‘ਸੂਰਜ ਦੀ ਅੱਖ’ ਵਾਲੇ ਹੰਝੂ

ਪੰਜਾਬੀ ਲਿਖਾਰੀ ਬਲਦੇਵ ਸਿੰਘ (ਸੜਕਨਾਮਾ) ਦੇ ਨਵੇਂ ਨਾਵਲ ‘ਸੂਰਜ ਦੀ ਅੱਖ’ ਬਾਰੇ ਅੱਜ ਕੱਲ੍ਹ ਖੂਬ ਧਮੱਚੜ ਮੱਚਿਆ ਹੋਇਆ ਹੈ। ਇਹ ਨਾਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਰਾਜ ਬਾਰੇ ਹੈ। ਕੁਝ ਸਿੱਖਾਂ ਦਾ ਖਿਆਲ ਹੈ ਕਿ ਇਸ ਵਿਚ ਮਹਾਰਾਜੇ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਨਾਵਲ ਬਾਰੇ ਬਹਿਸ ਦੀ ਥਾਂ ਲਿਖਾਰੀ ਖਿਲਾਫ ਇਤਰਾਜ਼ ਵਾਲੇ ਸ਼ਬਦ ਵਰਤੇ ਜਾ ਰਹੇ ਹਨ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਘੇ ਸ਼ਾਇਰ ਸੁਰਜੀਤ ਪਾਤਰ ਨੇ ਇਸ ਲੇਖ ਵਿਚ ਇਸ ਮਾਮਲੇ ਨੂੰ ਆਪਣੇ ਢੰਗ ਨਾਲ ਨਜਿੱਠਣ ਦਾ ਯਤਨ ਕੀਤਾ ਹੈ।

-ਸੰਪਾਦਕ

ਸੁਰਜੀਤ ਪਾਤਰ
ਸੋਸ਼ਲ ਮੀਡੀਏ ਨਾਲ ਬਹੁਤਾ ਨਾ ਜੁੜਿਆ ਹੋਣ ਕਾਰਣ ਮੈਨੂੰ ਜ਼ਰਾ ਦੇਰ ਨਾਲ ਪਤਾ ਲੱਗਾ ਕਿ ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਬਾਰੇ ਕਾਫ਼ੀ ਤਿੱਖੀ ਬਹਿਸ ਚੱਲ ਰਹੀ ਹੈ ਤੇ ਉਸ ਵਿਚ ਮੇਰਾ ਨਾਮ ਵੀ ਬੋਲਦਾ ਹੈ। ਬਲਦੇਵ ਸਿੰਘ ਸਾਡਾ ਬਹੁਤ ਮਿਹਨਤੀ ਤੇ ਸੂਝਵਾਨ ਸਾਹਿਤਕਾਰ ਹੈ। ਸੜਕਨਾਮਾ, ਲਾਲ ਬੱਤੀ, ਅੰਨਦਾਤਾ ਤੇ ਪੰਜਵਾਂ ਸਾਹਿਬਜ਼ਾਦਾ ਜਿਹੇ ਨਾਵਲਾਂ ਦਾ ਸਿਰਜਕ। ਨਿੱਘਾ ਦੋਸਤ, ਹਸਮੁਖ, ਸੁਘੜ ਇਨਸਾਨ। ਜਦੋਂ ਡਾæ ਕੇਵਲ ਧਾਲੀਵਾਲ ਨੇ ਲਾਲ ਬੱਤੀ ਦਾ ਨਾਟਕੀ ਰੂਪ ਪੇਸ਼ ਕਰਨਾ ਸੀ ਤਾਂ ਮੈਂ ਉਸ ਲਈ ਗੀਤ ਲਿਖੇ ਸਨ; ਤੇ ਮੇਰਾ ਇਕ ਗੀਤ ਮੇਰੇ ਮਨ ਵਿਚ ਬਲਦੇਵ ਦਾ ਨਾਵਲ ‘ਅੰਨਦਾਤਾ’ ਪੜ੍ਹਦਿਆਂ ਹੀ ਸ਼ੁਰੂ ਹੋਇਆ ਸੀ:
