ਜ਼ਿੰਦਗੀ ਦਾ ਸਫਰ ਮੌਤ ਦੇ ਰਾਹਾਂ ‘ਤੇ

ਅਮਰੀਕ ਸਿੰਘ ਬਲ ਅੱਜ ਕੱਲ੍ਹ ਸਪੇਨ ਵੱਸਦਾ ਹੈ, ਪਰ ਉਥੇ ਪੁੱਜਣ ਦੀ ਜਿਹੜੀ ਕਹਾਣੀ ਉਸ ਨੇ ਆਪਣੀ ਪੋਥੀ ‘ਸ਼ੌਰਟ ਕੱਟ ਵਾਇਆ ਲੌਂਗ ਰੂਟ’ ਰਾਹੀਂ ਸੁਣਾਈ ਹੈ, ਉਹ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹੈ। ਉਹਨੇ ਜਿਸ ਤਰ੍ਹਾਂ ਸ਼ਬਦਾਂ ਅਤੇ ਘਟਨਾਵਾਂ ਦੀ ਤਫਸੀਲ ਰਾਹੀਂ ਪਿੜ ਬੰਨ੍ਹਿਆ ਹੈ, ਉਹ ਲਾਮਿਸਾਲ ਹੈ। ਇਹ ਘਟਨਾਵਾਂ ਮੂੰਹ-ਜ਼ੋਰ ਅਤੇ ਅੱਥਰੀਆਂ ਹਨ, ਪਰ ਨਾਲ ਹੀ ਪਰਵਾਜ਼ ਭਰਨ ਲਈ ਤਾਂਘਦੀ ਜ਼ਿੰਦਗੀ ਦੇ ਪੈਰੀਂ ਪਹਾੜ ਬੱਝਣ ਦਾ ਦਰਦ ਵੀ ਹੰਢਾ ਰਹੀਆਂ ਹਨæææ

ਤੇ ਪੈਰੀਂ ਬੱਝੇ ਪਹਾੜ ਨਾਲ ਲੈ ਕੇ ਉਡਣਾ ਅਜੇ ਤਕ ਕਿਸੇ ਦੇ ਹਿੱਸੇ ਤਾਂ ਨਹੀਂ ਆਇਆ, ਪਰ ਅਮਰੀਕ ਨੂੰ ਸ਼ਾਇਦ ਇਸ ਪਹਾੜ ਸਣੇ ਉਡਣਾ ਪਿਆ! ਦੇਸ ਤੋਂ ਪਰਦੇਸ ਪੁੱਜਣ ਦੀ ਇਸ ਮਾਰਮਿਕ ਕਹਾਣੀ ਦੀ ਤੀਜੀ ਕਿਸ਼ਤ ਪਾਠਕਾਂ ਲਈ ਹਾਜ਼ਰ ਹੈ। -ਸੰਪਾਦਕ

ਅਮਰੀਕ ਸਿੰਘ ਬਲ
ਫੋਨ: 34602835897

ਦੋ ਜੀਪਾਂ ਧਰਤੀ ਦੇ ਸਭ ਤੋਂ ਵਿਸ਼ਾਲ ਸਹਾਰਾ ਰੇਗਿਸਤਾਨ ਦੀ ਰੇਤ ਖਿੰਡਾਉਂਦੀਆਂ, ਪੂਰੀ ਗਤੀ ਨਾਲ ਦੌੜ ਰਹੀਆਂ ਸਨ। ਦੋ ਅਧੇੜ, ਦੋਗਲੀ ਨਸਲ (ਹਬਸ਼ੀ-ਮੋਰੱਕੀ) ਦੇ ਡੌਂਕਰ ਅਤੇ ਦੋ ਸਹਾਇਕ ਹਬਸ਼ੀ ਨੌਜਵਾਨ ਸਾਨੂੰ ਖੌਰੇ ਕਿਹੜਿਆਂ ਰਾਹਾਂ ‘ਤੇ ਘੜੀਸੀ ਲਿਜਾ ਰਹੇ ਸਨ!
ਜੀਪਾਂ ਵਾਕਈ ਮਜ਼ਬੂਤ ਤੇ ਤਾਕਤਵਰ ਸਨ, ਤਾਂ ਹੀ ਉਹ ਟਿੱਬਿਆਂ ਵਿਚ ਵੀ ਇੰਜ ਦੌੜਦੀਆਂ ਲੱਗਦੀਆਂ ਸਨ, ਜਿਵੇਂ ਸੜਕ ‘ਤੇ ਚਲਦੀਆਂ ਹੋਣ। ਤੇਜ ਰਫਤਾਰ ਨਾਲ ਜਦੋਂ ਟਿੱਬਿਆਂ-ਧੋੜ੍ਹਿਆਂ ਤੋਂ ਉਛਲ ਕੇ ਡਿੱਗਦੀਆਂ ਤਾਂ ਘਾਤਕ ਝਟਕਿਆਂ ਨਾਲ ਸਾਡੇ ਸਰੀਰਾਂ ਦੇ ਅੰਜਰ-ਪੰਜਰ ਢਿੱਲੇ ਹੋ ਜਾਂਦੇ, ਸਮੁੱਚਾ ਜਿਸਮ ਜੜ੍ਹਾਂ ਤੀਕਰ ਹਿੱਲ ਜਾਂਦਾ। ਦੋ ਵਕਫਿਆਂ ਵਿਚ 1-1 ਘੰਟੇ ਦੇ ਆਰਾਮ ਦੌਰਾਨ ਕੁਝ ਬਿਸਕੁਟ, ਪਾਣੀ, ਚਾਹ ਦੇ ਕੇ ਸਾਰਾ ਦਿਨ, ਸ਼ਾਮ ਤਕ ਉਹ ਬੇਰਹਿਮ ਸਫਰ ਪੂਰੇ ਹਠ, ਜ਼ੋਰ ਨਾਲ ਜਾਰੀ ਰਿਹਾ ਸੀ।
ਅਸੀਂ ਪਿੱਛੇ ਬੈਠੇ ਖੁਦ ਨੂੰ ਡਿਗਣ ਤੋਂ ਬਚਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕਰਦੇ ਚੀਕਾਂ ਮਾਰਦੇ ਰਹੇ, ਉਲਟੀਆਂ ਕਰਦੇ ਰਹੇ ਅਤੇ ਗਾਲ੍ਹਾਂ ਕੱਢਦੇ ਰਹੇ, ਪਰ ਡਰਾਇਵਰ ਜਿਵੇਂ ਬੁੱਚੜਾਂ ਵਾਲੀ ਨਸਲ ਵਿਚੋਂ ਸਨ, ਅੰਨ੍ਹੀ ਚਾਲੇ ਗੱਡੀਆਂ ਭਜਾਉਂਦੇ ਗਏ। ਸਾਰੇ ਜਣੇ ਆਪਣੇ ਨਿਜੀ ਯਤਨਾਂ ਤੇ ਹਿੰਮਤ ਸਦਕਾ ਜੀਪਾਂ ਦੇ ਕੰਢੇ ਫੜੀ, ਇਕ-ਦੂਜੇ ਨੂੰ ਚਿੰਬੜੇ ਬੈਠੇ ਕਿਸੇ ਨਾਗਵਾਰ ਹਾਦਸੇ ਦੇ ਭੈਅ ਨਾਲ ਖੌਫਜ਼ਦਾ ਸਨ। ਉਨ੍ਹਾਂ ਜੱਲਾਦਾਂ ਦੀ ਹੌਲਨਾਕ ਡਰਾਇਵਰੀ ਨੇ ਸਾਡੇ ਅੰਦਰਲੇ ਨਾਸਤਿਕਾਂ ਨੂੰ ਆਸਤਿਕ ਬਣਾ ਛੱਡਿਆ। ਰਹਿ ਰਹਿ ਕੇ ਰੱਬ ਰੱਬ ਹੋ ਰਹੀ ਸੀ।
