ਗੌਤਮ ਤੋਂ ਤਾਸਕੀ ਤੱਕ

ਪ੍ਰੋæ ਹਰਪਾਲ ਸਿੰਘ ਪੰਨੂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਨਸਰ (ਵਾਰਤਕ) ਨੂੰ ਭਾਗ ਲਾਉਂਦੀਆਂ ਕਈ ਕਿਤਾਬਾਂ ਉਪਰੋਥਲੀ ਸਾਹਿਤ ਜਗਤ ਨੂੰ ਦਿੱਤੀਆਂ ਹਨ। ਇਨ੍ਹਾਂ ਕਿਤਾਬਾਂ ਦਾ ਆਪਣਾ ਰੰਗ ਅਤੇ ਨਿਵੇਕਲਾ ਹੀ ਢੰਗ ਹੈ। ਪਟਿਆਲੇ ਵੱਸਦੇ ਪ੍ਰੋæ ਮੇਵਾ ਸਿੰਘ ਤੁੰਗ ਨੇ ਪ੍ਰੋæ ਪੰਨੂ ਦੀ ਇਕ ਕਿਤਾਬ ‘ਗੌਤਮ ਤੋਂ ਤਾਸਕੀ ਤੱਕ’ ਬਾਰੇ ਤਬਸਰਾ ਆਪਣੇ ਇਸ ਲੇਖ ਵਿਚ ਕੀਤਾ ਹੈ ਅਤੇ ਪ੍ਰੋæ ਪੰਨੂ ਦੀ ਨਸਰ ਦੀ ਜਿਨ੍ਹਾਂ ਗੁਣਾਂ ਕਰ ਕੇ ਵਡਿਆਈ ਹੈ, ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਹੈ।

-ਸੰਪਾਦਕ
ਪ੍ਰੋæ ਮੇਵਾ ਸਿੰਘ ਤੁੰਗ
ਫੋਨ: +91-96462-47926
ਇਹ ਰਚਨਾ ਹਰਪਾਲ ਸਿੰਘ ਪੰਨੂ ਦੀ ਪੁਰਾਤਨ ਮਹਾਂਪੁਰਖਾਂ ਦੀਆਂ ਜੀਵਨੀਆਂ ਦੀ ਸੈਂਚੀ ਹੈ। ਇਸ ਵਿਚ ਵਧੇਰੇ ਕਰ ਕੇ ਮਹਾਨ ਹਸਤੀਆਂ ਦੇ ਜੀਵਨ ਪੇਸ਼ ਕੀਤੇ ਹਨ। ਨਵੀਨ ਅਤੇ ਮੌਲਿਕ ਤੌਰ ਤਰੀਕਿਆਂ ਨਾਲ ਲੇਖਕ ਨੇ ਆਪਣੇ ਅਨੁਭਵ ਦੀਆਂ ਛੋਹਾਂ ਦਿੰਦਿਆਂ ਜੋ ਕੁਝ ਪੁਰਾਣਾ ਹੈ, ਉਸ ਨੂੰ ਇਸ ਤਰ੍ਹਾਂ ਨਵਿਆ ਦਿੱਤਾ ਹੈ ਕਿ ਇਸ ਦੀ ਆਬ ਆਉਣ ਵਾਲੇ ਜੁਗਾਂ ਲਈ ਦੀਰਘਕਾਲੀ ਲਿਸ਼ਕ, ਚਮਕ ਅਤੇ ਜਲਵਾ ਜਲੌਅ ਦੇ ਜੀਵੰਤ ਰੰਗ ਤੇ ਸੁਗੰਧ ਬਿਖੇਰਨ ਦੇ ਸਮਰੱਥ ਹੋ ਗਈ ਹੈ। ਸਾਹਿਤ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਜੋ ਇਤਿਹਾਸਕਤਾ ਪੁਰਾਣੀ ਹੋ ਗਈ ਹੈ, ਉਸ ਨੂੰ ਕਰਤਾ ਨੇ ਕਰਤਾਰੀ ਕਰਾਮਾਤ ਦੇ ਕੇ ਇਸ ਤਰ੍ਹਾਂ ਨਵੀਨ ਬਣਾ ਦਿੱਤਾ ਹੈ ਕਿ ਉਹ ਸੱਜਰੀ ਸੁਗੰਧ ਪੂਰਨ ਮੌਲਿਕਤਾ ਦੀਆਂ ਲਾਟਾਂ ਛੱਡਦੀ ਹੋਈ, ਕਰਾਮਾਤ ਹੀ ਬਣ ਗਈ ਹੈ। ਹਥਲੀ ਸੈਂਚੀ ਦੇ ਸਾਰੇ ਲੇਖ ਇਸ ਕਥਨ ਨੂੰ ਸਿੱਧ ਕਰਦੇ ਹਨ। ਇਸ ਵਿਚਲਾ ਕੋਈ ਲੇਖ, ਵਿਚਾਰ ਹਿਤ ਚੁਣੋ, ਉਹ ਇਕੋ ਬਚਨ ਬੋਲੇਗਾ, ‘ਸਤਿ ਹੈ।’
ਅਸਾਂ ਸਭ ਤੋਂ ਪਹਿਲਾਂ ਪੰਨੂ ਦੇ ਲੇਖ ਰਣਜੀਤ ਸਿੰਘ ਦੀ ਚੋਣ ਕੀਤੀ ਹੈ ਜੋ ਉਕਤ ਭਾਸ਼ਾ ਬੋਲਦਾ ਹੈ ਅਤੇ ਪੰਨੂ ਦੇ ਸਾਹਸ, ਬਰੀਕਬੀਨੀ ਅਤੇ ਦੂਰਦ੍ਰਿਸ਼ਟੀ ਨੂੰ ਪੂਰਨ ਭਾਂਤ ਸਿੱਧ ਕਰਦਾ ਹੈ, ਨਾਲੇ ਨੀਰ-ਕਸ਼ੀਰ ਵਿਵੇਕ ਨਾਲ ਦੁੱਧ ਪੀ ਜਾਣਾ ਤੇ ਪਾਣੀ ਛੱਡ ਜਾਣਾ, ਇਹ ਹੰਸ ਦੇ ਹਿੱਸੇ ਆਇਆ ਹੈ। ਪੰਨੂ ਨੂੰ ਪ੍ਰਾਪਤ ਇਸ ਵਿਵੇਕ ਦੀ ਸਿੱਧੀ ਇਸ ਸੰਗ੍ਰਿਹ ਦੇ ਸਾਰੇ ਲੇਖ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਵੀ ਇਸੇ ਵੰਨਗੀ ਦਾ ਧਾਰਨੀ ਹੈ। ਅਗਲੀ ਚਰਚਾ ਤੋਂ ਪਹਿਲਾਂ ਤਜ਼ਕਰਾ ਰਣਜੀਤ ਸਿੰਘ ਦਾ ਹੀ ਦਿੱਤਾ ਹੈ।
ਪੰਨੂ ਨੇ ਆਪਣੇ ਨਾਗਸੈਨ ਵਾਲੇ ਲੇਖ ਵਿਚ ਮਹਾਸੈਨ ਵੱਲੋਂ ਨਾਗਸੈਨ ਬਣਨ ਵਾਸਤੇ ਪੁਨਰ ਜਨਮ ਦੀ ਕਥਾ ਬਖਾਨ ਕਰਦੇ ਹੋਏ ਇਸ ਨੂੰ ‘ਮਿਥ ਮੇਕਿੰਗ’ ਕਹਿ ਕੇ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਬਚਿਤ੍ਰ ਨਾਟਕ ਵਿਚ ਦਸਮ ਪਾਤਸ਼ਾਹ ਦਾ ਅਵਤਾਰ ਅਤੇ ਹੋਰ ਵਚਿਤਰ ਗੱਲਾਂ, ਜਿਵੇਂ ਦੇਵਾਂ ਦੈਂਤਾਂ ਦੀ ਲੜਾਈ ਵਿਚ ਮੁਸਲਮਾਨਾਂ ਅਤੇ ਸਿੱਖਾਂ ਦਾ ਹਿੱਸਾ ਲੈਣਾ, ਖੜਗ ਸਿੰਘ ਦਾ ਖੰਡਾ ਫੜ ਕੇ ਕ੍ਰਿਸ਼ਨ ਨਾਲ ਲੜਨਾ ਅਤੇ ਉਸ ਨੂੰ ਹਰਾਉਣਾ, ਮਿੱਥ ਰਚਨਾ ਦਾ ਤਜਰਬਾ ਹੈ ਜਿਸ ਵਿਚ ਸਨਾਤਨੀ ਹਿੰਦੂ ਵਿਚਾਰਧਾਰਾ ਨੂੰ ਗੁਰਮਤਿ ਦੇ ਪ੍ਰਸੰਗ ਵਿਚ ਉਲਥਾਇਆ ਗਿਆ ਹੈ ਅਤੇ ਉਸ ਦੇ ਭਵਿਖ ਵਾਚਕ ਅਰਥ ਕੱਢੇ ਗਏ ਹਨ ਜੋ ਕ੍ਰਿਸ਼ਨ ਭਗਤ ਹਿੰਦੂ ਪਹਾੜੀ ਰਾਜਿਆਂ ਦਾ ਮੁਗਲਾਂ ਨਾਲ ਮਿਲ ਕੇ ਯੁੱਧ ਲੜਨਾ ਹੈ ਜਿਸ ਵਿਚ ਗੁਰੂ ਸਾਹਿਬ ਦੇ ਸਿੱਖਾਂ ਦੀ ਅਲਟੀਮੇਟ ਜਿੱਤ ਹੁੰਦੀ ਹੈ। ਇਹ ਵਿਆਖਿਆ ਚਕ੍ਰਿਤ ਕਰਦੀ ਹੈ। ਵਿਚਾਰ ਚਰਚਾ, ਸੰਵਾਦ ਅਤੇ ਰਚਨਾਤਮਿਕ ਢੰਗ ਨਾਲ ਗੱਲ ਕਰਨ ਤੇ ਕਦੇ ਕਦੇ ਇੰਝ ਵੀ ਹੋ ਜਾਂਦਾ ਹੈ। ਇਹੋ ਬਚਿਤ੍ਰ ਨਾਟਕ ਦੀ ਬਚਿਤ੍ਰਤਾ ਹੈ।
ਮਹਾਸੈਨ, ਨਾਗਸੈਨ ਬਣਨ ਵਾਸਤੇ ਪੁਨਰ ਜਨਮ ਧਾਰਦਾ ਹੈ। ਇਸ ਦਾ ਪੂਰਵ ਸੰਕੇਤ ਹੋ ਚੁਕਾ ਹੈ। ਗੁਰਮਤਿ ਹਿੰਦੂ ਧਰਮ ਦਰਸ਼ਨ ਦੇ ਪੂਰਵ ਜਨਮ, ਪਸ਼ਚਾਤੀ ਜਨਮ, ਅਵਤਾਰਵਾਦ ਨੂੰ ਜਿਉਂ ਦਾ ਤਿਉਂ ਨਹੀਂ ਮੰਨਦੀ। ਇਸ ਵਿਚ ਕਾਲ ਦੇ ਚਕਰਾਕਾਰੀ ਸਿਧਾਂਤ ਨੂੰ ਵੀ ਨਹੀਂ ਮੰਨਿਆ ਗਿਆ। ਦਸਮ ਪਾਤਸ਼ਾਹ ਖੁਦ ਨੂੰ ਅਵਤਾਰ ਰੂਪ ਵਿਚ ਵੀ ਪੇਸ਼ ਨਹੀਂ ਕਰਦੇ। ਉਨ੍ਹਾਂ ਦਾ ਕਥਨ ਹੈ:
ਮੈਂ ਹੂੰ ਪਰਮ ਪੁਰਖ ਕੋ ਦਾਸਾ।
ਦੇਖਣ ਆਇਓ ਭਗਤ ਤਮਾਸਾ।
ਖਾਲਸਾ ਰਚਿਓ ਪਰਮਾਤਮ ਕੀ ਮੌਜ।
ਖਾਲਸਾ ਅਕਾਲ ਪੁਰਖ ਕੀ ਫੌਜ।
ਪਰਮਾਤਮਾ, ਪਾਤਸ਼ਾਹ ਨੂੰ ਕਹਿੰਦਾ ਹੈ-
ਮੈਂ ਆਪਣਾ ਸੁਤ ਤੋਹਿ ਨਿਵਾਜਾ।
ਸਗਲ ਸ਼੍ਰਿਸ਼ਟਿ ਕਾ ਕੀਨੋ ਰਾਜਾ।
ਆਖਰ ਗੁਰੂ ਸਾਹਿਬ ਧਰਤੀ ‘ਤੇ ਆਉਂਦੇ ਹਨ, ਜਨਮ ਧਾਰਦੇ ਹਨ। ਇਹ ਵਰਤਾਰਾ ਪੈਗੰਬਰੀ ਦੇ ਸਿਧਾਂਤ ਦੇ ਨੇੜੇ ਦਾ ਹੈ। ਡਾæ ਪੰਨੂ ਅਨੁਸਾਰ, ਇਹ ਬਚਿਤ੍ਰ ਨਾਟਕ ਹੈ ਜੋ ਪੈਗੰਬਰਾਂ ਅਵਤਾਰਾਂ ਦੇ ਨਾਟਕੀ ਪੱਖਾਂ ਨਾਲ ਮੇਲ ਖਾਂਦਾ ਹੈ; ਉਨ੍ਹਾਂ ਦੇ ਦਰਸ਼ਨ, ਸਿਧਾਂਤ ਭਲੇ ਹੀ ਕੁਝ ਹੋਰ ਹੋਣ।
ਹਿੰਦੂ ਨਿਸ਼ਚੈ ਹੀ ਅਵਤਾਰਵਾਦ ਨੂੰ ਮੰਨ ਕੇ ਚੱਲਦਾ ਹੈ। ਉਸ ਕੋਲ ਅਵਤਾਰ ਆਉਂਦੇ ਜਾਂਦੇ ਰਹਿੰਦੇ ਹਨ। ਮੁਸਲਮਾਨ ਪੈਗੰਬਰੀ ਦੇ ਸਿਧਾਂਤ ਤੇ ਕਾਇਮ ਹੈ। ਸਿੱਖ ਅਰਦਾਸ ਦੇ ਇਕ ਭਾਗ ਵਿਚ ਆਉਂਦਾ ਹੈ-
ਖੰਡਾ ਜਾਂ ਕੇ ਹਾਥ ਮੇ ਕਲਗ਼ੀ ਸੋਹੇ ਸੀਸ।
ਸੋ ਹਮਰੀ ਰੱਛਿਆ ਕਰੇ,
ਸ੍ਰੀ ਕਲਗ਼ੀਧਰ ਜਗਦੀਸ਼।
ਬਚਿਤ੍ਰ ਨਾਟਕ ਵਿਚ ਯੁੱਧ ਕਰਦਾ ਕ੍ਰਿਸ਼ਨ ਨੂੰ ਹਰਾਂਦਾ ਖੜਗ ਸਿੰਘ ਭਵਿਖ ਦਾ ਨਿਹਕਲੰਕ ਅਵਤਾਰ ਹੈ ਜਿਸ ਦੇ ਪਹਿਰੇ ਵਿਚ ਸਿੱਖਾਂ ਦਾ ਸਾਰੇ ਸੰਸਾਰ ‘ਤੇ ਰਾਜ ਹੋਣਾ ਹੈ। ਪ੍ਰੀਤਮ ਸਿੰਘ ਸਫ਼ੀਰ ਦੇ ਸ਼ਬਦਾਂ ਵਿਚ ਗੱਲ ਕਰੀਏ ਤਾਂ ਇਹ ਤੱਥ ਪ੍ਰਤੱਖ ਹੋਵੇਗਾ-
ਸਮਸਰੀ ‘ਚ ਕੋਈ ਵੀ ਦਿਸੇ
ਨਾ ਕਿਸੇ ਦਾ ਮੁਥਾਜ।
ਖਾਲਸੇ ਦਾ ਹੋ ਸਕੇ,
ਚਹੁੰ ਕੂੰਟਾਂ ਅੰਦਰ ਰਾਜ।
(ਗੁਰੂ ਗੋਬਿੰਦ ਸਿੰਘ)
ਇਸਲਾਮ ਵਿਚ ਮੁਹੰਮਦ ਸਾਹਿਬ ਤੇ ਖ਼ਤਮੁਲ ਨਬੀ ਹੈ, ਪਰ ਲੋੜ ਪੈਣ ‘ਤੇ ਕਿਸੇ ਹੋਰ ਮਹਦੀ ਰਹਿਬਰ ਦੀ ਗੁੰਜਾਇਸ਼ ਵੀ ਬਾਕੀ ਹੈ। ਸਿੱਖਾਂ ਵਿਚ ਨਿਹਕਲੰਕ ਅਵਤਾਰ ਆਉਣਾ ਹੈ। ਇਹ ਵੇਖਿਆ ਜਾਣਾ ਹੈ, ਖੰਡਾਧਾਰੀ ਖੜਗ ਸਿੰਘ ਇਸ ਦਾ ਸੂਚਕ ਹੈ, ਪਰ ਬਚਿਤ੍ਰ ਨਾਟਕ ਦੀ ਬਚਿਤ੍ਰਤਾ ਵਿਚ ਇਹ ਸਭ ਕੁਝ ਸ਼ਾਮਿਲ ਹੈ।
ਪਿਛਲੇ ਸਵਾ ਦੋ ਸੌ ਸਾਲ ਦੇ ਸਮੇਂ ਵਿਚ ਸਭ ਤੋਂ ਵੱਡੀ ਵਚਿਤ੍ਰ ਵਿਸ਼ੇਸ਼ ਤੇ ਵਿਲੱਖਣ ਸ਼ਖਸੀਅਤ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਹੈ। ਇਸ ਮਹਾਂਪੁਰਖ ਨੇ ਸਿਆਸੀ ਸਮਾਜਿਕ, ਰਾਜਨੀਤਕ ਅਤੇ ਕੂਟਨੀਤਕ ਆਦਿਕ ਪੱਖਾਂ ਤੋਂ ਜਿਸ ਸੋਝੀ ਸਮਰੱਥਾ ਨਾਲ ਸਮਝ ਦਾ ਪ੍ਰਗਿਆ ਮੌਲਿਕ ਪ੍ਰਮਾਣ ਦਿੱਤਾ ਹੈ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਪੰਜਾਬ ਵਿਚ ਆਉਣ ਵਾਲੇ ਹਰ ਪੁਰਖ ਨੇ ਇਸ ਦਾ ਲੋਹਾ ਮੰਨਿਆ ਅਤੇ ਅੰਤ ਇਸ ਨੂੰ ਮੱਥਾ ਟੇਕਿਆ ਹੈ, ਪਰ ਪਿਛਨੇ ਚਾਲੀ ਸਾਲਾਂ ਤੋਂ ਕੁਝ ਅਜਿਹੇ ਲੋਕ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਉਸ ਦਾ ਮਖ਼ੌਲ ਉਡਾਉਣ ਅਤੇ ਖਾਹਮਖਾਹ ਉਸ ਨੂੰ ਛੁਟਿਆਣ ਦੇ ਯਤਨ ਕੀਤੇ ਹਨ। ਮੇਰੀ ਬੜੀ ਵੱਡੀ ਅਤੇ ਦਿਲੀ ਖਾਹਸ਼ ਸੀ ਕਿ ਅਜਿਹੇ ਲੋਕਾਂ ਦੇ ਹਮਲਿਆਂ ਦੇ ਜਵਾਬ ਦਿੱਤੇ ਜਾਣ ਅਤੇ ਉਨ੍ਹਾਂ ਦੀ ਮਾਨਸਿਕ ਤੇ ਬੌਧਿਕ ਤੁਛਤਾ, ਹੀਣਤਾ ਭਾਵ ਨੂੰ ਨੰਗਾ ਕੀਤਾ ਜਾਵੇ, ਪਰ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਵਾਤਾਵਰਨ ਅਤੇ ਮਜਬੂਰੀਆਂ ਨੇ ਮੈਨੂੰ ਇਹ ਕਾਰਜ ਨੇਪਰੇ ਚਾੜ੍ਹਨ ਤੋਂ ਰੋਕੀ ਰੱਖਿਆ।
ਖ਼ੁਸੀ ਦੀ ਗੱਲ ਹੈ ਕਿ ਡਾæ ਹਰਪਾਲ ਸਿੰਘ ਪੰਨੂ ਨੇ ਇਹ ਕਾਰਜ ਕਮਾਲ ਦੀ ਬਰੀਕਬੀਨੀ ਤੇ ਮਹੀਨ ਸਮਝ ਸੂਝ ਦਰਸਾਉਂਦੇ ਹੋਏ ਅਪੂਰਬ ਸਫਲਤਾ ਸਹਿਤ ਸਿਰੇ ਚਾੜ੍ਹਿਆ ਹੈ। ਇਸ ‘ਤੇ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਲੇਖ ਮਹਾਰਾਜਾ ਰਣਜੀਤ ਸਿੰਘ ਹਰ ਇਕ ਨੂੰ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।
ਡਾæ ਪੰਨੂ ਅਨੁਸਾਰ 1805 ਵਿਚ ਜਸਵੰਤ ਰਾਉ ਹੋਲਕਰ ਵੱਲੋਂ ਅੰਗਰੇਜ਼ ਕੋਲੋਂ ਹਾਰ ਕੇ ਭੱਜ ਕੇ ਪੰਜਾਬ ਆਉਣ ਕਾਰਣ ਮਹਾਰਾਜੇ ਵੱਲੋਂ ਉਸ ਦੀ ਸਹਾਇਤਾ ਨਾ ਕਰਨਾ ਕੋਈ ਬੇਸਮਝੀ ਵਾਲੀ ਗੱਲ ਨਹੀਂ ਸੀ, ਸਗੋਂ ਇਹ ਪ੍ਰੋੜ੍ਹ ਦੂਰ-ਰਸ ਡਿਪਲੋਮੈਟਿਕ ਸਮਝ ਅਤੇ ਦੂਰਅੰਦੇਸ਼ੀ ਵਾਲਾ ਫੈਸਲਾ ਸੀ ਜਿਸ ਨੇ ਰਣਜੀਤ ਸਿੰਘ ਨੂੰ ਅੱਗ ਵਿਚ ਛਾਲ ਮਾਰਨ ਤੋਂ ਬਚਾਇਆ ਅਤੇ ਪਿਛੋਂ ਜਾ ਕੇ ਫਰਾਂਸ ਤੇ ਇਟਲੀ ਨਾਲੋਂ ਵੱਡਾ ਬਣਨ ਵਾਲੇ ਦੇਸ ਪੰਜਾਬ ਨੂੰ ਲੰਮੇ ਸਮੇਂ ਲਈ ਸੁਰਖਿਅਤ ਰੂਪ ਵਿਚ ਸੰਭਾਲ ਲਿਆ। ਇਸ ਦੇ ਨਾਲ ਹੀ ਰਣਜੀਤ ਸਿੰਘ ਨੇ ਅਜਿਹਾ ਜਲਵਾ ਦਿਖਾਇਆ ਕਿ ਉਹ ਨਾ ਕੇਵਲ ਆਪ ਬਰਬਾਦੀ ਤੋਂ ਬਚ ਗਿਆ, ਸਗੋਂ ਉਸ ਨੇ ਜਸਵੰਤ ਰਾਉ ਹੋਲਕਰ ਨੂੰ ਜੇਤੂ ਅੰਗਰੇਜ਼ਾਂ ਤੋਂ ਉਸ ਦਾ ਰਾਜ ਵਾਪਸ ਦੁਆ ਦਿੱਤਾ ਅਤੇ ਅੰਗਰੇਜ਼ ਨੂੰ ਵੀ ਸਫਲਤਾ ਸਹਿਤ ਸਮਝਾ ਦਿੱਤਾ ਕਿ ਉਸ ਦਾ ਭਲਾ ਹੋਲਕਰ ਨਾਲ ਸੁਲ੍ਹਾ ਸਫ਼ਾਈ ਵਿਚ ਹੀ ਹੈ। ਇਹ ਸਫਲ ਸੰਦੇਸ਼ ਵੀ ਸਭ ਧਿਰਾਂ ਤੇ ਪ੍ਰਗਟ ਕਰ ਦਿੱਤਾ ਕਿ ਰਣਜੀਤ ਸਿੰਘ ਕੋਈ ਗੋਲਾ ਕਬਤੂਰ ਨਹੀਂ ਜੋ ਹਵਾ ਦੇ ਬੁੱਲੇ ਨਾਲ ਉਡ ਜਾਵੇਗਾ। ਰਣਜੀਤ ਸਿੰਘ ਦ੍ਰਿੜ੍ਹ ਚਟਾਨ ਦਾ ਨਾਮ ਹੈ ਜੋ ਹਰ ਮੌਸਮ ਵਿਚ ਕਾਇਮ ਰਹਿੰਦੀ ਹੈ ਅਤੇ ਜਦੋਂ ਉਹ ਕੁਝ ਮਾੜੀ ਮੋਟੀ ਹਿਲਦੀ ਹੈ ਤਾਂ ਇਸ ਵਿਚ ਉਸ ਦੀ ਆਪਣੀ ਸੋਚੀ ਸਮਝੀ ਮਰਜ਼ੀ ਸ਼ਾਮਿਲ ਹੁੰਦੀ ਹੈ। 1805 ਵਿਚ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਤੇ ਹਿੰਦ ‘ਤੇ ਮੁਕੰਮਲ ਤੌਰ ‘ਤੇ ਛਾ ਚੁਕੇ ਅੰਗਰੇਜ਼ ਨਾਲ ਜੋਸ਼ ਵਿਚ ਆ ਕੇ ਨਿਗੂਣੇ ਕਾਰਵਾਂ ਅਧੀਨ ਜੰਗ ਛੇੜਨੀ ਆਪਣੀ ਤਬਾਹੀ ਨੂੰ ਸੱਦਾ ਦੇਣਾ ਸੀ ਜਿਸ ਤੋਂ ਪੂਰੀ ਸਿਆਣਪ ਨਾਲ ਸਰਵਪੱਖੀ ਵਿਕਾਸ ਤੇ ਸਤਿਕਾਰ ਕਾਇਮ ਰਖਦਾ ਹੋਇਆ ਰਣਜੀਤ ਸਿੰਘ ਸੁੱਕਾ ਬਚ ਕੇ ਨਿਕਲ ਗਿਆ ਜੋ ਉਸ ਦੀ ਬਹੁਤ ਵੱਡੀ ਪ੍ਰਾਪਤੀ ਸੀ। ਡਾਕਟਰ ਪੰਨੂ ਨੇ ਇਸ ਨੂੰ ਸਮਝਿਆ ਅਤੇ ਸਮਝਾਇਆ ਹੈ, ਇਹ ਪੰਨੂ ਦੀ ਪ੍ਰਾਪਤੀ ਹੈ।
ਦੂਜੀ ਵੱਡੀ ਪ੍ਰਾਪਤੀ ਹੈ 1809 ਦਾ ਅੰਮ੍ਰਿਤਸਰ ਦਾ ਸਮਝੌਤਾ। ਇਸ ‘ਤੇ ਵੀ ਬਹੁਤ ਕਿੰਤੂ ਪ੍ਰੰਤੂ ਹੋਇਆ ਹੈ, ਪਰ ਵਕਤ ਨੇ ਉਸ ਨੂੰ ਸਹੀ ਸਾਬਤ ਕੀਤਾ। ਚਾਰਲਸ ਮੈਟਕਾਫ ਉਸ ਨੂੰ ਹਰ ਹਾਲਤ ਵਿਚ ਜੰਗ ਵਿਚ ਉਲਝਾਉਣਾ ਚਾਹੁੰਦਾ ਸੀ ਅਤੇ ਵਾਪਸ ਜਾ ਕੇ ਉਸ ਨੇ ਗਵਰਨਰ ਨੂੰ ਆਪਣੀ ਰਿਪੋਰਟ ਇਸ ਸਿਫ਼ਾਰਸ਼ ਨਾਲ ਦਿੱਤੀ ਕਿ ਰਣਜੀਤ ਸਿੰਘ ‘ਤੇ ਹਮਲਾ ਕਰ ਦਿੱਤਾ ਜਾਵੇ ਜੋ ਯੂਰਪ ਦੇ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਮੰਨੀ ਨਾ ਗਈ। ਰਣਜੀਤ ਸਿੰਘ ਦੇ ਪਾਸੇ ਸਭ ਤੋਂ ਔਖਾ ਉਸ ਦਾ ਕਮਾਂਡਰ ਇਨ ਚੀਫ਼ ਦੀਵਾਨ ਮੋਹਕਮ ਚੰਦ ਸੀ। ਅਕਾਲੀ ਫੂਲਾ ਸਿੰਘ ਸਖਤ ਰੌਅ ਵਿਚ ਸੀ ਅਤੇ ਜੰਗ ਦੇ ਹੱਕ ਵਿਚ ਸੀ। ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਨੇ ਤਾਂ ਇਕ ਮੌਕੇ ਤਲਵਾਰ ਮਿਆਨ ਵਿਚੋਂ ਖਿਚ ਲਈ ਸੀ। ਐਸੇ ਮੌਕੇ ਕਿਸੇ ਰਾਜੇ ਜਾਂ ਵਜ਼ੀਰ ਵੱਲੋਂ ਤਲਵਾਰ ਦਾ ਖਿੱਚਿਆ ਜਾਣਾ ਉਨ੍ਹਾਂ ਸਮਿਆਂ ਵਿਚ ਜੰਗ ਦਾ ਐਲਾਨ ਹੁੰਦਾ ਸੀ, ਪਰ ਰਣਜੀਤ ਸਿੰਘ ਨੇ ਇਹ ਕਹਿ ਕੇ ਪ੍ਰਧਾਨ ਮੰਤਰੀ ਦੀ ਤਲਵਾਰ ਮਿਆਨ ਵਿਚ ਪੁਆ ਦਿੱਤੀ ਕਿ ਸਭ ਲਾਲ ਹੋ ਜਾਏਗਾ।
1809 ਵਿਚ ਹੋਏ ਅੰਮ੍ਰਿਤਸਰ ਦੇ ਅਹਿਦਨਾਮੇ ਸਮੇਂ ਰਣਜੀਤ ਸਿੰਘ ਨੂੰ ਲਾਹੌਰ ਦਾ ਮਹਾਰਾਜਾ ਬਣੇ ਕੇਵਲ ਦਸ ਸਾਲ ਹੋਏ ਸਨ। ਉਸ ਨੇ ਸ਼ਕਤੀਸ਼ਾਲੀ ਭੰਗੀ ਸਰਦਾਰ ਦੇ ਇਲਾਕੇ ਮੱਲੇ ਜਿਨ੍ਹਾਂ ਦਾ ਦਬਦਬਾ ਅਟਕ ਦਰਿਆ ਤੋਂ ਪਾਰ ਤੱਕ ਕਾਇਮ ਸੀ ਅਤੇ ਉਨ੍ਹਾਂ ਦੀ ਬੱਧੀ ਛੁੱਟਦੀ ਸੀ। ਉਸ ਦੇ ਸਿਰ ਤੇ ਕਸ਼ਮੀਰ, ਮੁਲਤਾਨ ਅਤੇ ਪੇਸ਼ਾਵਰ ਸੂਬਿਆ ਦੇ ਖ਼ਤਰੇ ਮੌਜੂਦ ਸਨ। ਇਸ ਤੋਂ ਵੀ ਵਧੀਕ ਅਫ਼ਗਾਨਿਸਤਾਨ ਦੇ ਖੂੰਖਾਰ ਅਤੇ ਪਰੰਪਰਕ ਤੇ ਜਮਾਂਦਰੂ ਜੰਗੀ ਪਠਾਣ ਉਸ ਦੇ ਲਹੂ ਦੇ ਪਿਆਸੇ ਸਨ। ਇਹੋ ਜਿਹੇ ਬਿਖੜੇ ਅਤੇ ਸਿਰ ਤੋਂ ਪੈਰਾਂ ਤੱਕ ਖ਼ਤਰਿਆਂ ਭਰੇ ਮਹੌਲ ਵਿਚ ਅੰਗਰੇਜ਼ਾਂ ਨਾਲ ਜੰਗ ਛੇੜ ਦੇਣ ਦਾ ਮਤਲਬ ਮੂਰਖਤਾ ਭਰਿਆ ਆਤਮਘਾਤ ਸੀ ਜਿਸ ਨਾਲ ਪੰਜਾਬ ਦੇਸ ਅਤੇ ਰਾਜ ਦੀ ਮੌਤ ਸੀ। ਫੇਰ ਅੰਗਰੇਜ਼ ਇਹੋ ਕੁਝ ਚਾਹੁੰਦਾ ਸੀ। ਇਸ ਕਾਲ ਵਿਚੋਂ ਰਣਜੀਤ ਸਿੰਘ ਰੱਬ ਦੀ ਦਿੱਤੀ ਅਪਾਰ ਸੂਝ ਅਤੇ ਸਮਝ ਨਾਲ ਬਚ ਕੇ ਨਿਕਲ ਗਿਆ, ਆਪਣਾ ਰਾਜ ਅਤੇ ਆਪਣੇ ਲੋਕ ਲੰਮੇ ਸਮੇਂ ਲਈ ਬਚਾ ਲਏ, ਸੁਰਖਿਅਤ ਰੱਖ ਲਏ, ਸ਼ੁਕਰ ਹੈ, ਉਸ ਨੇ ਉਹ ਗਲਤੀ ਨਹੀਂ ਕੀਤੀ ਜੋ ਯੂਰਪ ਵਿਚ ਨੈਪੋਲੀਅਨ ਬੋਨਾਪਾਰਟ ਨੇ ਵਾਰ ਵਾਰ ਕੀਤੀ, ਜਿਸ ਦੇ ਫਲਸਰੂਪ ਅੰਤ ਨੂੰ ਅੰਗਰੇਜ਼ਾਂ ਦੀ ਜੇਲ੍ਹ ਵਿਚ ਮਰਿਆ। ਇਸ ਨੁਕਤੇ ਤੇ ਰਣਜੀਤ ਸਿੰਘ ਨੂੰ ਜਿੰਨੀ ਦਾਦ ਦਿੱਤੀ ਜਾਏ, ਥੋੜ੍ਹੀ ਹੈ।
ਪੰਨੂ ਦੇ ਹੋਰ ਲੇਖਾਂ ਵਿਚੋਂ ਬੁੱਧ, ਬੰਦਾ ਸਿੰਘ ਬਹਾਦਰ, ਰਾਸਪੁਤਿਨ ਅਤੇ ਬਾਬਾ ਮਰਦਾਨਾ ਦਿਬ ਕੌਤਕਾਂ ਵੱਲ ਇਸ਼ਾਰੇ ਕਰਦੇ ਅਤੇ ਜੀਵਨ ਦੇ ਅਨੇਕਾਂ ਰਹੱਸਾਂ ਰਮਜ਼ਾਂ ਨੂੰ ਲਿਸ਼ਕਾਰਦੇ ਅਤੇ ਦ੍ਰਿੜ ਕਰਦੇ ਹਨ।
ਪ੍ਰਿੰæ ਤੇਜਾ ਸਿੰਘ ਲਿਖਦੇ ਹਨ ਕਿ ਜਨਮ ਸਾਖੀ ਦਾ ਲੇਖਕ ਮਰਦਾਨੇ ਅਤੇ ਗੁਰੂ ਨਾਨਕ ਦੇ ਮਾਤਾ ਪਿਤਾ ਵੱਲ ਲੋੜੀਂਦਾ ਸਤਿਕਾਰ ਨਹੀਂ ਦਿਖਾ ਸਕਿਆ, ਪਰ ਪੰਨੂ ਨੂੰ ਜਨਮ ਸਾਖੀ ਦੇ ਕਰਤਾ ‘ਤੇ ਕੋਈ ਇਤਰਾਜ਼ ਨਹੀਂ ਹੈ। ਉਸ ਨੇ ਸਾਖੀਕਾਰ ਵੱਲੋ ਪੇਸ਼ ਕੀਤਾ ਗਿਆ ਮਰਦਾਨੇ ਦਾ ਚਰਿਤਰ ਉਸੇ ਰੂਪ ਵਿਚ, ਉਸੇ ਮੌਲਿਕਤਾ ਸਹਿਤ ਸਮਝਿਆ ਅਤੇ ਸਮਝਾਇਆ ਹੈ। ਮਰਦਾਨੇ ਦੀ ਵਡਿਆਈ, ਵਿਸ਼ੇਸ਼ਤਾ ਅਤੇ ਵਿਲੱਖਣਤਾ ਪਹਿਲੀ ਵਾਰ ਸਾਹਮਣੇ ਲਿਆਂਦੀ ਗਈ ਹੈ ਜੋ ਸੂਰਜੀ ਸੁਆਵਾਂ ਵਿਚੋ ਨਿਕਲੀ ਊਰਜਾ ਸਮਾਨ ਪ੍ਰਕਾਸ਼ਮਾਨ ਹੋਈ ਹੈ। ਪਹਿਲੀ ਵਾਰ ਕਿਸੇ ਵਿਆਖਿਆਕਾਰ ਨੇ ਅਜਿਹਾ ਸੰਭਵ ਕਰ ਵਿਖਾਇਆ ਹੈ।
ਭਾਈ ਗੁਰਦਾਸ ਗੁਰੂ ਬਾਬੇ ਨਾਨਕ ਬਾਰੇ ਕਹਿੰਦਾ ਹੈ- ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਿਸ ਤਰ੍ਹਾਂ ਗੁਰੂ ਬਾਬਾ ਅਕਾਲ ਪੁਰਖ ਨਾਲ ਇਕਮਿੱਕ ਹੋ ਚੁਕਾ ਸੀ, ਉਸੇ ਤਰ੍ਹਾਂ ਗੁਰੂ ਬਾਬੇ ਨਾਨਕ ਨਾਲ ਮਰਦਾਨਾ ਅਭੇਦ ਹੋ ਚੁਕਾ ਸੀ, ਇਸੇ ਲਈ ਮਰਦਾਨੇ ਦੀ ਕੋਈ ਇੱਛਾ ਨਹੀਂ ਰਹੀ। ਹਮੇਸ਼ਾ ਗੁਰੂ ਦੇ ਬਚਨ ਨੂੰ ਪਾਲਣਾ ਹੀ ਆਪਣੀ ਇੱੱਛਾ ਸਮਝਿਆ। ਅੰਤਮ ਵਿਦਾਇਗੀ ਸਮੇਂ ਗੁਰੂ ਵਲੋਂ ਵਾਰ ਵਾਰ ਪੁੱਛਣ ‘ਤੇ ਇਕੋ ਸ਼ਬਦ ਬੋਲਿਆ- ‘ਮੈਂ ਤੇਰੇ ਨਾਲੋਂ ਨਾ ਵਿਛੜਾਂ।’ ਪੰਨੂ ਨੇ ਇਕ ਵਾਕ ਵਿਚ ਸਾਰੇ ਤਰਕ ਸਾਰੇ ਵਾਦ ਅਤੇ ਸਾਰੇ ਸੰਵਾਦ ਖ਼ਤਮ ਕਰ ਦਿੱਤੇ ਹਨ, “ਹੁਣ ਜਦੋਂ ਅਸਾਂ ਗੁਰਬਾਣੀ ਨੂੰ ਗੁਰੂ ਮੰਨ ਲਿਆ ਤਾਂ ਮਰਦਾਨਾ ਕੀਰਤਨ ਬਣ ਕੇ ਉਸ ਵਿਚ ਸਥਾਪਤ ਹੋ ਗਿਆ ਹੈ।” ਇਸ ‘ਤੇ ਸਿੱਖ ਸਿਰਫ ਮੱਥਾ ਟੇਕ ਸਕਦਾ ਹੈ। ਸਭ ਸਮਾਪਤ ਹੈ। ਇਸ ਤੋਂ ਅੱਗੇ ਸਿਰਫ ਸਮਝ ਹੈ, ਸੋਝੀ ਹੈ ਤੇ ਸਮਾਧੀ ਹੈ। ਜਨਮ ਸਾਖੀ ਦੀ ਬੋਲੀ ਤੇ ਸ਼ੈਲੀ ਵਿਚ, ‘ਬੋਲਹੁ ਭਾਈ ਜੀ ਵਾਹਿਗੁਰੂ ਹੈ।’
