ਗਿਟਮਿਟ ਅਤੇ ਗਿਰਮਿਟ

ਬਲਜੀਤ ਬਾਸੀ
ਗਿਟਮਿਟ ਸ਼ਬਦ ਆਮ ਤੌਰ ‘ਤੇ ‘ਗਿਟਮਿਟ ਕਰਨਾ’ ਉਕਤੀ ਵਿਚ ਹੀ ਵਰਤਿਆ ਜਾਂਦਾ ਹੈ। ਇਸ ਉਕਤੀ ਰਾਹੀਂ ਇਕ ਤੋਂ ਵਧ ਭਾਵ ਵਿਅਕਤ ਕੀਤੇ ਜਾਂਦੇ ਹਨ। ਮਾਲਕਾਂ ਨੂੰ ਜਗਾਉਣ ਦੇ ਡਰੋਂ ਚੋਰ ਇਕ ਦੂਜੇ ਨੂੰ ਇਸ਼ਾਰਿਆਂ ਨਾਲ ਹੀ ਆਪਣੀ ਗੱਲ ਸਮਝਾ ਸਕਦੇ ਹਨ। ਗੱਲ ਕਰਨ ਦੇ ਅਜਿਹੇ ਅੰਦਾਜ਼ ਨੂੰ ਪਾਸ਼ ਨੇ ਕਿੰਨੇ ਖੂਬਸੂਰਤ ਬਿੰਬ ਵਿਚ ਪਰੋਇਆ ਹੈ,

ਮੈਂ ਮਲ਼ ਮਲ਼ ਕੇ ਤ੍ਰੇਲਾਂ ਕਣਕ ਪਿੰਡਾ ਕੂਚਦੀ ਦੇਖੀ
ਮੇਰੇ ਤੱਕਣ ‘ਤੇ ਉਸ ਦੇ ਮੁੱਖ ‘ਤੇ ਆਉਂਦੀ ਸੰਗ ਨੂੰ ਤੱਕਿਆ ਹੈæææ
ਮੈਂ ਤੱਕਿਆ ਹੈ ਕਪਾਹ ਦੇ ਫੁੱਲਾਂ ਵਿਚ ਟਕਸਾਲ ਢਲਦੀ ਨੂੰ
ਮੈਂ ਚੋਰਾਂ ਵਾਂਗ ਗਿਟਮਿਟ ਕਰਦਿਆਂ ਚਰ੍ਹੀਆਂ ਨੂੰ ਤੱਕਿਆ ਹੈ
ਮੈਂ ਤੱਕਿਆ ਹੈ ਸਰ੍ਹੋਂ ਦੇ ਫੁੱਲਾਂ ‘ਤੇ ਤਿਰਕਾਲ ਢਲਦੀ ਨੂੰ।
ਦੋ ਵਿਅਕਤੀਆਂ ਦਾ ਇਸ ਤਰ੍ਹਾਂ ਗੱਲ ਕਰਨਾ ਕਿ ਹੋਰਨਾਂ ਨੂੰ ਸਮਝ ਨਾ ਆਵੇ, ਮਾਨੋ ਮਿਣਮਿਣ ਜਾਂ ਗੁਣਨ ਗੁਣਨ ਕਰ ਰਹੇ ਹੋਣ ਤਾਂ ਇਹ ਗਿਟਮਿਟ ਹੁੰਦੀ ਹੈ। ਇਕ ਬੋਲੀ ਹੈ:
ਬੋਲੀ ਪਾਈਏ ਤੇ ਕਰੀਏ ਨਾ ਗਿਟਮਿਟ ਨੀ,
ਬੋਲੀ ਮਾਰੀਏ ਛੜੇ ਦੀ ਹਿੱਕ ਵਿਚ ਨੀ।
