ਫਖਰ-ਏ-ਕੌਮ ਜੀ, ਫੜੋ ਹੁਣ ਹੱਥ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਨ੍ਹਾਂ ਕੁਝ ਸਤਰਾਂ ਨੂੰ ਚਾਹੇ ਕੋਈ ਮਜ਼ਾਕ ਵਜੋਂ ਹੀ ਲਵੇ, ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿਚ ਇਨ੍ਹਾਂ ਨੂੰ ਹਲਕੀਆਂ ਨਹੀਂ ਸਮਝਿਆ ਜਾ ਸਕਦਾ। ਗੱਲ ਕਰਨ ਜਾ ਰਿਹਾ ਹਾਂ ਅਕਾਲੀਆਂ ਬਾਰੇ, ਜਿਨ੍ਹਾਂ ਨੂੰ ਪੰਜਾਬ ਦੇ ਸਿਆਸੀ ਚੌਖਟੇ ਮੁਤਾਬਕ ਬਾਦਲ-ਦਲੀਏ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਿੱਖ ਸਿਆਸਤ ਨੂੰ ਰਤਾ ਗਹੁ ਨਾਲ ਵਾਚਣ ਵਾਲੀਆਂ ਨਜ਼ਰਾਂ ਦੇਖ ਰਹੀਆਂ ਹੋਣਗੀਆਂ ਕਿ ਬਾਦਲ ਦਲ ਦੇ ਕੁਝ ਚੋਣਵੇਂ ਆਗੂ, ਖਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਮੋਦੀ ਸਰਕਾਰ ਖਿਲਾਫ ਕੁਝ ਕੁਝ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ।

ਉਸ ਨੂੰ ਭਾਵੇਂ ‘ਦੱਬਵੀਂ ਸੁਰ’ ਵਾਲੀ ਬਿਆਨਬਾਜ਼ੀ ਕਿਹਾ ਜਾਵੇ, ਪਰ ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਹ ‘ਲੱਫਾਜ਼ੀ-ਗਰਮੀ’ ਵੀ ਕਿਸੇ ‘ਉਤਲੇ ਥਾਪੜੇ’ ਤੋਂ ਬਿਨਾ ਨਹੀਂ ਆ ਸਕਦੀ ਤੇ ਇਸ ਦਾ ਕੋਈ ਗੁੱਝਾ ਮੰਤਵ ਹੋਵੇਗਾ।
ਖੈਰ! ਇਹ ਥਾਪੜੇ ਕੌਣ, ਕਿਉਂ ਤੇ ਕਿਸ ਮਕਸਦ ਲਈ ਦੇ ਰਿਹਾ ਹੈ, ਮੈਂ ਇਸ ਪਾਸੇ ਨਹੀਂ ਜਾਣਾ, ਸਗੋਂ ਪ੍ਰਧਾਨ ਮੰਤਰੀ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਖਿਲਾਫ ਬਾਦਲ-ਦਲੀਏ ਆਗੂਆਂ ਵੱਲੋਂ ਦਿਖਾਏ ਜਾ ਰਹੇ ‘ਗੁੱਸੇ’ ਦੀ ਇਕ ਹੋਰ ਜਾਵੀਏ ਤੋਂ ਪਰਖ-ਪੜਚੋਲ ਕਰਨੀ ਹੈ। ਉਹ ਇਹ ਹੈ ਕਿ ਸਾਰੇ ਹੀ ਸਿੱਖ ਆਗੂ ਸਿਆਸੀ ਜਾਂ ਧਾਰਮਿਕ ਸਟੇਜਾਂ ਉਤੇ ਗੱਜ-ਵੱਜ ਕੇ ਉਨ੍ਹਾਂ ਵਾਅਦਿਆਂ ਦੀ ਦਾਸਤਾਂ ਸੁਣਾਉਂਦੇ ਆ ਰਹੇ ਹਨ ਜੋ ਜੰਗ-ਏ-ਆਜ਼ਾਦੀ ਦੌਰਾਨ ਗਾਂਧੀ-ਨਹਿਰੂ-ਪਟੇਲ ਆਦਿ ਲੀਡਰਾਂ ਨੇ ਉਸ ਸਮੇਂ ਦੇ ਸਿੱਖ ਆਗੂਆਂ ਨਾਲ ਕੀਤੇ ਸਨ। ਵੱਡੇ ਵੱਡੇ ਇਕੱਠਾਂ ਵਿਚ ਸਿੱਖ ਆਗੂਆਂ ਮੂੰਹੋਂ ਅਜਿਹੇ ਵਾਅਦਿਆਂ ਦੇ ਸਹੀ ਸਹੀ ਬੋਲ, ਸਮੇਂ, ਸਥਾਨ ਅਤੇ ਬੋਲਣ ਵਾਲਿਆਂ ਦੇ ਨਾਂਵਾਂ ਸਮੇਤ ਅਸੀਂ ਹੁਣ ਤੱਕ ਸੁਣਦੇ ਆ ਰਹੇ ਹਾਂ। ਇਹ ਵਾਅਦੇ ਵਫਾ ਨਾ ਹੋਣ ਦੀ ਗਾਥਾ ਕਦੇ ਕਰੁਣਾਮਈ, ਕਦੇ ਜੋਸ਼ੀਲੀ ਤੇ ਕਦੇ ਗੁਸੈਲ ਭਾਸ਼ਾ ਵਿਚ ਬਿਆਨ ਕੀਤੀ ਜਾਂਦੀ ਰਹੀ ਹੈ।
ਇਹ ਵੀ ਹਕੀਕਤ ਹੈ ਕਿ ਜੰਗ-ਏ-ਆਜ਼ਾਦੀ ਦੌਰਾਨ ਕੀਤੇ ਗਏ ਇਹ ਵਾਅਦੇ, ਤਤਕਾਲੀ ਕੇਂਦਰੀ ਆਗੂਆਂ ਨੇ ਸਮਾਗਮਾਂ-ਕਾਨਫਰੰਸਾਂ ਆਦਿ ਵਿਚ ਭਾਸ਼ਣ ਕਰਦਿਆਂ ਕੀਤੇ। ਐਨ ਇਸੇ ਤਰ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਚ ਚੋਣ ਪ੍ਰਚਾਰ ਤੇ ਜਲਸਿਆਂ-ਜਲੂਸਾਂ ਵਿਚ ਹਜ਼ਾਰਾਂ-ਲੱਖਾਂ ਲੋਕਾਂ ਸਾਹਮਣੇ ਮੋਦੀ ਦੇ ਹੋਰ ਅਨੇਕਾਂ ਗੁਣ-ਗਾਨ ਕਰਦਿਆਂ ਪੰਜਾਬੀਆਂ ਨਾਲ ਇਹ ਵਾਅਦਾ ਅਲ-ਐਲਾਨੀਆਂ ਕਰਦੇ ਰਹੇ, “ਪੰਜਾਬ ਵਾਸੀਓ, ਕੇਰਾਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਬਸ ਫਿਰ ਮੈਂ ਜਾਣਾ, ਮੇਰਾ ਕੰਮ ਜਾਣੇ! ਮੈਂ ਦਿੱਲੀ ਜਾ ਕੇ ਇਨ੍ਹਾਂ ਦੇ ਹੱਥ ਫੜ ਕੇ ਸਾਰੇ ਕੰਮ ਕਰਵਾ ਲਿਆਇਆ ਕਰਾਂਗਾ।”