ਕੀ ਪੁੱਛਦੇ ਓਂ ਹਾਲ ਪੰਜਾਬ ਦਾ
ਉਹ ਸ਼ਰਫ਼ ਦੇ ਸੁਰਖ਼ ਗੁਲਾਬ ਦਾ
ਉਸ ਅੱਧ ‘ਚੋਂ ਟੁੱਟੇ ਗੀਤ ਦਾ
ਉਸ ਵਿਛੜੀ ਹੋਈ ਰਬਾਬ ਦਾ

ਏਥੇ ਕੁੱਖਾਂ ਹੋਈਆਂ ਕੱਚ ਦੀਆਂ
ਏਥੇ ਬੱਚੀਆਂ ਮੁਸ਼ਕਲ ਬਚਦੀਆਂ
ਜੋ ਬਚਣ ਉਹ ਅੱਗ ਵਿਚ ਮਚਦੀਆਂ
ਜਿਉਂ ਟੁਕੜਾ ਹੋਏ ਕਬਾਬ ਦਾ
ਕੁਝ ਦਿਨ ਪਹਿਲਾਂ ਮੈਨੂੰ ਇਕ ਪੱਤਰਕਾਰ ਦਾ ਫ਼ੋਨ ਆਇਆ: ਤੁਸੀਂ ‘ਸੂਰਜ ਦੀ ਅੱਖ’ ਨਾਵਲ ਦਾ ਸਮਰਥਨ ਕੀਤਾ ਹੈ। ਇਸ ਨਾਵਲ ਬਾਰੇ ਕੀ ਕਹਿਣਾ ਚਾਹੋਗੇ? ਮੈਂ ਉਸ ਕੋਲੋਂ ਮਾਫ਼ੀ ਮੰਗੀ ਕਿ ਮੈਂ ਅਜੇ ਨਾਵਲ ਪੜ੍ਹਿਆ ਨਹੀਂ। ਸੋ, ਉਸ ਦਾ ਸਮਰਥਨ ਜਾਂ ਵਿਰੋਧ ਦਾ ਮੇਰਾ ਕੋਈ ਹੱਕ ਨਹੀਂ ਬਣਦਾ। ਆਪਣੇ ਅਗਿਆਨ ਉਤੇ ਸ਼ਰਮਿੰਦਗੀ ਹੋਈ। ਉਸ ਪਲ ਹੋਰ ਕੁਝ ਕਹਿਣ ਜੋਗਾ ਨਹੀਂ ਸਾਂ। ਨਾਵਲ ਖਰੀਦਿਆ, ਪੜ੍ਹਿਆ।
ਇਹ ਨਾਵਲ ਪੜ੍ਹਦਿਆਂ ਕਈ ਥਾਂਈਂ ਅੱਖਾਂ ਨਮ ਹੋਈਆਂ, ਕਈ ਥਾਂਈਂ ਨਮੋਸ਼ੀ ਹੋਈ, ਕਈ ਥਾਂਈਂ ਆਪਣੇ ਮਹਾਰਾਜੇ ‘ਤੇ ਮਾਣ ਨਾਲ ਸਿਰ ਉਚਾ ਹੋਇਆ। ਬਹੁਤ ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਬਾਰੇ ਲਿਖੀ ਆਪਣੀ ਇਕ ਕਵਿਤਾ ਯਾਦ ਆਈ ਜਿਸ ਦਾ ਇਕ ਹਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ:
ਰਹੀ ਮਸ਼ਹੂਰ ਜੱਗ ਉਤੇ
ਜਿਨ੍ਹਾਂ ਦੀ ਸਰਫ਼ਰੋਸ਼ੀ

ਜਿਨ੍ਹਾਂ ਦੇ ਸੀਸ ‘ਤੇ ਚਲਦੇ ਰਹੇ ਆਰੇ
ਜਿਨ੍ਹਾਂ ਨੇ ਸੀ ਨਾ ਕੀਤੀ ਦਰਦ ਦੇ ਮਾਰੇ

ਜੋ ਸੁੱਤੇ ਜੰਗਲਾਂ ਵਿਚ
ਘੋੜਿਆਂ ਦੀ ਪਿੱਠ ਦੇ ਉਤੇ
ਜਿਨ੍ਹਾਂ ਦੇ ਸਿਰਾਂ ‘ਤੇ ਦਸਤਾਰਾਂ ਸਨ
ਜਿਉਂ ਫੁੱਲ ਹੋਵਣ ਔੜ ਦੀ ਰੁੱਤੇ

