ਬਿਹਾਰ ਦੇ ਸਿਆਸੀ ਬਾਣ ਅਤੇ ਭਾਜਪਾ ਦੇ ਨਿਸ਼ਾਨੇ

ਬਿਹਾਰ ਦੀਆਂ ਨਵੀਆਂ ਸਿਆਸੀ ਸਮੀਕਰਨਾਂ ਨੇ ਭਾਰਤ ਦੀ ਕੌਮੀ ਸਿਆਸਤ ਵਿਚ ਵਾਹਵਾ ਹਲਚਲ ਮਚਾਈ ਹੈ। ਜਿਸ ਸ਼ਖਸ (ਨਿਤੀਸ਼ ਕੁਮਾਰ) ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਨਰੇਂਦਰ ਮੋਦੀ ਦੇ ਬਰਾਬਰ ਸ਼ਿੰਗਾਰਨ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਸਨ, ਉਹ ਖੁਦ ਹੀ ਮੋਦੀ ਦੇ ਪਾਲੇ ਅੰਦਰ ਜਾ ਖੜ੍ਹਿਆ ਹੈ। ਇਸ ਨਵੀਂ ਸਫਬੰਦੀ ਦੇ ਨਤੀਜਿਆਂ ਬਾਰੇ ਚਰਚਾ ਉਘੇ ਪੱਤਰਕਾਰ ਅਭੈ ਕੁਮਾਰ ਦੂਬੇ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

-ਸੰਪਾਦਕ

ਅਭੈ ਕੁਮਾਰ ਦੂਬੇ
ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੇ ਆਲੋਚਕਾਂ ਨੇ ‘ਕੁਰਸੀ ਕੁਮਾਰ’ ਕਰਾਰ ਦਿੱਤਾ ਹੈ। ਪੁੱਛਿਆ ਜਾ ਸਕਦਾ ਹੈ ਕਿ ਪੰਜ ਵਾਰ ਮੁੱਖ ਮੰਤਰੀ ਬਣ ਚੁੱਕੇ ਅਤੇ ਕੇਂਦਰ ਵਿਚ ਖੇਤੀ ਤੇ ਰੇਲ ਮੰਤਰੀ ਰਹਿ ਚੁੱਕੇ ਨਿਤੀਸ਼ ਕੁਮਾਰ ਨੂੰ ਹੋਰ ਕਿੰਨੀ ਕੁ ਸੱਤਾ ਚਾਹੀਦੀ ਹੈ? ਭਾਜਪਾ ਨਾਲ ਮਿਲਣ ਸਮੇਂ ਨਿਤੀਸ਼ ਨੂੰ ਯਾਦ ਨਹੀਂ ਆਇਆ ਕਿ 2015 ਵਿਚ ਉਨ੍ਹਾਂ ਨੂੰ ਮਿਲੀਆਂ 178 ਸੀਟਾਂ ਵਿਚ ਬਿਹਾਰ ਦੇ 18 ਫ਼ੀਸਦੀ ਮੁਸਲਮਾਨਾਂ ਅਤੇ 14 ਫ਼ੀਸਦੀ ਯਾਦਵਾਂ ਦੇ ਵੋਟ ਵੀ ਸ਼ਾਮਿਲ ਹਨ। ਉਹ ਇਹ ਵੀ ਭੁੱਲ ਗਏ ਕਿ ਪਛੜੇ, ਮੁਸਲਮਾਨਾਂ ਦਾ ਅੰਦੋਲਨ ਉਨ੍ਹਾਂ ਦੀ ਸਰਪ੍ਰਸਤੀ ਵਿਚ ਹੀ ਸਿਰੇ ਚੜ੍ਹਿਆ ਸੀ। ਹੁਣ ਉਨ੍ਹਾਂ ਦੇ ਇਹ ਵੋਟਰ ਉਨ੍ਹਾਂ ਨੂੰ ਕੁਰਸੀ ਕੁਮਾਰ ਨਾ ਕਹਿਣ ਤਾਂ ਕੀ ਕਹਿਣ? ਇਸ ਵੋਟਰ ਮੰਡਲੀ ਦੀ ਮਜਬੂਰੀ ਤਾਂ ਦੇਖੋ, ਹੁਣ ਉਸ ਨੂੰ ਲਾਲੂ ਯਾਦਵ ਵਰਗੇ ਨੇਤਾ ਨਾਲ ਜਾਣਾ ਪਵੇਗਾ, ਜਿਸ ਦੀ ਬਿਹਾਰ ਦੇ ਗ਼ੈਰ-ਜਾਟਵ ਸਮਾਜ ਵਿਚ ਕੋਈ ਰਾਜਨੀਤਕ ਸਾਖ਼ ਨਹੀਂ ਬਚੀ।
