ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਰੱਬ ਅੱਗੇ ਤਰਲਾ ਲਿਆ ਸੀ, ਕਦੇ ਨਾ ਰੁੱਸੇ ਕਿਸੇ ਬਾਲ ਦੀ ਨਿੱਘੀ ਬੁੱਕਲ।
æææਕੋਈ ਨਾ ਉਜਾੜੇ ਬਾਪ ਦੇ ਸ਼ਮਲੇ ਦੀ ਉਚੀ ਸ਼ਾਨ, ਵੀਰਾਂ ਦਾ ਤੂਤ ਦੇ ਮੋਛੇ ਜਿਹਾ ਮਾਣ ਅਤੇ ਭੈਣਾਂ ਦਾ ਪੇਕੇ ਘਰ ਵਿਚ ਸਨਮਾਨ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਬਲਦੇ ਸਿਵਿਆਂ ਦੀ ਵਾਰਤਾ ਸੁਣਾਈ ਹੈ, “ਬਲਦਾ ਸਿਵਾ ਕਿਸੇ ਲਈ ਦਰਦ-ਦਰਿਆ, ਕਿਸੇ ਲਈ ਸਾਹਾਂ-ਸਿਉਂਦੀ ਆਹ, ਕਿਸੇ ਦੇ ਚਾਵਾਂ ‘ਤੇ ਪਈ ਬਲਾ ਅਤੇ ਕਿਸੇ ਦੇ ਹਾਸਿਆਂ ਦੀ ਉਡਦੀ ਸਵਾਹ। ਸਿਵੇ ਦੇ ਦਗਦੇ ਕੋਲਿਆਂ ‘ਤੇ ਆਪਣਾ ਟੁੱਕਰ ਸੇਕਣ ਵਾਲੇ ਲੋਕ ਇਹ ਭੁੱਲ ਹੀ ਜਾਂਦੇ ਨੇ ਕਿ ਸਿਵੇ ਦੀ ਅਗਨੀ ਵਿਚ ਸਭ ਕੁਝ ਨੂੰ ਫਨਾਹ ਕਰਨ ਦੀ ਤਾਕਤ ਹੁੰਦੀ ਏ। ਹਉਕਿਆਂ ਦੇ ਸੇਕ ਵਿਚ ਝੁਲਸੇ ਲੋਕ ਜਦ ਤਹਿਜ਼ੀਬ ਦਾ ਨੀਰ ਬਣਦੇ ਨੇ ਤਾਂ ਵਹਿ ਜਾਂਦੇ ਨੇ ਵੱਡੇ ਵੱਡੇ ਦਾਈਆਂ ਦੇ ਥੰਮ।” ਡਾæ ਭੰਡਾਲ ਨੇ ਤਰਲਾ ਲਿਆ ਹੈ, ਵਾਸਤਾ ਈ! ਜੇ ਅਸੀਂ ਸਿਵੇ ਵਰਗੇ ਲੋਕਾਂ ਦੀ ਮਾਨਸਿਕਤਾ ਦਾ ਰੁਦਨ ਨਾ ਸੁਣਿਆਂ ਤਾਂ ਸਾਡੀ ਔਲਾਦ ਅਤੇ ਭਵਿੱਖ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੇ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਬਲ ਰਿਹਾ ਸਿਵਾ। ਚਾਰੇ ਪਾਸੇ ਸੋਗੀ ਮਾਹੌਲ। ਬਲਦੇ ਸਿਵੇ ਦੀ ਤਿੜ-ਤਿੜ ਵਿਚ ਗੁੰਮ ਰਹੀ ਸਿਸਕੀਆਂ ਦੀ ਆਵਾਜ਼। ਸਭ ਦੇ ਮੁੱਖ ‘ਤੇ ਹੰਝੂਆਂ ਦੀਆਂ ਘਰਾਲਾਂ। ਹਟਕੋਰਿਆਂ ਨਾਲ ਬੋਝਲ ਹੋਈ ਫਿਜ਼ਾ। ਜਿੰਨਾ ਜਿੰਨਾ ਨੇੜ, ਉਨਾ ਉਨਾ ਦੁੱਖ। ਹਰ ਕੋਈ ਆਪਣੇ ਦਰਦ ਵਿਚ ਡੁੱਬਿਆ। ਕਦੇ ਕਦੇ ਹਉਕੇ ਵਰਗਾ ਬੋਲ ਮਾਤਮੀ ਚੁੱਪ ਨੂੰ ਚੀਰਦਾ ਜਿਸ ਦੀ ਵੇਦਨਾ ‘ਚ ਬੋਲ ਖੁਦਕੁਸ਼ੀ ਕਰਨ ਲੱਗਦੇ। ਇਉਂ ਲੱਗਦਾ ਜਿਵੇਂ ਦਰਦ ਭਿੱਜਾ ਵਕਤ ਠਹਿਰ ਗਿਆ ਹੋਵੇ। ਪਲਾਂ ਛਿਣਾਂ ਵਿਚ ਹੀ ਜ਼ਿੰਦਗੀ ਨਾਲ ਧੜਕਦਾ ਸ਼ਖਸ ਰਾਖ ਦੀ ਢੇਰੀ ਬਣ ਗਿਆ ਅਤੇ ਲੋਕ ਆਪਣੀ ਪੀੜ ਨੂੰ ਹਿੱਕ ਵਿਚ ਸਮੋਈ ਹੌਲੀ ਹੌਲੀ ਆਪਣੇ ਆਪਣੇ ਘਰਾਂ ਨੂੰ ਪਰਤਣ ਲੱਗੇ। ਉਨ੍ਹਾਂ ਦੀ ਵਾਰਤਾਲਾਪ ਵਿਚ ਇਕ ਅਜ਼ੀਮ ਵਿਅਕਤੀ ਦੇ ਅਣਿਆਈ ਮੌਤੇ ਤੁਰ ਜਾਣ ਦਾ ਅਕਹਿ ਦੁੱਖ।
ਬਹੁਤ ਹੀ ਔਖਾ ਹੁੰਦਾ ਏ ਸਿਵੇ ਨੂੰ ਬਾਲਣਾ, ਬਹੁਤ ਹੀ ਕਸ਼ਟਮਈ ਹੁੰਦਾ ਏ ਬਲਦੇ ਸਿਵੇ ਨੂੰ ਮੁਖਾਤਬ ਹੋਣਾ, ਇਸ ਦੇ ਸੇਕ ਦੀ ਤਾਬ ਝੱਲਣਾ, ਇਸ ਵਿਚ ਸੜ ਰਹੇ ਆਪਣੇ ਦੀ ਪੀੜਾ ਨੂੰ ਕਿਆਸਣਾ, ਸਿਸਕੀਆਂ ਦੇ ਸ਼ੋਰ ਵਿਚ ਮਾਤਮੀ ਚੁੱਪ ਦਾ ਸੋਗ ਮਨਾਉਣਾ, ਜਾਨਲੇਵਾ ਹਉਕੇ ਦਾ ਪੀੜ੍ਹਾ ਆਪਣੇ ਅੰਤਰੀਵ ਵਿਚ ਡਾਹੁਣਾ, ਕਿਸੇ ਆਸਰੇ ਲਈ ਮੂਕ ਹੋਕਰਾ ਲਾਉਣਾ ਅਤੇ ਫਿਰ ਆਪਣੇ ਆਪ ਨੂੰ ਢਹਿੰਦੀਆਂ ਕਲਾਂ ਵਿਚੋਂ ਬਾਹਰ ਨਿਕਲਣ ਲਈ ਉਕਸਾਉਣਾ।
ਸਿਵੇ ਨੂੰ ਲਾਂਬੂ ਲਾਉਣ ਸਮੇਂ ਇਕ ਸਿਵਾ ਸੋਗਵਾਰ ਵਿਅਕਤੀ ਦੇ ਅੰਤਰੀਵ ਵਿਚ ਵੀ ਬਲਦਾ ਏ ਜਿਸ ਵਿਚ ਸੜ ਜਾਂਦਾ ਏ ਸਾਂਝਾਂ ਦਾ ਇਕ ਲੰਮਾ ਇਤਿਹਾਸ, ਭਸਮ ਹੋ ਜਾਂਦੀਆਂ ਨੇ ਬੀਤੇ ਵਕਤ ਦੀਆਂ ਹੁਸੀਨ ਯਾਦਾਂ। ਸਿਵੇ ਦੀਆਂ ਲਾਟਾਂ ਸੰਗ ਦੂਰ ਅਸਮਾਨ ਵਿਚ ਚਲੇ ਜਾਂਦਾ ਏ ਨਿੱਘੀ ਅਪਣੱਤ ਦਾ ਸਦੀਵੀ ਹੁਲਾਸ ਅਤੇ ਕੁੜਿੱਤਣ ਦਾ ਰੂਪ ਧਾਰਦੀ ਏ ਬੋਲਾਂ ‘ਚ ਘਰ ਬਣਾਈ ਬੈਠੀ ਮਿਠਾਸ। ਇਸ ਵਿਚ ਸੜ ਮਰਦੇ ਨੇ ਨਿੱਕੇ ਪਲ, ਪਲਾਂ ਸੰਗ ਲਰਜ਼ਦੀ ਬੀਤੀ ਜਿੰæਦਗੀ ਦਾ ਉਮਰਾਂ ਜੇਡਾ ਦਸਤਾਵੇਜ਼। ਬਲਦੇ ਸਿਵੇ ਵਿਚ ਹੀ ਅਸੀਂ ਆਪਣੀਆਂ ਸਾਂਝਾਂ ਦਾ ਘੁੱਟਦਾ ਜਾਂਦਾ ਦਮ ਅਨੁਭਵ ਕਰਦੇ ਹਾਂ ਅਤੇ ਫਿਰ ਰਹਿੰਦੀ ਜ਼ਿੰਦਗੀ ਤਿਲ ਤਿਲ ਕਰਕੇ ਮਰਦੇ ਹਾਂ।
ਜਦ ਕੋਈ ਨਿਜੀ ਮੁਫਾਦ ਦੀ ਤੀਲੀ ਲਾ ਕੇ ਰਿਸ਼ਤਿਆਂ ਦਾ ਸਿਵਾ ਸੇਕਦਾ ਏ ਤਾਂ ਵਿਲਕਦੀਆਂ ਨੇ ਮਾਂ-ਬਾਪ ਦੀਆਂ ਆਂਦਰਾਂ। ਟੁੱਟ-ਭੱਜ ਹੁੰਦੀ ਏ ਸਾਂਝਾਂ ਵਿਚ। ਕਚਹਿਰੀ ਵਿਚ ਰੁਲਦੀ ਏ ਵੀਰੇ ਦੀ ਪਗੜੀ ਅਤੇ ਡੌਲਿਓਂ ਟੁੱਟੀ ਬਾਂਹ ਦਾ ਦਰਦ ਹੋ ਜਾਂਦਾ ਏ ਵਕਤ ਦੇ ਨਾਮ। ਪਵਿੱਤਰ ਰਿਸ਼ਤਿਆਂ ਦੀ ਅੱਖ ਵਿਚ ਰੜਕਦਾ ਏ ਭੈਣ ਦੀ ਰੱਖੜੀ ਦਾ ਸੰਤਾਪ। ਅਸੀਸਾਂ ਵਾਲੇ ਮਾਂ ਦੇ ਹੱਥ ਨੂੰ ਪੈ ਜਾਂਦੀ ਏ ਸੋਕੜੇ ਦੀ ਮਾਰ ਅਤੇ ਕਹਿਰ ਭਰੀਆਂ ਲੂਆਂ ਵਿਚ ਬਾਪ ਦੀ ਧੌਲੀ ਦਾੜ੍ਹੀ ਹੁੰਦੀ ਏ ਖੁਆਰ। ਸਮਿਆਂ ਦੀ ਕੇਹੀ ਮਾਰ ਕਿ ਲੋਕ ਰਿਸ਼ਤਿਆਂ ਦੇ ਬਲਦੇ ਸਿਵੇ ਕੋਲ ਸੱਥਰ ‘ਤੇ ਬਹਿਣ ਦਾ ਦੰਭ ਵੀ ਨਹੀਂ ਕਰਦੇ। ਆਪਣੇ ਲਹੂ ਵਿਚ ਸਿੱਸਕੀ ਬਣ ਉਗਦੀ ਏ ਘਰ-ਜਮੀਨ ਦੀ ਵੰਡ-ਵੰਡਾਈ ਦੀ ਦੀਵਾਰ ਅਤੇ ਦਰ ਦਰ ਦੀ ਭਿਖਿਆ ਮੰਗਦਾ ਏ ਇਕ ਦੂਜੇ ‘ਤੇ ਮਰ ਮਿਟਣ ਵਾਲਾ ਪਿਆਰ।
ਕਈ ਲੋਕਾਂ ਨੂੰ ਸ਼ੌਕ ਹੁੰਦਾ ਏ ਗਵਾਂਢੀਆਂ ਦੇ ਘਰਾਂ ਵਿਚ ਸਿਵੇ ਬਲਦੇ ਰੱਖਣ ਦਾ ਅਤੇ ਜਦ ਇਕ ਸਿਵਾ ਉਨ੍ਹਾਂ ਦੇ ਆਪਣੇ ਘਰ ਬਲਦਾ ਏ ਤਾਂ ਦਰਦ ਦੀ ਇੰਤਹਾ ਦਾ ਅੰਦਾਜ਼ਾ ਹੁੰਦਾ ਏ। ਬੇਗਾਨੇ ਸਿਵੇ ਦੀ ਅੱਗ ਸੇਕਣ ਦੇ ਲਾਲਚ ਵਿਚ ਉਹ ਆਪਣੀ ਹੋਣੀ ਦਾ ਹਸਤਾਖਰ ਬਣ ਜਾਂਦੇ ਨੇ।
ਬਲਦਾ ਸਿਵਾ ਕਿਸੇ ਲਈ ਦਰਦ-ਦਰਿਆ, ਕਿਸੇ ਲਈ ਸਾਹਾਂ-ਸਿਉਂਦੀ ਆਹ, ਕਿਸੇ ਦੇ ਚਾਵਾਂ ‘ਤੇ ਪਈ ਬਲਾ ਅਤੇ ਕਿਸੇ ਦੇ ਹਾਸਿਆਂ ਦੀ ਉਡਦੀ ਸਵਾਹ। ਸਿਵੇ ਦੇ ਦਗਦੇ ਕੋਲਿਆਂ ‘ਤੇ ਆਪਣਾ ਟੁੱਕਰ ਸੇਕਣ ਵਾਲੇ ਲੋਕ ਇਹ ਭੁੱਲ ਹੀ ਜਾਂਦੇ ਨੇ ਕਿ ਸਿਵੇ ਦੀ ਅਗਨੀ ਵਿਚ ਸਭ ਕੁਝ ਨੂੰ ਫਨਾਹ ਕਰਨ ਦੀ ਤਾਕਤ ਹੁੰਦੀ ਏ। ਹਉਕਿਆਂ ਦੇ ਸੇਕ ਵਿਚ ਝੁਲਸੇ ਲੋਕ ਜਦ ਤਹਿਜ਼ੀਬ ਦਾ ਨੀਰ ਬਣਦੇ ਨੇ ਤਾਂ ਵਹਿ ਜਾਂਦੇ ਨੇ ਵੱਡੇ ਵੱਡੇ ਦਾਈਆਂ ਦੇ ਥੰਮ।