ਪੰਨੂ ਦੇ ਦੂਜੇ ਲੇਖ ਮਸਲਨ, ਮਨਸੂਰ, ਬੰਦਾ ਸਿੰਘ ਬਹਾਦਰ ਇਸੇ ਵੰਨਗੀ ਦੇ ਹਨ ਅਤੇ ਇਸੇ ਕੋਟਿ ਵਿਚ ਰੱਖ ਕੇ ਹੀ ਵਿਚਾਰੇ ਜਾ ਸਕਦੇ ਹਨ। ਜਿਸ ਤਰ੍ਹਾਂ ਇਹ ਦਿਬ ਪੁਰਸ਼ ਅਕਹਿ ਅਤੇ ਅਸਹਿ ਜਬਰ ਨੂੰ ਆਪਣੇ ਆਪ ਤੇ ਸਹਾਰਦੇ ਹਨ ਅਤੇ ਜਿਵੇਂ ਇਸ ਤਨ ਦੇ ਠੀਕਰੇ ਦੇ ਟੁਕੜੇ ਟੁਕੜੇ ਕਿਸ਼ਤਾਂ ਵਿਚ ਕਰਵਾਉਂਦੇ ਦਰਸਾਏ ਹਨ, ਉਸ ਤੋਂ ਲਗਦਾ ਹੈ, ਇਨ੍ਹਾਂ ਨੇ ਹਕੀਕਤ ਵਿਚ ਅਨਅਲ ਹੱਕ ਦਾ ਮਰਤਬਾ ਹਾਸਿਲ ਕਰ ਲਿਆ ਸੀ। ਇਹ ਕੇਵਲ ਕਹਿੰਦੇ ਨਹੀਂ ਸਨ, ਜਿਊਂਦੇ ਤੇ ਭੋਗਦੇ ਸਨ। ਮਨਸੂਰ ਜਦੋਂ ਸ਼ਿਬਲੀ ਦੇ ਇਸ ਸਵਾਲ ਦਾ ਜਵਾਬ ਦਿੰਦਾ ਹੈ ਕਿ ਇਸ਼ਕ ਕੀ ਹੈ, ਤਾਂ ਉਹ ਆਖਦਾ ਹੈ- ਅੱਜ ਦੇਖੀਂ, ਕੱਲ੍ਹ ਦੇਖੀਂ, ਫੇਰ ਪਰਸੋਂ ਦੇਖੀਂ। ਜੋ ਜਵਾਬ ਮਿਲਿਆ, ਉਹ ਸੁਣਨ ਪੜ੍ਹਨ ਤੇ ਵੇਖਣ ਦੀ ਤਾਕਤ ਆਮ ਇਨਸਾਨ ਵਿਚ ਨਹੀਂ। ਘੱਟ ਤੋਂ ਘੱਟ ਮੇਰੇ ਵਿਚ ਤਾਂ ਨਹੀਂ ਹੈ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਨਸੂਰ ਦੇ ਤਰੀਕੇ ਨਾਲ ਕਿਸ਼ਤਾਂ ਵਿਚ ਆਪਣੇ ਅੰਗ ਤੁੜਵਾਏ ਤੇ ਕਟਵਾਏ। ਭਾਈ ਦਿਆਲਾ ਅਤੇ ਭਾਈ ਮਤੀਦਾਸ ਗੁਰੂ ਤੇਗ਼ ਬਹਾਦਰ ਦੇ ਪ੍ਰੇਮ ਭਗਤੀ ਦੇ ਰੰਗ ਵਿਚ ਆਪਦੀ ਇੱਛਾ ਨਾਲ ਸੀਸ ਭੇਂਟ ਕਰਨ ਲਈ ਦਿੱਲੀ ਨੂੰ ਤੁਰ ਪਏ ਤੇ ਇਕੋ ਮੰਗ ਮੰਗੀ ਜੋ ਮਹਿੰਦਰ ਸਿੰਘ ਸਰਨਾ ਦੇ ਸ਼ਬਦਾਂ ਵਿਚ ਇਹ ਸੀ-
ਇਕੋ ਵਾਰ ਅੱਜ ਸਾਨੂੰ ਬਖ਼ਸ਼ ਦੇ ਦਾਤਾ,
ਅੱਗੇ ਹੋ ਕੇ ਝੱਲੀਏ,
ਜ਼ੁਲਮ ਦਾ ਹਰ ਹੱਥ ਕਰਾਰਾ।
ਪਿੱਛੋ ਹੋਏ ਤੇਰਾ ਕੋਈ ਰੋਮ ਵਿੰਗਾ ਵਿੰਗਾ,
ਪਹਿਲਾਂ ਸਾਡੀ ਜਿੰਦ ਤੇ ਵਰਤੇ ਵਰਤਾਰਾ।
ਵੀਹ ਵਰ੍ਹੇ ਪਹਿਲਾਂ ਜਦੋਂ ਮੈਂ ਇਹ ਗੱਲ ਜਮਾਲੀ ਸ਼ਾਇਰ ਕੁਲਵੰਤ ਸਿੰਘ ਗਰੇਵਾਲ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਬੋਲ ਸਨ, ‘ਏਥੇ ਸ਼ਬਦ ਇਸ਼ਕ ਫਿੱਕਾ ਪੈ ਜਾਂਦਾ ਹੈ।’ ਇਹ ਕੌਤਕ ਸ਼ਾਇਦ ਰੱਬੀ ਸ਼ਕਤੀ ਸਾਨੂੰ ਸਮਝਾਣ ਲਈ ਵਰਤਾਉਂਦੀ ਹੈ। ਸ਼ਾਇਦ ਸਾਨੂੰ ਪ੍ਰੈਕਟੀਕਲ ਕਰਾਉਣ ਲਈ ਹੈ। ਇਸੇ ਲਈ ਤਾਂ ਕਦੇ ਕਦੇ ਅਸਮਾਨੀ ਕਿਤਾਬ ਇਸ ਸੰਸਾਰ ਵਿਚ ਆਉਂਦੀ ਹੈ।
ਡਾæ ਪੰਨੂ ਨੇ ਕਿਤਾਬ ਦੇ ਮੁੱਖਬੰਧ ਵਿਚ ਦਰੁਸਤ ਲਿਖਿਆ ਹੈ ਕਿ ਬੁੱਧ, ਕਨਫਿਊਸ਼ਿਅਸ ਤੇ ਤਾਸਕੀ ਬਾਰੇ ਅਜਿਹੀ ਜਾਣਕਾਰੀ ਪਹਿਲੀ ਵਾਰੀ ਦਿੱਤੀ ਗਈ ਹੈ। ਜੋ ਸੀ, ਉਹ ਹੋਰ ਤਰ੍ਹਾਂ ਦੀ ਸੀ ਅਤੇ ਕੋਈ ਪ੍ਰਭਾਵ ਨਹੀਂ ਸੀ ਪਾਂਦੀ।
ਹਾਂ, ਬੁੱਧ ਅਤੇ ਕਨਫਿਊਸ਼ਿਸ ਬਾਰੇ ਗੁਰਬਖ਼ਸ਼ ਸਿੰਘ ਨੇ ਪ੍ਰੀਤ ਲੜੀ ਦੇ ਪੰਨਿਆਂ ਵਿਚ ਪਹਿਲੀ ਵਾਰੀ ਰਚਨਾਤਮਿਕ ਅਤੇ ਵਿਹਾਰਕ ਆਮ ਲੋਕਾਂ ਦੁਆਰਾ ਸਮਝੇ ਜਾਣ ਵਾਲੇ ਅਤੇ ਪਿਆਰੇ ਜਾਣ ਵਾਲੇ ਢੰਗ ਨਾਲ ਪਰੀਚੈ ਕਰਾਇਆ ਗਿਆ ਸੀ। ਗੁਰਬਖ਼ਸ਼ ਸਿੰਘ ਨੇ ਐਡਵਿਨ ਆਰਨਲਡ ਦੇ ਮਹਾਂਕਾਵਿ ਦਾ ਖੁੱਲ੍ਹੀ ਕਵਿਤਾ ਵਿਚ ਅਨੁਵਾਦ ਕੀਤਾ। ਮੋਹਨ ਸਿੰਘ ਨੇ ਛੰਦ ਪ੍ਰਬੰਧ ਵਿਚ ਉਹੋ ਅਨੁਵਾਦ ਕੀਤਾ। ਦੋਹਾਂ ਮਹਾਂਕਵੀਆਂ ਨੇ ਇਕੋ ਨਾਮ ‘ਏਸ਼ੀਆਂ ਦਾ ਚਾਨਣ’ ਰਖਿਆ ਜੋ ‘ਲਾਈਟ ਆਫ ਏਸ਼ੀਆ’ ਦਾ ਸਹੀ ਤੇ ਸ਼ੁਧ ਤਰਜਮਾ ਹੈ। ਸੰਤ ਇੰਦਰ ਸਿੰਘ ਚੱਕਰਵਰਤੀ ਨੇ ਇਸੇ ਮਹਾਂਕਾਵਿ ‘ਤੇ ਆਧਾਰਿਤ ਨਾਟਕ ‘ਪ੍ਰੀਤ ਪੈਗੰਬਰ’ ਬੁੱਧ ਬਾਰੇ ਲਿਖਿਆ ਸੀ, ਪਰ ਇਹ ਅਮਲ ਬਹੁਤੀ ਦੇਰ ਚੱਲ ਨਾ ਸਕਿਆ, ਕਿਉਂਕਿ ਇਸ ਨੂੰ ਪ੍ਰਗਤੀਵਾਦ ਦਾ ਹੜ੍ਹ ਰੋੜ੍ਹ ਕੇ ਲੈ ਗਿਆ ਸੀ; ਹਾਂਲਾਂਕਿ ਬੁੱਧ ਇਨਕਲਾਬ, ਪ੍ਰਗਤੀਵਾਦ ਤੋਂ ਬਹੁਤ ਵੱਡਾ ਸੀ ਅਤੇ ਪ੍ਰਗਤੀਵਾਦੀਆਂ ਦਾ ਫ਼ਰਜ਼ ਸੀ ਕਿ ਉਹ ਆਪਣੇ ਸਮਕਾਲੀ ਪ੍ਰਸੰਗ ਵਿਚ ਇਸ ਨੂੰ ਪੇਸ਼ ਕਰਦੇ ਅਤੇ ਇਹਦਾ ਮੁੱਲ ਪਾਉਂਦੇ। ਅਜਿਹਾ ਕਰਦਿਆਂ ਉਹ ਆਪ ਫ਼ਾਇਦਾ ਉਠਾ ਸਕਦੇ ਸਨ, ਪਰ ਉਹ ਅਜਿਹਾ ਨਾ ਕਰ ਸਕੇ। ਬੜੇ ਲੰਮੇ ਸਮੇਂ ਬਾਅਦ ਪੰਨੂ ਨੇ ਬੁੱਧ ਦਾ ਪੁਨਰ ਪ੍ਰਕਾਸ਼ ਕੀਤਾ ਹੈ ਅਤੇ ਸਮੇਂ ਦੇ ਹਾਣੀ ਬਣ ਕੇ ਉਸ ਦਾ ਮੁੱਲ ਪਾਇਆ ਅਤੇ ਸਮਝਾਇਆ ਹੈ। ਮੈਂ ਚਾਹੁੰਦਾ ਹਾਂ, ਇਹ ਕੰਮ ਵੱਡੇ ਪੱਧਰ ‘ਤੇ ਹੋਵੇ।