ਉਨ੍ਹਾਂ ਹੀ ਸਰਫ਼ਰੋਸ਼ਾਂ ‘ਚੋਂ ਕਿਸੇ ਜਾਏ ਦੀ
ਅੱਜ ਹੈ ਤਾਜਪੋਸ਼ੀ
ਰਹੀ ਮਸ਼ਹੂਰ ਜੱਗ ਉਤੇ
ਜਿਨ੍ਹਾਂ ਦੀ ਸਰਫ਼ਰੋਸ਼ੀ

ਝੁਕਾ ਕੇ ਸਿਰ ਗੁਰੂ-ਦਰ ‘ਤੇ
ਕਿਹਾ ਉਸ ਨੇ:

ਮੇਰੇ ਸਤਿਗੁਰ,
ਮੇਰੇ ਰਹਿਬਰ,
ਮੇਰੇ ਮੁਰਸ਼ਿਦ
ਇਹ ਮੇਰਾ ਤਾਜ ਕੀ ਹੈ
ਤੇਰੀ ਦਹਿਲੀਜ਼ ਉਤਲੀ ਧੂੜ ਦੇ
ਕੁਝ ਕਿਣਕਿਆਂ ਦੀ
ਮੇਰੇ ਮੱਥੇ ਦੇ ਮੁੜ੍ਹਕੇ ‘ਤੇ ਬੁਣੀ ਬੁਣਤੀ।

ਹੇ ਸੱਚੇ ਪਾਤਸ਼ਾਹ ਵਰ ਦੇ
ਜਿਵੇਂ ਤੇਰੇ ਪਵਿਤਰ ਗ੍ਰੰਥ ਅੰਦਰ
ਰਲ਼ ਕੇ ਬੈਠੇ ਨੇ ਫ਼ਰੀਦ, ਕਬੀਰ, ਰਾਮਾਨੰਦ
ਸੈਨ, ਰਵਿਦਾਸ, ਪਰਮਾਨੰਦ
ਧੰਨਾ, ਨਾਮਦੇਵ, ਜੈਦੇਵ
ਤੇ ਕਿੰਨੇ ਹੋਰ ਇਹਨਾਂ ਸੰਗ
ਇਵੇਂ ਮੇਰੀ ਵਜ਼ਾਰਤ ਵਿਚ
ਇਕੱਠੇ ਦਿਸਣ ਸਭ ਈਮਾਨ ਵਾਲੇ ਵੀ
ਮਜੀਦ ਕੁਰਾਨ ਵਾਲੇ ਵੀ
ਸਲੀਬ ਨਿਸ਼ਾਨ ਵਾਲੇ ਵੀ
ਕੇਸ ਕਿਰਪਾਨ ਵਾਲੇ ਵੀ
ਇਸ ਨਾਵਲ ਦੇ 558 ਸਫ਼ੇ ਉਤੇ ਬਲਦੇਵ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਵਿਚ ਲਾਰਡ ਆਕਲੈਂਡ ਦੀ ਭੈਣ ਐਮਿਲੀ ਦਾ ਕਥਨ ਕੋਟ ਕਰਦਾ ਹੈ:
ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਨ ਬਾਦਸ਼ਾਹ ਬਣਾ ਲਿਆ ਹੈ। ਉਸ ਨੇ ਬਹੁਤ ਸਾਰੇ ਮਹਾਂਬਲੀ ਦੁਸ਼ਮਣਾਂ ਨੂੰ ਜਿੱਤਿਆ ਹੈ। ਉਸ ਦੀ ਸਰਕਾਰ ਬੇਹੱਦ ਨਿਆਂਕਾਰ ਹੈ। ਉਸ ਨੇ ਵੱਡੀ ਸ਼ਕਤੀਸ਼ਾਲੀ ਸੈਨਾ ਨੂੰ ਨਿਯਮ-ਬੱਧ ਕੀਤਾ ਹੈ। ਉਹ ਕਦੀ ਕਿਸੇ ਦੀ ਜਾਨ ਨਹੀਂ ਲੈਂਦਾ। ਕਿਸੇ ਖ਼ੁਦਮੁਖ਼ਤਾਰ ਹਾਕਮ ਵਿਚ ਏਨੇ ਗੁਣਾਂ ਦਾ ਹੋਣਾ ਅਚੰਭੇ ਦੀ ਗੱਲ ਹੈ ਅਤੇ ਸਭ ਤੋਂ ਵੱਧ, ਉਸ ਦੀ ਪਰਜਾ ਉਸ ਨੂੰ ਅਤਿਅੰਤ ਪਿਆਰ ਕਰਦੀ ਹੈ।
ਆਪਣੇ ਨਾਵਲ ਦੇ ਪੰਨਾ 492 ‘ਤੇ ਬਲਦੇਵ ਸਿੰਘ ਬੁਖ਼ਾਰੇ ਦੀ ਯਾਤਰਾ ਦੇ ਲੇਖਕ, ਇਕ ਵਿਦੇਸ਼ੀ ਸੈਲਾਨੀ ਨੂੰ ਕੋਟ ਕਰਦਾ ਹੈ ਜਿਹੜਾ ਮਹਾਰਾਜਾ ਬਾਰੇ ਲਿਖਦਾ ਹੈ:
ਮੈਂ ਕਦੇ ਵੀ ਏਸ਼ੀਆ ਦੇ ਕਿਸੇ ਵਾਸੀ ਦਾ ਏਨਾ ਚੰਗਾ ਪ੍ਰਭਾਵ ਲੈ ਕੇ ਵਿਦਾ ਨਹੀਂ ਹੋਇਆ। ਰਣਜੀਤ ਸਿੰਘ ਬਿਨਾ ਕਿਸੇ ਵਿਦਿਆ ਦੇ, ਬਿਨਾ ਕਿਸੇ ਦੀ ਅਗਵਾਈ ਦੇ, ਆਪਣੇ ਰਾਜੇ ਦੇ ਸਾਰੇ ਕਾਰ ਵਿਹਾਰ ਅਸੀਮ ਤਾਕਤ ਨਾਲ ਕਰਦਾ ਹੈ; ਪਰ ਉਹ ਆਪਣੀ ਤਾਕਤ ਦੀ ਵਰਤੋਂ ਬੇਹੱਦ ਧਿਆਨ ਨਾਲ ਕਰਦਾ ਹੈ। ਪੂਰਬੀ ਰਾਜੇ ਵਿਚ ਇਹ ਅਨੋਖੀ ਅਤੇ ਨਿਵੇਕਲੀ ਮਿਸਾਲ ਹੈ।
480 ਸਫ਼ੇ ‘ਤੇ ਬਲਦੇਵ ਸਿੰਘ ਲਿਖਦਾ ਹੈ: ਵਿਦੇਸ਼ਾਂ ਦੇ ਰਾਜੇ ਮਹਾਰਾਜੇ ਖ਼ਾਲਸਾ ਰਾਜ ਦੀਆਂ ਗੱਲਾਂ ਜਾਣ ਕੇ ਹੈਰਾਨ ਰਹਿ ਜਾਂਦੇ। ਉਪਰ ਇਕ ਅਜਿਹਾ ਬਾਦਸ਼ਾਹ ਰਾਜ ਕਰਦਾ ਹੈ ਜਿਥੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਨੂੰ ਇਕੋ ਜਿਹਾ ਮਾਣ ਹਾਸਲ ਹੈ। ਬਿਨਾ ਜਾਤ ਪਾਤ ਅਤੇ ਬਿਨਾ ਜਮਾਤ ਦੇ ਖ਼ਾਲਸਾ ਰਾਜ ਵਿਚ ਸ਼ਖ਼ਸ ਦੀ ਲਿਆਕਤ ਦੇਖੀ ਜਾਂਦੀ ਹੈ।
ਸਫ਼ਾ 329 ‘ਤੇ ਬਲਦੇਵ ਸਿੰਘ ਦਾ ਦੋਸਤ ਡਾæ ਕੌਤਕੀ ਕਹਿੰਦਾ ਹੈ:
ਉਸ ਦੇ ਰਾਜ ਵਿਚ ਹਰ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਸੀ। ਨਾਜ਼ਿਮਾਂ, ਦੀਵਾਨਾਂ, ਕੋਤਵਾਲਾਂ, ਥਾਣੇਦਾਰਾਂ, ਕਾਰਦਾਰਾਂ, ਕਾਨੂੰਗੋਆਂ, ਪਟਵਾਰੀਆਂ ਤੇ ਕਾਜ਼ੀਆਂ ਦੁਆਰਾ ਚਲਾਈ ਜਾ ਰਹੀ ਸਮਾਜਕ ਵਿਵਸਥਾ ਨਾਲ ਵੀ ਧੱਕਾ ਨਹੀਂ ਸੀ ਕੀਤਾ ਜਾਂਦਾ।
