਾਮਲੇ ਮਈ 2014 ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਸਾਹਮਣੇ ਆਏ ਹਨ। ਅਜਿਹੇ ਮਾਮਲਿਆਂ ਵਿਚੋਂ ਅੱਧਿਓਂ ਵੱਧ ਜਾਂ 54 ਫੀਸਦੀ ਭਾਜਪਾ ਸ਼ਾਸਿਤ ਰਾਜਾਂ ਤੋਂ ਹਨ। ਅੰਕੜਿਆਂ ਮੁਤਾਬਕ ਸਾਲ 2010 ਤੋਂ 2017 ਤੱਕ 51 ਫੀਸਦੀ ਮਾਮਲਿਆਂ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ਵਿਚ 86 ਫੀਸਦੀ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਵਿਚ 136 ਵਿਅਕਤੀ ਜ਼ਖ਼ਮੀ ਹੋ ਗਏ ਸਨ ਅਤੇ ਇਨ੍ਹਾਂ ਵਿਚੋਂ ਅੱਧਿਓਂ ਵੱਧ ਅਫਵਾਹ ਦੇ ਆਧਾਰ ‘ਤੇ ਹੀ ਕੀਤੇ ਗਏ ਸਨ।
ਸਰਕਾਰ ਵੱਲੋਂ 25 ਜੁਲਾਈ ਨੂੰ ਲੋਕ ਸਭਾ ਵਿਚ ਦਿੱਤੇ ਗਏ ਬਿਆਨ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ ਗਊ ਰੱਖਿਆ ਦੇ ਨਾਂ ਉਤੇ ਵਾਪਰੇ ਹਿੰਸਕ ਮਾਮਲਿਆਂ ‘ਚ ਹੋਏ ਵਾਧੇ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰੇ ਗਏ ਵਿਅਕਤੀਆਂ ਸਬੰਧੀ ਕੋਈ ਡਾਟਾ ਇਕੱਠਾ ਨਹੀਂ ਕੀਤਾ ਗਿਆ। ਨੈਸ਼ਨਲ ਜਾਂ ਸਟੇਟ ਕ੍ਰਾਈਮ ਡਾਟਾ, ਸਧਾਰਨ ਹਿੰਸਾ ਅਤੇ ਗਊ ਰੱਖਿਆ ਦੇ ਨਾਂ ਉਤੇ ਹੁੰਦੇ ਹਮਲਿਆਂ ਤੇ ਭੀੜ ਵੱਲੋਂ ਕੁੱਟ ਕੁੱਟ ਕੇ ਮਾਰੇ ਗਏ ਵਿਅਕਤੀਆਂ ਦੇ ਮਾਮਲਿਆਂ ‘ਚ ਕੋਈ ਫਰਕ ਨਹੀਂ ਕਰਦਾ। ਇਸ ਕਰ ਕੇ ‘ਇੰਡੀਆ ਸਪੈਂਡ ਦਾ ਡਾਟਾਬੇਸ’ ਅਜਿਹੀ ਹਿੰਸਾ ਉਤੇ ਹੋਣ ਵਾਲੀਆਂ ਬਹਿਸਾਂ ਲਈ ਅਜਿਹਾ ਪਹਿਲਾ ਅੰਕੜਾ ਅਧਾਰਤ ਡਾਟਾਬੇਸ ਹੈ।
__________________________________________
‘ਵੰਦੇ ਮਾਤਰਮ’ ਬਾਰੇ ਹੁਕਮ ‘ਤੇ ਸਿਆਸੀ ਕਸ਼ਮਕਸ਼