ਇਕ ਉਚੇ ਟਿੱਲੇ ਤੋਂ ਜੀਪ ਐਸੀ ਉਛਲ ਕੇ ਡਿੱਗੀ ਕਿ ਜ਼ੋਰਦਾਰ ਝਟਕੇ ਨਾਲ ਮੈਨੂੰ ਲੱਗਿਆ, ਰੀੜ੍ਹ ਦੀ ਹੱਡੀ ਦਾ ਮਣਕਾ ਟੁੱਟਿਆ ਨਹੀਂ ਤਾਂ ਤਿੜਕ ਜ਼ਰੂਰ ਗਿਆ ਹੋਣੈ। ਅੰਤਾਂ ਦੇ ਦਰਦ ਦੀ ਲਹਿਰ ਪਿੱਠ ‘ਤੇ ਆਰੀਆਂ ਫੇਰਦੀ ਗੁਜ਼ਰ ਗਈ, ਅੱਖਾਂ ‘ਚ ਪਾਣੀ ਭਰ ਗਿਆ। ਮੂੰਹੋਂ ਗਾਲ੍ਹਾਂ ਤੇ ਬਦ-ਦੁਆਵਾਂ ਦਾ ਤੂਫਾਨ ਚੱਲ ਪਿਆ। ਬਾਕੀਆਂ ਨੇ ਵੀ ਚੀਕ-ਚਹਾੜਾ ਪਾ ਦਿੱਤਾ।
ਜੀਪ ਰੁਕ ਗਈ, ਡੌਂਕਰ (ਡੌਂਕੀ ਨਾਲ ਜੁੜਿਆ ਮਕਬੂਲ ਨਾਮਕਰਨ) ਨੇ ਪਿੱਛੇ ਆ ਕੇ ਗੁੱਸੇ ਵਿਚ ਅਰਬੀ ਦੇ ਮੋਟੇ ਮੋਟੇ ਹਿੰਸਕ ਸ਼ਬਦ ਚਿੱਥਣੇ ਸ਼ੁਰੂ ਕਰ ਦਿੱਤੇ। ਅਸੀਂ ਵੀ ਇਸ਼ਾਰਿਆਂ ਨਾਲ ਕਾਰਨ ਦੱਸਦੇ ਠੰਢੇ ਪੈ ਗਏ। ਜੀਪ ਫਿਰ ਚੱਲੀ, ਪਰ ਹਾਲਾਤ ਉਹੋ ਜਿਹੇ ਹੀ ਰਹੇ। ਮੁੰਡੇ ਜ਼ਿਆਦਾ ਰੌਲਾ ਪਾਉਂਦੇ ਤਾਂ ਸਪੀਡ ਥੋੜ੍ਹੀ ਘਟ ਜਾਂਦੀ, ਪਰ ਕੁਝ ਕੁ ਪਲਾਂ ਬਾਅਦ ਸੂਈ ਫਿਰ ਸਪੀਡੋਮੀਟਰ ਦੇ ਸਿਰੇ ਨੂੰ ਛੂਹਣ ਲੱਗ ਪੈਂਦੀ। ਪੂਰੇ ਦਿਨ ਵਿਚ ਸਾਡੇ ਗਾਲ੍ਹਾਂ ਤੇ ਬਦ-ਦੁਆਵਾਂ ਦੇ ਭੰਡਾਰਕੋਸ਼ ਵਿਚ ਨਵਂੇ ਨਵਂੇ ਭਿਆਨਕ, ਬਦਤਰ, ਗਲੀਜ਼ ਸ਼ਬਦਾਂ ਦਾ ਹੈਰਤਅੰਗੇਜ਼ ਵਾਧਾ ਹੋਇਆ। ਐਸੀਆਂ ਗੰਦੀਆਂ ਗਾਲ੍ਹਾਂ ਜੇ ਕੋਈ ਸਭਿਅਕ ਤੇ ਮਲੂਕ ਸ਼ਖਸ ਸੁਣੇ ਤਾਂ ਦਿਲ ਦੀ ਧੜਕਣ ਰੁਕਣ ਨਾਲ ਸ਼ਾਇਦ ਮਰਨ ਕਿਨਾਰੇ ਪਹੁੰਚ ਜਾਵੇ!
ਸਾਨੂੰ ਉਦੋਂ ਚੈਨ ਮਿਲਿਆ ਜਦੋਂ ਸ਼ਾਮ ਨੂੰ ਲੰਮੀ ਚੌੜੀ ਨਹਿਰ ਕਿਨਾਰੇ ਜੀਪਾਂ ਰੁਕੀਆਂ। ਕਿਸੇ ਨੂੰ ਉਮੀਦ ਨਹੀਂ ਸੀ ਕਿ ਇਕੋ ਵਾਰ, ਇੰਨਾ ਸਾਰਾ ਇਕੱਠਾ ਪਾਣੀ ਇਨ੍ਹਾਂ ਵੀਰਾਨਿਆਂ ਵਿਚ ਦੇਖਣ ਨੂੰ ਮਿਲੇਗਾ। ਸਭ ਦੇ ਸਿਰ-ਮੂੰਹ, ਕੱਪੜੇ ਰੇਤ ਨਾਲ ਭਰੇ ਪਏ ਸਨ। ਭੁੱਖ-ਪਿਆਸ ਨਾਲ ਬੁਰੀ ਹਾਲਤ ਸੀ। ਦਿਨ ਭਰ ਜਿਵੇਂ ਦੋਜ਼ਖ ਦੀ ਅੱਗ ਵਿਚ ਝੁਲਸਦੇ ਰਹੇ ਸਾਂ।
ਅਸੀਂ ਸਫਰ ਇਸ ਲਈ ਨਹੀਂ ਕੀਤਾ ਕਿ ਜ਼ਰੂਰੀ ਹੈ, ਸਗੋਂ ਮਜਬੂਰੀ ਸੀ। ਹੋਰ ਕੋਈ ਚਾਰਾ ਨਹੀਂ ਸੀ। ਅੱਜ ਦੇ ਹਾਲਾਤ ਪਿਛੋਂ ਸਾਡੇ ਸਾਹਮਣੇ ਕੋਈ ਬਦਲ ਹੁੰਦਾ ਤਾਂ ਸਭ ਪਿੱਛੇ ਜਾਣ ਨੂੰ ਤਰਜੀਹ ਦਿੰਦੇ, ਕਿਉਂਕਿ ਅਜੇ ਕੁਝ ਵੀ ਸਾਫ ਨਹੀਂ ਸੀ ਕਿ ਅੱਗੇ ਸਫਰ ਇਕ-ਦੋ ਦਿਨ ਦਾ ਹੈ ਜਾਂ 5-6 ਦਿਨਾਂ ਦਾ; ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਅਸੀਂ ਜਿਨ੍ਹਾਂ ਜ਼ਾਲਮਾਂ ਦੇ ਹੱਥਾਂ ‘ਚ ਸਾਂ, ਉਨ੍ਹਾਂ ਨੂੰ ਡਾਲਰ, ਯੂਰੋ ਸਾਨੂੰ ਕਿਸੇ ਤੈਅਸ਼ੁਦਾ ਮੁਕਾਮ ‘ਤੇ ਪਹੁੰਚਾਉਣ ਦੇ ਹੀ ਮਿਲਣੇ ਸਨ। ਜੇ ਦੋ-ਚਾਰ ਮੁਰਦਾ ਵੀ ਹੋ ਜਾਂਦੇ ਤਾਂ ਵੀ ਉਨ੍ਹਾਂ ਦੀਆਂ ਅਸਾਧਾਰਨ ਫੀਸਾਂ ‘ਤੇ ਸ਼ਾਇਦ ਕੋਈ ਅਸਰ ਨਹੀਂ ਸੀ ਪੈਣਾ!