ਤੇ ਫਿਰ ਸਫ਼ਾ 332 ‘ਤੇ ਕੌਤਕੀ ਕਹਿੰਦਾ ਹੈ: ਪੂਰੇ ਚਾਲੀ ਸਾਲ ਮਾਈਨੌਰਿਟੀ ਰਾਜ ਕਰਦੀ ਰਹੀ। ਇਹ ਅਚੰਭਾ ਨਹੀਂ? ਇਹ ਰਣਜੀਤ ਸਿੰਘ ਦੀ ਸ਼ਖ਼ਸੀਅਤ ਹੀ ਸੀ ਕਿ ਅਜਿਹਾ ਹੋਇਆ। ਇਕ ਵੀ ਅਜਿਹੀ ਘਟਨਾ ਨਹੀਂ ਹੋਈ ਕਿ ਮੁਸਲਮਾਨਾਂ ਨੇ ਕਿਹਾ ਹੋਵੇ- ਸਾਨੂੰ ਸਿੱਖ ਮਹਾਰਾਜਾ ਮਨਜ਼ੂਰ ਨਹੀਂ।
ਬਲਦੇਵ ਸਿੰਘ ਨੇ ਮਹਾਰਾਜੇ ਦੀ ਅਜ਼ਮਤ ਨੂੰ ਮਹਿਸੂਸ ਕੀਤਾ ਹੈ ਤੇ ਕਰਵਾਇਆ ਵੀ ਹੈ।
ਪਰ ਰਣਜੀਤ ਸਿੰਘ ਦਾ ਹਰਮ, ਉਹਦੀਆਂ ਰਾਣੀਆਂ, ਰਖੇਲਾਂ, ਦਾਸੀਆਂ, ਏਥੇ ਕੁਝ ਕਹਿਣ ਲੱਗਿਆਂ ਮੈਂ ਰੁਕ ਜਾਂਦਾ ਹਾਂ ਤੇ ਮੈਨੂੰ ਆਪਣਾ ਇਕ ਸ਼ੇਅਰ ਯਾਦ ਆਉਂਦਾ ਹੈ:
ਕਿੰਨਾ ਭੁੱਖਾ ਹੈ ਅਸਲ ਵਿਚ ਬੰਦਾ
ਰਾਜਿਆਂ ਦੇ ਕੋਈ ਹਰਮ ਦੇਖੇ
ਏਥੇ ‘ਸਿੱਖ ਸੰਕੇਤ’ ਦੇ ਸਿਰਜਕ ਪ੍ਰੋæ ਅਵਤਾਰ ਸਿੰਘ ਹੋਰਾਂ ਦੀਆਂ ਲਿਖੀਆਂ ਕੁਝ ਸਤਰਾਂ ਮੈਨੂੰ ਚਾਨਣ ਦਿੰਦੀਆਂ ਹਨ। ਉਹ ਕਹਿੰਦੇ ਹਨ: ਜਿਹੜੇ ਲੋਕ ਇਸ ਨਾਵਲ ਦੇ ਖਿਲਾਫ ਹਨ, ਉਨ੍ਹਾਂ ਨੇ ਰਣਜੀਤ ਸਿੰਘ ਦੇ ਰਾਜ ਦਾ ਇਤਿਹਾਸ ਅਤੇ ਵਿਸਤਾਰ ਨਹੀਂ ਦੇਖਿਆ। ਭਾਈ ਕਪੂਰ ਸਿੰਘ ਅਤੇ ਗੁਰਤੇਜ ਸਿੰਘ ਨੇ ਰਣਜੀਤ ਸਿੰਘ ਦੇ ਕਿਰਦਾਰ ਦੇ ਗੈਰ ਸਿੱਖ ਖਾਸੇ ਦੇ ਸਪਸ਼ਟ ਸੰਕੇਤ ਕੀਤੇ ਹੋਏ ਹਨ। ਸ਼ਾਇਦ ਉਹ ਕਿਸੇ ਨੇ ਪੜ੍ਹੇ ਨਹੀਂ ਜਾਂ ਕਿਸੇ ਨੂੰ ਚੇਤੇ ਨਹੀਂ। ਮਹਾਰਾਜਾ ਰਣਜੀਤ ਸਿੰਘ ਵਿਚ ਰਾਜਿਆਂ ਮਹਾਰਾਜਿਆਂ ਵਾਲੇ ਖੋਟ ਤੇ ਐਬ ਵੀ ਮੌਜੂਦ ਸਨ (ਮੈਨੂੰ ਸਮਰਾਟ ਅਸ਼ੋਕ- ਅਸ਼ੋਕਾ ਦਿ ਗ੍ਰੇਟ- ਯਾਦ ਆਉਂਦਾ ਹੈ ਜਿਸ ਬਾਰੇ ‘ਅਸ਼ੋਕਾਵਦਾਨ’ ਵਿਚ ਲਿਖਿਆ ਹੈ ਕਿ ਉਸ ਦੀਆਂ ਪੰਜ ਰਾਣੀਆਂ ਤੇ 500 ਰਖੇਲਾਂ ਸਨ; ਤੇ ਇਹ ਵੀ ਕਿ ਉਸ ਨੇ ਕਿਸੇ ਗੱਲੋਂ ਨਾਰਾਜ਼ ਹੋ ਕੇ ਆਪਣੀਆਂ ਪੰਜ ਸੌ ਰਖੇਲਾਂ ਨੂੰ ਜਲਾ ਦਿੱਤਾ ਸੀ। ਹੋਰ ਸਮਰਾਟਾਂ ਤੇ ਬਾਦਸ਼ਾਹਾਂ ਦੀ ਤਾਂ ਗੱਲ ਹੀ ਛੱਡੋ)।