ਹੁਣ ਹੋਏਗਾ ਇਹ ਕਿ ਪਾਸਵਾਨ, ਕੁਸ਼ਵਾਹਾ, ਉਚੀਆਂ ਜਾਤੀਆਂ, ਮਹਾਂ ਦਲਿਤ ਅਤੇ ਅਤਿ ਪਛੜੇ ਵਰਗਾਂ ਦਾ ਵੱਡਾ ਹਿੱਸਾ ਹਿੰਦੂਤਵ ਦੀ ਰਾਜਨੀਤੀ ਦਾ ਆਧਾਰ ਬਣ ਜਾਏਗਾ। ਯਾਦਵਾਂ ਵਿਚ ਵੀ ਹੁਕਮ ਦੇਵ ਨਾਰਾਇਣ, ਰਾਮ ਕ੍ਰਿਪਾਲ, ਨੰਦ ਕਿਸ਼ੋਰ, ਪੱਪੂ ਅਤੇ ਬਿਜੇਂਦਰ ਯਾਦਵ ਵਰਗੇ ਨੇਤਾ ਲਾਲੂ ਦੀ ਯਾਦਵ-ਅਗਵਾਈ ਨੂੰ ਚੁਣੌਤੀ ਦੇਣਗੇ। ਉਪਰੋਂ ਸ਼ਰਾਬਬੰਦੀ ਕਰ ਕੇ ਔਰਤਾਂ ਵਿਚ ਹਰਮਨ-ਪਿਆਰੇ ਹੋਏ ਨਿਤੀਸ਼ ਇਹ ਲਿੰਗ ਆਧਾਰਤ ਲਾਭ ਵੀ ਹਿੰਦੂਤਵ ਨੂੰ ਪਹੁੰਚਾਉਣਗੇ। ਛੇ ਮਹੀਨੇ ਪਹਿਲਾਂ ਅਜਿਹੇ ਖੁਸ਼ਨੁਮਾ ਹਾਲਾਤ ਦੀ ਸੰਘ ਪਰਿਵਾਰ ਕਲਪਨਾ ਵੀ ਨਹੀਂ ਕਰ ਸਕਦਾ ਸੀ। ਬਿਹਾਰ ਵਿਚ ਜੋ ਹੋਇਆ, ਉਸ ਨੂੰ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਉਥੋਂ ਦੀ ਰਾਜਨੀਤੀ ਦੇ ਦੋ ਕੁਸ਼ਲ ਖਿਡਾਰੀਆਂ ਵੱਲੋਂ ਪੜ੍ਹਾਏ ਗਏ ਪਾਠ ਵਾਂਗ ਦੇਖ ਸਕਦੇ ਹਨ। ਇਸ ਜਮਾਤ ਵਿਚ ਸਾਹਮਣੇ ਤੋਂ ਸੁਸ਼ੀਲ ਮੋਦੀ ਇਹ ਪਾਠ ਪੜ੍ਹਾ ਰਹੇ ਸੀ, ਪਰ ਪਿਛੋਕੜ ਵਿਚ ਨਿਤੀਸ਼ ਕੁਮਾਰ ਦੀ ਹਸਤੀ ਮੌਜੂਦ ਸੀ। ਦਰਅਸਲ ਨਿਤੀਸ਼ ਕੁਮਾਰ ਨੇ ਨਾ ਸਿਰਫ ਲਾਲੂ ਦੀ ਪਾਰਟੀ ਅਤੇ ਕਾਂਗਰਸ ਨੂੰ ਧੋਖੇ ਵਿਚ ਰੱਖਿਆ, ਸਗੋਂ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੀ ਉਲੂ ਬਣਾਇਆ। ਪਿਛਲੇ ਤਿੰਨ ਮਹੀਨੇ ਤੋਂ ਬਿਹਾਰ ਦੀ ਰਾਜਨੀਤੀ ਵਿਚ ਉਥੋਂ ਦੀ ਹਰ ਰਾਜਨੀਤਕ ਤਾਕਤ ਆਪਣੇ-ਆਪਣੇ ਹਿਤ ਵਿਚ ਪੇਸ਼ਬੰਦੀ ਕਰ ਰਹੀ ਸੀ। ਨਿਤੀਸ਼ ਭਾਜਪਾ ਦੇ ਉਚ ਨੇਤਾਵਾਂ ਨਾਲ ਖੁਫੀਆ ਗੱਲਬਾਤ ਚਲਾ ਰਹੇ ਸੀ।
ਉਧਰ, ਕਾਂਗਰਸ ਲਈ ਬਿਹਾਰ ਦੀ ਰਾਜਨੀਤੀ ਵਿਚ ਲਾਲੂ ਹੀ ਸਭ ਤੋਂ ਜ਼ਿਆਦਾ ਵਿਸ਼ਵਾਸਪਾਤਰ ਸੀ। ਨਿਤੀਸ਼ ਜਾਣਦੇ ਸੀ ਕਿ ਉਹ ਸੋਨੀਆ ਦੇ ਦਰਬਾਰ ਵਿਚ ਲਾਲੂ ਵਰਗੀ ਹੈਸੀਅਤ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਮੁੱਖ ਮੰਤਰੀ ਦੇ ਰੂਪ ਵਿਚ ਨਿਤੀਸ਼ ਸ਼ੁਰੂ ਤੋਂ ਹੀ ਆਪਣੇ ਹੱਥ ਬੱਝੇ ਹੋਏ ਮਹਿਸੂਸ ਕਰ ਰਹੇ ਸੀ; ਕਿਉਂਕਿ ਲਾਲੂ ਕੋਲ ਉਨ੍ਹਾਂ ਤੋਂ ਜ਼ਿਆਦਾ ਸੀਟਾਂ ਸਨ ਅਤੇ ਕਾਂਗਰਸ ਦਾ ਹੱਥ ਵੀ ਯਾਦਵ ਸੁਪਰੀਮੋ ਦੀ ਪਿੱਠ ‘ਤੇ ਸੀ। ਮਾਹਿਰ ਜਾਣਦੇ ਸਨ ਕਿ ਲਾਲੂ ਦੇ ਪੁੱਤਰ, ਖ਼ਾਸ ਕਰ ਕੇ ਤੇਜਸਵੀ ਪ੍ਰਸਾਦ ਹਰ ਮੌਕੇ ‘ਤੇ ਮੁੱਖ ਮੰਤਰੀ ਦੇ ਰੁਤਬੇ ਦਾ ਮਖੌਲ ਉਡਾਉਂਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਸ਼ਟਰੀ ਜਨਤਾ ਦਲ ਆਪਣੇ ਭ੍ਰਿਸ਼ਟਾਚਾਰੀ, ਭਾਈ-ਭਤੀਜਾਵਾਦ ਅਤੇ ਹੋਰ ਤੌਰ-ਤਰੀਕਿਆਂ ਨੂੰ ਬਦਲਣ ਲਈ ਤਿਆਰ ਨਹੀਂ ਸੀ। ਉਸ ਨਾਲ ਲਗਾਤਾਰ ਵਧਦੇ ਤਣਾਅ ਕਾਰਨ ਬਿਹਾਰ ਦੇ ਸੁਸ਼ਾਸਨ ਬਾਬੂ ਪਿਛਲੇ ਕੁਝ ਦਿਨਾਂ ਤੋਂ ਦੁਬਿਧਾ ਦੇ ਸ਼ਿਕਾਰ ਸਨ। ਉਨ੍ਹਾਂ ਸਾਹਮਣੇ ਦੋ ਰਸਤੇ ਸਨ- ਲੰਮੇ ਸਮੇਂ ਵਾਲਾ ਅਤੇ ਥੋੜ੍ਹੇ ਸਮੇਂ ਵਾਲਾ। ਲੰਮੇ ਸਮੇਂ ਦਾ ਪ੍ਰਸੰਗ ਨੈਤਿਕਤਾਪੂਰਨ ਸੀ, ਪਰ ਉਸ ਨਾਲ ਮਿਲਣ ਵਾਲੇ ਲਾਭ ਅਨਿਸਚਿਤ ਦਿਖਾਈ ਦੇ ਰਹੇ ਸਨ। ਇਸ ਲਈ ਨਿਤੀਸ਼ ਨੇ ਥੋੜ੍ਹੇ ਸਮੇਂ ਵਾਲਾ, ਪਰ ਤੁਰੰਤ ਸੱਤਾ ਮਿਲਣ ਵਾਲਾ ਪ੍ਰਸੰਗ ਪਸੰਦ ਕੀਤਾ। ਜੇ ਉਹ ਲੰਮੇ ਸਮੇਂ ਦਾ ਪ੍ਰਸੰਗ ਅਪਣਾਉਂਦੇ ਤਾਂ ਕੀ ਹੁੰਦਾ?