ਕਾਫੀ ਵੱਡੀ ਕਿਸ਼ਤੀ ਵਿਚ ਬਿਠਾ ਕੇ ਸਾਨੂੰ ਨਦੀ ਦੇ ਦੂਜੇ ਕਿਨਾਰੇ ਪਹੁੰਚਾਇਆ ਗਿਆ। ਜੀਪਾਂ ਘੰਟੇ ਕੁ ਬਾਅਦ ਦੂਸਰੇ ਕਿਨਾਰੇ ਪਹੁੰਚ ਗਈਆਂ। ਅੰਦਾਜ਼ਾ ਸੀ, ਕਿਸੇ ਪੁਲ ਵਾਲੀ ਥਾਂ ਜਿਥੇ ਪੁਲਿਸ ਚੈਕਿੰਗ ਹੋਵੇਗੀ, ਉਥੋਂ ਸਾਡੇ ਸਮੇਤ ਨਹੀਂ ਸੀ ਲੰਘਿਆ ਜਾ ਸਕਦਾ ਹੋਣਾ।
ਨਹਿਰ ਤੋਂ ਰੱਜ ਕੇ ਪਾਣੀ ਪੀਤਾ, ਨਹਾਤੇ-ਧੋਤੇ, ਪਰ ਖਾਣਾ ਢਿੱਡ ਭਰਨ ਜੋਗਾ ਵੀ ਨਾ ਨਸੀਬ ਹੋਇਆ। ਇਕ ਇਕ ਸੁੱਕਾ ਗੋਲ ਬਰੈੱਡ (ਖੋਬਸ) ਤੇ ਇਕ ਇਕ ਕੁਤਰੀ-ਮਸਲੀ ਮੱਛੀ ਦੀ ਛੋਟੀ ਜਿਹੀ ਡੱਬੀ। ਸ਼ਾਇਦ ਸਾਡੇ ਕੁਝ ਕੁ ਘੰਟਿਆਂ ਦੇ ਨਵੇਂ ਅਸਥਾਈ ਡੌਂਕਰਾਂ ਦੀ ਨਜ਼ਰ ਵਿਚ ਸਾਡੇ ਵਾਸਤੇ ਇੰਨਾ ਕੁ ਖਾਣਾ ਕਾਫੀ ਸੀ। ਮੈਂ ਤੇ ਹੋਰ ਕੁਝ ਮੁੰਡਿਆਂ ਨੇ ਮੱਛੀ ਨਹੀਂ ਖਾਧੀ, ਪਾਣੀ ਨਾਲ ਸੁੱਕੇ ਬਰੈੱਡ ਸੰਘ ਤੋਂ ਥੱਲੇ ਲੰਘਾਏ।
ਮੈਂ ਤੁਰਦਿਆਂ ਸੋਚਿਆ ਸੀ, ਮੀਟ-ਮੱਛੀ ਨਹੀਂ ਖਾਵਾਂਗਾ। ਆਖਰੀ ਦਿਨ ਮਾਲੀ (ਮੁਲਕ ਦਾ ਨਾਂ) ਵਿਚ ਉਮੀਦੋਂ ਬਾਹਰੇ ਅਤੇ ਨਾ ਮੰਨਣ ਯੋਗ ਸੂਰਤ ਵਿਚ ਬਣੇ ਬੇਹੂਦਾ ਜਿਹੇ ਮੀਟ ਨੂੰ ਵੀ ਮੈਂ ਇਸ ਸੋਚ ਤਹਿਤ ਨਕਾਰ ਦਿੱਤਾ ਸੀ ਕਿ ਸਪੇਨ ਪਹੁੰਚਣ ਤਕ ਮਾਸ-ਮੱਛੀ ਨਹੀਂ ਖਾਣੀ। ਆਖਿਰ ਕੁਝ ਕੁ ਦਿਨਾਂ ਦੀ ਹੀ ਤਾਂ ਗੱਲ ਸੀ। ਕਿਸ ਨੂੰ ਖਬਰ ਸੀ, ਇਕ ਇਕ ਬੁਰਕੀ ਅਤੇ ਇਕ ਇਕ ਬੂੰਦ ਪਾਣੀ ਲਈ ਤਰਸਣਾ ਤੇ ਤੜਫਣਾ ਪੈਣਾ ਹੈ।
ਸੁੱਤਿਆਂ ਨੂੰ ਮਸੀਂ ਡੇਢ ਕੁ ਘੰਟਾ ਹੋਇਆ ਸੀ ਕਿ ਡੌਂਕਰਾਂ ਨੇ ਉਠਣ ਲਈ ਰੌਲਾ ਪਾ ਦਿੱਤਾ। ਸਾਰੇ ਜਣੇ ਉਨ੍ਹਾਂ ਨੂੰ ਕੋਸਦੇ, ਗਾਲ੍ਹਾਂ ਬਕਦੇ ਫੁਰਤੀ ਨਾਲ ਕੁਝ ਸੁਖਾਲੀ ਜਗ੍ਹਾ ‘ਤੇ ਜਾ ਬੈਠੇ। ਇਸ ਵਾਰ 39ਵਾਂ ਆਖਿਰੀ ਬੰਦਾ ਮੈਂ ਸਾਂ ਜੋ ਦੋਹਾਂ ਜੀਪਾਂ ਵਿਚਾਲੇ ਖੜ੍ਹਾ ਸ਼ਸ਼ੋਪੰਜ ਵਿਚ ਪਿਆ ਸੋਚਦਾ ਰਿਹਾ- ਇਧਰ ਚੜ੍ਹਾਂ ਜਾਂ ਉਧਰ। ਜੀਪਾਂ ਚੱਲ ਪਈਆਂ। ਮੈਂ ਰੌਲਾ ਪਾਉਂਦਾ ਇਕ ਪਾਸੇ ਮਸਾਂ ਚੜ੍ਹਿਆ।
39ਵਾਂ ਬੰਦਾ ਦੋਹਾਂ ਜੀਪਾਂ ਵਿਚ ‘ਸੈੱਟ’ ਹੋ ਚੁੱਕੇ ਸੁਆਰਥੀਆਂ ਲਈ ਫਾਲਤੂ ਬੋਝ ਸੀ, ਅਸਹਿਣਯੋਗ ਜੀਵ ਸੀ ਜੋ ਦੂਜੀ ਜੀਪ ਵਿਚ ਹੀ ਬੈਠੇ ਤਾਂ ਬਿਹਤਰ ਹੋਣਾ ਸੀ! ਸਾਡੇ ਥੱਲੇ ਪਾਣੀ ਨਾਲ ਭਰੀਆਂ ਪਲਾਸਟਿਕ ਦੀਆਂ 8-8 ਵੱਡੀਆਂ ਕੈਨੀਆਂ ਸਨ, ਤਿੰਨ-ਤਿੰਨ ਡੀਜ਼ਲ ਭਰੇ ਡਰੰਮ ਸਨ, ਸਾਰਿਆਂ ਦੇ ਆਪੋ-ਆਪਣੇ ਬੈਗ-ਝੋਲੇ ਸਨ। ਇਹ ਇੰਤਜ਼ਾਮ ਕਿਸੇ ਡਰਾਉਣੇ ਅੰਜਾਮ ਵੱਲ ਸਾਫ ਇਸ਼ਾਰਾ ਸੀ, ਪਰ ਕਿਸੇ ਨੇ ਸੰਜੀਦਗੀ ਨਾਲ ਨਾ ਗੌਲਿਆ ਕਿ ਇਹ ਸਭ ਕਿਉਂ ਹੈ?
ਰਾਤ ਦੇ ਹਨੇਰੇ ਵਿਚ ਜੀਪਾਂ ਦੇ ਹੁਝਕੇ-ਝਟਕੇ ਦੱਸਦੇ ਸਨ ਕਿ ਕਾਫੀ ਉਚੀਆਂ-ਨੀਵੀਆਂ ਰਾਹਾਂ ਨੇ। ਫਿਰ ਇਕ ਜੀਪ ਵਿਚ ਆਈ ਕਿਸੇ ਤਕਨੀਕੀ ਖਰਾਬੀ ਕਰ ਕੇ ਸਾਨੂੰ 3-4 ਘੰਟੇ ਦੀ ਸੁਖਦ ਨੀਂਦ ਨਸੀਬ ਹੋ ਗਈ। ਬਹੁਤ ਅੜ-ਧੜ ਕੇ 19-19 ਬੰਦੇ ਫਿਰ ਚੜ੍ਹੇ; 20ਵਾਂ ਕਿਧਰ ਬੈਠੇ? ਦੋਨੋਂ ਪਾਸਿਉਂ ਧੱਕੇ ਪੈਂਦੇ- ‘ਉਧਰ ਜਾ, ਉਧਰ ਜਾ।’ ਉਹ ਚੀਕਦਾ-ਕਲਪਦਾ ਕਿਸੇ ਜੀਪ ਵਿਚ ਬੜੇ ਜ਼ੋਰ ਨਾਲ ਚੜ੍ਹਦਾ। ਦੂਜੀ ਜੀਪ ਵਾਲੇ ਸੌਖਾ ਮਹਿਸੂਸ ਕਰਦੇ, ਜਿਵੇਂ ਹੁਣ ਕਾਫੀ ਖੁੱਲ੍ਹੇ-ਡੁੱਲ੍ਹੇ ਹੋ ਕੇ ਬੈਠ ਸਕਣਗੇ! ਜੀਪਾਂ ਚੱਲੀਆਂ, ਤੇ ਬਸ ਇੰਜ ਚੱਲੀਆਂ ਜਿਵੇਂ ਜਲਦ ਤੋਂ ਜਲਦ ਦੁਨੀਆ ਦੇ ਆਖਰੀ ਸਿਰੇ ‘ਤੇ ਪਹੁੰਚਣਾ ਹੋਵੇ, ਜਿਵੇਂ ਜ਼ਿੰਦਗੀ-ਮੌਤ ਦਾ ਸਵਾਲ ਹੋਵੇ, ਜਿਵੇਂ ਪਿੱਛੇ ਛੁੱਟਦੀ ਜ਼ਮੀਨ, ਪਿੱਛੇ ਪਿੱਛੇ ਹੀ ਪਤਾਲ ਵਿਚ ਧਸਦੀ ਜਾਂਦੀ ਹੋਵੇ!