ਦੋ ਵਿਅਕਤੀਆਂ ਦਾ ਪੰਜਾਬੀ ਤੋਂ ਬਿਨਾ ਕਿਸੇ ਹੋਰ ਭਾਸ਼ਾ, ਖਾਸ ਕਰਕੇ ਅੰਗਰੇਜ਼ੀ ਵਿਚ ਗੱਲ ਕਰਨਾ ਗਿਟਮਿਟ ਹੈ। ਜਿਵੇਂ, “ਇੰਦਰਾ ਗਾਂਧੀ ਜੀ ਬਹੁਤ ਹੱਸੇ। ਫਿਰ ਇਕ ਸੈਕਟਰੀ ਨੂੰ ਬੁਲਾਇਆ। ਅੰਗਰੇਜ਼ੀ ਵਿਚ ਗਿੱਟਮਿੱਟ ਕੀਤੀ। ਇਕ ਖਤ ਲਿਖਵਾ ਦਿੱਤਾ ਤੇ ਆਖਿਆ, ਅਬ ਸੇ ਰੇਸ਼ਮਾ, ਤੁਮ ਜਹਾਂ ਚਾਹੋ ਜਾ ਸਕਤੀ ਹੋ। ਸਾਰਾ ਹਿੰਦੁਸਤਾਨ ਤੁਮ੍ਹਾਰੇ ਲੀਏ ਖੁਲ੍ਹਾ ਹੈ।” ਦੋ ਧਿਰਾਂ ਦੀ ਆਪਸ ਵਿਚ ਮਿਲੀ-ਭੁਗਤ ਜਿਸ ਦਾ ਮਕਸਦ ਕਿਸੇ ਤੀਜੀ ਧਿਰ ਦਾ ਨੁਕਸਾਨ ਕਰਨਾ ਹੋਵੇ, ‘ਮਹਾਂਗਠਬੰਧਨ ਤੋੜਨ ਬਾਰੇ ਭਾਜਪਾ ਅਤੇ ਨਿਤੀਸ਼ ਦੀ ਪਹਿਲਾਂ ਹੀ ਗਿੱਟਮਿੱਟ ਹੋ ਚੁਕੀ ਸੀ।’ ਦੋ ਵਿਅਕਤੀਆਂ ਦੀ ਆਪਸ ਵਿਚ ਕਿਸੇ ਮਸਲੇ ਬਾਰੇ ਗੁਝੀ ਸਹਿਮਤੀ ਹੋਣਾ ਆਦਿ। ਇਸ਼ਕ ਦੇ ਮਾਮਲੇ ਵਿਚ ਕੁੜੀ ਮੁੰਡੇ ਦੀ ਰਾਏ ਸਬੰਧੀ, ‘ਵਿਆਹ ਕਰਵਾ ਕੇ ਕੇਨੇਡਾ ਆਉਣ ਤੋਂ ਪਹਿਲਾਂ ਹੀ ਕੁੜੀ ਦੀ ਕੈਨੇਡਾ ਵਿਚ ਰਹਿੰਦੇ ਕਿਸੇ ਹੋਰ ਮੁੰਡੇ ਨਾਲ ਗਿੱਟਮਿੱਟ ਚਲਦੀ ਸੀ। ਧੋਖਾ ਦੇ ਕੇ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਕੋਲ ਜਾ ਰਹੀ।’ ਕੁਝ ਕੋਸ਼ਾਂ ਵਿਚ ਇਸ ਦਾ ਅਰਥ ਹੌਲੀ ਹੌਲੀ ਗੱਲ ਕਰਨਾ ਵੀ ਲਿਖਿਆ ਹੈ ਪਰ ਇਹ ਪਰਿਭਾਸ਼ਾ ਸ਼ਬਦ ਨੂੰ ਪੂਰੀ ਤਰ੍ਹਾਂ ਨਹੀਂ ਪਕੜਦੀ।
