ਜਸ ਵਾਲਾ ਪੰਜਾਬੀ ਵਿਗਿਆਨੀ ਪ੍ਰੋæ ਯਸ਼ਪਾਲ

ਭਾਰਤ ਦੇ ਉਘੇ ਵਿਗਿਆਨੀ ਪ੍ਰੋæ ਯਸ਼ਪਾਲ (26 ਨਵੰਬਰ 1926-24 ਜੁਲਾਈ 2017) ਸੰਸਾਰ ਤੋਂ ਰੁਖਸਤ ਹੋ ਗਏ ਹਨ। ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ ਕਿ ਉਹ ਪੰਜਾਬੀ ਸਨ ਅਤੇ ਹੀਰ ਦੇ ਇਲਾਕੇ ਝੰਗ (ਹੁਣ ਪਾਕਿਸਤਾਨ) ਦੇ ਜੰਮਪਲ ਸਨ। ਅੰਧ-ਵਿਸ਼ਵਾਸਾਂ ਅਤੇ ਬੇਲੋੜੀਆਂ ਧਾਰਮਿਕ ਰਹੁ-ਰੀਤਾਂ ਨੂੰ ਉਨ੍ਹਾਂ ਗੈਰ-ਵਿਗਿਆਨਕ ਆਖ ਕੇ ਰੱਦ ਕੀਤਾ ਅਤੇ ਲੋਕ ਚੇਤਨਾ ਦਾ ਚਿਰਾਗ ਜਗਾਇਆ। ਡਾæ ਕੁਲਦੀਪ ਸਿੰਘ ਧੀਰ ਨੇ ਆਪਣੇ ਇਸ ਲੇਖ ਵਿਚ ਉਨ੍ਹਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਚਰਚਾ ਕੀਤੀ ਹੈ।

-ਸੰਪਾਦਕ

ਕੁਲਦੀਪ ਧੀਰ
ਫੋਨ: +91-98722-60550
ਯਸ਼ਪਾਲ ਦਾ ਜਨਮ ਝੰਗ ਦੇ ਇਕ ਆਰੀਆ ਸਮਾਜੀ ਪਰਿਵਾਰ ਵਿਚ 26 ਨਵੰਬਰ 1926 ਨੂੰ ਹੋਇਆ। ਜਾਤ ਪਾਤ ਤੇ ਮੂਰਤੀ ਪੂਜਾ ਦਾ ਕੱਟੜ ਵਿਰੋਧੀ ਸੀ ਉਸ ਦਾ ਪਰਿਵਾਰ। ਉਂਜ ਆਪਣੇ ਭਾਰਤੀ ਹੋਣ ‘ਤੇ ਪਰਿਵਾਰ ਨੂੰ ਪੂਰਾ ਮਾਣ ਸੀ। ਖ਼ਾਸ ਕਰ ਕੇ ਯਸ਼ ਜੋ ਦਸਵੀਂ ਤੱਕ ਆਪਣੇ ਨਾਂ ਨਾਲ ਆਰੀਆ ਲਿਖਣ ਦਾ ਸ਼ੌਕ ਪਾਲਦਾ ਰਿਹਾ, ਕਾਲਜ ਦੇ ਦੋ ਕੁ ਸਾਲ ਉਸ ਆਪਣੇ ਨਾਂ ਨਾਲ ਭਾਰਤੀ ਲਿਖਿਆ, ਪਰ ਫਿਰ ਕੇਵਲ ਯਸ਼ਪਾਲ ਹੀ ਰਹਿ ਗਿਆ। ਪਰਿਵਾਰ ਵਿਚ ਬਾਕੀ ਬੰਦੇ ਆਪਣੇ ਨਾਲ ਭੁਟਾਨੀ ਸ਼ਬਦ ਜੋੜਦੇ ਰਹੇ, ਪਰ ਯਸ਼ਪਾਲ ਕੇਵਲ ਯਸ਼ਪਾਲ ਹੀ ਰਿਹਾ। ਇਕ ਭੈਣ ਤੇ ਤਿੰਨ ਭਰਾ। ਇਕ ਭਰਾ ਫ਼ੌਜ ਵਿਚ, ਦੂਜਾ ਏਅਰ ਫੋਰਸ ਵਿਚ ਤੇ ਤੀਜਾ ਆਈæਏæਐਸ਼ ਬਣਿਆ। ਭੈਣ ਅੱਜ ਕਲ੍ਹ ਗੁੜਗਾਵਾਂ ਵਿਚ ਹੈ। ਪਿਤਾ ਰਾਮ ਪਿਆਰੇ ਲਾਲ ਆਰਡਨੈਂਸ ਵਿਚ ਸਰਕਾਰੀ ਮੁਲਾਜ਼ਮ ਸੀ ਜਿਸ ਦੀ ਬਦਲੀ ਦੇਸ਼ ਵਿਚ ਕਿਤੇ ਵੀ ਹੋ ਸਕਦੀ ਸੀ ਤੇ ਹੁੰਦੀ ਵੀ ਰਹੀ। ਇਥੋਂ ਤੱਕ ਕਿ 1947 ਦੀ ਕਤਲੋ-ਗਾਰਤ ਤੋਂ ਪਹਿਲਾਂ ਹੀ ਉਹ ਦਿੱਲੀ ਤਬਦੀਲ ਹੋ ਚੁੱਕਾ ਸੀ। ਪਰਿਵਾਰ ਪਿੱਛੇ ਹੀ ਸੀ। ਯਸ਼ ਗਰਮੀਆਂ ਦੀਆਂ ਛੁੱਟੀਆਂ ਪਿਤਾ ਕੋਲ ਗੁਜ਼ਾਰਨ ਦਿੱਲੀ ਆਇਆ, ਵਾਪਸ ਨਹੀਂ ਸੀ ਪਰਤ ਸਕਿਆ। ਯਸ਼ ਦੀ ਮਾਤਾ ਲਕਸ਼ਮੀ ਦੇਵੀ ਘਰ-ਪਰਿਵਾਰ ਨੂੰ ਸੂਝ ਸਿਆਣਪ, ਮੋਹ ਤੇ ਦਿਆਨਤਦਾਰੀ ਨਾਲ ਸੰਭਾਲਣ ਵਾਲੀ ਗ੍ਰਹਿਣੀ ਸੀ, ਉਸ ਦੇ ਪੇਕੇ ਕੋਟ ਈਸਾਸ਼ਾਹ ਸਨ। ਯਸ਼ ਦੀ ਮਾਸੀ ਲਾਇਲਪੁਰ ਸੀ, ਜਿਥੇ ਉਸ ਨੇ ਕੁਝ ਸਮਾਂ ਰਹਿ ਕੇ ਪੜ੍ਹਾਈ ਕੀਤੀ। ਪੜ੍ਹਾਈ ਪੱਖੋਂ ਹਾਲਾਤ ਵੱਸ ਉਸ ਨੂੰ ਕੋਇਟਾ, ਝੰਗ, ਲਾਹੌਰ, ਜਬਲਪੁਰ, ਲਾਇਲਪੁਰ, ਦਿੱਲੀ ਤੱਕ ਦੇ ਗੇੜੇ ਖਾਣੇ ਪਏ। ਪਿਤਾ ਦੀਆਂ ਬਦਲੀਆਂ, ਕੋਇਟੇ ਦਾ ਭੁਚਾਲ, ਯਸ਼ ਦੀ ਬਿਮਾਰੀ ਤੇ ਦੇਸ਼ ਵੰਡ ਇਸ ਉਲਝੀ ਹੋਈ ਸਥਿਤੀ ਦਾ ਉਸ ਦੇ ਸਾਰੇ ਪਰਿਵਾਰ ਨੂੰ ਸਾਹਮਣਾ ਕਰਨਾ ਪਿਆ।
ਝੰਗ ਵਿਚ ਜੰਮਿਆ ਯਸ਼ਪਾਲ ਛੇਤੀ ਹੀ ਕੋਇਟੇ ਤੁਰ ਗਿਆ। 1935 ਦੇ ਭੁਚਾਲ ਸਮੇਂ ਉਹ ਉਥੇ ਹੀ ਸੀ। ਭੁਚਾਲ ਪਿੱਛੋਂ ਮਾਂ ਉਨ੍ਹਾਂ ਨੂੰ ਨਾਨਕੇ ਲੈ ਗਈ ਅਤੇ ਉਥੇ ਪੜ੍ਹਨ ਲਾ ਦਿੱਤਾ। ਕੁਝ ਮਹੀਨੇ ਪਿੱਛੋਂ ਝੰਗ ਵਾਪਸ ਆ ਗਏ। ਝੰਗ ਦੋ ਸਾਲਾਂ ਵਿਚ ਦੋ ਸਕੂਲ ਬਦਲੇ। ਫਿਰ ਕੋਇਟੇ ਦੇ ਹਾਲਾਤ ਠੀਕ ਹੋਏ ਤਾਂ ਕੋਇਟੇ ਆ ਕੇ ਪੜ੍ਹਨ ਲੱਗਾ। ਏਨੇ ਨੂੰ ਪਿਤਾ ਦੀ ਬਦਲੀ ਜਬਲਪੁਰ ਹੋ ਗਈ ਤੇ ਉਹ ਜਬਲਪੁਰ ਪੜ੍ਹਨ ਲੱਗਾ। ਦਸਵੀਂ ਉਸ ਨੇ ਉਥੇ ਹੀ ਕੀਤੀ। ਉਥੋਂ ਫਿਰ ਬਦਲੀ ਦਾ ਸ਼ੱਕ ਪਿਆ ਤਾਂ ਮਾਸੀ ਕੋਲ ਲਾਇਲਪੁਰ ਆ ਗਿਆ। ਉਥੇ ਇੰਟਰ ਕਰਨ ਲੱਗ ਪਿਆ। ਦੋ ਕੁ ਮਹੀਨੇ ਪਿੱਛੋਂ ਨਮੂਨੀਆ ਹੋ ਗਿਆ। ਪੜ੍ਹਾਈ ਛੁਡਾ ਕੇ ਮਾਂ ਝੰਗ ਲੈ ਆਈ। ਸਾਲ ਕੁ ਵਿਹਲਾ ਰਹਿ ਕੇ ਸਿਲੇਬਸ ਦੀ ਥਾਂ ਸਾਹਿਤ ਤੇ ਗਿਆਨ ਦੇ ਖੇਤਰ ਦੀਆਂ ਭਾਂਤ-ਭਾਂਤ ਦੀਆਂ ਕਿਤਾਬਾਂ ਪੜ੍ਹੀਆਂ।
ਲਾਇਲਪੁਰ ਤੋਂ ਐਫ਼ਐਸਸੀæ ਕੀਤੀ ਤੇ ਬੀæਐਸਸੀæ ਆਨਰਜ਼ ਲਾਹੌਰ ਵਿਚ ਕਰਨ ਲੱਗਾ ਪੰਜਾਬ ਯੂਨੀਵਰਸਿਟੀ ਦੇ ਆਨਰਜ਼ ਸਕੂਲ ਤੋਂ। ਫਾਈਨਲ ਕਰ ਰਿਹਾ ਸੀ ਕਿ ਰੌਲੇ-ਗੌਲੇ ਤੇ ਦੇਸ਼ ਵੰਡ ਦੀ ਅਸਥਿਰਤਾ ਦੇ ਹਾਲਾਤ ਵਿਚ ਪਿਤਾ ਦਿੱਲੀ ਤਬਦੀਲ ਹੋ ਗਏ। ਛੁੱਟੀਆਂ ਕੱਟਣ ਦਿੱਲੀ ਆਇਆ ਯਸ਼ ਦਿੱਲੀ ਹੀ ਰਹਿਣ ਲਈ ਮਜਬੂਰ ਹੋ ਗਿਆ। ਹਾਲਾਤ ਰਤਾ ਸੁਧਰੇ ਤਾਂ ਪੜ੍ਹਾਈ ਪੂਰੀ ਕਰਨ ਦਾ ਫ਼ਿਕਰ ਹੋਇਆ। ਪੰਜਾਬ ਯੂਨੀਵਰਸਿਟੀ ਦੀਆਂ ਸਾਇੰਸ ਕਲਾਸਾਂ ਦਿੱਲੀ ਵਿਚ ਸ਼ੁਰੂ ਕਰਵਾਉਣ ਲਈ ਡਾæ ਡੀæਐਸ਼ ਕੋਠਾਰੀ ਤੇ ਡਾæ ਐਮæਐਸ਼ ਰੰਧਾਵਾ ਨੇ ਮਦਦ ਕੀਤੀ। ਬੀæਐਸਸੀæ ਆਨਰਜ਼ 1948 ਵਿਚ ਹੋ ਗਈ ਅਤੇ 1949 ਵਿਚ ਐਮæਐਸਸੀæ ਕਰਦੇ ਕਰਦੇ ਹੀ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਤੋਂ ਸੱਦਾ ਆ ਗਿਆ। ਕਾਸਮਿਕ ਕਿਰਨਾਂ, ਉਚ ਊਰਜਾ ਭੌਤਿਕ ਵਿਗਿਆਨ, ਨਿਊਕਲੀਅਰ ਈਮਲਸ਼ਨ ਤਕਨੀਕ ਤੇ ਗੁਬਾਰਿਆਂ ਨਾਲ ਭਾਂਤ-ਭਾਂਤ ਦੇ ਤਜਰਬੇ ਉਸ ਦੀ ਰੋਜ਼ਾਨਾ ਜ਼ਿੰਦਗੀ ਦਾ ਬਹੁਤਾ ਸਮਾਂ ਖਾਣ ਲੱਗੇ। ਇਸ ਦੌਰਾਨ ਹੀ ਯਸ਼ਪਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਫਸਟ ਕਲਾਸ ਵਿਚ ਐਮæਐਸਸੀæ ਕਰ ਲਈ। ਉਹ ਯੂਨੀਵਰਸਿਟੀ ਵਿਚੋਂ ਸੈਕੰਡ ਰਿਹਾ। ਪਾਸ ਹੋ ਕੇ ਖੋਜ ਕਾਰਜ ਉਸ ਨੇ ਹੋਰ ਗੰਭੀਰਤਾ ਨਾਲ ਸ਼ੁਰੂ ਕਰ ਦਿੱਤਾ।
ਝਨਾਂ ਦਾ ਪਾਣੀ ਪੀਣ ਵਾਲੇ ਯਸ਼ਪਾਲ ਦਾ ਇਸ਼ਕ ਉਨ੍ਹਾਂ ਹੀ ਸਾਲਾਂ ਵਿਚ ਕਿਤੇ ਹੋਇਆ। ਦੋ ਕੁ ਸਾਲ ਬਾਅਦ 1953 ਵਿਚ ਦਿਲ ਦੀ ਉਸੇ ਮਲਕਾ ਨਿਰਮਲ ਨਾਲ ਉਸ ਦੀ ਸ਼ਾਦੀ ਹੋ ਗਈ। ਉਦੋਂ ਤੱਕ ਖੋਜ ਦੇ ਖੇਤਰ ਵਿਚ ਉਸ ਦੇ ਦਵਿੰਦਰ ਲਾਲ ਤੇ ਬਰਨਾਰਡ ਪੀਟਰ ਨਾਲ ਕਈ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਸਨ। ਪਹਾੜ ਗੰਜ (ਦਿੱਲੀ) ਦੀ ਸੀ ਨਿਰਮਲ। ਦੇਸ਼ ਵੰਡ ਉਪਰੰਤ ਅਤਿ ਸੰਘਰਸ਼ ਤੇ ਤੰਗੀ ਭਰੇ ਦਿਨ ਕੱਟੇ ਸਨ ਚਾਰ ਧੀਆਂ ਵਾਲੇ ਉਸ ਦੇ ਪਰਿਵਾਰ ਨੇ। ਯਸ਼ ਤੇ ਨਿਰਮਲ ਦੀ ਖੂਬ ਬਣੀ। ਸ਼ਾਦੀ ਤੋਂ ਛੇਤੀ ਪਿੱਛੋਂ ਹੀ ਯਸ਼ ਨੂੰ ਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਡਾਕਟਰੇਟ ਕਰਨ ਦਾ ਮੌਕਾ ਮਿਲ ਗਿਆ।
ਮੁੰਬਈ ਤੋਂ ਛੁਟੀ ਲੈ ਕੇ ਪਤਨੀ ਸਮੇਤ ਉਹ ਅਮਰੀਕਾ ਪਹੁੰਚ ਗਿਆ। ਪਤਨੀ ਜੋ ਦੇਸ਼ ਵਿਚ ਸ਼ਾਦੀ ਤੋਂ ਪਹਿਲਾਂ ਵੀ ਨਿੱਕੀ-ਮੋਟੀ ਨੌਕਰੀ ਕਰਨ ਦੇ ਤਜਰਬੇ ਕਰ ਚੁੱਕੀ ਸੀ, ਉਥੇ ਟੈਕਨੀਕਲ ਅਸਿਸਟੈਂਟ ਬਣ ਗਈ। ਪਰਿਵਾਰ ਦੀ ਆਰਥਿਕਤਾ ਵੀ ਸੁਖਾਲੀ ਹੋ ਗਈ ਤੇ ਮਾਨਸਿਕ ਪੱਖੋਂ ਸੰਤੁਸ਼ਟੀ ਵੀ ਮਿਲੀ। ਖੋਜ ਕਾਰਜ ਪੱਖੋਂ ਖੂਬ ਸਹੂਲਤਾਂ ਮਿਲੀਆਂ। ਉਸ ਸਮੇਂ ਦੇ ਸਭ ਤੋਂ ਵੱਡੇ ਕਲਾਊਡ ਚੈਂਬਰ ਤੇ ਸਭ ਤੋਂ ਪਹਿਲੇ ਐਕਸੈਲਰੇਟਰ (ਕਾਸਮੋਟਰੋਨ) ਉਤੇ ਕੰਮ ਕਰਨ ਦੇ ਅਵਸਰ ਮਿਲੇ। ਨਿਊਟਰੀਨੋ ਕਾਸਮਿਕ ਕਿਰਨਾਂ ਤੇ ਪਾਰਟੀਕਲ ਮਿਸ਼ਰਨ ਦੇ ਖੇਤਰਾਂ ਵਿਚ ਕੰਮ ਕੀਤਾ ਉਸ ਨੇ। ਬੋਲਟ ਤੇ ਬਰੈਟ ਉਸ ਦੇ ਖੋਜੀ ਸਾਥੀ ਸਨ। ਮੈਸਾਚੂਸੈਟਸ ਵਿਚ ਹੀ 1957 ਵਿਚ ਯਸ਼ਪਾਲ ਦੇ ਘਰ ਪਹਿਲੇ ਬੇਟੇ ਅਨਿਲ ਦਾ ਜਨਮ ਹੋਇਆ। ਅਗਲੇ ਸਾਲ 1958 ਵਿਚ ਉਸ ਦੀ ਡਾਕਟਰੇਟ ਪੂਰੀ ਹੋ ਗਈ। ਉਸ ਲਈ ਉਥੇ ਰਹਿਣ ਅਤੇ ਵਿਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਵਿਚ ਜਾਣ ਲਈ ਅਵਸਰ ਸਨ, ਪਰ ਉਸ ਨੇ ਦੇਸ਼ ਪਰਤਣ ਦਾ ਫ਼ੈਸਲਾ ਕੀਤਾ। ਵਾਪਸ ਟਾਟਾ ਕੇਂਦਰ ਵਿਚ ਉਹੀ ਨਿਊਕਲੀਅਰ ਈਮਲਸ਼ਨਜ਼, ਕਲਾਊਡ ਚੈਂਬਰ ਤੇ ਕਾਸਮਿਕ ਰੇਜ਼। ਬਰਨਾਰਡ ਪੀਟਰ ਮੁੰਬਈ ਆਇਆ ਤਾਂ ਉਸ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਉਸ ਨੂੰ ਨੀਲਜ਼ ਬੋਹਰ ਇੰਸਟੀਚਿਊਟ ਕੋਪਨਹੇਗਨ ਵਿਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਲੈ ਗਿਆ।
1973 ਵਿਚ ਸਤੀਸ਼ ਭਵਨ ਤੇ ਵਿਕਰਮ ਸਰਾਭਾਈ ਨੇ ਉਸ ਨੂੰ ਅਹਿਮਦਾਬਾਦ ਦੇ ਸਪੇਸ ਐਪਲੀਕੇਸ਼ਨਜ਼ ਸੈਂਟਰ ਦੇ ਫਾਊਂਡਰ ਡਾਇਰੈਕਟਰ ਵਜੋਂ ਕੰਮ ਕਰਨ ਲਈ ਮਨਾ ਲਿਆ। ਅਸਲੋਂ ਵੱਖਰਾ ਖੇਤਰ ਸੀ ਇਹ। 1981 ਤੱਕ ਉਹ ਇਸ ਕੇਂਦਰ ਵਿਚ ਰਿਹਾ। ਇਥੇ ਹੀ ਉਸ ਨੇ ਸੈਟੇਲਾਈਟ ਇੰਸਟਰਕਸ਼ਨਲ ਟੈਲੀਵਿਜ਼ਨ, ਐਕਸਪੇਰੀਮੈਂਟ (ਸਾਈਟ) ਦਾ ਪ੍ਰਾਜੈਕਟ ਹੱਥ ਵਿਚ ਲੈ ਕੇ ਸੰਚਾਰ ਉਪਗ੍ਰਹਿ ਦੇ ਜ਼ਰੀਏ ਸਿਖਿਆ ਸੰਚਾਰ ਵਿਚ ਦੇਸ਼-ਵਿਆਪੀ ਕ੍ਰਾਂਤੀ ਲਿਆਂਦੀ। ਡੇਢ ਸੌ ਤੋਂ ਵੱਧ ਪ੍ਰੋਗਰਾਮ ਤਿਆਰ ਕਰਵਾ ਕੇ ਟੈਲੀਕਾਸਟ ਕਰਵਾਏ ਤੇ ਇਸ ਸਿਸਟਮ ਨੂੰ ਪੱਕੇ ਪੈਰਾਂ ਉਤੇ ਖੜ੍ਹਾ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ 1976 ਵਿਚ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਦਿਹਾਤੀ ਖੇਤਰਾਂ ਤੇ ਵਿਦਿਅਕ ਖੇਤਰ ਵਿਚ ਸੰਚਾਰ ਕ੍ਰਾਂਤੀ ਲਿਆਉਣ ਵਾਲੇ ਉਸ ਦੇ ਉਦਮ ਲਈ ਅਮਰੀਕਾ ਵਿਚ 1980 ਵਿਚ ਉਸ ਨੂੰ ਮਾਰਕੋਨੀ ਫੈਲੋਸ਼ਿਪ ਦਿੱਤੀ ਗਈ। ਵਾਪਸ ਆ ਕੇ ਉਹ ਬੰਬਈ ਕੇਂਦਰ ਵਿਚ ਕੁਝ ਹੀ ਸਮੇਂ ਲਈ ਗਿਆ ਤੇ ਫਿਰ ਅਹਿਮਦਾਬਾਦ ਦੇ ਸਪੇਸ ਸੈਂਟਰ ਵਿਚ ਵਿਸ਼ੇਸ਼ ਵਿਗਿਆਨੀ ਵਜੋਂ ਬੁਲਾ ਲਿਆ ਗਿਆ। ਸਤੀਸ਼ ਧਵਨ ਨੇ ਉਸ ਨੂੰ ਇਸਰੋ ਦੇ ਹੈੱਡ ਕਵਾਟਰ ਵਿਚ ਆਉਣ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਪ੍ਰੋæ ਯਸ਼ ਨੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ। 1983 ਤੱਕ ਉਹ ਉਪਰੋਕਤ ਅਹੁਦੇ ‘ਤੇ ਹੀ ਰਿਹਾ ਤੇ ਉਸੇ ਵਰ੍ਹੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਨੂੰ ਯੋਜਨਾ ਕਮਿਸ਼ਨ ਦਾ ਮੁੱਖ ਸਲਾਹਕਾਰ ਬਣਾ ਲਿਆ। ਸਾਲ ਡੇਢ ਸਾਲ ਪਿੱਛੋਂ ਉਸ ਨੂੰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਦਾ ਸਕੱਤਰ ਬਣਾਇਆ ਗਿਆ। 1986 ਵਿਚ ਉਸ ਨੂੰ ਪੰਜ ਸਾਲ ਲਈ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦੀ ਕੁਰਸੀ ਚਲਦੀ ਰਹੀ।