ਸ਼ੁਰੂ ਸ਼ੁਰੂ ‘ਚ ਸਾਨੂੰ ਆਲੇ-ਦੁਆਲੇ ਛੋਟੇ ਕੰਡਿਆਲੇ ਰੁੱਖ, ਬੂਝ੍ਹੇ-ਝਾੜ ਨਜ਼ਰ ਆਉਂਦੇ ਰਹੇ। ਫਿਰ ਉਹ ਵੀ ਲੋਪ ਹੁੰਦੇ ਗਏ। ਹੁਣ ਤਾਂ ਹਰ ਪਾਸੇ ਸਾਫ-ਪੱਧਰ, ਜਿਧਰ ਦੇਖੋ ਰੇਤ ਹੀ ਰੇਤ। ਕੁਦਰਤ ਦੀ ਸਿਰਜਣਾ ਦੇ ਵਕਤ-ਦਰ-ਵਕਤ ਬਦਲਦੇ ਪੜਾਅ, ਇਹ ਵਖਰੇਵੇਂ ਹੀ ਸਾਡੀ ਜਮੀਨ ਨੂੰ ਆਕਰਸ਼ਿਤ ਕਰਨ ਵਾਲਾ ਬਣਾਉਂਦੇ ਨੇ। ਕਿਧਰੇ ਪਹਾੜ-ਖਾਈਆਂ, ਕਿਧਰੇ ਸਮੁੰਦਰ, ਕਿਧਰੇ ਬਰਫ, ਕਿਤੇ ਹਰਿਆਲੀ-ਜੰਗਲ ਤੇ ਕਿਤੇ ਰੇਤ-ਪਥਰਾਟ। ਸਭ ਕੁਝ ਇਨਸਾਨ ਲਈ ਨਵੀਆਂ ਵੰਗਾਰਾਂ, ਖੋਜਾਂ, ਰੋਮਾਂਚ ਦਾ ਕਾਰਨ ਬਣਦਾ ਜਾਂਦਾ ਹੈ। ਜੇ ਇਹ ਵੰਨ-ਸੁਵੰਨਤਾ ਨਾ ਹੁੰਦੀ, ਹਰ ਪਾਸੇ ਸਭ ਕੁਝ ਇਕ ਸਮਾਨ ਹੁੰਦਾ ਤਾਂ ਜ਼ਿੰਦਗੀ ਨੇ ਆਪਣੇ ਆਕਰਸ਼ਣ ਜਲਦ ਹੀ ਗੁਆ ਦੇਣੇ ਸੀ।
ਹਮਵਾਰ ਰਸਤਿਆਂ ਦੇ ਸਨਮਾਨ ਖਾਤਿਰ ਔਕੜਾਂ ਵੀ ਜ਼ਰੂਰੀ ਹੁੰਦੀਆਂ ਨੇ, ਪਰ ਇਥੇ ਤਾਂ ਮੁਸੀਬਤਾਂ ਜਿਵੇਂ ਸਾਡੇ ਸਿਰਾਂ ‘ਤੇ ਦਰਜਨਾਂ ਦੇ ਹਿਸਾਬ ਨਾਲ ਡਿੱਗ ਰਹੀਆਂ ਸਨ। ਭੁੱਖ-ਪਿਆਸ, ਗਰਮੀ-ਧੁੱਪ, ਹਰ ਤਰ੍ਹਾਂ ਦੀ ਬਦ-ਇੰਤਜ਼ਾਮੀ ਨਾਲ ਬੁਰੀ ਤਰ੍ਹਾਂ ਤੰਗ ਬੈਠੇ, ਝਟਕਿਆਂ ਨਾਲ ਨਿਕਲਦੀਆਂ ਦਰਦ ਭਰੀਆਂ ਚੀਕਾਂ, ਇਸ ਸਭ ਦੇ ਡੌਂਕਰਾਂ ਲਈ ਕੋਈ ਮਾਅਨੇ ਨਹੀਂ ਸਨ। ਇਹ ਸਭ ਉਨ੍ਹਾਂ ਦੀਆਂ ਅੱਖਾਂ ਵਿਚ ਸਾਡੇ ਲਈ ਕਿਸੇ ਤਰ੍ਹਾਂ ਦੀ ਹਮਦਰਦੀ ਪੈਦਾ ਨਹੀਂ ਕਰ ਸਕਿਆ।
ਜੀਪਾਂ ਉਨ੍ਹਾਂ ਰਾਹਾਂ ਤੋਂ ਦੂਰ ਹੋ ਜਾਂਦੀਆਂ ਜਿਨ੍ਹਾਂ ਤੋਂ ਕੁਝ ਕੱਚੇ ਘਰਾਂ ਦਾ ਝੁੰਡ ਨਜ਼ਰ ਆਉਂਦਾ, ਪਰ ਉਹ ਵੀ ਸ਼ੁਰੂਆਤੀ ਸਫਰ ਤਕ ਹੀ ਸੀਮਿਤ ਸਨ। ਅੱਜ ਤਾਂ ਕਿਸੇ ਜੀਵ-ਜੰਤੂ ਦਾ ਨਾਮੋ-ਨਿਸ਼ਾਨ ਨਹੀਂ ਸੀ ਨਜ਼ਰ ਆਇਆ। ਹਰ ਪਾਸੇ ਰੇਤ ਦੇ ਉਚੇ-ਵਿਸ਼ਾਲ ਟਿੱਬੇ ਸਨ। ਜੀਪਾਂ ਪੂਰੀ ਗਤੀ ਅਤੇ ਜਾਨ ਨਾਲ ਚੜ੍ਹਾਈ ਚੜ੍ਹਦੀਆਂ, ਦੂਜੇ ਪਾਸੇ ਇੰਜ ਡਿਗਦੀਆਂ ਜਿਵੇਂ ਹੁਣ ਵੀ ਪਲਟੀਆਂ, ਹੁਣ ਵੀ ਪਲਟੀਆਂ। ਇਸ ਤਰ੍ਹਾਂ ਦੇ ਫਿਲਮੀ ਸਟੰਟ ਸੀਨ ਵੀ ਸਾਨੂੰ ਇਨ੍ਹਾਂ ਖਤਰਨਾਕ ਦ੍ਰਿਸ਼ਾਂ ਅੱਗੇ ਫਿੱਕੇ ਮਹਿਸੂਸ ਹੋਏ। ਡਰ ਨਾਲ ਲੇਰਾਂ ਨਿਕਲ ਜਾਂਦੀਆਂ, ਖੌਫ ਨਾਲ ਅੱਖਾਂ ਦੇ ਡੇਲੇ ਬਾਹਰ ਨਿਕਲ ਨਿਕਲ ਪੈਂਦੇ। ਭਿਆਨਕ ਰਸਤੇ ਸਨ ਤੇ ਇਸ ਤਰ੍ਹਾਂ ਦੀ ਕਰੂਰ ਡਰਾਇਵਰੀ ਸੀ ਕਿ ਗੱਡੀ ਦੇ ਉਛਲਣ ਦੇ ਨਾਲ ਹੀ ਇੰਜ ਲੱਗਦਾ, ਜਿਵੇਂ ਦਿਲ ਉਛਲ ਕੇ ਸੰਘ ਵਿਚ ਜਾ ਫਸਿਆ ਹੋਵੇ ਤੇ ਦਿਮਾਗ ਭੁੜਕ ਕੇ ਪਤਾਲੂਆਂ ਵਿਚ ਜਾ ਡਿੱਗਿਆ ਹੋਵੇ।
ਜੀਪਾਂ ਲਗਾਤਾਰ ਦੁਪਹਿਰ ਤਕ ਪੂਰੀ ਵਾਹ ਲਾਈ ਦੌੜਦੀਆਂ ਰਹੀਆਂ, ਬਸ ਦੌੜਦੀਆਂ ਹੀ ਰਹੀਆਂ। ਅੱਗ ਵਰ੍ਹਾਉਂਦੀ ਤਿਖੜ ਦੁਪਹਿਰ ਵਿਚ ਆਖਰ ਦੋ ਕੁ ਘੰਟਿਆਂ ਦਾ ਵਿਸ਼ਰਾਮ ਦਿੱਤਾ ਗਿਆ ਸੀ। ਸਭ ਨੇ ਦੋ ਲੋਈਆਂ ਦੀ ਛਾਂਵੇਂ ਤੇ ਜੀਪਾਂ ਥੱਲੇ ਵੜ ਕੇ ਆਰਾਮ ਕੀਤਾ। ਥੋੜ੍ਹਾ ਥੋੜ੍ਹਾ ਪਾਣੀ ਵੰਡਿਆ ਗਿਆ, ਥੋੜ੍ਹੇ ਥੋੜ੍ਹੇ ਚੌਲ ਬਣਾ ਕੇ ਖਾਧੇ।
