ਦੋਵੇਂ ਪਾਸਿਓਂ ਬਲਦੀ ਮੋਮਬੱਤੀ ਦਲਬੀਰ ਸਿੰਘ

28 ਜੁਲਾਈ ਨੂੰ ਪੱਤਰਕਾਰ ਦਲਬੀਰ ਸਿੰਘ ਨੂੰ ਸਾਥੋਂ ਵਿਛੜਿਆਂ ਪੂਰੇ ਦਸ ਸਾਲ ਹੋ ਗਏ ਹਨ। ਉਂਜ ਅੱਜ ਵੀ ਉਹਦੀਆਂ ਯਾਦਾਂ, ਬੀਤੇ ਕੱਲ੍ਹ ਵਾਂਗ ਦਿਲੋ-ਦਿਮਾਗ ਉਤੇ ਛਾਈਆਂ ਹੋਈਆਂ ਹਨ। ਇੰਨੇ ਸਾਲ ਲੰਘ ਜਾਣ ਤੋਂ ਬਾਅਦ ਵੀ ਉਹਦੇ ਹੋਣ ਦਾ ਅਹਿਸਾਸ ਉਹਦੀ ਵਿਲੱਖਣ ਸ਼ਖਸੀਅਤ ਦੀ ਹੀ ਸੂਹ ਦਿੰਦਾ ਹੈ। ਆਪਣੀ ਸ਼ਖਸੀਅਤ ਵਾਂਗ ਹਰ ਹਫਤੇ ਉਸ ਵੱਲੋਂ ਲਿਖਿਆ ਕਾਲਮ ਵੀ ਉਨਾ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਹੁੰਦਾ ਸੀ।

ਉਹ ਆਪਣੇ ਕਾਲਮ ਵਿਚ ਕੋਈ ਵੀ ਮਸਲਾ ਛੋਹ ਲੈਂਦਾ ਅਤੇ ਫਿਰ ਗਲੋਟਾ ਉਧੜਨ ਵਾਂਗ, ਅਗਾਂਹ ਗੱਲਾਂ ਵਿਚੋਂ ਗੱਲਾਂ ਨਿਕਲਦੀਆਂ ਜਾਂਦੀਆਂ। ਇਸ ਸ਼ਖਸੀਅਤ ਨੂੰ ਅਸੀਂ ਉਘੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਦੀ ਇਸ ਲਿਖਤ ਰਾਹੀਂ ਯਾਦ ਕਰ ਰਹੇ ਹਾਂ। -ਸੰਪਾਦਕ

ਗੁਰਬਚਨ ਸਿੰਘ ਭੁੱਲਰ

ਦਲਬੀਰ ਸਿੰਘ ਨਾਲ ਮੇਰੀ ਜਾਣ-ਪਛਾਣ ਪੁਰਾਣੀ ਸੀ, ਪਰ ਨੇੜਤਾ ਉਸ ਸਮੇਂ ਹੋਈ ਜਦੋਂ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕੀ ਕਾਰਜ ਸੰਭਾਲਿਆ। ਇਸ ਨੇੜਤਾ ਸਮੇਂ ਉਹਦਾ ਜੋ ਰੂਪ ਮੇਰੇ ਸਾਹਮਣੇ ਆਇਆ, ਉਹ ਬਰੀਕਬੀਨ ਪੱਤਰਕਾਰ, ਅਣਥੱਕ ਕਲਮੀ ਕਾਮੇ, ਦਿਲਚਸਪ ਸਹਿਕਰਮੀ ਅਤੇ ਕੁਝ ਕੁਝ ਲਾਪ੍ਰਵਾਹ ਬੰਦੇ ਦਾ ਰੂਪ ਸੀ।
ਉਹਨੇ ਪੱਤਰਕਾਰੀ ਉਸ ਸਮੇਂ ਸ਼ੁਰੂ ਕੀਤੀ, ਜਦੋਂ ਪੰਜਾਬੀ ਪੱਤਰਕਾਰੀ ਵਿਚ ਕੋਈ ਤਨਖਾਹ ਗਰੇਡ ਨਹੀਂ ਸਨ ਹੁੰਦੇ ਅਤੇ ਪੱਤਰਕਾਰਾਂ ਲਈ ਕੋਈ ਤਨਖਾਹ ਕਮਿਸ਼ਨ ਨਹੀਂ ਸਨ ਥਾਪੇ ਜਾਂਦੇ। ਇਹ ਪੱਤਰਕਾਰੀ ਰੁੱਖੀ ਮਿੱਸੀ ਰੋਟੀ ਦਿੰਦੀ ਸੀ ਅਤੇ ਅਗਾਂਹ ਵਧੂ ਪੱਤਰਕਾਰੀ, ਜਿਸ ਨਾਲ ਦਲਬੀਰ ਜੁੜਿਆ, ਲੋਕਾਂ ਦੇ ਦੁੱਖ ਸੁੱਖ ਨਾਲ ਜੁੜਨ ਦਾ, ਜੀਵਨ ਨੂੰ ਸਾਧਾਰਨ ਲੋਕਾਂ ਦੇ ਕੋਣ ਤੋਂ ਦੇਖਣ ਦਾ ਮੌਕਾ ਦਿੰਦੀ ਸੀ। ਅੱਗੇ ਚੱਲ ਕੇ ਜਦੋਂ ਉਹ ਇਸ ਪੱਤਰਕਾਰੀ ਵਿਚੋਂ ਚੰਗੀ ਤਨਖਾਹ ਅਤੇ ਸੁੱਖ ਸਹੂਲਤਾਂ ਵਾਲੀ ਪੱਤਰਕਾਰੀ ਵਿਚ ਪੁੱਜਿਆ, ਉਹਨੇ ਜਨ ਸਾਧਾਰਨ ਦੀਆਂ ਭਾਵਨਾਵਾਂ ਨਾਲ ਆਪਣੀ ਨੇੜਤਾ ਬਣਾਈ ਰੱਖੀ ਤੇ ਆਪਣੇ ਮੂਲ ਨਜ਼ਰੀਏ ਵਿਚ ਕੋਈ ਤਬਦੀਲੀ ਨਾ ਆਉਣ ਦਿੱਤੀ।
ਦਲਬੀਰ ਸਿੰਘ ਦੀ ਤਿੱਖੀ ਪੱਤਰਕਾਰਾਨਾ ਨਜ਼ਰ ਉਸ ਸਮੇਂ ਉਜਾਗਰ ਹੁੰਦੀ, ਜਦੋਂ ਪਹਿਲੇ ਪਹਿਰ ਉਸ ਦਿਨ ਦੇ ਸੰਪਾਦਕੀ ਬਾਰੇ ਵਿਚਾਰ ਚਰਚਾ ਲਈ ਸਹਾਇਕ ਸੰਪਾਦਕ ਮੇਰੇ ਨਾਲ ਜੁੜ ਬੈਠਦੇ। ਇਨ੍ਹਾਂ ਬੈਠਕਾਂ ਦਾ ਉਹ ਸਰਗਰਮ ਭਾਈਵਾਲ ਤਾਂ ਹੁੰਦਾ ਹੀ, ਉਹਦੀਆਂ ਦੋ ਖਾਸੀਅਤਾਂ ਮੁੜ ਮੁੜ ਸਾਹਮਣੇ ਆਉਂਦੀਆਂ। ਇਕ ਤਾਂ ਉਹਦੀ ਨਜ਼ਰ ਦਾ ਘੇਰਾ ਕੁਝ ਹੋਰਾਂ ਵਾਂਗ ਪੰਜਾਬ ਦੀ ਅਕਾਲੀ-ਕਾਂਗਰਸੀ ਰਾਜਨੀਤੀ ਤੱਕ ਸੀਮਤ ਨਹੀਂ ਸੀ, ਉਹਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਵਾਪਰਨ ਵਾਲੀ ਘਟਨਾ ਬਾਰੇ ਚੰਗੀ ਜਾਣਕਾਰੀ ਹੁੰਦੀ ਸੀ। ਦੂਜੀ ਗੱਲ, ਹਰ ਤੱਥ ਬਾਰੇ, ਹਰ ਘਟਨਾ ਬਾਰੇ ਉਹਦਾ ਆਪਣਾ ਨਜ਼ਰੀਆ, ਆਪਣਾ ਰਾਜਨੀਤਕ ਵਿਚਾਰ ਹੁੰਦਾ ਸੀ, ਜੋ ਕਈ ਹੋਰ ਪੱਤਰਕਾਰਾਂ ਦੇ ਉਲਟ ਇਸ ਤੱਥ ਤੋਂ ਪ੍ਰਭਾਵਤ ਨਹੀਂ ਸੀ ਹੁੰਦਾ ਕਿ ਚੰਡੀਗੜ੍ਹ ਦੀ ਗੱਦੀ ‘ਤੇ ਕੌਣ ਜਾਂ ਕਿਹੜੀ ਪਾਰਟੀ ਬਿਰਾਜਮਾਨ ਹੈ। ਮੈਨੂੰ ਚੇਤੇ ਹੈ, ਜਦੋਂ ਭਾਰਤ ਨੇ ਦੂਜੀ ਵਾਰ ਐਟਮੀ ਬੰਬ ਦਾ ਤਜਰਬਾ ਕੀਤਾ, ਉਹ ਸੰਪਾਦਕੀ ਬੈਠਕ ਵਿਚ ਭਾਰਤੀ ਵਿਗਿਆਨੀਆਂ ਦੀ ਇਸ ਤਕਨਾਲੋਜੀਕਲ ‘ਪ੍ਰਾਪਤੀ’ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਲੋਕਾਂ ਨੂੰ ਮਾਰਨ ਵਾਲੇ ਬੰਬ ਬਣਾਉਣ ਦੀ ਥਾਂ ਜੇ ਵਿਗਿਆਨੀਆਂ ਨੇ ਆਪਣੀ ਪ੍ਰਤਿਭਾ ਕਿਸੇ ਕਲਿਆਣਕਾਰੀ ਕਾਰਜ ਦੇ ਲੇਖੇ ਲਗਾਈ ਹੁੰਦੀ, ਉਹ ਨਿਸਚੇ ਹੀ ਉਨ੍ਹਾਂ ਨੂੰ ਸਲਾਮ ਕਰਦਾ!
ਪੱਤਰਕਾਰ ਹੋਵੇ ਜਾਂ ਸਾਹਿਤਕਾਰ, ਸਫਲ ਉਹੋ ਹੁੰਦਾ ਹੈ, ਜੋ ਜਾਣਦਾ ਹੋਵੇ ਕਿ ਉਹਨੇ ਕੀ ਲਿਖਣਾ ਹੈ ਅਤੇ ਕਿਵੇਂ ਲਿਖਣਾ ਹੈ? ਭਾਵ ਉਹਦੇ ਵਿਚਾਰਾਂ ਵਿਚ ਸਪਸ਼ਟਤਾ ਹੋਵੇ ਅਤੇ ਭਾਸ਼ਾ ‘ਤੇ ਉਹਦਾ ਕਾਬੂ ਹੋਵੇ। ਦਲਬੀਰ ਅਜਿਹਾ ਹੀ ਪੱਤਰਕਾਰ ਸੀ। ਸੰਪਾਦਕੀ ਬੈਠਕ ਸਮੇਂ ਜੇ ਮੈਂ ਉਹਨੂੰ ਉਸ ਦਿਨ ਦਾ ਸੰਪਾਦਕੀ ਲਿਖਣ ਲਈ ਆਖਦਾ, ਜਾਂ ਉਹ ਆਪਣੀ ਰੁਚੀ ਅਨੁਸਾਰ ਹੋਣ ਕਰ ਕੇ ਲਿਖਣ ਦੀ ਪੇਸ਼ਕਸ਼ ਆਪੇ ਕਰਦਾ, ਕੁਝ ਹੀ ਸਮੇਂ ਮਗਰੋਂ ਲਿਖਤ ਮੇਰੀ ਮੇਜ਼ ‘ਤੇ ਹੁੰਦੀ। ਲਿਖਣ ਵੇਲੇ ਉਹਨੂੰ ਮੱਥਾ ਠਕੋਰਨ ਦੀ, ਕੱਟ-ਵੱਢ ਕਰਨ ਦੀ, ਅੰਗੜਾਈਆਂ ਲੈਣ ਦੀ ਲੋੜ ਨਹੀਂ ਸੀ ਪੈਂਦੀ। ਆਪਣੇ ਐਤਵਾਰੀ ਕਾਲਮ ਬਾਰੇ ਵੀ ਉਹਦਾ ਹਾਲ ਇਹੋ ਸੀ। ਆਖਰੀ ਹੱਦ ਵੀਰਵਾਰ ਦੀ ਹੁੰਦੀ ਸੀ। ਜੇ ਉਹ ਆਪਣੀ ਲਿਖਤ ਬੁੱਧਵਾਰ ਤੱਕ ਨਾ ਦੇ ਸਕਦਾ, ਵੀਰਵਾਰ ਨੂੰ ਆਉਂਦਾ ਹੀ ਆਖਦਾ, “ਮੈਂ ਕੁਝ ਕੰਮਾਂ ਵਿਚ ਫਸਿਆ ਰਿਹਾ, ਕਾਲਮ ਤੁਹਾਨੂੰ ਹੁਣੇ ਲਿਖ ਕੇ ਦਿੰਦਾ ਹਾਂ।” ਉਹ ਕਿਸੇ ਵੀ ਗੱਲ ਨੂੰ ਲੈ ਕੇ, ਇਥੋਂ ਤੱਕ ਕਿ ਕਿਸੇ ਛੋਟੀ ਜਿਹੀ, ਸਾਧਾਰਨ ਜਿਹੀ ਗੱਲ ਨੂੰ ਲੈ ਕੇ ਵੀ ਪਹਿਲੀ ਘੁੰਡੀ ਮੇਲਦਾ ਅਤੇ ਫੇਰ ਘੁੰਡੀ ਵਿਚ ਘੁੰਡੀ ਮਿਲਾ ਕੇ ਪੰਨਿਆਂ ਦੇ ਪੰਨੇ ਭਰਦੇ ਜਾਂਦੇ। ਗੱਲ ਵਿਚੋਂ ਗੱਲ ਨਿਕਲਦੀ ਜਾਂਦੀ ਅਤੇ ਵਿਚਾਰ ਵਿਚੋਂ ਵਿਚਾਰ ਉਭਰਦਾ ਰਹਿੰਦਾ। ਉਹ ਇਕ ਵਿਚਾਰ ਨੂੰ ਕਿੱਲੀ ਬਣਾ ਲੈਂਦਾ ਅਤੇ ਉਸ ‘ਤੇ ਟੰਗੇ ਜਾ ਸਕਣ ਵਾਲੇ ਵਿਚਾਰ ਜੋੜਦਾ ਜਾਂਦਾ।
ਉਹਦੀ ਇਕ ਸਿਫਤ ਅਜਿਹੀ ਸੀ ਜੋ ਬਹੁਤੇ ਪੱਤਰਕਾਰਾਂ ਵਿਚ ਨਹੀਂ ਹੁੰਦੀ। ਪੱਤਰਕਾਰ ਵਜੋਂ ਉਹਦਾ ਉਦੇਸ਼ ਆਪਣੇ ਵਿਚਾਰ ਪਾਠਕਾਂ ਤੱਕ ਪੁੱਜਦੇ ਕਰਨਾ ਹੁੰਦਾ ਸੀ, ਆਪਣਾ ਨਾਂ ਪੁੱਜੇ, ਜਾਂ ਨਾ ਪੁੱਜੇ। ਬਹੁਤੇ ਪੱਤਰਕਾਰ ਆਪਣਾ ਨਾਂ ਉਭਾਰ ਕੇ ਛਪਵਾਉਣ ਦੇ ਚਾਹਵਾਨ ਹੁੰਦੇ ਸਨ। ਅਨੇਕ ਪੱਤਰਕਾਰ ਤਾਂ ਆਪਣੀ ਭੇਜੀ ਖਬਰ ‘ਤੇ ਵੀ ਆਪਣਾ ਨਾਂ ਛਪਵਾਉਣ ਲਈ ਉਤਾਵਲੇ ਰਹਿੰਦੇ ਹਨ। ਉਸ ਵਿਚ ਉਤਾਵਲਾਪਣ ਆਪਣੀ ਲਿਖਤ ਛਪਵਾਉਣ ਦਾ ਹੁੰਦਾ। ਇਹਦੀ ਇਕ ਉਦਾਹਰਣ ਇਕ ਹੋਰ ਪੰਜਾਬੀ ਅਖਬਾਰ ਵਿਚ ਵੱਖਰੇ ਕਲਮੀ ਨਾਂ ਹੇਠ ਉਸ ਵੱਲੋਂ ਕਾਲਮ ਲਿਖੇ ਜਾਣਾ ਸੀ। ਆਮ ਪਾਠਕਾਂ ਨੂੰ ਪਤਾ ਨਹੀਂ ਸੀ ਕਿ ਇਹ ਲੇਖਕ ਕੌਣ ਹੈ, ਪਰ ਉਹ ਕਾਲਮ ਪੜ੍ਹਦੇ ਤੇ ਮਾਣਦੇ ਸਨ। ਇਹੋ ਦਲਬੀਰ ਦਾ ਉਦੇਸ਼ ਹੁੰਦਾ ਸੀ। ਇਹ ਗੱਲ ਵੀ ਦੱਸਣ ਵਾਲੀ ਹੈ ਕਿ ਵੱਖਰੇ ਨਾਂ ਹੇਠ ਛਪਦੇ ਇਸ ਕਾਲਮ ਤੋਂ ਉਹਨੂੰ ਮਾਇਕ ਪ੍ਰਾਪਤੀ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ ਸੀ। ਉਹਦੇ ਮਨ ਵਿਚ ਵਿਚਾਰ ਬਰਸਾਤ ਦੇ ਘਾਹ ਵਾਂਗ ਉਗਦੇ ਰਹਿੰਦੇ ਅਤੇ ਉਹ ਆਪਣੀ ਕਲਮ ਰਾਹੀਂ ਉਨ੍ਹਾਂ ਨੂੰ ਨਿਰੰਤਰ ਨਿਕਾਸ ਦਿੰਦਾ ਰਹਿੰਦਾ।
ਵਿਹਲਾ ਬੈਠਣਾ ਉਹਨੂੰ ਬੇਚੈਨ ਕਰਦਾ। ਪੱਤਰਕਾਰੀ ਉਸ ਲਈ ਮੌਜ ਮੇਲਾ ਨਹੀਂ ਸੀ; ਸੰਭਾਵਨਾ ਸੀ, ਜ਼ਿੰਮੇਵਾਰੀ ਸੀ। ਇਕ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਐਤਵਾਰ ਅੰਕ ਲਈ ਰੀਵਿਊ ਵਾਸਤੇ ਕੁਝ ਪੁਸਤਕਾਂ ਹੀ ਦੇ ਦਿਆ ਕਰੋ। ਮੈਂ ਹੱਸਿਆ, “ਦਲਬੀਰ ਸਿੰਘ, ਪਹਿਲਾਂ ਚੰਗੀਆਂ ਮਾੜੀਆਂ ਪੁਸਤਕਾਂ ਪੜ੍ਹੇਂਗਾ, ਉਨ੍ਹਾਂ ਵਿਚੋਂ ਨੁਕਤੇ ਲੱਭੇਂਗਾ, ਫਿਰ ਰੀਵਿਊ ਲਿਖਣ ‘ਤੇ ਮੱਥਾ ਮਾਰੇਂਗਾ, ਕੀ ਲੋੜ ਹੈ ਜਦੋਂ ਆਪਣੇ ਕੋਲ ਬਥੇਰੇ ਰੀਵਿਊਕਾਰ ਨੇ।” ਉਹਦਾ ਉਤਰ ਸੀ, ‘ਮੇਰੇ ਕੋਲ ਕੁਝ ਸਮਾਂ ਹੈ।” ਤੇ ਉਹ ਰੀਵਿਊ ਕਰਨ ਲੱਗ ਪਿਆ।
ਇਹ ਸਭ ਇਸ ਲਈ ਸੰਭਵ ਸੀ, ਕਿਉਂਕਿ ਉਹ ਬਹੁਤ ਤੇਜ਼ ਪਾਠਕ ਸੀ। ਉਹਦੀ ਨਜ਼ਰ ਸਤਰਾਂ, ਵਾਕਾਂ ਤੇ ਪੈਰ੍ਹਿਆਂ ‘ਤੇ ਤਰਦੀ ਜਾਂਦੀ ਅਤੇ ਉਨ੍ਹਾਂ ਦਾ ਸਾਰ ਤੱਤ ਫੜਦੀ ਜਾਂਦੀ। ਉਹ ਪੁਸਤਕ ਪੜ੍ਹਨ ‘ਤੇ ਦਿਨ ਜਾਂ ਹਫਤੇ ਨਹੀਂ ਸੀ ਲਗਾਉਂਦਾ। ਇਸੇ ਕਰ ਕੇ ਉਹ ਨਵੀਆਂ ਛਪੀਆਂ ਚਰਚਿਤ ਪੁਸਤਕਾਂ ਪੜ੍ਹਦਾ ਹੀ ਰਹਿੰਦਾ ਸੀ। ਉਹ ਪੁਸਤਕਾਂ ਕੇਵਲ ਪੜ੍ਹਦਾ ਹੀ ਨਹੀਂ ਸੀ, ਸਗੋਂ ਇਹ ਵੀ ਚਾਹੁੰਦਾ ਕਿ ਅੰਗਰੇਜ਼ੀ ਵਿਚ ਪੜ੍ਹੀਆਂ ਦਿਲਚਸਪ ਪੁਸਤਕਾਂ ਪੰਜਾਬੀ ਪਾਠਕਾਂ ਤੱਕ ਵੀ ਪੁੱਜਣ। ਇਉਂ ਉਹ ਉਪਰੋਕਤ ਸਭ ਕੁਝ ਦੇ ਨਾਲ ਨਾਲ ਅਜਿਹੀ ਤੇਜ਼ੀ ਨਾਲ ਹੀ ਪੁਸਤਕਾਂ ਅਨੁਵਾਦ ਵੀ ਕਰਦਾ ਰਹਿੰਦਾ। ਅੱਗੇ ਚੱਲ ਕੇ ਤਾਂ ਉਹ ਮੌਲਿਕ ਰਚਨਾਕਾਰ ਵੀ ਬਣਿਆ। ਲੰਮਾ ਸਮਾਂ ਉਹ ਨਾਟ ਮੰਚ ਨਾਲ ਵੀ ਜੁੜਿਆ ਰਿਹਾ ਸੀ।
ਉਹਦਾ ਸੁਭਾਅ ਵੀ ਪੁਸਤਕ ਵਾਂਗ ਹੀ ਖੁੱਲ੍ਹਾ ਸੀ। ਉਹ ਖੁੱਲ੍ਹ ਕੇ ਹੱਸਦਾ ਅਤੇ ਖੁੱਲ੍ਹ ਕੇ ਦੋਸਤੀਆਂ ਦੁਸ਼ਮਣੀਆਂ ਪਾਲਦਾ। ਉਹਦੇ ਵਾਕਫਾਂ ਦੋਸਤਾਂ ਦਾ ਘੇਰਾ ਬਹੁਤ ਵੱਡਾ ਸੀ। ਇੰਨੇ ਰੁਝੇਵਿਆਂ ਦੇ ਬਾਵਜੂਦ ਉਹਦੀ ਕੈਬਿਨ ਵਿਚ ਕੋਈ ਨਾ ਕੋਈ ਬੈਠਾ ਹੀ ਰਹਿੰਦਾ। ਉਹ ਸਾਹਮਣੇ ਵਾਲੇ ਨਾਲ ਉਹਦੀ ਰੁਚੀ ਅਨੁਸਾਰ ਗੱਲੀਂ ਲੱਗਿਆ ਰਹਿੰਦਾ। ਉਸ ਵਿਚ ਇਹ ਜ਼ੇਰਾ ਵੀ ਸੀ ਕਿ ਕਿਸੇ ਨੂੰ ਵਿਰੋਧੀ ਹੋਣਾ ਵੀ ਖੁੱਲ੍ਹ ਕੇ ਦੱਸ ਸਕੇ। ਕੁਝ ਆਦਮੀ ਏਨੇ ਬਦਕਿਸਮਤ ਅਤੇ ਖੁਦਗਰਜ਼ ਹੁੰਦੇ ਹਨ ਕਿ ਉਨ੍ਹਾਂ ਨੂੰ ਦੋਸਤੀਆਂ ਪਾਲਣੀਆਂ ਨਹੀਂ ਆਉਂਦੀਆਂ। ਅਜਿਹੇ ਲੋਕ ਇੰਨੇ ਬੁਜ਼ਦਿਲ ਹੁੰਦੇ ਹਨ ਕਿ ਉਹ ਸਿੱਧੇ ਮੱਥੇ ਵਿਰੋਧ ਵੀ ਜਤਾ ਨਹੀਂ ਸਕਦੇ। ਦਲਬੀਰ ਉਨ੍ਹਾਂ ਵਿਚੋਂ ਨਹੀਂ ਸੀ। ਉਹਦੇ ਸਪਸ਼ਟ ਸੁਭਾਅ ਨੂੰ ਦੇਖ ਕੇ ਮੈਨੂੰ ਆਪਣੇ ਮਿੱਤਰ ਸੁਰਿੰਦਰ ਧੰਜਲ ਦਾ ਇਕ ਸ਼ੇਅਰ ਯਾਦ ਆ ਜਾਂਦਾ। ਦਲਬੀਰ ਸਿੰਘ ਵਿਚ ਸਾਹਮਣੇ ਵਾਲੇ ਨੂੰ ਇਹ ਕਹਿਣ ਦੀ ਦਲੇਰੀ ਹੈ ਸੀ:
ਨਾ ਤੂੰ ਸਾਡਾ ਦੁਸ਼ਮਣ ਬਣਿਆ,
ਨਾ ਤੂੰ ਸਾਡਾ ਯਾਰ ਰਿਹਾ,
ਤੇਰੀ ਤੱਕੜੀ ਦੇ ਵਿਚ ਸਾਡਾ,
ਤੁਲਣਾ ਜਾਂ ਨਾ ਤੁਲਣਾ ਕੀ!
ਉਸ ਵਿਚ ਇਕ ਔਗੁਣ ਵੀ ਸੀ, ਲਾਪ੍ਰਵਾਹੀ ਦਾ ਔਗੁਣ, ਖਾਸ ਕਰ ਕੇ ਸਿਹਤ ਦੇ ਪੱਖੋਂ ਉਹ ਬਹੁਤ ਲਾਪ੍ਰਵਾਹ ਸੀ। ਦਿਲ ਦਾ ਰੋਗ ਉਹਦਾ ਬੜਾ ਪੁਰਾਣਾ ਸੀ, ਰੋਗ ਵੀ ਗੰਭੀਰ; ਪਰ ਉਹ ਰਹਿਣ ਸਹਿਣ ਤੇ ਖਾਣ ਪੀਣ ਦੇ ਪੱਖੋਂ, ਕੰਮ ਦੇ ਭਾਰ ਦੇ ਪੱਖੋਂ ਇਉਂ ਵਿਚਰਦਾ, ਜਿਵੇਂ ਇਹ ਰੋਗ ਉਹਨੂੰ ਕਦੇ ਹੋਇਆ ਹੀ ਨਾ ਹੋਵੇ। ਮੈਂ ਉਹਨੂੰ ਕਈ ਵਾਰ ਆਖਦਾ, “ਦਲਬੀਰ ਸਿੰਘ, ਸਿਹਤ ਵੱਲ ਦੇਖ, ਤੂੰ ਵਾਧੂ ਪੰਗੇ ਕਿਉਂ ਸਹੇੜਦਾ ਹੈਂ, ਲੋੜੀਂਦੇ ਕੰਮ ਕਰਿਆ ਕਰ।” ਉਹਦਾ ਉਤਰ ਹਮੇਸ਼ਾ ਇਕੋ ਹੁੰਦਾ, ਅੱਗੋਂ ਹੱਸ ਦੇਣਾ! ਮੇਰੇ ਦਿੱਲੀ ਪਰਤ ਆਉਣ ਮਗਰੋਂ ਉਹਦੀ ਡਿੱਗਦੀ ਸਿਹਤ ਅਤੇ ਘਟਦੀ ਨਜ਼ਰ ਦੀਆਂ ਸੋਆਂ ਆਉਣ ਲੱਗੀਆਂ। ਇਹ ਗੱਲ ਬੜੀ ਹੈਰਾਨ ਕਰਦੀ ਕਿ ਉਹ ਆਪਣੀਆਂ ਵਧਦੀਆਂ ਸਰੀਰਕ ਸਮੱਸਿਆਵਾਂ, ਖਾਸ ਕਰ ਕੇ ਤੇਜ਼ੀ ਨਾਲ ਘਟਦੀ ਜਾ ਰਹੀ ਨੈਣ ਜੋਤ ਦੇ ਬਾਵਜੂਦ ਆਪਣੀ ਕਲਮ ਨੂੰ ਸਾਹ ਦਿਵਾਉਣ ਲਈ ਤਿਆਰ ਨਹੀਂ ਸੀ।
ਉਹਦੇ ਸੁਭਾਅ ਵਿਚ ਅਜੀਬ ਕਾਹਲ ਸੀ। ਉਹ ਕੋਈ ਕੰਮ ਵਿਚਕਾਰ ਲਟਕਦਾ ਨਹੀਂ ਸੀ ਛੱਡਣਾ ਚਾਹੁੰਦਾ। ਜੇ ਅੰਗਰੇਜ਼ੀ ਦਾ ਮੁਹਾਵਰਾ ਵਰਤਣਾ ਹੋਵੇ ਤਾਂ ਉਹ ਆਪਣੇ ਜੀਵਨ ਦੀ ਮੋਮਬੱਤੀ ਦੋਵਾਂ ਸਿਰਿਆਂ ਤੋਂ ਬਾਲ ਰਿਹਾ ਸੀ। ਇਸ ਨਾਲ ਸ਼ਾਇਦ ਚਾਨਣ ਤਾਂ ਇਕ ਸਿਰੇ ਤੋਂ ਬਲਣ ਨਾਲੋਂ ਕੁਝ ਵੱਧ ਹੋ ਜਾਂਦਾ, ਪਰ ਮੋਮਬੱਤੀ ਮੁੱਕ ਵੀ ਤਾਂ ਦੁੱਗਣੀ ਤੇਜ਼ੀ ਨਾਲ ਰਹੀ ਸੀ; ਤਾਂ ਵੀ ਉਹਦੇ ਲਈ ਮੁੱਖ ਗੱਲ ਮੋਮਬੱਤੀ ਦਾ ਚਾਨਣ ਸੀ, ਉਹਦੇ ਛੇਤੀ ਮੁੱਕਣ ਦਾ ਭੈਅ ਨਹੀਂ।
ਜਦੋਂ ਕੋਈ ਮਿਲਣ ਦੀ ਇੱਛਾ ਜ਼ਾਹਰ ਕਰਦਾ, ਦਲਬੀਰ ਥਾਂ ਵੇਲਾ ਦੱਸ ਦਿੰਦਾ। ਜੇ ਮੌਤ ਪੁੱਛ ਕੇ ਆਉਂਦੀ ਤਾਂ ਉਹਨੇ ਉਹੋ ਥਾਂ ਵੇਲਾ ਦੱਸਣਾ ਸੀ, ਜਿਥੇ ਉਹ ਬਿਨਾ ਪੁੱਛਿਆਂ ਆਈ। ਕੰਮ ਦੇ ਮੇਜ਼ ‘ਤੇ ਹੋਈ ਮੌਤ ਨਾਲ ਮੁਲਾਕਾਤ ਦਲਬੀਰ ਦੀ ਕਲਮਕਾਰੀ ਲਈ ਸਭ ਤੋਂ ਵੱਡੀ ਸਨਦ ਹੈ।