ਕੌਣ ਝੱਲ ਸਕਦਾ ਉਸ ਸਿਵੇ ਦੀ ਤਾਬ, ਜਦ ਕਿਸੇ ਬਾਲੜੀ ਨੂੰ ਕੁੱਖ ਵਿਚ ਹੀ ਸੂਲੀ ‘ਤੇ ਚਾੜ੍ਹ ਦਿਤਾ ਜਾਂਦਾ ਏ, ਉਸ ਦੇ ਨਿੱਕੇ ਅਛੋਹ ਅੰਗਾਂ ਦਾ ਕੀਮਾ ਕੀਤਾ ਜਾਂਦਾ ਏ। ਕੁੱਖ ਵਿਚ ਮਾਂ ਦੇ ਸੂਖਮ ਜਜ਼ਬਾਤ ਤੋਂ ਲੈ ਕੇ ਮਾਂ-ਧੀ ਦੇ ਸੁਪਨ-ਸੰਵਾਦ ਵੀ ਸੜ ਜਾਂਦੇ ਨੇ ਅਤੇ ਮਾਂ ਦਾ ਏਨਾ ਵੀ ਜੇਰਾ ਨਹੀਂ ਹੁੰਦਾ ਕਿ ਉਹ ਇਨ੍ਹਾਂ ਦੀ ਰਾਖ ਨੂੰ ਫਰੋਲੇ।
ਜਦ ਅੰਨੀ ਧਾਰਮਿਕਤਾ ਮਨੁੱਖਤਾ ਦੀ ਕਾਤਲ ਬਣਦੀ ਏ ਤਾਂ ਬਲਦੇ ਸਿਵਿਆਂ ਵਿਚ ਧੁਖਦੀਆਂ ਚੀਕਾਂ ਅਤੇ ਕੁਰਲਾਹਟਾਂ ਸਮੇਂ ਨੂੰ ਰੋਣ ਲਾ ਦਿੰਦੀਆਂ ਨੇ। ਧਰਮ ਦੇ ਨਾਂ ‘ਤੇ ਲੋਕਾਂ ਨੂੰ ਮੌਤ ਦਾ ਫਤਵਾ ਸੁਣਾਇਆ ਜਾਂਦਾ ਏ। ਮਜ਼ਹਬ ਜਾਂ ਗੋਤਾਂ ਦੇ ਨਾਮ ‘ਤੇ ਆਪਸ ਵਿਚ ਮੁਹੱਬਤ ਕਰਨ ਵਾਲੀਆਂ ਰੂਹਾਂ ਦੀ ਚਮੜੀ ਉਧੇੜ ਕੇ ਚੌਰਾਹੇ ਵਿਚ ਟੰਗਿਆ ਜਾਂਦਾ ਏ। ਤਾਲਿਬਾਨੀ ਹੁਕਮਾਂ ਦੀ ਅਵੱਗਿਆ ਕਿਸੇ ਲਈ ਮੌਤ ਦੇ ਵਰੰਟ ਲੈ ਆਉਂਦੀ ਏ ਤਾਂ ਮਚਲਦੇ ਚਾਵਾਂ ਦਾ ਮਾਤਮ ਪੜ੍ਹਿਆ ਜਾਂਦਾ ਏ।
ਕੇਹਾ ਸਮਾਂ ਏ ਕਿ ਦੁਨੀਆਂ ਵਿਚ ਹਰ ਪਾਸੇ ਸਿਵੇ ਹੀ ਸਿਵੇ, ਵਿਰਲਾਪ ਅਤੇ ਚੀਕ ਚਿਹਾੜਾ। ਚਾਰੇ ਪਾਸੇ ਮਨੁੱਖ ਹੱਥੋਂ ਮਨੁੱਖ ਦਾ ਕਤਲ, ਮਨੁੱਖਤਾ ਦਾ ਘਾਣ। ਧਰਮੀਆਂ ਦੇ ਭੇਸ ਵਿਚ ਹਰ ਮੋੜ ‘ਤੇ ਕਾਤਲਾਂ ਦੇ ਕਾਫਲੇ। ਦਿੱਲੀ/ਗੁਜਰਾਤ ਦੇ ਦੰਗੇ ਹੋਣ, ਸਿਵੇ ਤਾਂ ਆਪਣਿਆਂ ਦੇ ਬਲਦੇ ਨੇ। ਜਦ ਅਜਿਹੇ ਸਿਵੇ ਬਲਦੇ ਨੇ ਤਾਂ ਪ੍ਰਚੰਡ ਰੋਹ ਦਾ ਇਕ ਸਿਵਾ ਮਨੁੱਖ ਦੇ ਅੰਤਰੀਵ ਵਿਚ ਬਲਣਾ ਸ਼ੁਰੂ ਹੋ ਜਾਂਦਾ ਏ। ਭਲਾ! ਬੰਦਾ ਜਾਵੇ ਕਿਥੇ? ਆਪਣੇ ਸਿਵਿਆਂ ਦਾ ਸੇਕ ਕੀਕਰ ਜਰਿਆ ਜਾਵੇ?
ਹੱਦਾਂ/ਸਰਹੱਦਾਂ ‘ਤੇ ਜਦ ਗੋਲੀ ਚਲਦੀ ਏ ਤਾਂ ਅਰਥੀ ਮਨੁੱਖ ਦੀ ਹੀ ਤਿਆਰ ਹੁੰਦੀ ਏ ਅਤੇ ਇਸ ਸਿਵੇ ਦੀ ਆਹੂਤੀ ਵਿਚ ਦਿੱਤੇ ਜਾਂਦੇ ਨੇ ਪਤਨੀ ਦੇ ਕੁੰਵਾਰੇ ਚਾਅ। ਮਾਪਿਆਂ ਦੀ ਤੜਫਦੀ ਰੀਝ, ਭੈਣਾਂ ਦਾ ਪਿਆਰ ਅਤੇ ਵੀਰਾਂ ਦੀ ਉਮਰਾਂ ਲੰਮੇਰੀ ਸਾਂਝ। ਮਾਂਵਾਂ ਦੀ ਦੁਆ ਅਤੇ ਪਿਤਾ ਦਾ ਪਿਆਰ-ਥਾਪੜਾ। ਰਾਂਗਲੇ ਚਾਵਾਂ ਦੀ ਰਾਖ ਵਿਚ ਔਂਸੀਆਂ ਅਤੇ ਉਡੀਕਾਂ ਦਾ ਹਿਸਾਬ ਕਰਨ ਦੀ ਕਿਸੇ ਨੂੰ ਨਹੀਂ ਵਿਹਲ ਅਤੇ ਨਾ ਹੀ ਕੋਈ ਰਚਾਉਂਦਾ ਏ ਹਮਦਰਦੀ ਦਾ ਢੋਂਗ। ਮਾਤਮ ਮਨਾਉਣ ਲਈ ਵਿਹਲ ਵੀ ਲੱਭਣੀ ਪੈਂਦੀ ਏ।
ਸਿਵਾ ਤਾਂ ਵਕਤ ਦੇ ਹਰ ਦੌਰ ਦੀ ਹਿੱਕ ਵਿਚ ਹੀ ਬਲਦਾ ਰਿਹਾ ਏ ਭਾਵੇਂ ਇਹ ਸਿੱਖਾਂ ਦਾ ਜੰਗਲ ਵਿਚ ਰਹਿੰਦਿਆਂ ਧਾੜਵੀਆਂ ਨੂੰ ਠੱਲ੍ਹ ਪਾਉਣਾ ਹੋਵੇ, ਫਲਸਤੀਨੀਆਂ/ਤਾਮਿਲਾਂ ਦੀ ਆਪਣੇ ਦੇਸ਼ ਲਈ ਉਮਰ ਤੋਂ ਵਡੇਰੀ ਜਦੋਜਹਿਦ ਹੋਵੇ, ਕਿਸੇ ਵਿਦੇਸ਼ੀ ਧੌਂਸ ਤੋਂ ਇਨਕਾਰੀ ਵਤਨ-ਪ੍ਰੇਮੀ ਹੋਣ, ਕਬੀਲਿਆਂ ਦੀ ਲੁੱਟ-ਖਸੁੱਟ ਵਿਰੁਧ ਵਿਦਰੋਹ ਹੋਵੇ ਜਾਂ ਪਰਵਾਸੀਆਂ ਦਾ ਬਿਗਾਨੇ ਦੇਸ਼ ਵਿਚ ਆਪਣੀ ਹੋਂਦ ਸਥਾਪਤ ਕਰਨ ਦਾ ਸੰਗਰਾਮ ਹੋਵੇ। ਬਲਦੇ ਸਿਵਿਆਂ ਦੀ ਰੌਸ਼ਨੀ ਨੇ ਹੀ ਜਾਗਦੇ ਇਤਿਹਾਸ ਦਾ ਮਾਰਗ ਦਰਸ਼ਨ ਕੀਤਾ ਸੀ ਅਤੇ ਕਰ ਰਹੇ ਹਨ।
ਕਿਸੇ ਦੀ ਹਿੱਕ ਵਿਚ ਸਾੜੇ ਦਾ ਸਿਵਾ, ਕਿਸੇ ਦੀ ਹਿੱਕ ਵਿਚ ਨਫਰਤ, ਕੋਈ ਆਪਣੀ ਹਿੰਡ ਪੁਗਾਉਣ ਖਾਤਰ ਅਤੇ ਕੋਈ ਆਪਣੀ ਚੌਧਰ ਦੀ ਬਰਕਰਾਰੀ ਲਈ ਸਿਵੇ ਬਾਲਣ ਵਿਚ ਮਸ਼ਰੂਫ। ਬਹੁਤੀ ਵਾਰ ਅਜਿਹੇ ਵਿਅਕਤੀ ਆਪ ਹੀ ਕਰ ਲੈਂਦੇ ਨੇ ਆਪਣੇ ਸਿਵੇ ਦਾ ਪ੍ਰਬੰਧ।