ਇਕ ਹੋਰ ਜੀਪ ਦੇ ਪਹੁੰਚਣ ‘ਤੇ ਪਤਾ ਲੱਗਿਆ ਕਿ ਡੌਂਕਰ ਆਰਾਮ ਲਈ ਨਹੀਂ, ਇਸ ਜੀਪ ਲਈ ਰੁਕੇ ਸਨ। ਫਿਲਹਾਲ ਇਹ ਵੀ ਰਾਹਤ ਵਾਲੀ ਖਬਰ ਸੀ ਕਿ ਅੱਗੇ ਸਫਰ ਤਿੰਨ ਜੀਪਾਂ ਰਾਹੀਂ ਹੋਣਾ ਸੀ। ਹੁਣ 13-13 ਜਣਿਆਂ ਦੀ ਗਿਣਤੀ ਨਾਲ ਤਿੰਨ ਜੀਪਾਂ ਤੁਰ ਪਈਆਂ। ਸਾਰੇ ਸੁਖਾਲੇ ਤੇ ਖੁੱਲ੍ਹੇ-ਡੁੱਲ੍ਹੇ ਬੈਠੇ ਸਨ। ਸਾਡਾ ਕਾਫਲਾ ਫਿਰ ਬਾਦਸਤੂਰ ਰਵਾਂ ਸੀ ਉਨ੍ਹਾਂ ਰਾਹਾਂ ‘ਤੇ, ਜੋ ਸਾਡੇ ਲਈ ਮੂਲੋਂ ਅਜਨਬੀ ਸਨæææ ਬਲਕਿ ਕੋਈ ਰਾਹ ਤਾਂ ਕਿਤੇ ਵੀ ਨਹੀਂ ਸੀ; ਬਸ ਹਰ ਦਿਸ਼ਾ ਵਿਚ ਦਿਸਹੱਦੇ ਤਕ ਬਸ ਰੇਤ ਹੀ ਰੇਤ ਸੀ।
ਡੌਂਕਰਾਂ ਕੋਲ ਬਹੁਤ ਸ਼ਕਤੀਸ਼ਾਲੀ ਤੇ ਖਾਸ ਕਿਸਮ ਦੇ ਵਾਇਰਲੈੱਸ ਸੈੱਟ ਸਨ ਜਿਨ੍ਹਾਂ ਜ਼ਰੀਏ (ਬਿਨਾ ਰੇਂਜ-ਟਾਵਰ) ਦੁਨੀਆਂ ਦੇ ਹਰ ਕੋਨੇ ਵਿਚ ਸੰਪਰਕ ਸਾਧਿਆ ਜਾ ਸਕਦਾ ਸੀ। ਉਨ੍ਹਾਂ ਦਾ ਅਗਲੇ ਪਿਛਲੇ ਸਾਰੇ ਏਜੰਟਾਂ-ਡੌਂਕਰਾਂ ਨਾਲ ਸੰਪਰਕ ਬਣਿਆ ਰਿਹਾ ਸੀ। ਇਕ ਵਾਰ ਸਾਡੇ ਨਾਲ ਰਾਜੇਸ਼ ਦੀ ਗੱਲ ਹੋਈ ਸੀ, ਇਕ ਵਾਰ ਅਗਲੇ ਕਿਸੇ ਮੁਕਾਮ ਤੋਂ ਜਿੰਮੀ ਨਾਂ ਦੇ ਇੰਗਲਿਸ਼ ਬੋਲਦੇ ਬੰਦੇ ਨਾਲ ਗੱਲਬਾਤ ਹੋਈ, ਜਿਸ ਨੇ ਦਿਲਾਸਾ ਦਿੱਤਾ ਸੀ ਕਿ ਅਸੀਂ ਦੋ-ਤਿੰਨ ਦਿਨਾਂ ਵਿਚ ਉਸ ਕੋਲ ਪਹੁੰਚ ਜਾਣਾ ਹੈ; ਯਾਨਿ ਇਸ ਜ਼ਾਲਮ ਸਫਰ ਦਾ ਅੰਤ ਜ਼ਿਆਦਾ ਦੂਰ ਨਹੀਂ ਸੀ! ਸਭ ਨੂੰ ਕੁਝ ਰਾਹਤ ਮਹਿਸੂਸ ਹੋਈ।
ਤਕਰੀਬਨ ਸਾਰਾ ਰਸਤਾ ਡੌਂਕਰਾਂ ਨੇ ਸੂਰਜ-ਚੰਨ ਦੀ ਦਿਸ਼ਾ-ਸਥਿਤੀ ਦੇ ਆਧਾਰ ‘ਤੇ ਨਿਸ਼ਚਿਤ ਕੀਤਾ ਹੋਇਆ ਸੀæææ ਯਾਨਿ, ਸਾਡੇ ਰਾਹ ਅਸਮਾਨ ‘ਤੇ ਵਿਛੇ ਹੋਏ ਸਨ! ਪਰ ਕਿਤੇ ਗੱਡੀਆਂ ਦੀਆਂ ਪੈੜਾਂ ਦਾ ਵੀ ਲਾਭ ਸੀ, ਕਿਤੇ ਰਾਹ ਵਿਚ ਟੱਕਰੇ ਹੋਰ ਮੁਸਾਫਿਰ-ਆਜੜੀਆਂ ਵੱਲੋਂ ਸਹੀ ਦਿਸ਼ਾ-ਗਿਆਨ ਵੀ ਹਾਸਿਲ ਕੀਤਾ ਸੀ। ਫਿਰ ਵੀ, ਸਹੀ ਤਸਦੀਕੀ ਸਰੋਤ ਸੂਰਜ ਹੀ ਸੀ ਜਿਸ ਦਾ ਪਿੱਛਾ ਸਾਡੀਆਂ ਜੀਪਾਂ ਇੰਨੀ ਤੇਜ ਗਤੀ ਨਾਲ ਕਰ ਰਹੀਆਂ ਸਨ, ਜਿਵੇਂ ਉਸ ਦੇ ਡੁੱਬਣ ਤੋਂ ਪਹਿਲਾਂ ਪਹਿਲਾਂ ਉਸ ਤਕ ਹੀ ਪਹੁੰਚ ਜਾਣਾ ਹੋਵੇ। ਕਿਤੇ ਭੁੱਲ ਵੀ ਜਾਂਦੇ ਤਾਂ ਛੇਤੀ ਹੀ ਉਹ ਰਸਤੇ ਲੱਭ ਲੈਂਦੇ ਜਿਨ੍ਹਾਂ ਤੋਂ ਗੁਜ਼ਰ ਕੇ ਸ਼ਾਇਦ ਉਨ੍ਹਾਂ ਨੇ ਪਹਿਲਾਂ ਵੀ ਕਈ ਕਾਫਲੇ ਪਾਰ ਲਗਾਏ ਸਨ। ਰੇਗਿਸਤਾਨੀ ਰਾਹਾਂ ਦੀ ਵੀ ਸੁਣ ਲਓ, ਕਿਸੇ ਕਾਫਲੇ ਨੇ ਰੇਗਿਸਤਾਨੀ ਜਾਣਕਾਰ ਤੋਂ ਕੋਈ ਦੁਰੇਡਾ ਥਹੁ-ਟਿਕਾਣਾ ਪੁਛਿਆ ਤਾਂ ਪੁਰ-ਯਕੀਨ ਜਵਾਬ ਮਿਲਿਆ, “ਅੱਜ ਦਿਨ ਕੀ ਆ, ਮੰਗਲ਼ææ ਬੁਧ, ਵੀਰ ਨੱਕ ਦੀ ਸੀਧ ਚਲੇ ਜਾਓæææ ਸ਼ੁਕਰਵਾਰ ਨੂੰ ਖੱਬੇ ਹੱਥ ਹੋ ਜਾਇਓ।”
ਕਈ ਵਾਰ ਇਨਸਾਨ ਕਿੰਨਾ ਬੇਵਸ ਹੋ ਜਾਂਦਾ ਹੈ, ਲਾਚਾਰੀ ਉਸ ਦੇ ਅੰਦਰ ਤਕ ਉਤਰ ਕੇ ਅਪਾਹਜਾਂ ਵਾਂਗ ਬਣਾ ਛੱਡਦੀ ਹੈ, ਸਰੀਰ ਵੱਲੋਂ ਵੀ ਤੇ ਦਿਮਾਗ ਵੱਲੋਂ ਵੀ। ਜੋ ਚਾਹੁੰਦੇ ਹਾਂ, ਨਹੀਂ ਕਰ ਪਾਉਂਦੇ ਤੇ ਜੋ ਨਹੀਂ ਚਾਹੁੰਦੇ, ਉਹ ਕਰਨਾ ਪੈਂਦਾ ਹੈ। ਹਾਲਾਤ ਵਿਰੋਧੀ ਹੋਣ ਤਾਂ ਚਾਹਤ ਕੁਝ ਨਹੀਂ ਕਰ ਪਾਉਂਦੀ। ਕਦੇ ਕਦੇ ਵਿਦਰੋਹ ਕੰਮ ਕਰਦਾ ਏ, ਪਰ ਅਨੁਕੂਲ ਹਾਲਾਤ ਨਾ ਹੋਣ ਤਾਂ ਉਹ ਵੀ ਮੂਰਖਤਾ ਜਾਂ ਆਤਮਘਾਤੀ ਸਾਬਿਤ ਹੁੰਦਾ ਹੈ।