ਨਿਤੀਸ਼ ਜਾਣਦੇ ਸੀ ਕਿ ਕਾਂਗਰਸ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਦੀ ਇੱਛਾ ਨੂੰ ਠੰਢੇ ਬਸਤੇ ਵਿਚ ਪਾਉਣ ਲਈ ਕਦੇ ਵੀ ਤਿਆਰ ਨਹੀਂ ਹੋਵੇਗੀ। ਉਹ ਕਾਂਗਰਸ ਅਤੇ ਬਾਕੀ ਵਿਰੋਧੀ ਧਿਰਾਂ ਸਾਹਮਣੇ ਮੋਦੀ ਦੇ ਬਦਲ ਦੇ ਤੌਰ ‘ਤੇ ਇਕ ਹੀ ਤਰੀਕੇ ਨਾਲ ਉਭਰ ਸਕਦੇ ਸਨ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਦੁਬਾਰਾ ਸੱਤਾ ਦਾ ਜੁਗਾੜ ਕਰਨ ਦੀ ਬਜਾਏ ਬਿਹਾਰ ਦੇ ਰਾਜਨੀਤਕ ਦੌਰੇ ‘ਤੇ ਨਿਕਲ ਪੈਂਦੇ ਅਤੇ ਉਸ ਤੋਂ ਬਾਅਦ ਪੂਰੇ ਦੇਸ਼ ਦਾ ਦੌਰਾ ਕਰਦੇ। ਲੋਕ ਫਿਰ ਤਿਆਗੀ-ਵੈਰਾਗੀ ਨੇਤਾ ਨੂੰ ਸੁਣਨ ਲਈ ਆ ਪਹੁੰਚਦੇ ਅਤੇ ਫਿਰ ਬਿਹਾਰ ਦੇ ਖੇਤ-ਖਲਿਆਣਾਂ ਤੋਂ ਇਕ ਹੋਰ ਜੈ ਪ੍ਰਕਾਸ਼ ਨਾਰਾਇਣ ਦਾ ਜਨਮ ਹੁੰਦਾ।
ਉਂਜ ਵੀ ਉਨ੍ਹਾਂ ਨੂੰ 2019 ਦੀਆਂ ਚੋਣਾਂ ਵਿਚ ਮੋਦੀ ਦੇ ਬਰਾਬਰ ਸਭ ਤੋਂ ਸਮਰੱਥ ਨੇਤਾ ਮੰਨਿਆ ਜਾ ਰਿਹਾ ਸੀ, ਪਰ ਇਹ ਭਾਰਤੀ ਲੋਕਤੰਤਰ ਦੀ ਤ੍ਰਾਸਦੀ ਹੈ ਕਿ ਨਿਤੀਸ਼ ਨੇ ਵਿਰੋਧੀ ਧਿਰ ਦਾ ਕੌਮੀ ਨੇਤਾ ਹੋਣ ਦੇ ਮੁਸ਼ਕਿਲ ਰਸਤੇ ‘ਤੇ ਚਲਣਾ ਸਵੀਕਾਰ ਨਹੀਂ ਕੀਤਾ ਅਤੇ ਮੌਕਾਪ੍ਰਸਤ ਢੰਗ ਨਾਲ ਛੇਵੀਂ ਵਾਰ ਮੁੱਖ ਮੰਤਰੀ ਬਣ ਕੇ ਖ਼ੁਦ ਨੂੰ ਇਤਿਹਾਸ ਦੇ ਕੂੜੇਦਾਨ ਵਿਚ ਜਾਣ ਲਈ ਮਜਬੂਰ ਕਰ ਲਿਆ। ਇਸ ਕੂੜੇਦਾਨ ਵਿਚ ਪਹਿਲਾਂ ਤੋਂ ਕਈ ਮੌਕਾਪ੍ਰਸਤ ਨੇਤਾ ਸੜ ਰਹੇ ਹਨ। ਜੇ ਕੁਝ ਅਸਾਧਾਰਨ ਨਹੀਂ ਹੋਇਆ ਤਾਂ ਭਾਜਪਾ ਦੀ ਸੋਹਬਤ ਵਿਚ ਨਿਤੀਸ਼ ਦਾ ਬਾਕੀ ਮੁੱਖ ਮੰਤਰੀ ਵਜੋਂ ਕਾਰਜਕਾਲ ਸਹੀ ਢੰਗ ਨਾਲ ਲੰਘ ਜਾਵੇਗਾ; ਪਰ ਜਿਵੇਂ ਹੀ 2019 ਲੰਘੇਗਾ, ਮੋਦੀ ਲਈ ਉਨ੍ਹਾਂ ਦੀ ਜ਼ਰੂਰਤ ਘਟ ਜਾਏਗੀ ਅਤੇ ਭਾਜਪਾ ਉਨ੍ਹਾਂ ਨੂੰ ਦੁੱਧ ਵਿਚੋਂ ਮੱਖੀ ਵਾਂਗ ਕੱਢ ਕੇ ਸੁੱਟਣ ਦੀ ਯੋਜਨਾ ‘ਤੇ ਅਮਲ ਕਰਨ ਲੱਗੇਗੀ।
ਨਿਤੀਸ਼ ਨੂੰ ਪਤਾ ਹੀ ਹੋਵੇਗਾ ਕਿ ਅੱਜ ਦੀ ਭਾਜਪਾ ਕੱਲ੍ਹ ਦੀ ਅਡਵਾਨੀ ਵਾਲੀ ਭਾਜਪਾ ਨਹੀਂ ਹੈ ਜੋ ਕੌਮੀ ਜਮਹੂਰੀ ਗਠਜੋੜ ਦੇ ਸਹਿਯੋਗੀ ਦਲਾਂ ਨੂੰ ਮਜ਼ਬੂਤ ਕਰਨ ਦੀ ਨੀਤੀ ‘ਤੇ ਚਲਦੀ ਸੀ। ਮੋਦੀ ਦੀ ਭਾਜਪਾ ਦਾ ਨਾਅਰਾ ਹੈ ਚੱਪੇ-ਚੱਪੇ ‘ਤੇ ਭਾਜਪਾ। ਲਾਲੂ ਨੂੰ ਤਾਂ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ, ਪਰ ਭਾਜਪਾ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੋਏਗਾ। ਦਰਅਸਲ ਨਿਤੀਸ਼ ਨੇ ਆਪਣੇ ਲਈ ਟੋਆ ਪੁੱਟ ਲਿਆ ਹੈ। ਵੇਖਣਾ ਹੈ ਕਿ ਜਦੋਂ ਭਾਜਪਾ ਉਨ੍ਹਾਂ ਨੂੰ ਇਸ ਵਿਚ ਸੁੱਟਣ ਲੱਗੇਗੀ ਤਾਂ ਉਹ ਕਿਵੇਂ ਬਚਦੇ ਹਨ। 26 ਜੁਲਾਈ ਨੂੰ ਜਦੋਂ ਸਾਡੀ ਕੌਮੀ ਰਾਜਨੀਤੀ ਪਟਨਾ ਵਿਚ ਹੋਏ ਤਖਤਾ ਪਲਟੇ ਤੋਂ ਕੰਬ ਰਹੀ ਸੀ, ਟਵਿੱਟਰ ‘ਤੇ ਕੀਤੀ ਗਈ ਇਕ ਦਿਲਚਸਪ ਟਿੱਪਣੀ ਨੇ ਪੂਰੇ ਘਟਨਾਕ੍ਰਮ ਦਾ ਮੁਜ਼ਾਹਰਾ ਕਰ ਦਿੱਤਾ। ਹਿੰਦੀ ਵਿਚ ਲਿਖੀ ਗਈ ਇਕ ਲਾਈਨ ਨੇ ਮੋਦੀ ਰਾਜ ਦੀ ਨਿਰੰਤਰ ਵਧਦੀ ਸੀਮਾ ਪਿੱਛੇ ਰਣਨੀਤੀ ‘ਤੇ ਵਿਅੰਗ ਕਰਦਿਆਂ ਕਿਹਾ, ‘ਜਹਾਂ ਹਮ ਚੁਨਾਵ ਜੀਤਤੇ ਹੈਂ, ਵਹਾਂ ਤੋ ਸਰਕਾਰ ਬਨਾਤੇ ਹੀ ਹੈਂ; ਜਹਾਂ ਨਹੀਂ ਜੀਤਤੇ, ਵਹਾਂ ਤੋ ਨਿਸਚਤ ਰੂਪ ਸੇ ਬਨਾਤੇ ਹੈਂ।’ ਗੋਆ ਅਤੇ ਮਨੀਪੁਰ ਦੇ ਬਾਅਦ ਇਸ ਵਾਰ ਬਿਹਾਰ ਦਾ ਨੰਬਰ ਸੀ, ਜਿਥੇ ਮੋਦੀ-ਸ਼ਾਹ ਨੇ ਆਪਣੀ ਵਿਲੱਖਣ ਰਾਜਨੀਤਕ ਪ੍ਰਯੋਗਸ਼ਾਲਾ ਦਾ ਇਸਤੇਮਾਲ ਕੁਝ ਇਸ ਅੰਦਾਜ਼ ਵਿਚ ਕੀਤਾ ਕਿ ਵੱਡੇ-ਵੱਡੇ ਸ਼ਾਤਰ ਦਿਮਾਗ ਵੀ ਹੈਰਾਨ ਰਹਿ ਗਏ।