ਧਿਆਨ ਨਾਲ ਦੇਖਿਆ ਜਾਵੇ ਤਾਂ ਉਕਤ ਮਿਸਾਲਾਂ ਵਿਚ ਮੁੱਖ ਭਾਵ ਦੋ ਧਿਰਾਂ ਵਿਚਕਾਰ ਸੁਰ ਰਲਣ ਦਾ ਨਿਕਲਦਾ ਹੈ। ਕੁਝ ਸ੍ਰੋਤਾਂ ਵਿਚ ਇਸ ਨੂੰ ਅੰਗਰੇਜ਼ੀ ਸ਼ਬਦ Aਗਰeeਮeਨਟ ਤੋਂ ਬਣਿਆ ਦੱਸਿਆ ਗਿਆ ਹੈ, ਮਾਨੋ ਪੰਜਾਬੀ ਲੋਕਾਂ ਨੇ ਐਗਰੀਮੈਂਟ ਸ਼ਬਦ ਵਿਚੋਂ ਮੁਢਲਾ ‘ਐ’ ਉੜਾ ਦਿੱਤਾ ਹੋਵੇ। ਇਸ ਦੇ ‘ਸਹਿਮਤੀ, ਇਕ-ਰਾਏ’ ਜਿਹੇ ਅਰਥਾਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਲਗਦੀ ਹੈ। ਗਿੱਟਮਿੱਟ ਜਿਹਾ ਹੀ ਇਕ ਸ਼ਬਦ ਹੈ, ‘ਗਿਰਮਟ’ ਜਿਸ ਦਾ ਪੰਜਾਬੀ ਯੂਨੀਵਰਸਿਟੀ ਦੇ ਕੋਸ਼ ਨੇ ਅਰਥ ਦਿੱਤਾ ਹੈ, ‘ਇਕਰਾਰਨਾਮਾ।’ ਸਹਿਮਤੀ ਤੋਂ ਬਿਨਾ ਅੰਗਰੇਜ਼ੀ ਐਗਰੀਮੈਂਟ ਦਾ ਇਕ ਹੋਰ ਅਰਥ ਇਕਰਾਰਨਾਮਾ ਵੀ ਹੈ ਜਿਸ ਵਿਚ ਸਹਿਮਤੀ ਦੇ ਭਾਵ ਨਿਹਿਤ ਹਨ। ਜਾਪਦਾ ਹੈ ਗਿਟਮਿਟ ਸ਼ਬਦ ਨੂੰ ਇਸ ਗਿਰਮਟ ਨਾਲ ਜੋੜ ਕੇ ਅਜਿਹਾ ਨਤੀਜਾ ਕਢਿਆ ਗਿਆ ਹੈ। ਦੋ ਧਿਰਾਂ ਵਿਚਕਾਰ ਪ੍ਰਗਟ ਜਾਂ ਅਪ੍ਰਗਟ ਰੂਪ ਵਿਚ ਸਹਿਮਤੀ ਹੋ ਸਕਦੀ ਹੈ ਪਰ ਗਿਟਮਿਟ ਕਰਨਾ ਉਕਤੀ ਵਿਚ ਇਹ ਭਾਵ ਵਧੇਰੇ ਸ਼ਰਾਰਤੀ ਲਹਿਜੇ ਵਾਲਾ ਹੀ ਹੈ। ਗਿਟਮਿਟ ਨੂੰ ਅੰਗਰੇਜ਼ੀ ਐਗਰੀਮੈਂਟ ਤੋਂ ਬਣਿਆ ਦਰਸਾਉਣ ਵਾਲੇ ਸ੍ਰੋਤ ਇਹ ਨਹੀਂ ਦੱਸਦੇ ਕਿ ਇਹ ਸ਼ਬਦ ਕਿਨ੍ਹਾਂ ਹਾਲਤਾਂ ਵਿਚ ਬਣਿਆ ਤੇ ਅਜਿਹੇ ਭਾਵ ਕਿਉਂ ਗ੍ਰਹਿਣ ਕੀਤੇ।