ਤਿੰਨਾਂ ਜੀਪਾਂ ਵਿਚ ਬੌਖਲਾਏ ਹੋਏ 39 ਬੇਵਸ, ਮਾਯੂਸ ਸਰੀਰ ਢੋਏ ਜਾ ਰਹੇ ਸਨ ਜੋ ਸਾਹ ਲੈਣ ਤੋਂ ਬਹੁਤ ਜ਼ਿਆਦਾ ਵਾਧੂ ਖੇਚਲ-ਤਕੱਲਫ ਨਹੀਂ ਸੀ ਕਰ ਸਕਦੇ। ਥੋੜ੍ਹੇ ਚੌਲ ਮਿਲਦੇ, ਖਾ ਲੈਂਦੇ; ਥੋੜ੍ਹਾ ਪਾਣੀ ਮਿਲਦਾ, ਪੀ ਲੈਂਦੇ; ਥੋੜ੍ਹਾ ਰੁਕਦੇ ਤਾਂ ਗੱਡੀਆਂ ਦੀ ਛਾਂਵੇਂ ਢਹਿ ਪੈਂਦੇ। ਸਿਰਫ ਸਾਡੇ ਮੰਗਣ-ਚਾਹੁਣ ‘ਤੇ ਪਾਣੀ-ਚੌਲ ਜਾਂ ਆਰਾਮ ਹਰਗਿਜ਼ ਨਹੀਂ ਸੀ ਮਿਲਦਾ। ਜਦੋਂ ਉਨ੍ਹਾਂ ਦੀ ਮਰਜ਼ੀ ਹੁੰਦੀ, ਉਦੋਂ ਦੇ ਦਿੰਦੇ।
ਡੌਂਕਰਾਂ ਕੋਲ ਰਿਵਾਲਵਰ ਤੇ ਦੋਨਾਲੀ ਵੀ ਸੀ। ਬੇਸ਼ਕ! ਕਿਤੇ ਹਾਲਾਤ ਵਿਗੜਦੇ ਤਾਂ ਉਨ੍ਹਾਂ ‘ਤੇ ਕਾਬੂ ਪਾਇਆ ਜਾਂਦਾ, ਪਰ ਇਹ ਸਾਡੀਆਂ ਸੋਚਾਂ ਤੋਂ ਪਰ੍ਹੇ ਦੀ ਗੱਲ ਸੀ ਕਿ ਇਹੋ ਜਿਹੇ ਹਾਲਾਤ ਕਿਹੜੇ ਹੋ ਸਕਦੇ ਸਨ? ਅਸੀਂ ਉਨ੍ਹਾਂ ਖਿਲਾਫ ਜ਼ਿਆਦਾ ਵਿਰੋਧ ਨਹੀਂ ਸੀ ਜਤਾਉਂਦੇ, ਭਾਵੇਂ ਉਨ੍ਹਾਂ ਨੇ ਨਿੱਕੀ-ਮੋਟੀ ਗੱਲ ‘ਤੇ ਕਈਆਂ ਦੇ ਥੱਪੜ ਵੀ ਮਾਰੇ ਸਨ। ਜਦੋਂ ਨਿਰਦਈਪੁਣਾ ਹੱਦਾਂ ਟੱਪ ਗਿਆ ਤਾਂ ਉਨ੍ਹਾਂ ਦੇ ਬੇਵਜ੍ਹਾ ਕਿਸਮ ਦੇ ਅਤਿਆਚਾਰਾਂ ਖਿਲਾਫ ਜਥੇਬੰਦਕ ਰੂਪ ਵਿਚ ਵਿਰੋਧ ਜਤਾਉਣ ਦੇ ਮਤੇ ਪਕਾਏ ਗਏ ਕਿ ਸਾਰੇ ਜਣੇ ਥੱਲੇ ਉਤਰ ਕੇ ਅੜ ਜਾਓ, ਮੰਗਾਂ ਰੱਖੋ ਕਿ ਜੀਪਾਂ ਇੰਨੇ ਖਤਰਨਾਕ ਤੇ ਘਾਤਕ ਢੰਗ ਨਾਲ ਨਾ ਚਲਾਈਆਂ ਜਾਣ ਅਤੇ ਆਰਾਮ ਵੀ ਦਿੱਤਾ ਜਾਵੇ। ਉਨ੍ਹਾਂ ਨੂੰ ਮੰਨਣਾ ਹੀ ਪਏਗਾ।
ਫਿਰ ਜੀਪਾਂ ਉਛਲ ਕੇ ਡਿੱਗੀਆਂ ਤਾਂ ਸਭ ਦੀਆਂ ਦਰਦਨਾਕ ਚੀਕਾਂ ਬੁਲੰਦ ਹੋ ਗਈਆਂ। ਜੀਪਾਂ ਨੂੰ ਹੱਥਾਂ ਦੀਆਂ ਜ਼ੋਰਦਾਰ ਥਾਪਾਂ ਮਾਰੀਆਂ ਗਈਆਂ। ਗੱਡੀਆਂ ਰੁਕ ਗਈਆਂ, ਸਭ ਥੱਲੇ ਉਤਰ ਗਏ। ਡੌਂਕਰਾਂ ਨੂੰ ਕਾਰਨ ਅਤੇ ਵਿਰੋਧ ਸਮਝਾਇਆ ਤਾਂ ਉਹ ਜਵਾਬ ਵਿਚ ਅਰਬੀ ਅਲਫਾਜ਼ ਦੇ ਫੁੰਕਾਰੇ ਮਾਰਦੇ ਸੀਟਾਂ ਉਤੇ ਜਾ ਬੈਠੇ। ਗੱਡੀਆਂ ਹੌਲੀ ਹੌਲੀ ਅੱਗੇ ਵਧੀਆਂ ਤਾਂ ਸਾਰੇ ਜਣੇ ਡੌਰ-ਭੌਰ ਹੋਏ, ਘਬਰਾਏ, ਫਿਰ ਆਪੋ-ਧਾਪ ਮਚਾਉਂਦਿਆਂ ਚਲਦੀਆਂ ਜੀਪਾਂ ਵਿਚ ਛਾਲਾਂ ਮਾਰ ਗਏ।
ਮੈਂ ਹੜਬੜਾਇਆ, ਇਕੱਲਾ ਪਿੱਛੇ ਖੜ੍ਹਾ ਰਿਹਾ। ਮੈਂ ਸ਼ੱਕ ਅਤੇ ਰੋਹ ਭਰੇ ਭਾਵਾਂ ਨਾਲ ਉਨ੍ਹਾਂ ਬੁਜ਼ਦਿਲਾਂ ਨੂੰ ਹਿਕਾਰਤ ਭਰੀ ਨਿਗ੍ਹਾ ਨਾਲ ਦੂਰ ਹੁੰਦਿਆਂ ਦੇਖਦਾ ਰਿਹਾ। ਮੈਨੂੰ ਯਕੀਨ ਸੀ ਕਿ ਡੌਂਕਰ ਮੈਨੂੰ ਛੱਡ ਕੇ ਨਹੀਂ ਜਾ ਸਕਦੇ। ਕਾਫੀ ਦੂਰ ਜਾ ਕੇ ਜੀਪਾਂ ਰੁਕ ਗਈਆਂ, ਮੁੰਡਿਆਂ ਨੇ ਮੇਰੇ ਵੱਲ ਹੱਥ ਹਿਲਾਏ। ਮੈਂ ਉਨ੍ਹਾਂ ਦੀ ਸਵਾਰਥੀ ਕਾਇਰਤਾ ਤੋਂ ਕਲਪਿਆ, ਬੇਵਸੀ ਨਾਲ ਕੁੜ੍ਹਦਾ ਗੱਡੀ ਵੱਲ ਵਧ ਗਿਆ। ਆਪਣੇ ਤੋਂ ਸਿਵਾ ਕਿਸੇ ‘ਤੇ ਵੀ ਭਰੋਸਾ ਕਰਨਾ ਇੰਨਾ ਸਹਿਲ ਨਹੀਂ।