ਕਨਫਿਊਸ਼ਿਅਸ ਬਾਰੇ ਵਿਚਾਰ ਚਰਚਾ ਬੜੀ ਲੋੜੀਂਦੀ ਤੇ ਜ਼ਰੂਰੀ ਹੈ, ਪਰ ਪੰਜਾਬੀ ਸੰਸਾਰ ਇਸ ਤੋਂ ਕਿੰਨਾ ਕੁ ਫਾਇਦਾ ਉਠਾ ਸਕਦਾ ਹੈ, ਇਹ ਅਜੇ ਵੇਖਿਆ ਜਾਣਾ ਹੈ।
ਰਾਸਪੁਤਿਨ ਬਾਰੇ ਪੰਜਾਬੀ ਵਿਚ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਡਾæ ਪੰਨੂ ਨੇ ਉਸ ਦੇ ਆਪਣੇ ਲਿਖੇ ਅਨੁਸਾਰ ਅਲੈਕਸ ਡੀæ ਜਾਂਜ ਦੀ ਸਵਾ ਚਾਰ ਸੌ ਪੰਨਿਆਂ ਦੀ ਪੁਸਤਕ ‘ਤੇ ਆਧਾਰਤ ਲੇਖ ਵਿਚ ਜੋ ਸਮਾਚਾਰ ਸੰਥਿਆ ਅਤੇ ਸਮੀਖਿਆ ਪੇਸ਼ ਕੀਤੀ ਹੈ, ਉਹ ਪੰਜਾਬੀ ਸਾਹਿਤ ਸੰਸਾਰ ਵਿਚ ਅਪੂਰਬ ਹੈ। ਮੈਨੂੰ ਇਹ ਲੇਖ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸ ਮੂਲ ਕਿਤਾਬ ਵਿਚ ਬਾਕੀ ਕੁਝ ਰਿਹਾ ਹੀ ਨਾ ਹੋਵੇ।
ਕੋਈ ਜਿਵੇਂ ਮਰਜ਼ੀ ਸੋਚੇ, ਪਰ ਪੰਨੂ ਨੇ ਜੋ ਮੁਤਾਲਾ, ਨਕਦ ਤੇ ਸਨਦ ਪੇਸ਼ ਕੀਤੀ ਹੈ, ਉਸ ਤੋਂ ਨਿਸ਼ਚੈ ਹੀ ਮੰਨਣਾ ਪੈਂਦਾ ਹੈ ਕਿ ਰਾਸਪੁਤਿਨ ਸੰਤ ਸੀ ਜੋ ਪਰਲੇ ਕੰਢੇ ਤੱਕ ਦੇਖ ਸਕਦਾ ਸੀ। ਬੰਦਗੀ, ਭਗਤੀ, ਸੁਹਿਰਦਤਾ, ਸਚੇਤਨਾ ਅਤੇ ਤੀਬਰ ਸੰਵੇਦਨਾ ਕਰ ਕੇ ਉਸ ਦੇ ਸਾਹਮਣੇ ਸਭ ਕੁਝ ਆਪਣੇ ਆਪ ਪ੍ਰਤੱਖ ਹੋ ਜਾਂਦਾ ਸੀ। ਸਾਧੂ ਸੰਤਾਂ ਦੇ ਜੀਵਨ ਵਿਚ ਅਕਸਰ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ। ਉਨ੍ਹਾ ਨੂੰ ਅਗਮ ਨਿਗਮ ਸਭ ਦਿਸਦਾ ਹੈ। ਸੰਤ ਅਤਰ ਸਿੰਘ ਇਹੋ ਜਿਹੇ ਸੰਵੇਦਨਸ਼ੀਲ ਮਹਾਂਪੁਰਖ ਸਨ, ਪਰ ਉਹ ਛੇਤੀ ਛੇਤੀ ਇਹੋ ਜਿਹੇ ਰਹੱਸ ਪ੍ਰਗਟ ਨਹੀਂ ਸਨ ਕਰਦੇ। ਇਕੋ ਇਸ਼ਾਰਾ, ਇਕ ਸੰਕੇਤ ਤੇ ਫੇਰ ਚੁਪ। ਜਦੋਂ ਉਹ ਸਭ ਕੁਝ ਵਾਪਰ ਜਾਂਦਾ ਤਾਂ ਫੇਰ ਵੀ ਕਿਸੇ ਨੂੰ ਕੁਝ ਪਤਾ ਲੱਗਦਾ ਤੇ ਕਿਸੇ ਨੂੰ ਕੁਝ ਵੀ ਨਹੀਂ। ਬੇਖਬਰ ਰਹਿਣ ਵਾਲਿਆਂ ਦੀ ਗਿਣਤੀ ਵਧੇਰੇ ਹੁੰਦੀ ਸੀ। ਪੁਰਾਤਨ ਸਮਿਆਂ ਵਿਚ ਅਜਿਹੇ ਮਹਾਂਪੁਰਖ ਆਮ ਮਿਲ ਜਾਂਦੇ ਸਨ, ਪਰ ਹੁਣ ਨਹੀਂ। ਇਸ ਲਈ ਸੰਸਾਰ ਦੀਆਂ ਬਹੁਤ ਕੌਮਾਂ ਵਿਚ ਅਜਿਹੀ ਸੂਚਨਾ ਰਿਕਾਰਡ ਹੋਈ ਮਿਲਦੀ ਹੈ ਜੋ ਸੱਚੀ ਸਾਬਤ ਹੋਈ। ਸਿੱਖਾਂ ਵਿਚ ਤਾਰਾ ਸਿੰਘ ਗ਼ੈਬਾ ਅਜਿਹਾ ਸੰਵੇਦਨਸ਼ੀਲ ਸਰਦਾਰ ਸੀ ਜਿਸ ਨੂੰ ਆਉਣ ਵਾਲੀਆਂ ਘਟਨਾਵਾਂ ਦਾ ਪਤਾ ਲੱਗ ਜਾਂਦਾ ਸੀ। ਈਰਾਨ ਵਿਚ ਪਿਛਲੇ ਚਾਲੀ ਵਰ੍ਹਿਆਂ ਵਿਚ ਜੋ ਇਨਕਲਾਬ ਆਇਆ ਹੈ, ਉਹ ਉਨ੍ਹਾਂ ਦੀਆਂ ਕਿਤਾਬਾਂ ਵਿਚ ਦਰਜ ਹੈ।
ਹੋਮਿਓਪੈਥੀ ਵਿਚ ਇਹ ਸਭ ਗੱਲਾਂ ਮੰਨ ਕੇ ਚੱਲਦੇ ਹਨ ਅਤੇ ਇਨ੍ਹਾਂ ਗੁਣਾਂ ਨੂੰ ਅਲਾਮਤਾਂ ਜਾਂ ਲੱਛਣ ਮੰਨਿਆ ਗਿਆ ਅਤੇ ਉਨ੍ਹਾਂ ਦੀਆਂ ਦਵਾਈਆਂ ਦੱਸੀਆਂ ਗਈਆਂ ਹਨ; ਭਾਵ ਇਹ ਕਿ ਸ਼ਕਤੀ ਅਤੇ ਗੁਣਾਂ ਦਾ ਧਾਰਨੀ ਮਹਾਂਪੁਰਖ ਬਿਮਾਰ ਪੈ ਜਾਵੇ ਤਾਂ ਉਸ ਨੂੰ ਉਨ੍ਹਾਂ ਦਵਾਈਆਂ ਨਾਲ ਰਾਜ਼ੀ ਕੀਤਾ ਜਾ ਸਕਦਾ ਹੈ। ਜੋ ਰਾਸਪੁਤਿਨ ਕਹਿੰਦਾ ਸੀ, ਉਹ ਉਸ ਦਾ ਪੂਰਵਾਭਾਸ ਸੀ ਜੋ ਸੱਚ ਸਾਬਤ ਹੁੰਦਾ ਸੀ। ਅੰਗਰੇਜ਼ੀ ਭਾਸ਼ਾ ਵਿਚ ਬਹੁਤ ਸਾਰੇ ਸ਼ਬਦ ਏਸ ਗੁਣ ਸਬੰਧੀ ਸੁਚਜੇ ਤੌਰ ‘ਤੇ ਵਰਤੇ ਜਾਂਦੇ ਹਨ, ਐਂਟਿਸਿਪੇਸ਼ਨ ਪ੍ਰੀਮੋਨੀਸ਼ਨ, ਪ੍ਰੀਮੋਨੀਟਰਿੰਗ ਆਦਿ।
ਮੇਰਾ ਆਪਣਾ ਜੀਵਨ ਅਨੁਭਵ ਅਜਿਹੀਆਂ ਗੱਲਾਂ ਅਤੇ ਘਟਨਾਵਾਂ ਨਾਲ, ਜਿਨ੍ਹਾਂ ਵਿਚ ਮੌਤਾਂ, ਵਿਛੋੜੇ, ਬਰਬਾਦੀ ਅਤੇ ਆਰਥਿਕ ਤਬਾਹੀ ਸ਼ਾਮਿਲ ਹੈ, ਭਰਪੂਰ ਹੈ। ਮੈਨੂੰ ਹਮੇਸ਼ਾ ਭੈਗ੍ਰਸਤ ਪੂਰਵਾਭਾਸ ਹੁੰਦਾ ਜੋ ਛੇਤੀ ਹੀ ਸੱਚਾ ਹੋ ਜਾਂਦਾ ਅਤੇ ਜਿਸ ਨੂੰ ਵਾਰ ਵਾਰ ਹੋਣ ਦੇ ਬਾਵਜੂਦ ਮੈਂ ਕਦੇ ਰੋਕ ਨਹੀਂ ਸਕਿਆ ਅਤੇ ਨਾ ਹੀ ਮੈਂ ਕਦੇ ਕਿਸੇ ਦੂਜੇ ਬੰਦੇ ਨਾਲ ਗੱਲ ਕਰ ਸਕਿਆ ਹਾਂ, ਪਰ ਇਹ ਸਭ ਕੁਝ ਹੋਇਆ ਹੈ ਅਤੇ ਹੋ ਕੇ ਰਹਿੰਦਾ ਹੈ।
ਰਾਸਪੁਤਿਨ ਮਹਾਨ ਸੰਤ ਪੁਰਖ ਸੀ ਜਿਸ ਨੂੰ ਇਹ ਗਿਆਨ ਹਾਸਿਲ ਸੀ ਅਤੇ ਉਹ ਉਸ ਦੀ ਵੱਧ ਤੋਂ ਵੱਧ ਵਰਤੋਂ ਜਨ ਕਲਿਆਣ ਅਤੇ ਆਪਣੇ ਲੋਕਾਂ ਦੀ ਮੁਕਤੀ, ਬੇਹਤਰੀ ਅਤੇ ਸ਼ਾਂਤੀ ਵਾਸਤੇ ਕਰਦਾ ਸੀ। ਡਾæ ਪੰਨੂ ਨੇ ਇਸ ਸਾਧ ਅਤੇ ਸਿੱਧ ਪੁਰਖ ਦਾ ਪਰੀਚੈ ਕਰਵਾ ਕੇ ਪੰਜਾਬੀ ਦੁਨੀਆਂ ਨੂੰ ਵੱਡੀ ਸੁਗਾਤ ਦਿੱਤੀ ਹੈ। ਇਸ ਦੀ ਕਦਰ ਹੋਣੀ ਚਾਹੀਦੀ ਹੈ।
ਪ੍ਰਭੂ ਈਸਾ ਮਸੀਹ ਆਪਣੇ ਤਰੀਕੇ ਨਾਲ ਲੋਕਾਂ ਦਾ ਇਲਾਜ ਕਰਦੇ ਸਨ ਜਿਸ ਵਿਚ ਆਤਮਿਕ ਸ਼ਕਤੀ, ਸੂਰਜੀ ਕਿਰਨਾਂ ਤੇ ਸੂਰਜੀ ਊਰਜਾ ਨਾਲ ਇਲਾਜ ਦਾ ਤਰੀਕਾ ਨਿਹਿਤ ਸੀ। ਉਹ ਰੇਖੀ ਵਿਧੀ ਦੀ ਵਰਤੋਂ ਵੀ ਕਰਦੇ ਜਿਸ ਨੂੰ ਬਹੁਤੇ ਲੋਕ ਨਹੀਂ ਮੰਨਦੇ, ਪਰ ਚੀਨੀ ਕਮਿਊਨਿਸਟਾਂ ਵੱਲੋਂ ਐਕਿਊਪੰਕਚਰ, ਐਕਿਊਪ੍ਰੈਸ਼ਰ ਪ੍ਰਣਾਲੀ ਨੂੰ ਕਾਮਯਾਬ ਹੋ ਜਾਣ ਤੋਂ ਬਾਅਦ ਲੋਕ ਰੇਖੀ ਵਿਧੀ ਨੂੰ ਮੰਨਣ ਲੱਗ ਪਏ ਹਨ ਤੇ ਇਸ ਰਾਹੀਂ ਇਲਾਜ ਵੀ ਸ਼ੁਰੂ ਹੋ ਗਏ ਹਨ। ਇਸ ਰਾਹੀਂ ਪਟਿਆਲਾ ਰਹਿਣ ਵਾਲਾ ਡਾਕਟਰ ਅਮਰੀਕਾ ਰਹਿੰਦੇ ਮਰੀਜ਼ ਦੇ ਗਲ ਧਾਗਾ ਪਾ ਕੇ ਉਸ ਨੂੰ ਠੀਕ ਕਰ ਸਕਦਾ ਹੈ। ਰਾਸਪੁਤਿਨ ਸੰਤ ਹੋਣ ਤੋਂ ਬਿਨਾ, ਅਜਿਹੀਆਂ ਸਿੱਧੀਆਂ ਦਾ ਸਵਾਮੀ ਪ੍ਰਤੀਤ ਹੁੰਦਾ ਹੈ। ਸਾਡੇ ਯੋਗ ਵਿਚ ਅਜਿਹੇ ਅਨੇਕਾਂ ਤਰੀਕੇ ਸਨ। ਯੋਗੀਆਂ ਵਾਂਗ ਹੀ ਰਾਸਪੁਤਿਨ ਦੂਜਿਆਂ ਦੇ ਦੁਖ ਆਪਣੇ ‘ਤੇ ਲੈ ਲੈਂਦਾ ਸੀ।
ਪਟਿਆਲੇ ਵਿਚ ਇੰਜ ਹੀ ਹੋਇਆ ਸੀ। ਸਭਰਾਵਾਂ ਦੀ ਲੜਾਈ ਵਿਚੋਂ ਕੁਝ ਸਿੱਖ ਫੌਜੀ ਭੱਜ ਕੇ ਪਨਾਹ ਲੈਣ ਲਈ ਪਟਿਆਲੇ ਆਏ, ਪਰ ਮਦਦ ਦੀ ਥਾਂ ਏਥੇ ਅੰਗਰੇਜ਼ਾਂ ਵੱਲੋਂ ਤੋਪ ਨਾਲ ਉਡਾ ਦਿੱਤੇ ਗਏ। ਇਕ ਸਿੰਘ ਨੇ ਮਰਨ ਤੋਂ ਪਹਿਲਾ ਬਚਨ ਕੀਤਾ ਸੀ- ਤੁਸੀਂ ਤਾਂ ਮੁਸਲਮਾਨਾ ਤੋਂ ਵੀ ਭੈੜੇ ਨਿਕਲੇ। ਕਰਮ ਕਰਮੂ ਅਲੀ ਤੈਨੂੰ ਕੋੜ੍ਹ ਪਵੇ। ਮਹਾਰਾਜਾ ਕਰਮ ਸਿੰਘ ਕੁਸ਼ਟ ਰੋਗ ਵਿਚ ਗ੍ਰੱਸਿਆ ਗਿਆ ਸੀ। ਪਿੱਛੋ ਕਿਸੇ ਪਹੁੰਚੇ ਹੋਏ ਸਰਦਾਰ ਨੇ ਉਹ ਰੋਗ ਆਪਣੇ ਉਤੇ ਲੈ ਲਿਆ ਅਤੇ ਆਪਣੇ ਆਪ ਨੂੰ ਵੈਦਾਂ ਤੇ ਹੋਰ ਉਪਚਾਰਾਂ ਦੇ ਸਾਧਨਾਂ ਰਾਹੀਂ ਠੀਕ ਕਰਵਾਇਆ।
ਇਸ ਸਾਰੀ ਚਰਚਾ ਤੋਂ ਮੇਰਾ ਮਨੋਰਥ ਸਿਰਫ਼ ਇਹ ਸਮਝਾਉਣਾ ਹੈ ਕਿ ਅਜਿਹੀਆਂ ਵਿਧੀਆਂ ਬਹੁਤ ਥਾਵਾਂ ‘ਤੇ ਪ੍ਰਚਲਤ ਸਨ ਜਿਨ੍ਹਾਂ ਰਾਹੀਂ ਦੁਨੀਆਂ ਦੇ ਦੁੱਖ ਹਰ ਲਏ ਜਾਂਦੇ ਸਨ। ਯੋਗ, ਰੇਖੀ, ਸੂਰਜ ਊਰਜਾ, ਅਧਿਆਤਮਿਕ ਸਾਧਨਾ, ਅੰਤ੍ਰ ਗਿਆਨ ਰਾਹੀਂ ਇਹ ਸਭ ਕੁਝ ਵਾਪਰਦਾ ਸੀ। ਇਕ ਤਰ੍ਹਾਂ ਇਹ ਅਮਲ ਕੁਦਰਤ ਦੇ ਨੇਮ ਨੂੰ ਰੋਕਣਾ ਹੁੰਦਾ ਸੀ। ਅਜਿਹਾ ਕਰਨ ਵਾਲੇ ਨੂੰ ਇਸ ਦਾ ਮੁੱਲ ਤਾਰਨਾ ਪੈਂਦਾ ਸੀ। ਰਾਸਪੁਤਿਨ ਸਾਰੀ ਉਮਰ ਇਹ ਕਰਮ ਕਰਦਾ ਰਿਹਾ ਅਤੇ ਕੀਮਤ ਤਾਰਦਾ ਰਿਹਾ। ਉਸ ਦੀ ਮੌਤ ਵੀ ਇਸ ਕੀਮਤ ਦੀ ਅਦਾਇਗੀ ਸੀ। ਸੰਤ ਅਤਰ ਸਿੰਘ ਵਿਚ ਇਹ ਸਮਰੱਥਾ ਸੀ, ਪਰ ਉਹ ਇਸ ਦੀ ਵਰਤੋਂ ਕਦੇ ਕਦਾਈ ਹੀ ਕਰਦੇ ਸਨ। ਉਹ ਨਾਬਾਲਗ ਮਹਾਰਾਜਾ ਭੁਪਿੰਦਰ ਸਿੰਘ ਦੀ ਸੁਰੱਖਿਆ ਹਿੱਤ ਪਟਿਆਲੇ ਰਹੇ, ਪਰ ਸਰਦਾਰ ਜੋ ਬਾਲਗ ਹੋਣ ਤੋਂ ਪਹਿਲਾਂ ਹੀ ਮਹਾਰਾਜੇ ਨੂੰ ਆਪਣੇ ਰੰਗ ਵਿਚ ਰੰਗਵਾਉਣਾ ਚਾਹੁੰਦੇ ਸਨ, ਸੰਤ ਜੀ ਨੂੰ ਪਟਿਆਲੇ ਵਿਚੋਂ ਭਜਾਉਣ ਦੀਆਂ ਸਾਜ਼ਿਸ਼ਾਂ ਕਰਨ ਲੱਗ ਪਏ। ਸੰਤ ਜੀ ਇਸ ਨੂੰ ਹੁਕਮ ਮੰਨਦੇ ਹੋਏ, ਇਹ ਕਹਿੰਦੇ ਚਲੇ ਗਏ ਕਿ ਇਹ ਪ੍ਰਤਾਪੀ ਰਾਜਾ ਹੈ। ਅਸੀਂ ਇਸ ਦੀ ਸੰਭਾਲ ਵਾਸਤੇ ਕੁਝ ਦੇਰ ਹੋਰ ਏਥੇ ਰਹਿਣਾ ਚਾਹੁੰਦੇ ਸਾਂ, ਪਰ ਇਹ ਮਨਜ਼ੂਰ ਨਹੀਂ। ਇਸ ਤੋਂ ਪਿੱਛੋ ਹੀ ਉਨ੍ਹਾਂ ਨੇ ਪੋਠੋਹਾਰ ਨੂੰ ਆਪਣੀ ਕਰਮ ਭੂਮੀ ਬਣਾ ਲਿਆ। ਇਹ ਗੱਲ ਕਰਦੇ ਹੋਏ ਚਾਲੀ ਵਰ੍ਹੇ ਪਹਿਲਾਂ ਬਲਕਾਰ ਸਿੰਘ ਨੇ ਕਿਹਾ ਸੀ ਕਿ ਮਹਾਰਾਜਾ ਭੁਪਿੰਦਰ ਸਿੰਘ ਜੇ ਸਾਰੀ ਉਮਰ ਕੇਸਾਧਾਰੀ ਤੇ ਦਸਤਾਰਧਾਰੀ ਰਿਹਾ, ਉਹ ਸਿਰਫ਼ ਸੰਤ ਅਤਰ ਸਿੰਘ ਦੇ ਅਸਰ ਕਰ ਕੇ ਸੀ।