ਲੋਕ ਲੁਭਾਊ ਅੰਦਾਜ਼ ਵਿਚ ਮਲਵਈ ਬੋਲੀ ਵਿਚ ਉਹ ਬਹੁਤਾਤ ਵਿਚ ਬੈਠੇ ਪੱਗਾਂ ਵਾਲਿਆਂ ਵੱਲ ਬਾਂਹ ਕੱਢ ਕੇ ਇਹ ਵੀ ਕਿਹਾ ਕਰਦੇ ਸਨ, “ਲਿਖ ਲੋ ਬੇਸ਼ੱਕ ਕਲਮ ਨਾਲ, ਥੋਡੇ ਨਾਲ ਮੇਰਾ ਇਹ ਪੱਕਾ ਵਾਅਦਾ ਰਿਹਾ ਜੇ।”
ਨਿਰੋਲ ਪੱਗਾਂ ਵਾਲਿਆਂ ਦੀ ਕੇਂਦਰੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਸ਼ ਹੁੰਦਿਆਂ ਇਹ ਵਾਅਦੇ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ‘ਫਖਰ-ਏ-ਕੌਮ’ ਦਾ ਸਰਬੋਤਮ ਸਨਮਾਨ ਦਿਵਾ ਦਿੱਤਾ।
ਸੰਨ ਸੰਤਾਲੀ ਤੋਂ ਪਹਿਲਾਂ ਚਲਦੇ ਆਜ਼ਾਦੀ ਸੰਗਰਾਮ ਦੌਰਾਨ ਜਿਨ੍ਹਾਂ ਕੇਂਦਰੀ ਆਗੂਆਂ ਨੇ ਸਿੱਖਾਂ ਨਾਲ ‘ਉਤਰੀ ਭਾਰਤ ਵਿਚ ਆਜ਼ਾਦ ਖਿੱਤਾ’ ਦੇਣ ਜਿਹੇ ਦਾਅਵੇ ਕੀਤੇ ਸਨ। ਅੱਜ ਨਾ ਉਹ ਵਾਅਦੇ ਕਰਨ ਵਾਲੇ ਆਗੂ ਜਿਉਂਦੇ ਹਨ ਤੇ ਨਾ ਹੀ ਉਹ ਜਿਉਂਦੇ ਹਨ ਜਿਨ੍ਹਾਂ ਨਾਲ ਜਾਂ ਜਿਨ੍ਹਾਂ ਦੇ ਸਾਹਮਣੇ ਉਹ ਕੌਲ-ਕਰਾਰ ਕੀਤੇ ਗਏ ਸਨ। ਫਿਰ ਵੀ ਉਨ੍ਹਾਂ ਵਾਅਦਿਆਂ ਨੂੰ ਸਿੱਖ ਆਗੂ ਅਜੇ ਤੱਕ ਚੇਤੇ ਕਰਦੇ/ਕਰਵਾਉਂਦੇ ਆ ਰਹੇ ਹਨ, ਪਰ ਜੋ ਵਾਅਦਾ ਬਾਦਲ ਨੇ ਪੰਜਾਬ ਵਾਸੀਆਂ ਨਾਲ ਕੀਤਾ ਸੀ, ਉਹਦੇ ਨਾਲ ਸਬੰਧਤ ਸਾਰੀਆਂ ਧਿਰਾਂ ਸੁੱਖ ਨਾਲ ਜਿਉਂਦੀਆਂ ਜਾਗਦੀਆਂ ਹਨ; ਮਤਲਬ ਬਾਦਲ, ਪ੍ਰਧਾਨ ਮੰਤਰੀ ਮੋਦੀ ਅਤੇ ਪੰਜਾਬ ਦੇ ਲੋਕ-ਤਿੰਨੇ ਗਵਾਹ ਧਿਰਾਂ ਮੌਜੂਦ ਹਨ।
ਹੁਣ ਜਦੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਵਿਚ ਗੁਰਪੁਰਬ ਮਨਾਉਣ ਜਾ ਰਹੇ ਵੀਜ਼ਾ-ਧਾਰੀ ਸਿੱਖਾਂ ਨੂੰ ਮੋਦੀ ਸਰਕਾਰ ਵੱਲੋਂ ਰੋਕ ਦਿੱਤਾ ਗਿਆ, ਜਦੋਂ ਸਾੜੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਮਾਨ ਦੀ ਵਾਪਸੀ ਲਈ ਕੇਂਦਰ ਵੱਲੋਂ ਟਕੇ ਵਰਗਾ ਜਵਾਬ ਆ ਗਿਆ, ਜਦੋਂ ਹਰਿਦੁਆਰ ਵਿਚ ਗਿਆਨ ਗੋਦੜੀ ਗੁਰਦੁਆਰਾ ਮੁੜ ਸਥਾਪਤ ਕਰਨ ਲਈ ਸੰਘਰਸ਼ ਕਰਨ ਦੇ ਦਮਗਜੇ ਵੱਜਦੇ ਹਨ, ਜਦੋਂ ਅਕਾਸ਼ਵਾਣੀ ਦਿੱਲੀ ਤੋਂ ਪੰਜਾਬੀ ਖਬਰਾਂ ਦਾ ਬੁਲਿਟਨ ਬੰਦ ਕਰਨ ਖਿਲਾਫ ਰੋਸ ਪੱਤਰ ਲਿਖੇ ਜਾਂਦੇ ਹਨ ਅਤੇ ਜਦੋਂ ਸ੍ਰੀ ਗੁਰੂ ਰਾਮਦਾਸ ਦੇ ਲੰਗਰ ਉਤੇ ਜੀæਐਸ਼ਟੀæ ਠੋਕਣ ਵਰਗੇ ਹੋਰ ਕਈ ਸਿੱਖ ਮਸਲਿਆਂ ਬਾਰੇ ਰੋਸ ਵਜੋਂ ਪ੍ਰੋæ ਬਡੂੰਗਰ ਜਾਂ ਹੋਰ ਬਾਦਲ ਦਲੀਏ ਆਗੂ ਮੋਦੀ ਸਰਕਾਰ ਖਿਲਾਫ ਬੁੜ-ਬੁੜ ਕਰਦਿਆਂ ਹਿਰਖ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਨੂੰ ਫਖਰ-ਏ-ਕੌਮ ਦਾ ਤਾਜ਼ਾ ਤਾਜ਼ਾ ਕੀਤਾ ਵਾਅਦਾ ਕਿਉਂ ਨਹੀਂ ਯਾਦ ਆਉਂਦਾ? ਉਪਰੋਕਤ ਵੱਖ ਵੱਖ ਸਿੱਖ ਮਸਲਿਆਂ ਪ੍ਰਤੀ ਮੋਦੀ ਸਰਕਾਰ ਦਾ ਨਾਂਹ-ਮੁਖੀ ਰਵੱਈਆ ਦੇਖ ਕੇ ਉਸ ਨੂੰ ‘ਮੰਦਭਾਗਾ’ ਕਹਿਣ ਜਾਂ ਸਿੱਖਾਂ ਨੂੰ ਕਿਸੇ ਸੰਘਰਸ਼ ਵਿਚ ਕੁੱਦਣ ਦਾ ਸੱਦਾ ਦੇਣ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਨੂੰ ਵਾਅਦਾ ਯਾਦ ਕਰਾਉਂਦਿਆਂ ਕਿਉਂ ਨਹੀਂ ਆਖਿਆ ਜਾਂਦਾ ਕਿ ਮਾਨਯੋਗ ਫਖਰ-ਏ-ਕੌਮ ਜੀ, ਦਿੱਲੀ ਪਹੁੰਚੋ ਅਤੇ ਪ੍ਰਧਾਨ ਮੰਤਰੀ ਦਾ ਹੱਥ ਫੜ ਕੇ ਸਾਰੇ ਮਸਲੇ ਹੱਲ ਕਰਵਾ ਕੇ ਆਓ।
ਕਬਰਾਂ ਵਿਚ ਜਾ ਸੁੱਤਿਆਂ ਦੇ ਵਾਅਦਿਆਂ ‘ਤੇ ਤਲਖੀ ਵਿਚ ਆਉਣਾ, ਪਰ ਵਾਅਦੇ ਕਰਨ ਵਾਲੀਆਂ ‘ਆਪਣੀਆਂ ਮਹਾਨ ਹਸਤੀਆਂ’ ਨੂੰ ਫਰਜ਼-ਸਨਾਸ਼ੀ ਤੋਂ ਛੋਟ ਦੇਣੀ ਕਿਧਰਲੀ ਦਿਆਨਤਦਾਰੀ ਹੋਈ?