ਹੁਣ ਗੱਡੀਆਂ ਜਾਣ-ਬੁਝ ਕੇ ਟੋਇਆਂ ਵਿਚ ਸੁੱਟੀਆਂ ਜਾ ਰਹੀਆਂ ਸੀ। ਡੌਂਕਰ ਨਾਰਾਜ਼ ਸਨ, ਸਾਡੇ ਵਿਰੋਧ ਜਤਾਉਣ ਦੇ ਵਿਰੋਧ ਵਿਚ ਉਹ ਆਪਣਾ ਗੁੱਸਾ ਆਪਣੇ ਤਰੀਕੇ ਨਾਲ ਜਤਾ ਰਹੇ ਸਨ। ਦਰਦਨਾਕ ਚੀਕਾਂ ਨਾਲ ਸ਼ਾਂਤ ਰੇਗਿਸਤਾਨ ਫਿਰ ਗੂੰਜਣ ਲੱਗ ਪਿਆ ਸੀ। ਸਾਡੇ ਕੋਲ ਭੋਰਾ ਭਰ ਵੀ ਅਧਿਕਾਰ ਨਹੀਂ ਸਨ। ਇਹ ਸਭ ਸ਼ਾਇਦ ਇੰਜ ਹੀ ਚੱਲਣਾ ਸੀ ਤੇ ਸਾਡੀ ਦਖਲਅੰਦਾਜ਼ੀ ਨਾਲ ਹਾਲਾਤ ਹੋਰ ਮੁਸ਼ਕਿਲ ਹੁੰਦੇ ਜਾਣੇ ਸਨ।
ਪਹਿਲੇ ਡੇਢ ਕੁ ਰੋਜ਼ ਸਫਰ ਦੀ ਉਤੇਜਨਾ ਅਧੀਨ ਸਾਡੇ ਦਰਮਿਆਨ ਹਲਕੀਆਂ-ਫੁਲਕੀਆਂ ਮਜ਼ਾਹੀਆ ਗੱਲਾਂ ਸਾਂਝੀਆਂ ਹੁੰਦੀਆਂ ਰਹੀਆਂ ਸਨ। ਤੀਜੇ ਦਿਨ ਸੁਭਾਅ ਵਿਚ ਤਿੱਖਾ ਚਿੜਚਿੜਾਪਨ, ਬੇਵਸੀ ਵਿਚੋਂ ਉਪਜਿਆ ਰੋਹ ਅਤੇ ਗੁੱਸੇ ਵਾਲੇ ਹਾਵ-ਭਾਵ ਨਜ਼ਰ ਆਉਣੇ ਸ਼ੁਰੂ ਹੋ ਗਏ।
ਅਮੂਮਨ ਅਸੀਂ ਗੁੰਮਸੁੰਮ ਜਿਹੇ ਰਹਿੰਦੇ, ਜਿਸਮ ਬੁਰੀ ਤਰ੍ਹਾਂ ਥੱਕੇ-ਟੁੱਟੇ ਲੱਗਦੇ। ਇਕ-ਦੂਜੇ ਦੇ ਉਤਰੇ ਹੋਏ ਮੂੰਹ ਦੇਖਦੇ, ਸੂਰਜ ਦੀ ਕਰੂਰ ਤਪਸ਼ ਨਾਲ ਨੈਣ-ਨਕਸ਼ ਪਿਘਲਦੇ ਜਾਪਦੇ। ਬੇਸ਼ੁਮਾਰ ਸੋਚਾਂ ਵਿਚੋਂ ਉਪਜਦਾ ਦਰਦ ਸਾਰੇ ਚਿਹਰੇ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਸੀ। ਉਦਾਸ ਨੈਣਾਂ ਵਿਚ ਬਦਤਰ ਕਿਸਮ ਦੀ ਲਾਚਾਰੀ ਤੈਰਦੀ ਨਜ਼ਰੀਂ ਪੈਂਦੀ। ਫਿਰ ਘਬਰਾ ਕੇ ਦੂਰ ਕਿਤੇ ਖਲਾਅ ਵਿਚ ਨਜ਼ਰਾਂ ਗੱਡੀ ਜਹਾਨ ਭਰ ਦੀਆਂ ਸੋਚਾਂ ਵਿਚ ਗਰਕ ਹੋ ਜਾਂਦੇ। ਗਾਹੇ-ਬਗਾਹੇ ਆਸ, ਉਤਸੁਕਤਾ ਨਾਲ ‘ਸਹਾਰਾ’ ਦਾ ਕੋਈ ਕੰਢਾ-ਕਿਨਾਰਾ ਲੱਭਣ ਦੀ ਕੋਸ਼ਿਸ਼ ਵਿਚ ਅੱਖਾਂ ‘ਤੇ ਹਥੇਲੀ ਦੀ ਛੱਤ ਬਣਾਈ ਇਕ ਟੱਕ ਕਿਸੇ ਪਾਸੇ ਐਵੇਂ ਨਜ਼ਰਾਂ ਟਿਕਾਈ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ।
ਜੀਪਾਂ ਮਿਥੀ ਅਤੇ ਭਰਪੂਰ ਗਤੀ ਨਾਲ ਆਪਣੇ ਪਿੱਛੇ ਰੇਤ ਦੇ ਗੁਬਾਰ ਉਡਾਉਂਦੀਆਂ ਦੌੜਦੀਆਂ ਰਹਿੰਦੀਆਂ। ਸਾਰੇ ਜਣੇ ਉਛਲਦੇ-ਡਿੱਗਦੇ, ਆਪਣੀ ਪਕੜ ਕਿਸੇ ਨਾ ਕਿਸੇ ਸਹਾਰਾ ਦਿੰਦੀ ਚੀਜ਼ ‘ਤੇ ਮਜ਼ਬੂਤ ਬਣਾਈ ਰੱਖਦੇ, ਕਿਉਂਕਿ ਆਪਣੀ ਮੌਤ ਦੇ ਜ਼ਿੰਮੇਦਾਰ ਉਹ ਖੁਦ ਨਹੀਂ ਸੀ ਬਣਨਾ ਚਾਹੁੰਦੇ। ਅਸੀਂ ਜ਼ਿੰਦਗੀ ਦਾ ਪੱਲਾ ਇੰਨੀ ਆਸਾਨੀ ਨਾਲ ਨਹੀਂ ਸੀ ਛੱਡਣਾ।
ਕੋਈ ਜ਼ਿੰਦਗੀ ਜੀਪ ਦਾ ਕੋਈ ਕੋਨਾ ਫੜੀ ਅਹਿਲ ਬੈਠੀ ਸੀæææ ਕਿਤੇ ਜ਼ਿੰਦਗੀ ਨੇ ਦੂਸਰੀ ਜ਼ਿੰਦਗੀ ਦੀ ਲੱਤ-ਬਾਂਹ ਵਲ੍ਹੇਟੀ ਹੋਈ ਸੀæææ ਕਿਤੇ ਜ਼ਿੰਦਗੀ ਨੇ ਕਿਸੇ ਰੱਸੇ ਨੂੰ ਵਲੇਵਾਂ ਮਾਰਿਆ ਸੀæææ ਕੋਈ ਜ਼ਿੰਦਗੀ ਕਿਸੇ ਹੋਰ ਜ਼ਿੰਦਗੀ ਨਾਲ ਗਲਵੱਕੜੀ ਵਾਂਗ ਚਿੰਬੜੀ ਬੈਠੀ ਸੀ। ਜ਼ਿੰਦਗੀਆਂ ਉਛਲਦੀਆਂ-ਢਹਿੰਦੀਆਂ, ਬਾਜ਼ੀਆਂ ਖਾਂਦੀਆਂ, ਦਰਦ ਨਾਲ ਕਲਪਦੀਆਂ, ਭੁੱਖ-ਪਿਆਸ, ਗਰਮੀ ਨਾਲ ਨਿਢਾਲ ਹੁੰਦੀਆਂ, ਇਕ-ਦੂਜੇ ਵੱਲ ਹੱਥ ਵਧਾਉਂਦੀਆਂ ਖੁਦ ਨੂੰ ਕਾਇਮ ਰੱਖੇ ਜਾਣ ਲਈ ਪੁਰਜ਼ੋਰ ਤਾਕਤ ਲਾ ਰਹੀਆਂ ਸਨ।