ਯੂæਜੀæਸੀæ ਦੇ ਚੇਅਰਮੈਨ ਵਜੋਂ ਇੰਟਰ ਯੂਨੀਵਰਸਿਟੀ ਸੈਂਟਰ, ਅਕੈਡਮਿਕ ਸਟਾਫ ਕਾਲਜ ਤੇ ਇਨਫਾਰਮੇਸ਼ਨ ਤੇ ਲਾਇਬਰੇਰੀ ਨੈੱਟਵਰਕ ਪ੍ਰੋæ ਯਸ਼ਪਾਲ ਦੀ ਦੇਣ ਹਨ। 1992 ਵਿਚ ਉਸ ਨੇ ਭਾਰਤ ਗਿਆਨ ਵਿਗਿਆਨ ਦਾ ਜਥਾ ਲੈ ਕੇ ਦੇਸ਼ ਭਰ ਵਿਚ ਵਿਗਿਆਨਕ ਚੇਤਨਾ ਦੀ ਵਿਆਪਕ ਲਹਿਰ ਚਲਾਈ। 1992 ਵਿਚ ਹੀ ਉਸ ਨੇ ‘ਟਰਨਿੰਗ ਪੁਆਇੰਟ’ ਨਾਂ ਦਾ ਟੀæਵੀæ ਸੀਰੀਅਲ ਸ਼ੁਰੂ ਕਰਵਾਇਆ। ਇਸ ਦੇ ਡੇਢ ਸੌ ਤੋਂ ਵੱਧ ਹਫ਼ਤਾਵਾਰੀ ਪ੍ਰੋਗਰਾਮਾਂ ਵਿਚ ਉਸ ਨੇ ਵਿਗਿਆਨ ਬਾਰੇ ਪ੍ਰਸ਼ਨਾਂ ਦੇ ਉਤਰ ਦਿੱਤੇ। ਪੁਲਾੜ ਵਿਚ ਹੋਣ ਵਾਲੀਆਂ ਯਾਦਗਾਰੀ ਘਟਨਾਵਾਂ ਉਤੇ ਲਾਈਵ ਪ੍ਰੋਗਰਾਮਾਂ ਵਿਚ ਉਸ ਨੇ ਜਨ-ਸਾਧਾਰਨ ਨੂੰ ਪੁਲਾੜੀ ਵਰਤਾਰਿਆਂ ਦੇ ਰਹੱਸ ਸਮਝਾਏ। ਅਖ਼ਬਾਰਾਂ ਤੇ ਇੰਟਰਨੈੱਟ ਦੇ ਆਨਲਾਈਨ ਪ੍ਰੋਗਰਾਮਾਂ ਵਿਚ ਵੀ ਉਸ ਨੇ ਇਹ ਕਾਰਜ ਕੀਤਾ। 1995 ਵਿਚ ਯਸ਼ਪਾਲ ਨੂੰ ਨੈਸ਼ਨਲ ਰਿਸਰਚ ਪ੍ਰੋਫੈਸਰ ਬਣਨ ਦਾ ਮਾਣ ਮਿਲਿਆ। ਦੇਸ਼ ਭਰ ਵਿਚ ਵਿਗਿਆਨ ਨੂੰ ਜਨ-ਸਾਧਾਰਨ ਤੱਕ ਪਹੁੰਚਾਉਣ ਲਈ ਉਸ ਨੂੰ 1994 ਵਿਚ ਆਰਥਰ ਕਲਾਰਕ ਐਵਾਰਡ ਤੇ 2000 ਵਿਚ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
2004 ਵਿਚ ਨੈਸ਼ਨਲ ਮਹਾਤਮਾ ਗਾਂਧੀ ਫੈਲੋ ਤੇ 2005 ਵਿਚ ਨੈਸ਼ਨਲ ਕਰੀਕਲਮ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਪ੍ਰੋæ ਯਸ਼ਪਾਲ ਨੂੰ। 2008 ਵਿਚ ਉਚੇਰੀ ਸਿਖਿਆ ਲਈ ਰਾਸ਼ਟਰੀ ਕਮੇਟੀ ਦੀ ਚੇਅਰਮੈਨੀ ਉਸ ਨੂੰ ਸੌਂਪੀ ਗਈ। 2014 ਵਿਚ ਉਸ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।