ਅਸੀਂ ਜਿਹੜੇ ਪਰਜਾ ਹਾਂ, ਲਿਖਾਰੀ ਹਾਂ, ਪੱਤਰਕਾਰ ਹਾਂ, ਐਬ ਤੇ ਖੋਟ ਤਾਂ ਸਾਡੇ ਵਿਚ ਵੀ ਘੱਟ ਨਹੀਂ। ਜੇ ਸਾਡੇ ਵਿਚ ਐਬ ਤੇ ਖੋਟ ਨਾ ਹੁੰਦੇ ਤਾਂ ਅਸੀਂ ਸੱਚ ਮੁੱਚ ਹਲੇਮੀ ਰਾਜ ਤੇ ਬੇਗਮ ਪੁਰੇ ਲਈ ਜੂਝ ਰਹੇ ਹੁੰਦੇ। ਅਸੀਂ ਇਕ ਦੂਜੇ ‘ਤੇ ਇਲਜ਼ਾਮ ਲਾਉਣ ਦੀ ਥਾਂ ਇਕ ਦੂਜੇ ਤੋਂ ਸੰਵਾਦ ਰਾਹੀਂ ਕੁਝ ਸਿੱਖ ਰਹੇ ਹੁੰਦੇ। ਆਪਣੇ ਐਬਾਂ ਅਤੇ ਖੋਟਾਂ ਖ਼ਿਲਾਫ਼ ਲੜ ਰਹੇ ਹੁੰਦੇ। ਉਰਦੂ ਸ਼ਾਇਰ ਸ਼ਕੇਬ ਜਲਾਲੀ ਦਾ ਸ਼ੇਅਰ ਹੈ:
ਤੂ ਜੋ ਇਸ ਰਾਹ ਸੇ ਗੁਜ਼ਰਾ ਹੋਤਾ
ਤੇਰਾ ਮਲਬੂਸ ਭੀ ਕਾਲਾ ਹੋਤਾ
ਗਾਲ੍ਹਾਂ ਅਤੇ ਇਲਜ਼ਾਮ ਤਾਂ ਸਾਨੂੰ ਉਸ ਸਿੱਖੀ ਤੋਂ ਬਹੁਤ ਦੂਰ ਲੈ ਜਾਂਦੇ ਹਨ ਜਿਸ ਸਿੱਖੀ ਦੀ ਰਾਖੀ ਲਈ ਅਸੀ ਗਾਲ੍ਹਾਂ ਦਿੰਦੇ ਜਾਂ ਇਲਜ਼ਾਮ ਲਾਉਂਦੇ ਹਾਂ।
ਗੁਰੂ ਅਰਜਨ ਦੇਵ ਜੀ ਦੇ ਮਹਾਵਾਕ:
ਮਾਟੀ ਕਾ ਕਿਆ ਧੋਪੈ ਸੁਆਮੀ
ਮਾਨਸ ਕੀ ਗਤਿ ਏਹੀ
ਦੀ ਲੋਏ ਆਪਣੇ ਪਿਆਰੇ ਦੋਸਤ, ਕਲਾ ਸਾਧਕ ਤੇ ਪ੍ਰਤਿਭਾਸ਼ੀਲ ਨਾਵਲਕਾਰ ਬਲਦੇਵ ਸਿੰਘ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਆਪਣੇ ਕਿਰਦਾਰਾਂ ਦੇ ਐਬਾਂ ਤੇ ਖੋਟਾਂ ਦਾ ਜ਼ਿਕਰ ਇਸ ਤਰ੍ਹਾਂ ਵੀ ਹੋ ਸਕਦਾ ਹੈ, ਜਿਵੇਂ ਉਹ ਆਪਣੇ ਹੀ ਐਬ ਤੇ ਖੋਟ ਹੋਣ।
ਅਖ਼ੀਰ ਵਿਚ ਇਸ ਨਾਵਲ ਵਿਚੋਂ ਐਸੀਆਂ ਦੋ ਘਟਨਾਵਾਂ ਬਿਆਨ ਕਰਨੀਆਂ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਮਨ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਨਾਲ ਮੇਰੀ ਸਾਂਝ ਪੁਆਈ। ਮੇਰੀਆਂ ਅੱਖਾਂ ਵਿਚੋਂ ਹੰਝੂ ਸਿੰਮ ਆਏ। ਮੈਂ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਅਤੇ ਬਲਦੇਵ ਸਿੰਘ ਦੀ ਕਲਮ ਨੂੰ ਸਲਾਮ ਕੀਤਾ:
ਇਕ ਦਿਨ ਕਸ਼ਮੀਰ ਦੇ ਮਾਮਲਿਆਂ ਦਾ ਪ੍ਰਬੰਧਕ ਜਮਾਂਦਾਰ ਖੁਸ਼ਹਾਲ ਸਿੰਘ ਕਸ਼ਮੀਰੀਆਂ ਕੋਲੋਂ ਆਸ ਨਾਲੋਂ ਵੀ ਵੱਧ ਕਰ ਉਗਰਾਹ ਕੇ ਲੈ ਆਇਆ। ਰਣਜੀਤ ਸਿੰਘ ਨੂੰ ਇਹ ਵੀ ਜਾਣਕਾਰੀ ਸੀ ਕਿ ਕਸ਼ਮੀਰ ਵਿਚ ਪਿਛਲੇ ਦਿਨੀਂ ਭੁਚਾਲ ਆ ਗਿਆ ਸੀ, ਬਿਮਾਰੀ ਫੈਲ ਗਈ ਸੀ, ਕਾਲ ਪੈ ਗਿਆ ਸੀ।
ਮਹਾਰਾਜ ਨੇ ਪੁੱਛਿਆ: ਕਸ਼ਮੀਰੀਆਂ ਨੇ ਆਪਣੀ ਮਰਜ਼ੀ ਨਾਲ ਹੀ ਲਗਾਨ ਦੇ ਦਿੱਤਾ ਕਿ ਕਾਫ਼ੀ ਸਖ਼ਤੀ ਕਰਨੀ ਪਈ?
ਖੁਸ਼ਹਾਲ ਸਿੰਘ ਕਹਿਣ ਲੱਗਾ: ਮਹਾਰਾਜ, ਸਿੱਧੀ ਉਂਗਲ ਨਾਲ ਘੀ ਨਹੀਂ ਨਿਕਲਦਾ।
ਜਮਾਂਦਾਰ ਖੁਸ਼ਹਾਲ ਸਿੰਘ ਨੇ ਸ਼ੇਰ ਦੀ ਦਹਾੜ ਸੁਣੀ: ਖ਼ਾਮੋਸ਼ ਬਦਬਖ਼ਤ।
ਮਹਾਰਾਜ ਦੇ ਆਦੇਸ਼ ‘ਤੇ ਫ਼ੌਰਨ ਪ੍ਰਬੰਧ ਕੀਤਾ ਗਿਆ। ਕਣਕ, ਦਾਲਾਂ, ਗੁੜ, ਕੰਬਲ, ਰੁਪਏ ਕਸ਼ਮੀਰ ਪਹੁੰਚਾਏ ਗਏ।

ਇਕ ਵਾਰ ਸ਼ਿਕਾਰ ਖੇਡਣ ਗਏ ਤਾਂ ਇਕ ਘੋੜ ਸਵਾਰ ਨੇ ਦੱਸਿਆ ਕਿ ਸ਼ੇਰਨੀ ਦਾ ਬੱਚਾ ਉਨ੍ਹਾਂ ਦੇ ਜਾਲ ਵਿਚ ਫਸ ਗਿਆ। ਮਹਾਰਾਜਾ ਰਣਜੀਤ ਸਿੰਘ ਉਸ ਸ਼ੇਰਨੀ ਦੇ ਬੱਚੇ ਨੂੰ ਆਪਣੇ ਹੱਥਾਂ ਦੇ ਵਿਚ ਪਕੜ ਕੇ ਪਲੋਸਦਾ ਹੈ ਤੇ ਕਹਿੰਦਾ ਹੈ: ਹਰ ਬੱਚਾ ਮਾਸੂਮ ਹੁੰਦਾ ਹੈ, ਇਸ ਤਰ੍ਹਾਂæææ ਤੇ ਵੱਡਾ ਹੋ ਕੇ ਖ਼ੂੰਖ਼ਾਰ ਬਣ ਜਾਂਦਾ ਹੈ, ਸਾਡੀ ਤਰ੍ਹਾਂ। ਇਹਨੂੰ ਅਸੀਂ ਲਾਹੌਰ ਕਿਲ੍ਹੇ ਵਿਚ ਪਾਲਤੂ ਸ਼ੇਰ ਬਣਾਵਾਂਗੇ।
ਉਸ ਰਾਤ ਉਹ ਜੰਗਲ ਵਿਚ ਲਾਏ ਤੰਬੂਆਂ ‘ਚ ਹੀ ਸੁੱਤੇ। ਅੱਧੀ ਰਾਤੀਂ ਜੰਗਲ ਇਕਦਮ ਸ਼ਾਂਤ ਸੀ। ਤੰਬੂਆਂ ਲਾਗਿਓਂ ਹੀ ਕਿਸੇ ਦੇ ਰੋਣ ਦੀ ਆਵਾਜ਼ ਆਈ। ਰਣਜੀਤ ਸਿੰਘ ਦੀ ਅੱਖ ਖੁੱਲ੍ਹ ਗਈ। ਕਿਸੇ ਜਾਨਵਰ ਦੀ ਆਵਾਜ਼ ਜਾਪਦੀ ਸੀ। ਸਿਪਾਹੀਆਂ ਨੂੰ ਦੇਖਣ ਲਈ ਭੇਜਿਆ। ਉਨ੍ਹਾਂ ਦੇਖਿਆ, ਭਟਕੀ ਹੋਈ ਸ਼ੇਰਨੀ ਸੀ, ਏਧਰ ਓਧਰ ਬੇਚੈਨ ਘੁੰਮਦੀ। ਉਸ ਦੇ ਮੂੰਹ ਵਿਚੋਂ ਹੀ ਅਜੀਬ ਰੋਂਦੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਮਾਹਿਰ ਸ਼ਿਕਾਰੀ ਝੱਟ ਸਮਝ ਗਏ। ਇਕ ਸੈਨਿਕ ਕਹਿਣ ਲੱਗਾ: ਮਹਾਰਾਜ, ਜਿਹੜਾ ਬੱਚਾ ਆਪਾਂ ਕੱਲ੍ਹ ਪਕੜਿਆ ਸੀ, ਇਹ ਰੋਂਦੀ ਆਵਾਜ਼ ਉਸ ਬੱਚੇ ਦੀ ਮਾਂ ਦੀ ਹੈ।
‘ਓ ਇਸ ਬੱਚੇ ਦੀ ਮਾਂ।’ ਰਣਜੀਤ ਸਿੰਘ ਦੇ ਮੂੰਹੋਂ ਨਿਕਲਿਆ।
‘ਹਾਂ ਮਹਾਰਾਜ ਏਧਰ ਓਧਰ ਭਟਕ ਰਹੀ ਤੇ ਕੁਰਲਾ ਰਹੀ ਹੈ।’
‘ਆਖ਼ਰ ਮਾਂ ਹੈ ਨਾ, ਬੱਚੇ ਲਈ ਤੜਪ ਰਹੀ ਹੈ।’ ਰਣਜੀਤ ਸਿੰਘ ਨੇ ਜਿਵੇਂ ਆਪਣੇ ਅੰਦਰਲੇ ਨੂੰ ਕਿਹਾ।
ਸੈਨਿਕ ਨੇ ਕਿਹਾ: ਮਹਾਰਾਜ ਖਿਮਾ ਕਰਨਾ, ਇਹ ਮੌਕਾ ਹੈ। ਮਾਂ ਬੱਚੇ ਕੋਲ ਆਵੇਗੀ ਤਾਂ ਅਸੀਂ ਉਹਨੂੰ ਵੀ ਕਾਬੂ ਕਰ ਲਵਾਂਗੇ।
ਰਣਜੀਤ ਸਿੰਘ ਨੇ ਕ੍ਰੋਧਿਤ ਨਜ਼ਰਾਂ ਨਾਲ ਇਸ ਤਰ੍ਹਾਂ ਸੈਨਿਕ ਵੱਲ ਦੇਖਿਆ ਕਿ ਡਰ ਨਾਲ ਉਸ ਦਾ ਚਿਹਰਾ ਫੱਕ ਹੋ ਗਿਆ।
ਰਣਜੀਤ ਸਿੰਘ ਨੇ ਕਿਹਾ: ਬੱਚੇ ਨੂੰ ਲੈ ਜਾਓ ਤੇ ਇਸ ਦੀ ਮਾਂ ਕੋਲ ਲਿਜਾ ਕੇ ਛੱਡ ਦਿਓ।
ਇਹ ਘਟਨਾ ਮਹਾਰਾਜਾ ਰਣਜੀਤ ਸਿੰਘ ਦੀ ਅੰਤਰ-ਆਤਮਾ ਦੀ ਝਾਤ ਵੀ ਪਵਾਉਂਦੀ ਹੈ ਤੇ ਇਉਂ ਵੀ ਲਗਦਾ ਹੈ ਜਿਵੇਂ ਇਹ ਦਲੀਪ ਅਤੇ ਜਿੰਦਾਂ ਦੇ ਵਿਛੋੜੇ ਦੀ ਕਥਾ ਦਾ ਅਗਾਊਂ ਸੁਪਨਾ ਜਾਂ ਪਰਛਾਂਵਾਂ ਹੋਵੇ।
#