ਗਿਟਮਿਟ ਨੂੰ ਗਿਰਮਿਟ ਨਾਲੋਂ ਨਿਖੇੜਨ ਤੋਂ ਪਹਿਲਾਂ ਆਉ ਜ਼ਰਾ ਘੋਖ ਕਰੀਏ ਕਿ ਗਿਰਮਿਟ ਸ਼ਬਦ ਕਿਥੋਂ ਆਇਆ ਅਤੇ ਇਸ ਵਿਚ ਸਹਿਮਤੀ ਦੇ ਭਾਵ ਕਿਵੇਂ ਆਏ। ਬਸਤੀਵਾਦੀ ਅੰਗਰੇਜ਼ਾਂ ਨੇ ਭਾਰਤ ਅਤੇ ਹੋਰ ਦੇਸ਼ਾਂ ਦੇ ਲੋਕਾਂ ‘ਤੇ ਹਕੂਮਤ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਦੀ ਕਿਰਤ ਨੂੰ ਬੇਕਿਰਕੀ ਨਾਲ ਲੁੱਟਿਆ। ਹੋਰ ਤਾਂ ਹੋਰ ਵਿਦੇਸ਼ਾਂ ਵਿਚ ਲਿਜਾ ਕੇ ਵੀ ਉਨ੍ਹਾਂ ਤੋਂ ਖੂਬ ਮੁਸ਼ੱਕਤ ਕਰਵਾਈ। ਕਾਨੂੰਨੀ ਤੌਰ ‘ਤੇ ਗੁਲਾਮੀ ਪ੍ਰਥਾ ਤੇ ਪਾਬੰਦੀ ਲੱਗਣ ਕਾਰਨ ਕਾਲੇ ਲੋਕਾਂ ਨੂੰ ਗੁਲਾਮੀ ਤੋਂ ਨਿਜਾਤ ਮਿਲ ਗਈ। ਅੰਗਰੇਜ਼ ਹਕੂਮਤ ਨੂੰ ਗੁਲਾਮਾਂ ਜਿਹਾ ਕੰਮ ਕਰਵਾਉਣ ਲਈ ਬੰਦੇ ਲੱਭਣ ਵਾਸਤੇ ਹੋਰ ਢੰਗ ਸੋਚਣੇ ਪਏ। ਉਨੀਵੀਂ ਸਦੀ ਦੇ ਤੀਜੇ ਦਹਾਕੇ ਵਿਚ ਅੰਗਰੇਜ਼ ਸ਼ਾਸਕਾਂ ਨੇ ਪੂਰਬੀ ਭਾਰਤ ਦੇ ਲੱਖਾਂ ਲੋਕਾਂ ਨੂੰ ਮਾਰਰੀਸ਼ੀਅਸ, ਫਿਜੀ, ਮਲਾਇਆ ਦੇ ਟਾਪੂ, ਕੀਨੀਆ, ਯੁਗਾਂਡਾ, ਟਰਿਨੀਡਾਡ, ਜਮਾਇਕਾ, ਟਾਂਗਾਨੀਕਾ, ਗੁਆਨਾ ਆਦਿ ਦੇਸ਼ਾਂ ਵਿਚ ਸ਼ੁਰੂ ਕੀਤੀ ਗੰਨੇ ਦੀ ਖੇਤੀ ਕਰਾਉਣ ਲਈ ਕਾਮਿਆਂ ਦੀ ਭਰਤੀ ਕੀਤੀ। ਕਈ ਪੰਜਾਬੀ ਵੀ ਇਸ ਭਰਤੀ ਵਿਚ ਸ਼ਾਮਲ ਸਨ। ਇਹ ਮਜ਼ਦੂਰ ਕਿਸੇ ਨਿਸ਼ਚਿਤ ਬਾਗ ਬਗੀਚੇ ਜਾਂ ਫਾਰਮ ਵਿਚ ਕਿਸੇ ਖਾਸ ਵਕਫੇ ਲਈ ਹੀ (ਆਮ ਤੌਰ ‘ਤੇ ਪੰਜ ਤੋਂ ਸੱਤ ਸਾਲ) ਕੰਮ ਕਰਨ ਲਈ ਭੇਜੇ ਜਾਂਦੇ ਸਨ। ਇਹ ਭਰਤੀ ਮਜ਼ਦੂਰ ਅਤੇ ਠੇਕੇਦਾਰ ਵਿਚਕਾਰ ਇਕ ਖਾਸ ਲਿਖਤੀ ਇਕਰਾਰਨਾਮੇ ਅਧੀਨ ਕੀਤੀ ਜਾਂਦੀ ਸੀ ਜਿਸ ਨੂੰ ਅੰਗਰੇਜ਼ੀ ਵਿਚ ਐਗਰੀਮੈਂਟ ਕਿਹਾ ਜਾਂਦਾ ਸੀ। ਇਸ ਅਧੀਨ ਭਰਤੀ ਕੀਤੇ ਮਜ਼ਦੂਰਾਂ ਨੂੰ ਜਾਣ ਦਾ ਕਿਰਾਇਆ ਦਿੱਤਾ ਜਾਂਦਾ ਅਤੇ ਮਿਆਦ ਮੁੱਕਣ ‘ਤੇ ਵਾਪਸੀ ਕਿਰਾਇਆ ਦੇਣ ਦਾ ਇਕਰਾਰ ਵੀ। ਪਰ ਮਿਆਦ ਪੁੱਗਣ ‘ਤੇ ਠੇਕੇਦਾਰ ਮੁੱਕਰ ਜਾਂਦੇ। ਉਨ੍ਹਾਂ ਉਤੇ ਹੋਰ ਵੀ ਬਹੁਤ ਜ਼ੁਲਮ ਢਾਹੇ ਜਾਂਦੇ। ਮਸਲਨ ਬੀਮਾਰੀ ਦੀ ਹਾਲਤ ਵਿਚ ਡਾਕਟਰੀ ਮਦਦ ਨਾ ਦੇਣਾ, ਔਰਤਾਂ ਦਾ ਲਿੰਗਕ ਸ਼ੋਸ਼ਣ।
ਬਹੁਤੇ ਭਾਰਤੀ ਲੋਕ ਅੰਗੂਠਾਛਾਪ ਹੋਣ ਕਾਰਨ ਇਸ ਐਗਰੀਮੈਂਟ ਵਿਚਲੀਆਂ ਸ਼ਰਤਾਂ ਨਹੀਂ ਸਨ ਸਮਝਦੇ। ਉਹ ਤਾਂ ਐਗਰੀਮੈਂਟ ਸ਼ਬਦ ਨੂੰ ਵੀ ਗਿਰਮਿਟ ਹੀ ਬੋਲਦੇ ਸਨ। ਮੇਰਾ ਖਿਆਲ ਹੈ ਕਿ ਪੂਰਬੀ ਭਾਰਤ ਦੇ, ਖਾਸ ਤੌਰ ‘ਤੇ ਬਿਹਾਰੀ ਲੋਕ ਅਜਿਹੇ ਅੰਗਰੇਜ਼ੀ ਸ਼ਬਦ ਨੂੰ ਇਸ ਤਰ੍ਹਾਂ ਵਿਗਾੜ ਲੈਂਦੇ ਹਨ। ਮੈਂ ਬਿਹਾਰੀ ਮਜ਼ਦੂਰਾਂ ਦੇ ਮੂੰਹੋਂ ਸੀਮੈਂਟ ਨੂੰ ਸਿਰਮਿਟ ਕਹਿੰਦੇ ਸੁਣਿਆ ਹੈ। ਇਸ ਐਗਰੀਮੈਂਟ ‘ਤੇ ਕੰਮ ਕਰਨ ਵਾਲੇ ਨੂੰ ਗਿਰਮਿਟੀਆ ਕਿਹਾ ਜਾਂਦਾ ਸੀ। ਇਥੇ ਇਹ ਦੱਸਣਾ ਵੀ ਯੋਗ ਹੈ ਕਿ ਇਨ੍ਹਾਂ ਗਿਰਮਿਟੀਆਂ ਨੂੰ ਜਹਾਜ਼ੀ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਸਮੁੰਦਰੀ ਜਹਾਜ਼ ਰਾਹੀਂ ਸਫਰ ਕਰਕੇ ਫਿਜੀ ਆਦਿ ਦੇਸ਼ਾਂ ਵਿਚ ਜਾਂਦੇ ਸਨ। ਹਿੰਦੀ ਦੇ ਇਕ ਲੇਖਕ ਗਿਰੀਰਾਜ ਕਿਸ਼ੋਰ ਨੇ ਇਕ ਨਾਵਲ ਰਚਿਆ ਹੈ ਜਿਸ ਦਾ ਨਾਮ ਹੈ, ‘ਪਹਿਲਾ ਗਿਰਮਿਟੀਆ।’ ਇਹ ਨਾਵਲ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਵਿਚ ਨਿਵਾਸ ਬਾਰੇ ਹੈ। ਇਸ ਵਿਚ ਅਫਰੀਕਾ ਵਿਚ ਨਸਲਵਾਦ ਵਿਰੁਧ ਸੰਘਰਸ਼ ਦਾ ਮਾਰਮਿਕ ਚਿਤਰਣ ਹੈ। ਸੋ ਜਾਪਦਾ ਹੈ, ਕੁਝ ਸ੍ਰੋਤਾਂ ਨੇ ਲੱਖਣ ਲਾਇਆ ਕਿ ਇਸ ਗਿਰਮਿਟ ਤੋਂ ਹੀ ਵਿਗੜ ਕੇ ਗਿਟਮਿਟ ਸ਼ਬਦ ਬਣਿਆ ਹੋਵੇਗਾ।
ਹੁਣ ਦੇਖੀਏ ਕਿ ਗਿਟਮਿਟ ਸ਼ਬਦ ‘ਗਿਰਮਿਟ’ ਤੋਂ ਕਿਵੇਂ ਨਹੀਂ ਬਣਿਆ ਹੋ ਸਕਦਾ। ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਗਿਰਮਿਟ ਸ਼ਬਦ ਬਿਹਾਰੀਆਂ ਦੀ ਕਾਢ ਹੈ। ਜੇ ਉਨ੍ਹਾਂ ਗਿਰਮਿਟ ਨੂੰ ਹੋਰ ਵਿਗਾੜ ਕੇ ਗਿਟਮਿਟ ਬਣਾਇਆ ਮੰਨਿਆ ਜਾਵੇ ਤਾਂ ਗਿਟਮਿਟ ਸ਼ਬਦ ਹਿੰਦੀ ਜਾਂ ਇਸ ਦੀ ਕਿਸੇ ਉਪਭਾਸ਼ਾ ਵਿਚ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੈ। ਹਾਂ, ਹਰਿਆਣਵੀ ਅਤੇ ਪਹਾੜੀ ਵਿਚ ਇਹ ਸ਼ਬਦ ਜ਼ਰੂਰ ਮਿਲਦਾ ਹੈ। ਇਕ ਪਹਾੜੀ ਕਵਿਤਾ ਦੇ ਕੁਝ ਅੰਸ਼ਾਂ ਤੋਂ ਇਸ ਦੀ ਪੁਸ਼ਟੀ ਕਰਦੇ ਹਾਂ:
ਬਗਾਨੇ ਬੋਲ ਬਗਾਨਾ ਭੇਸ
ਉਹ ਕੀ ਜਾਣੈ ਅਪਣਾ ਦੇਸ।
ਗਿਟਮਿਟ ਗਿਟਮਿਟ ਕਰਦਾ ਜਾਂਦਾ
ਭਾਸ਼ਾ ਅਪਣੀ ਛੜਦਾ ਜਾਂਦਾ।
ਪਰ ਮਤਰੇਆਂ ਨ ਬਣਦੀ ਮਾਂ
ਮਾਂ ਬੋਲਾ ਭੌਏਂ ਜਹਾਰ ਵਰੇਸ਼ææ।
ਹਿੰਦੀ ਵਿਚ ਗਿਟਮਿਟ ਦੇ ਬਰਾਬਰ ਦਾ ਸ਼ਬਦ ਹੈ, ਗਿਟਪਿਟ। ਹਿੰਦੀ Ḕਗਿਟਪਿਟ ਕਰਨਾḔ ਦਾ ਉਹੀ ਅਰਥ ਹੈ ਜੋ ਪੰਜਾਬੀ Ḕਗਿਟਮਿਟ ਕਰਨਾḔ ਉਕਤੀ ਦਾ ਹੈ। ਸਮਝੋ ਗਿਟਪਿਟ ਅਤੇ ਗਿਟਮਿਟ ਇਕੋ ਸ਼ਬਦ ਦੇ ਦੋ ਭੇਦ ਹਨ। ਮੇਰੇ ਵਿਚਾਰ ਅਨੁਸਾਰ ਗਿਟਮਿਟ/ਗਿਟਪਿਟ ਧੁਨੀ ਅਨੁਕ੍ਰਣਕ ਸ਼ਬਦ ਹਨ। ‘ਗ’ ਧੁਨੀ ਵਿਚ ਆਵਾਜ਼ ਕੱਢਣ ਦੇ ਭਾਵ ਹਨ ਜਿਵੇਂ ਗਟ ਗਟ ਪਾਣੀ ਪੀਣਾ, ਗੁਟਕਣਾ ਆਦਿ ਵਿਚ। ਗਾਉਣਾ ਸ਼ਬਦ ਵਿਚ ḔਗੈḔ ਧਾਤੂ ਕੰਮ ਕਰ ਰਿਹਾ ਹੈ ਜਿਸ ਦਾ ਅਰਥ ਗਾਉਣਾ ਹੀ ਹੈ। ਗਿਟ ਦੇ ਪਿਛੇ ਲੱਗਾ ਮਿਟ ਜਾਂ ਪਿਟ ਤਾਂ ਨਿਰਾਰਥਕ ਸ਼ਬਦ ਹੀ ਕਿਹਾ ਜਾ ਸਕਦਾ ਹੈ ਜੋ ਗਿਟ ਦਾ ਸਾਥ ਹੀ ਨਿਭਾ ਰਿਹਾ ਹੈ। ਪੰਜਾਬੀ ਵਿਚ ਮੂੰਹ ਵਿਚ ਅਸਪਸ਼ਟ ਜਿਹਾ ਬੋਲਣ ਨੂੰ ਗੁਣਨ ਗੁਣਨ ਕਰਨਾ ਕਿਹਾ ਜਾਂਦਾ ਹੈ। ਹਿੰਦੀ ਵਿਚ ਗਿਟਪਿਟ ਬਾਨੀ, ਗਿਟਪਿਟ ਬੋਲੀ ਜਾਂ ਗਿਟਪਿਟ ਭਾਸ਼ਾ ਦਾ ਅਰਥ ਅੰਗਰੇਜ਼ੀ ਵੀ ਹੈ।
ਗਿਟਪਿਟ ਗਿਟਪਿਟ ਗੋਰਾ ਬੋਲੇ,
ਲੈਟ ਪੈਟ ਕਪਤਾਨ।
ਕੁੜਤੀ ਪਹਿਨ ਤਿਲੰਗਵਾ ਕੂਦੇ,
ਮੇਜਰ ਕਰੇ ਕਮਾਨ।