ਇਸ ਚਰਚਾ ਲਈ ਮੈਂ ਅੰਤਮ ਲੇਖ ਤਾਸਕੀ ਚੁਣਿਆ। ਅਜਿਹਾ ਕਰਨ ਸਮੇਂ ਮੇਰੇ ਮਨ ਵਿਚ ਕਈ ਧਿਆਨ ਅਤੇ ਨੁਕਤੇ ਸਨ ਜੋ ਮੈਂ ਵਿਚਾਰਨੇ ਚਾਹੁੰਦਾ ਸਾਂ, ਪਰ ਏਥੇ ਪਹੁੰਚ ਕੇ ਮੈਂ ਇਸ ਪਾਠ ਤੇ ਨਵੇਂ ਸਿਰਿਓਂ ਝਾਤ ਮਾਰਦੇ ਹੋਏ ਇਸ ਦੇ ਕੁਝ ਹਿੱਸੇ ਪੜ੍ਹੇ ਅਤੇ ਨਿਰਣੈ ਕੀਤਾ ਹੈ ਕਿ ਮੈਂ ਪੰਨੂ ਦੀ ਗੱਦ ਸ਼ੈਲੀ ਲਿਖਣ, ਅਰਥਾਤ ਬਿਰਤਾਂਤ ਕਲਾ ਤੇ ਉਸ ਨਾਲ ਜੁੜੀਆਂ ਤਰਕੀਬਾਂ ਬਾਰੇ ਕੁਝ ਨਹੀਂ ਕਹਿਣਾ। ਇਹ ਲੇਖ 1600 ਪੰਨਿਆਂ ਵਿਚ ਫੈਲੀ ਸੂਚਨਾ ‘ਤੇ ਆਧਾਰਤ ਹੈ ਜਿਸ ਨੂੰ ਪੰਨੂ ਨੇ ਤੀਹ ਪੰਨਿਆ ਵਿਚ ਇਸ ਤਰ੍ਹਾਂ ਸਮੇਟਿਆ ਹੈ ਜਿਵੇਂ ਬਾਕੀ ਕੁਝ ਰਿਹਾ ਹੀ ਨਾ ਹੋਵੇ। ਉਸ ਨੇ ਆਪਣੇ ਕੋਲੋਂ ਕੁਝ ਵੀ ਨਾ ਜੋੜਦੇ ਹੋਏ ਇਤਿਹਾਸਕਾਰ ਇਸਹਾਕ ਡਿਊਸ਼ਰ ਦੇ ਸਿਰੜ ਅਤੇ ਯਤਨ ਨੂੰ ਜਿਉਂ ਦਾ ਤਿਉਂ ਤੁਹਾਡੇ ਤਕ ਪਹੁੰਚਾਇਆ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਜਨ ਮਾਨਸ ਪੰਨੂ ਦੀ ਮਿਹਨਤ ਦਾ ਮੁੱਲ ਪਾਉਣ ਲਈ ਉਸ ਦਾ ਇਹ ਲੇਖ ਅਤੇ ਨਾਲ ਇਸਹਾਕ ਡਿਊਸ਼ਰ ਦੀਆਂ ਤਿੰਨੇ ਜਿਲਦਾਂ ਅਵੱਸ਼ ਪੜ੍ਹੇ। ਜੋ ਲੋਕ ਅਜੇ ਵੀ ਇਹ ਆਸ ਲਾਈ ਬੈਠੇ ਹਨ ਕਿ ਕਮਿਊਨਿਜ਼ਮ ਦਾ ਮੁਰਦਾ ਇਕ ਦਿਨ ਅਵੱਸ਼ ਉਠ ਕੇ ਖਲੋ ਜਾਵੇਗਾ, ਉਨ੍ਹਾਂ ਲਈ ਇਨ੍ਹਾਂ ਪੁਸਤਕਾਂ ਦਾ ਪਾਠ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਦਾ ਵਿਰੋਧ ਕਰਨ ਲਈ ਨਹੀਂ, ਸਗੋਂ ਇਸ ਦਾ ਸਮਰਥਨ ਕਰਨ ਲਈ। ਜੋ ਲੋਕ ਇਸ ਮਕਸਦ ਲਈ ਯਤਨਸ਼ੀਲ ਅਤੇ ਸੰਘਰਸ਼ਸ਼ੀਲ ਹਨ, ਉਨ੍ਹਾਂ ਲਈ ਇਨ੍ਹਾਂ ਲਿਖਤਾਂ ਦਾ ਪਾਠ ਸਭ ਤੋਂ ਵੱਧ ਜ਼ਰੂਰੀ ਹੈ ਤਾਂ ਕਿ ਉਹ ਜਾਣ ਸਕਣ ਕਿ ਕਾਲੇ ਦੌਰ ਵਿਚ ਜੋ ਕੁਝ ਮਾੜਾ ਹੋਇਆ, ਉਹ ਕਿਉਂ ਹੋਇਆ ਅਤੇ ਅੱਗੇ ਲਈ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਅਜਿਹਾ ਕਰਨਾ ਉਨ੍ਹਾਂ ਜੋਧਿਆਂ ਦੇ ਹਿੱਤ ਵਿਚ ਹੈ। ਅੱਗੇ ਉਨ੍ਹਾਂ ਦੀ ਮਰਜ਼ੀ।
ਸੰਘਰਸ਼ਕਾਰੀ ਧਿਰਾਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਡਾæ ਪੰਨੂ ਅਤੇ ਇਤਿਹਾਸਕਾਰ ਇਸਹਾਕ ਡਿਊਸ਼ਰ ਦੀਆਂ ਲਿਖਤਾਂ ਵਧੇਰੇ ਧਿਆਨ ਤੇ ਚੌਕਸੀ ਨਾਲ ਪੜ੍ਹਨ ਅਤੇ ਉਸ ਫੀਅਰ ਸਾਈਕੋਸਿਸ ਤੇ ਐਨਵੀ ਫੋਬੀਆ ਤੋਂਂ ਬਚ ਸਕਣ ਜਿਸ ਦਾ ਕਾਮਰੇਡ ਸਟਾਲਿਨ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਸੀ। ਅਜਿਹੀ ਸਮਝ ਸੂਝ ਵਿਕਸਿਤ ਕਰ ਸਕਣ ਕਿ ਉਸ ਬੇਇਨਸਾਫੀ, ਧੱਕੇ, ਜ਼ੁਲਮ ਅਤੇ ਜ਼ੁਲਮਤ ਦੀਆਂ ਹਨੇਰੀਆਂ ਤੋਂ ਬਚਿਆ ਜਾ ਸਕੇ ਜਿਸ ਦਾ ਸ਼ਿਕਾਰ ਸੋਵੀਅਤ ਇਨਕਲਾਬ ਦਾ ਜਨਕ ਕਾਮਰੇਡ ਤਾਸਕੀ ਹੋਇਆ।
ਪੰਨੂ ਦਾ ਇਹ ਕਥਨ ਠੀਕ ਹੈ ਕਿ ਰੂਸੀ ਭਾਸ਼ਾ ਵਿਚ ਟੈਂਕੇ ਦੀ ਧੁਨੀ ਨਹੀਂ ਹੈ। ਅਸੀਂ ਰੂਸੀ ਤੱਤਾ ਅਤੇ ਦੱਦਾ ਦਾ ਉਚਾਰਨ ਇਸ ਲਈ ਟੈਂਕੇ ਅਤੇ ਡੱਡੇ ਨਾਲ ਕਰਦੇ ਰਹੇ ਹਾਂ, ਕਿਉਂਕਿ ਸਾਡੀ ਰੂਸੀ ਜ਼ਬਾਨ ਤੱਕ ਰਸਾਈ ਅੰਗਰੇਜ਼ੀ ਦੇ ਜ਼ਰੀਏ ਹੁੰਦੀ ਸੀ। ਅੰਗਰੇਜ਼ ਦੀ ਆਦਤ ਹੈ ਕਿ ਉਹ ਦੂਜੀਆਂ ਭਾਸ਼ਾਵਾਂ ਦੇ ਤੱਤੇ ਅਤੇ ਦੱਦੇ ਦਾ ਉਚਾਰਨ ਟੀ ਅਤੇ ਡੀ ਲਿਖ ਕੇ ਕਰਦਾ ਹੈ। ਫਰੈਂਚ ਵਿਚ ਵੀ ਟੈਂਕਾ ਅਤੇ ਡੱਡਾ ਨਹੀਂ ਹਨ। ਤਾਸਕੀ ਉਚਾਰਨ ਫਰੈਂਚ ਭਾਸ਼ਾ ਦਾ ਹੈ। ਰੂਸੀ ਉਚਾਰਨ ਤ੍ਰਾਤਸਕੀ ਹੋਣਾ ਚਾਹੀਦਾ ਹੈ, ਅਜਿਹੀ ਮੇਰੀ ਜਾਣਕਾਰੀ ਹੈ, ਪਰ ਮੈਂ ਇਨ੍ਹਾਂ ਭਾਸ਼ਾਵਾ ਦਾ ਮਾਹਰ ਨਹੀਂ ਹਾਂ।