ਬਲਦੇ ਸਿਵੇ ਤੋਂ ਤੁਰੰਤ ਬਾਅਦ ਹੀ ਟੰਗੀ ਜਾਂਦੀ ਏ ਘਰ ਦੀ ਸਲ੍ਹਾਬੀ ਕੰਧ ‘ਤੇ ਇਕ ਉਦਾਸ ਜਿਹੀ ਤਸਵੀਰ ਅਤੇ ਉਲਾਂਭੇ ਵਾਂਗ ਉਸ ਦੀ ਯਾਦ ਦਾ ਸਦੀਵੀ ਫਾਤਿਹਾ ਪੜ੍ਹਿਆ ਜਾਂਦਾ ਏ। ਫਿਰ ਕਦੇ ਕਦਾਈਂ ਹੀ ਕੋਈ ਮਾਰਦਾ ਏ ਗੇੜਾ ਅਤੇ ਹਟਾਉਂਦਾ ਏ ਧੁੰਧਲੀ ਹੋ ਚੁਕੀ ਤਸਵੀਰ ਤੋਂ ਗਰਦ। ਆਖਰ ਨੂੰ ਕਮਰੇ ਦੀ ਸਲ੍ਹਾਬ ਤਸਵੀਰ ਨੂੰ ਹੀ ਖਾ ਜਾਂਦੀ ਏ।
ਮਾਪਿਆਂ ਦੀ ਹਿੱਕ ਵਿਚ ਲਟ ਲਟ ਬਲਦਾ ਏ ਸਿਵਾ ਜਦ ਉਨ੍ਹਾਂ ਦੀ ਲਾਡਲੀ ਸਟੋਵ ਦੇ ਫਟਣ ਜਾਂ ਮਿੱਟੀ ਦੇ ਤੇਲ ਨਾਲ ਲਾਂਬੂਆਂ ਵਿਚ ਘਿਰ ਕੇ ਆਪਣੀ ਜੀਵਨ ਲੀਲਾ ਖਤਮ ਕਰਦੀ ਏ। ਸਿਵਾ ਬਣ ਜਾਂਦਾ ਏ ਕਈ ਘਰਾਂ ਦਾ ਰੁਦਨ। ਧੀ ਦੀ ਕੁੱਖੋਂ ਜਾਇਆਂ ਦੀ ਸੋਚ ਵਿਚ ਘਰ ਕਰ ਜਾਂਦਾ ਏ ਸਦੀਵੀ ਸਦਮਾ ਅਤੇ ਇਨ੍ਹਾਂ ਗਮਗੀਨ ਸਮਿਆਂ ਵਿਚ ਬਹੁਤ ਕੁਝ ਉਗਮਣ ਤੋਂ ਪਹਿਲਾਂ ਹੀ ਆਪਣੀ ਅਉਧ ਵਿਹਾਜ ਜਾਂਦਾ ਏ ਜਿਸ ਨੇ ਭਵਿੱਖ ਦਾ ਮੁਹਾਂਦਰਾ ਨਿਖਾਰਨਾ ਹੁੰਦਾ ਏ।
ਜਦ ਬਲਦਾ ਸਿਵਾ ਪੋਹ-ਮਾਘ ‘ਚ ਠਰ ਠਰ ਕਰਦੇ ਜਿਸਮਾਂ ਲਈ ਨਿੱਘ, ਹਨੇਰਿਆਂ ਲਈ ਰੌਸ਼ਨੀ ਦੀ ਕਾਤਰ ਅਤੇ ਔਝੜ ਰਾਹਾਂ ਦਾ ਤਰੌਂਕਿਆ ਚਾਨਣ ਬਣਦਾ ਏ ਤਾਂ ਨਵਾਂ ਇਤਿਹਾਸ ਸਿਰਜਿਆ ਜਾਂਦਾ ਏ। ਬਹਾਦਰ ਕੌਮਾਂ ਦੇ ਮਾਣਮੱਤੇ ਇਤਿਹਾਸ, ਬਹੁਤੀ ਵਾਰ ਬਲਦੇ ਸਿਵੇ ਦੇ ਸਾਹਮਣੇ ਚੁੱਕੀਆਂ ਸਹੁੰਆਂ ਦੀ ਮਿੱਠੀ ਯਾਦ ਹੁੰਦੇ ਨੇ।
ਕਿਸੇ ਕਿਸੇ ਦਾ ਬਲਦਾ ਸਿਵਾ ਤਾਂ ਦੀਦਿਆਂ ਵਿਚ ਰੋਹ ਜਗਾਉਂਦਾ, ਭਟਕੇ ਪੈਰਾਂ ਵਿਚ ਮੰਜ਼ਿਲਾਂ ਦਾ ਸਿਰਨਾਵਾਂ ਲਾਉਂਦਾ, ਸ਼ਫਾਫ ਸੋਚ ਨੂੰ ਕਰਮਯੋਗਤਾ ਦੀ ਕਸਮ ਚੁਕਾਉਂਦਾ, ਚੜ੍ਹਦੇ ਸੂਰਜਾਂ ਵਰਗਾ ਪੈਗਾਮ ਚਗਲੀਆਂ ਰਾਤਾਂ ਦੇ ਨਾਮ ਲਾਉਂਦਾ, ਡੁੱਬਦੇ ਦਿਨ ਦੀ ਕੁੱਖ ਨੂੰ ਟੁੱਟਦੇ ਤਾਰੇ ਜਿਹਾ ਮਰ-ਮਿੱਟਣ ਦੇ ਅਹਿਸਾਸ ਨਾਲ ਗਰਭਾਉਂਦਾ, ਅਣਹੋਣੀ ਨੂੰ ਹੋਣੀ ਦਾ ਜਾਮਾ ਪਹਿਨਾਉਂਦਾ ਅਤੇ ਫਿਰ ਪੀਲੇ ਪੱਤਿਆਂ ਦੀ ਤਲੀ ‘ਤੇ ਹਰੀਆਂ ਕਚੂਰ ਲਗਰਾਂ ਦਾ ਸ਼ਗਨ ਟਿਕਾਉਂਦਾ ਏ। ਅਜਿਹੇ ਸਿਵੇ ਜਦ ਬਲਦੇ ਨੇ ਤਾਂ ਦਿਨ ਦੀ ਅੱਖ ਵਿਚ ਲਾਲੀ ਰੜਕਦੀ ਏ।
ਹਰ ਉਸ ਅੱਖ ਵਿਚ ਵੀ ਸਿਵਾ ਬਲਦਾ ਏ ਜਿਸ ਦੇ ਸਾਹਮਣੇ ਅਬਲਾ ਦੇ ਕੱਜਣ ਦੀਆਂ ਲੀਰਾਂ ਹੁੰਦੀਆਂ ਨੇ, ਕੋਈ ਭੱਦਰਪੁਰਸ਼ ਕਿਸੇ ਮਾਸੂਮ ਦੀ ਬੋਟੀ ਬੋਟੀ ਨੋਚਦਾ ਏ, ਮਾਸੂਮ ਨੂੰ ਟੁੱਕਰ ਦੀ ਬਜਾਏ ਝਿੜਕਾਂ ਮਿਲਦੀਆਂ ਨੇ, ਕਿਸੇ ਬਾਲੜੀ ਦੇ ਨੈਣਾਂ ਵਿਚ ਲਿੱਲਕਦੀ ਅੱਖਰਜੋਤ ਨੂੰ ਜਬਰਨ ਬੁਝਾ ਦਿੱਤਾ ਜਾਂਦਾ ਏ ਜਾਂ ਕਿਸੇ ਦੇ ਸੁਪਨਿਆਂ ਨੂੰ ਕੋਹਿਆ ਜਾਂਦਾ ਏ।
ਬਲਦੇ ਸਿਵੇ ਦੀ ਰਾਖ ਵਿਚੋਂ ਹੀ ਫੁੱਟਦੇ ਨੇ ਨਵੇਂ ਵਿਚਾਰ, ਨਵੀਆਂ ਸੰਭਾਵਨਾਵਾਂ ਅਤੇ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ। ਇਹ ਕਿਸੇ ਕ੍ਰਾਂਤੀ ਦਾ ਮੁੱਢ ਵੀ ਬੰਨਦੇ ਨੇ ਅਤੇ ਸਾਡੇ ਪੈਰਾਂ ਲਈ ਜੋਸ਼ ਅਤੇ ਤੁਰਨ ਦਾ ਚਾਅ ਵੀ। ਜਦ ਨਿੱਕਾ ਜਿਹਾ ਬਾਲ ਬਲਦੇ ਸਿਵੇ ਦਾ ਦਰਦ ਆਪਣੀਆਂ ਅੱਖਾਂ ਵਿਚ ਉਤਾਰਦਾ ਏ ਤਾਂ ਉਹ ਊਧਮ ਸਿੰਘ ਬਣਦਾ ਏ, ਭਗਤ ਸਿੰਘ ਦਾ ਮਾਣਮੱਤਾ ਇਤਿਹਾਸ ਸਿਰਜਦਾ ਏ ਜਾਂ ਖਾਲਸੇ ਦੀ ਸਿਰਜਣਾ ਵਰਗੀ ਕ੍ਰਾਂਤੀਕਾਰੀ ਘਟਨਾ ਵਕਤ ਦੇ ਸਫਿਆਂ ‘ਤੇ ਵਾਪਰਦੀ ਏ।
ਜੇ ਬਹੁਤਾ ਹੀ ਚਾਅ ਏ ਕਿਸੇ ਨੂੰ ਸਿਵੇ ਬਾਲਣ ਦਾ ਤਾਂ ਜ਼ਰਜ਼ਰੀ ਅਤੇ ਦਕੀਆਨੂਸੀ ਖਿਆਲਾਂ ਦਾ, ਮਨੁੱਖ ਮਾਰੂ ਜੰਜਾਲਾਂ ਦਾ, ਆਪਣੇ ਹੀ ਘਰਾਂ ਨੂੰ ਸਾੜਦੀਆਂ ਮਸ਼ਾਲਾਂ ਦਾ, ਇਨਸਾਨੀਅਤ ਨੂੰ ਆਪਸ ਵਿਚ ਲੜਾਉਂਦੀਆਂ ਚਾਲਾਂ ਦਾ ਅਤੇ ਸਹਿਜ ਜੀਵਨ ਦਾ ਖੌਅ ਬਣੇ ਬੇਸੁਰੇ ਤਾਲਾਂ ਦਾ ਸਿਵਾ ਬਾਲ ਕੇ ਇਸ ਦੀ ਰੌਸ਼ਨੀ ਨਾਲ ਆਪਣੇ ਮਸਤਕ ਨੂੰ ਰੁਸ਼ਨਾਈਏ ਅਤੇ ਤਿੜਕ ਰਹੇ ਸਮਾਜਿਕ ਤਾਣੇ-ਬਾਣੇ ਦੀ ਸਦੀਵਤਾ ਲਈ ਉਸਾਰੂ ਕਦਮ ਉਠਾਈਏ।