ਮੁੰਬਈ: ਮਦਰਾਸ ਹਾਈ ਕੋਰਟ ਵੱਲੋਂ ‘ਵੰਦੇ ਮਾਤਰਮ’ ਗਾਉਣ ਬਾਰੇ ਦਿੱਤੇ ਫੈਸਲੇ ਨਾਲ ਮਹਾਰਾਸ਼ਟਰ ਵਿਚ ਸਿਆਸੀ ਕਸ਼ਮਕਸ਼ ਸ਼ੁਰੂ ਹੋ ਗਈ ਹੈ। ਭਾਜਪਾ ਦਾ ਇਕ ਵਿਧਾਇਕ ਇਸ ਨੂੰ ਰਾਜ ਦੇ ਸਕੂਲਾਂ ਤੇ ਕਾਲਜਾਂ ਵਿਚ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ, ਜਦੋਂ ਕਿ ਕੁਝ ਹੋਰ ਪਾਰਟੀਆਂ ਦੇ ਕਾਨੂੰਨਸਾਜ਼ ਅਜਿਹੇ ਕਿਸੇ ਕਦਮ ਦਾ ਵਿਰੋਧ ਕਰ ਰਹੇ ਹਨ। ਆਲ ਇੰਡੀਆ ਮਜਲਿਸ-ਏ-ਇਤਹਾਦ-ਉੱਲ ਮੁਸਲਮੀਨ ਦੇ ਮੁੰਬਈ ਤੋਂ ਵਿਧਾਇਕ ਵਾਰਿਸ ਪਠਾਨ ਨੇ ਕਿਹਾ ਕਿ ਭਾਵੇਂ ਕੋਈ ਉਸ ਦੇ ਸਿਰ ਉਤੇ ਪਿਸਤੌਲ ਵੀ ਤਾਣ ਲਵੇ ਤਾਂ ਵੀ ਉਹ ਕੌਮੀ ਗੀਤ ਨਹੀਂ ਗਾਏਗਾ। ਸਮਾਜਵਾਦੀ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਤੇ ਵਿਧਾਇਕ ਅਬੂ ਆਸਿਮ ਆਜ਼ਮੀ ਨੇ ਕਿਹਾ ਕਿ ਭਾਵੇਂ ਉਸ ਨੂੰ ਦੇਸ਼ ਤੋਂ ਬਾਹਰ ਸੁੱਟ ਦਿੱਤਾ ਜਾਵੇ ਤਾਂ ਵੀ ਉਹ ਨਹੀਂ ਗਾਏਗਾ। ਇਹ ਪ੍ਰਤੀਕਿਰਿਆ ਭਾਜਪਾ ਦੇ ਸੀਨੀਅਰ ਵਿਧਾਇਕ ਰਾਜ ਪੁਰੋਹਿਤ ਦੀ ਮੰਗ ਦੇ ਪਿਛੋਕੜ ਵਿਚ ਆਈ, ਜਿਸ ਨੇ ਮਦਰਾਸ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਮਹਾਰਾਸ਼ਟਰ ਦੇ ਸਕੂਲਾਂ ਤੇ ਕਾਲਜਾਂ ਵਿਚ ਵੰਦੇ ਮਾਤਰਮ ਗਾਉਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਯਾਦ ਰਹੇ ਕਿ ਮਦਰਾਸ ਹਾਈ ਕੋਰਟ ਨੇ ਕਿਹਾ ਸੀ ਕਿ ਤਾਮਿਲਨਾਡੂ ਦੇ ਸਕੂਲਾਂ ਵਿਚ ਹਫਤੇ ਵਿਚ ਘੱਟੋ ਘੱਟ ਦੋ ਵਾਰ ਕੌਮੀ ਗੀਤ ਗਾਉਣਾ ਲਾਜ਼ਮੀ ਬਣਾਇਆ ਜਾਵੇ। ਵਿਧਾਨ ਸਭਾ ਵਿਚ ਭਾਜਪਾ ਦੇ ਚੀਫ ਵਿੱਪ੍ਹ ਪੁਰੋਹਿਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਮਿਲਣਗੇ ਅਤੇ ਉਨ੍ਹਾਂ ਤੋਂ ਸਮਾਗਮਾਂ ਮੌਕੇ ਕੌਮੀ ਗੀਤ ਗਾਉਣਾ ਲਾਜ਼ਮੀ ਕਰਨ ਲਈ ਦਖਲ ਦੇਣ ਦੀ ਮੰਗ ਕਰਨਗੇ।