ਆਜ਼ਾਦ ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਵੇਖਿਆ ਗਿਆ ਹੈ ਕਿ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਦਾ ਏਨੇ ਪ੍ਰਭਾਵੀ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਏਜੰਸੀਆਂ ਦਾ ਰਾਜਨੀਤਕ ਮਕਸਦਾਂ ਲਈ ਪ੍ਰਯੋਗ ਹੋਇਆ ਹੈ, ਪਰ ਇਸ ਵਾਰ ਇਨ੍ਹਾਂ ਜ਼ਰੀਏ ਇਕ ਵੱਡੇ ਉਤਰ ਭਾਰਤੀ ਸੂਬੇ ਦੇ ਰਾਜਨੀਤਕ ਸਮੀਕਰਨਾਂ ਨੂੰ ਹੀ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ। ਹੁਣ ਸਾਡੇ ਕੋਲ ਘਟਨਾਵਾਂ ਤੋਂ ਬਾਅਦ ਦਾ ਮਾਹੌਲ ਹੈ ਅਤੇ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਉਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਬਿਹਾਰ ਦੇ ਗਠਜੋੜ ਨੂੰ ਖ਼ਤਮ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਸੀ। ਉਸ ਨੂੰ ਡਰ ਸੀ ਕਿ ਚੋਣਾਂ ਵਿਚ ਕਰਾਰੀ ਹਾਰ ਕਿਤੇ ਅਖਿਲੇਸ਼ ਅਤੇ ਮਾਇਆਵਤੀ ਨੂੰ ਇਸੇ ਤਰ੍ਹਾਂ ਦਾ ਮਹਾਂਗਠਜੋੜ ਬਣਾਉਣ ਲਈ ਮਜਬੂਰ ਨਾ ਕਰ ਦੇਵੇ। ਇਸ ਲਈ ਭਾਜਪਾ ਪੂਰੇ ਰਾਜਨੀਤਕ ਸਮਾਜ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਉਹ ਆਪਣੇ ਖਿਲਾਫ ਕਿਸੇ ਵੀ ਮਹਾਂਗਠਜੋੜ ਨੂੰ ਨਾ ਸੂਬਿਆਂ ਦੀ ਪੱਧਰ ‘ਤੇ ਅਤੇ ਨਾ ਹੀ ਕੌਮੀ ਪੱਧਰ ‘ਤੇ ਬਣਨ ਜਾਂ ਟਿਕਣ ਦੇਵੇਗੀ।
ਜੇ ਪਟਨਾ, ਮਹਾਂਗਠਜੋੜ ਦੀ ਸਰਕਾਰ ਦੇ ਹੱਥ ਵਿਚ ਰਹਿੰਦਾ ਤਾਂ ਕੁਝ ਅਜਿਹਾ ਹੀ ਗਠਜੋੜ ਲਖਨਊ ਵਿਚ ਬਣਨਾ ਤੈਅ ਸੀ। ਅਖਿਲੇਸ਼, ਮਾਇਆਵਤੀ, ਕਾਂਗਰਸ ਦੇ ਅਜਿਹੇ ਗਠਜੋੜ ਦੀ ਪ੍ਰੀਖਿਆ ਸਭ ਤੋਂ ਪਹਿਲਾਂ ਫੂਲਪੁਰ ਸੰਸਦੀ ਖੇਤਰ ਵਿਚ ਹੋ ਜਾਂਦੀ ਜਿਥੋਂ ਯੋਗੀ ਸਰਕਾਰ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਸਤੀਫ਼ਾ ਦੇਣ ਵਾਲੇ ਹਨ। ਮੋਦੀ ਸਰਕਾਰ ਦੇ ਰਣਨੀਤੀਕਾਰ ਫ਼ਿਕਰਮੰਦ ਸਨ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਇਸ ਰਣਨੀਤਕ ਸੁਝਾਅ ਤੋਂ ਪੜ੍ਹੀ ਜਾ ਸਕਦੀ ਸੀ ਕਿ ਮੌਰਿਆ ਨੂੰ ਕੇਂਦਰ ਵਿਚ ਵਾਪਸ ਬੁਲਾ ਲੈਣਾ ਚਾਹੀਦਾ ਹੈ ਤਾਂ ਕਿ ਉਪ ਚੋਣਾਂ ਦੀ ਨੌਬਤ ਹੀ ਨਾ ਆਏ ਅਤੇ ਮਹਾਂ ਗਠਜੋੜ ਦੀ ਵਰਤੋਂ ਹੋਰ ਪਿੱਛੇ ਖਿਸਕ ਜਾਵੇ। ਹੁਣ ਇਨ੍ਹਾਂ ਰਣਨੀਤੀਕਾਰਾਂ ਨੂੰ ਸੁੱਖ ਦਾ ਸਾਹ ਆਇਆ ਹੋਵੇਗਾ, ਕਿਉਂਕਿ ਪਿਛਲੇ ਤਿੰਨ ਮਹੀਨਿਆਂ ਵਿਚ ਸੁਸ਼ੀਲ ਮੋਦੀ ਵੱਲੋਂ ਕੀਤੀਆਂ ਗਈਆਂ 40 ਪ੍ਰੈੱਸ ਕਾਨਫ਼ਰੰਸਾਂ ਅਤੇ ਲਾਲੂ ਪਰਿਵਾਰ ‘ਤੇ ਛਾਪਿਆਂ ਦੇ ਸਿਲਸਿਲੇ ਨੇ ਇਕ ਨਹੀਂ, ਸਗੋਂ ਇਕੋ ਸਮੇਂ ਤਿੰਨੇ ਮਕਸਦ ਹਾਸਲ ਕਰ ਲਏ ਹਨ। ਚੋਣ ਹਾਰਨ ਤੋਂ ਬਾਅਦ ਵੀ ਬਿਹਾਰ ਫਿਰ ਤੋਂ ਜਿੱਤ ਲਿਆ ਗਿਆ ਹੈ। ਲਾਲੂ ਦੀ ਸਥਿਤੀ ਨੇ ਮਾਇਆਵਤੀ ਅਤੇ ਅਖਿਲੇਸ਼ ਦੇ ਦਿਲਾਂ ਵਿਚ ਸੀæਬੀæਆਈæ, ਆਮਦਨ ਕਰ ਵਿਭਾਗ, ਈæਡੀæ ਦਾ ਡਰ ਨਵੇਂ ਸਿਰੇ ਤੋਂ ਬਿਠਾ ਦਿੱਤਾ ਹੈ ਅਤੇ ਨਿਤੀਸ਼ ਕੁਮਾਰ ਦੀ ਕੌਮੀ ਜਮਹੂਰੀ ਗਠਜੋੜ ਦੀ ਸਮਰਥਕ ਕਲਾਬਾਜ਼ੀ ਕਾਰਨ ਕੌਮੀ ਵਿਰੋਧੀ ਧਿਰ ਇਕ ਵਾਰ ਫਿਰ ਖ਼ੁਦ ਨੂੰ ਬਚਾਅ ਦੀ ਸਥਿਤੀ ਵਿਚ ਪਾ ਰਹੀ ਹੈ।