13-13 ਵਜੂਦਾਂ ਦੇ ਤਿੰਨ-ਤਿੰਨ ਜ਼ਿੰਦਗੀਆਂ ਦੇ ਢੇਰ ਪੂਰੀ ਕੋਸ਼ਿਸ਼ ਵਿਚ ਸਨ ਕਿ ਆਪਣੇ ਹਿੱਸੇ ਦੇ ਜੀਵਨ ਨੂੰ ਮਰਨ ਨਹੀਂ ਦੇਣਾ; ਜਿਥੇ ਤਕ ਹੋ ਸਕੇ, ਜਦੋਂ ਤਕ ਹੋ ਸਕੇ। ਜ਼ਿੰਦਗੀਆਂ ਦੇ ਢੇਰ ਪੂਰੇ ਆਤਮਵਿਸ਼ਵਾਸ ਨਾਲ ਸਾਹ ਲੈ ਰਹੇ ਸਨ ਕਿ ਜੇ ਜੀਣਾ ਮੁਸ਼ਕਿਲ ਹੁੰਦਾ ਜਾ ਰਿਹੈ ਤਾਂ ਮਰ ਜਾਣਾ ਸਾਡੇ ਲਈ ਹੋਰ ਵੀ ਮੁਸ਼ਕਿਲ ਹੈ। ਆਖਿਰ ਬਦਤਰ ਮੌਤ ਮਰਨ ਲਈ ਨਹੀਂ, ਅਸੀਂ ਘਰੋਂ ਬਿਹਤਰ ਜ਼ਿੰਦਗੀ ਜੀਣ ਲਈ ਨਿਕਲੇ ਸਾਂ।
ਦੁਨੀਆਂ ਦੇ ਤਾਕਤਵਰ ਦਿਮਾਗਾਂ ਨੇ ਜਮੀਨਾਂ ਨੂੰ ਟੁਕੜਿਆਂ ਵਿਚ ਵੰਡ ਲਿਆ। ਕਾਗਜ਼ੀ ਲਕੀਰਾਂ, ਹਿੱਸੇਦਾਰੀਆਂ ਨੂੰ ਅਮਲੀ ਜਾਮੇ ਪਹਿਨਾ ਦਿੱਤੇ ਗਏ, ਮੁਲਕਾਂ ਦੇ ਨਾਂਵਾਂ ਦੇ ਮੀਲ ਪੱਥਰ ਗੱਡ ਕੇ, ਕੰਡਿਆਲੀਆਂ ਤਾਰਾਂ ਦੀਆਂ ਵਾੜਾਂ ਕਰ ਕੇ। ਇਸ ਮੁਹਿੰਮ ਅਧੀਨ ‘ਸਹਾਰਾ’ ਰੇਗਿਸਤਾਨ ਵਿਚ ਵੱਡੇ ਟਾਇਰ ਰੇਤ ਵਿਚ ਗੱਡ ਕੇ, ਵੱਡੇ ਵੱਡੇ ਪੱਥਰ ਰੱਖ ਕੇ ਮੁਲਕਾਂ ਵਲੋਂ ਆਪੋ-ਆਪਣੀਆਂ ਹਿੱਸੇਦਾਰੀਆਂ ਨਿਸ਼ਚਿਤ ਕੀਤੀਆਂ ਹੋਈਆਂ ਸਨ। ਬਟਵਾਰਿਆਂ ਨੇ ਵੀਰਾਨਿਆਂ ਨੂੰ ਵੀ ਨਹੀਂ ਸੀ ਬਖਸ਼ਿਆ!
ਸਾਡਾ ਕਾਰਵਾਂ ਨਿਰੰਤਰ ਰਵਾਂ ਸੀ, ਸੂਰਜ ਦਾ ਪਿੱਛਾ ਕਰਦਿਆਂ, ਗੱਡੀਆਂ ਦੀਆਂ ਲੀਹਾਂ ਅਤੇ ਹੋਰ ਨਿਸ਼ਾਨੀਆਂ ਦੀ ਤਸਦੀਕ ਕਰਦਾ, ਪਰ ਮੁਕੰਮਲ ਚੌਕਸੀ ਤੇ ਸਾਵਧਾਨੀ ਵਰਤਦਾ ਹੋਇਆ। ਉਚੇ-ਨੀਵੇਂ ਰੇਤ ਦੇ ਟਿੱਬੇ ਪਿੱਛੇ ਛੱਡਦਾ, ਤੇਜ਼ੀ ਨਾਲ ਲਹਿੰਦੇ ਵੱਲ ਸਾਡਾ ਕਾਫਿਲਾ ਦਿਨ-ਰਾਤ ਚਲਦਾ ਜਾ ਰਿਹਾ ਸੀ।
ਰੇਗਿਸਤਾਨ ਵਿਚ ਕੁਦਰਤ ਨੇ ਅਨੂਠਾ ਸਮਤੋਲ ਕਾਇਮ ਰੱਖਿਆ ਸੀ। ਜਿਹੜੀ ਰੇਤ ਦਿਨੇ ਦਾਣੇ ਭੁੰਨਣ ਜਿਹੀ ਤਪ ਜਾਂਦੀ, ਉਹੀ ਰਾਤ ਨੂੰ ਚੰਗੀ-ਭਲੀ ਠੰਢਕ ਪੈਦਾ ਕਰ ਦਿੰਦੀ ਸੀ। ਠੰਢੀ ਹਵਾ ਵਿਚ, ਤੜਕੇ ਜਿਹੇ ਸਾਨੂੰ ਜੈਕਟਾਂ-ਲੋਈਆਂ ਦੀ ਪਨਾਹ ਲੈਣੀ ਪੈ ਜਾਂਦੀ। ਬਹਰਹਾਲ, ਵਕਤ ਆਪਣੇ ਕੋਝੇ ਢੰਗ ਨਾਲ ਗੁਜ਼ਰ ਰਿਹਾ ਸੀ ਅਤੇ ਅਸੀਂ ਯੂਰਪ ਦੀ ਦੂਰੀ ਘਟਾਉਂਦੇ ਜਾ ਰਹੇ ਸਾਂ।
ਸਾਡੀ ਜ਼ਿੰਦਗੀ ਦੀਆਂ ਡੋਰਾਂ ਡੌਂਕਰਾਂ ਦੀਆਂ ਉਂਗਲਾਂ ਵਿਚ ਉਲਝੀਆਂ ਹੋਈਆਂ ਸਨ, ਉਨ੍ਹਾਂ ਦੀਆਂ ਡੋਰਾਂ ਉਨ੍ਹਾਂ ਤੋਂ ਤਕੜੇ ਏਜੰਟਾਂ-ਡੌਂਕਰਾਂ ਦੇ ਹੱਥਾਂ ਵਿਚ ਸਨ। ਵਾਕਈ ਹਰ ਇਨਸਾਨ ਕਠਪੁਤਲੀ ਵਾਂਗ ਹੀ ਤਾਂ ਹੈ, ਕਿਸੇ ਦੀ ਡੋਰ ਕਿਸੇ ਦੇ ਹੱਥ, ਕਿਸੇ ਦੀ ਕਿਸੇ ਹੱਥ; ਪਰ ਇਹ ਤਾਂ ਨਿਸ਼ਚਿਤ ਏ, ਹਰ ਡੋਰ ਦਾ ਆਖਰੀ ਸਿਰਾ ਸਿਰਫ ਇਕੋ ਹੱਥ ਵਿਚ ਹੀ ਹੈ ਜੋ ਹਰ ਕਠਪੁਤਲੀ ਨੂੰ ਆਪਣੇ ਇਸ਼ਾਰੇ ‘ਤੇ ਨਚਾਉਂਦਾ ਹੈ ਤੇ ਜਦ ਚਾਹਵੇ, ਝਟਕੇ ਨਾਲ ਤੋੜ ਦਿੰਦਾ ਹੈ। ਸਾਡੇ ਵਾਸਤੇ ਇਹ ਸਭ ਕੁਝ ਚਾਹੇ ਕੁਝ ਵੀ ਮਾਅਨੇ ਰੱਖਦਾ ਹੋਵੇ, ਪਰ ਉਸ ਲਈ ਇਹ ਸਿਰਫ ਖੇਲ ਹੀ ਹੈ।
ਕਿਸੇ ਨੂੰ ਵੀ ਖਬਰ ਨਹੀਂ ਸੀ, ‘ਸਹਾਰਾ ਰੇਗਿਸਤਾਨ’ ਦਾ ਬੰਜਰਪੁਣਾ, ਉਜਾੜ-ਵੀਰਾਨਾ ਸਾਨੂੰ ਆਪਣੀਆਂ ਦੇਹਾਂ ਅਤੇ ਮਨਾਂ ਉਪਰ ਕਦੋਂ ਤੱਕ, ਕਿਥੇ ਤਕ ਹੰਢਾਉਣਾ ਪੈਣਾ ਸੀ। ਸੂਰਜ ਚੜ੍ਹਦਾ ਰਿਹਾ, ਲਹਿੰਦਾ ਰਿਹਾ; ਚੰਨ ਉਗਦਾ ਰਿਹਾ, ਢਲਦਾ ਰਿਹਾ। 39 ਜ਼ਿੰਦਗਾਨੀਆਂ ਦੇ ਤਿੰਨ ਸਾਹ ਭਰਦੇ ਢੇਰਾਂ ਦਾ ਸਫਰ ਬਾਦਸਤੂਰ ਜਾਰੀ ਸੀæææ ਮੌਤ ਦੀਆਂ ਪੈੜਾਂ ‘ਤੇ।
(ਚਲਦਾ)