ਬਲਦੇ ਸਿਵੇ ਮੈਨੂੰ, ਤੁਹਾਨੂੰ ਅਤੇ ਸਾਨੂੰ-ਸਭ ਨੂੰ ਮੁਖਾਤਬ ਹੁੰਦੇ ਨੇ ਅਤੇ ਇਹ ਹੁੰਗਾਰਾ ਭਾਲਦੇ ਨੇ। ਬਲਦੇ ਸਿਵਿਆਂ ਦੀ ਕਥਾ ਨੂੰ ਕਦੇ ਤਾਂ ਪੜ੍ਹੀਏ, ਇਸ ਨੂੰ ਆਪਣੇ ਅੰਦਰ ਉਤਾਰੀਏ, ਇਸ ਦੇ ਦਰਦ ਨੂੰ ਸੁਣੀਏ ਅਤੇ ਇਸ ਦੇ ਨਿਵਾਰਣ ਦਾ ਕੁਝ ਸਬੱਬ ਬਣਾਈਏ ਤਾਂ ਹੀ ਮਨੁੱਖਤਾ ਦੇ ਮੱਥੇ ‘ਤੇ ਲੱਗ ਰਹੇ ਕੁਕਰਮੀ ਕਲੰਕ ਨੂੰ ਅਸੀਂ ਧੋ ਸਕਾਂਗੇ।
ਜੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਤਾਂ ਇੰਨਾ ਤਾਂ ਜ਼ਰੂਰ ਕਰੀਏ ਕਿ ਕਿਸੇ ਨੂੰ ਬਲਦਾ ਸਿਵਾ ਨਾ ਬਣਨ ਦੇਈਏ ਕਿਉਂਕਿ ਜਦ ਕੋਈ ਸਿਵਾ ਬਣਨ ਦੇ ਰਾਹ ਤੁਰਦਾ ਏ ਤਾਂ ਸੂਲੀ ‘ਤੇ ਲਟਕਦੇ ਨੇ ਹਰ ਜਿਉਂਦੇ ਵਿਅਕਤੀ ਦੇ ਅਹਿਸਾਸ, ਮਰ ਜਾਂਦੀ ਏ ਬੇਆਸਰਿਆਂ ਦੀ ਆਸ, ਤਿੱੜਕ ਜਾਂਦਾ ਏ ਪਰਬਤੀ ਵਿਸ਼ਵਾਸ ਅਤੇ ਸਲ੍ਹਾਬੀਆਂ ਤੇ ਹਨੇਰੀਆਂ ਜੂਹਾਂ ਦੀ ਪਨਾਹ ਲੈਂਦੀ ਏ ਸੁਰਖ ਪਲਾਂ ਦੀ ਅੰਬਰੀ-ਪਰਵਾਜ਼।
ਵਾਸਤਾ ਈ! ਜੇ ਅਸੀਂ ਸਿਵੇ ਵਰਗੇ ਲੋਕਾਂ ਦੀ ਮਾਨਸਿਕਤਾ ਦਾ ਰੁਦਨ ਨਾ ਸੁਣਿਆਂ ਤਾਂ ਸਾਡੀ ਔਲਾਦ ਅਤੇ ਭਵਿੱਖ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਯਾਦ ਰੱਖੋ, ਜਦ ਤੁਸੀਂ ਕਿਸੇ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋ ਤਾਂ ਤੁਹਾਡੀ ਅਮਾਨਤ ਬਣਦਾ ਏ ਸੰਦਲੀ ਸਾਹਾਂ ਦਾ ਸੰਧਾਰਾ ਅਤੇ ਬਲਦਾ ਸਿਵਾ ਬਣਨ ਤੋਂ ਬਚ ਜਾਂਦਾ ਏ ਸੂਖਮ-ਭਾਵੀ ਮਨੁੱਖ ਵਿਚਾਰਾ।