ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ…

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਜਿਉਂ ਹੀ ਸਾਉਣ ਮਹੀਨਾ ਚੜ੍ਹਦਾ ਹੈ, ਮਨ ਦਾ ਪੰਛੀ ਉਡਾਰੀ ਮਾਰ ਕੇ ਬਚਪਨ ਦੇ ਵਿਹੜੇ ਜਾ ਵੜ੍ਹਦਾ ਹੈ ਤੇ ਲਗ ਪੈਂਦਾ ਹੈ ਕਰਨ, ‘ਰੱਬਾ ਰੱਬਾ ਮੀਂਹ ਵਸਾ।’ ਨਾਲ ਹੀ ਬਚਪਨ ਦੀਆਂ ਸਹੇਲੀਆਂ ਵੀਰੋ, ਸੱਤਿਆ, ਸੀਤੋ ਅਤੇ ਮਿੰਦਰੋ ਵੀ ਆ ਹਾਜ਼ਰ ਹੁੰਦੀਆਂ ਹਨ। ਲੰਬੜਦਾਰ ਬਾਪੂ ਜਾਗਰ ਸਿਹੁੰ ਦਾ ਪੋਤਾ ਬੀਰਾ, ਮੋਹਕਮ ਸਿੰਘ ਵਾਈਂਕੇ ਦਾ ਮੁੰਡਾ ਗਿੰਦਰ, ਬਾਪੂ ਜਥੇਦਾਰ ਨਰਾਇਣ ਸਿੰਘ ਦਾ ਪੋਤਾ ਗੁਰਤੇਜ, ਮਹਿਰਿਆਂ ਦਾ ਮੁੰਡਾ ਬੀਂਡਾ, ਅਤੇ ਹੋਰ ਕਈ ਕੁੜੀਆਂ-ਮੁੰਡੇ ਅੱਗੜ-ਪਿੱਛੜ ਗੁਰਦੁਆਰੇ ਦੇ ਪੱਕੇ ਵਿਹੜੇ ਆ ਝੁਰਮਟ ਪਾਉਂਦੇ ਹਨ। ਅੱਜ ਤਾਂ ਬਹੁਤ ਹੀ ਹੁੰਮਸ ਹੈ, ਗੁਰਦੁਆਰੇ ਦੇ ਵਿਹੜੇ ‘ਚ ਬੋਹੜ, ਪਿੱਪਲ ਅਤੇ ਹੋਰ ਕਿੰਨੇ ਸਾਰੇ ਰੁੱਖ ਵੀ ਚੁਪ ਖਲੋਤੇ ਹਨ, ਜਿਵੇਂ ਰੁਸੇ ਹੋਏ ਹੋਣ। ਇਕ ਵੀ ਪੱਤਾ ਨਹੀਂ ਹਿੱਲ ਰਿਹਾ।

ਪਿੰਡ ਦੇ ਬੱਚਿਆਂ ਦੇ ਖੇਡਣ ਦੀ ਥਾਂ ਵੀ ਤਾਂ ਗੁਰਦੁਆਰੇ ਦਾ ਥੜਾ ਈ ਹੈ, ਸਾਰੇ ਪੜ੍ਹਦੇ ਵੀ ਤਾਂ ਉਥੇ ਹੀ ਹਨ, ਪਿਤਾ ਜੀ ਕੋਲੋਂ। ਇੰਜ ਲੱਗਦਾ ਜਿਵੇਂ ਉਨ੍ਹਾਂ ਦਾ ਘਰ ਵੀ ਇਹੋ ਈ ਹੈ, ਬਸ ਰਾਤ ਨੂੰ ਹੀ ਔਖੇ ਸੌਖੇ ਘਰੀਂ ਜਾਂਦੇ। ਅਚਾਨਕ ਬਾਪੂ ਲੰਬੜਦਾਰ, ਜਿਹਦਾ ਘਰ ਵੀ ਗਲੀਓਂ ਪਾਰ ਨਾਲ ਹੀ ਸੀ, ਨੇ ਆ ਕਹਿਣਾ, ਭਾਈ ਸਾਹਿਬ ਜੀ ਅੱਜ ਤਾਂ ਲੋਹੜੇ ਦੀ ਗਰਮੀ ਹੈ, ਸੂਰਜ ਵੀ ਅੱਗ ਬਾਲੀ ਬੈਠਾ ਹੈ ਪਰ ਰੁੱਖਾਂ ਦੀ ਛਾਂਵੇਂ ਫਿਰ ਵੀ ਸੁਖ ਜਿਹਾ ਮਿਲਦਾ ਹੈ। ਉਨ੍ਹਾਂ ਵੀ ਮੰਜਾ ਡਾਹ ਕੇ ਪਿਤਾ ਜੀ ਕੋਲ ਬੈਠ ਜਾਣਾ। ਪਿਤਾ ਜੀ ਨੇ ਆਖਣਾ, ਲੰਬੜਦਾਰ ਜੀ, ਔਹ ਵੇਖੋ ਇਕ ਬੱਦਲੀ ਤਾਂ ਦਿਸ ਰਹੀ ਹੈ, ਮੀਂਹ ਆਇਆ ਹੀ ਲਓ। ਪਿਤਾ ਜੀ ਨੇ ਬੇ ਜੀ ਨੂੰ ਆਵਾਜ਼ ਦੇਣੀ, ਦੋ ਗਲਾਸ ਲੱਸੀ ਦੇ ਮੱਖਣ ਪਾ ਕੇ ਲਿਆਓ, ਲੰਬੜਦਾਰ ਹੁਰਾਂ ਨੂੰ ਛਕਾਈਏ। ਲੱਸੀ ਪੂਰੀ ਮੁਕਣੀ ਵੀ ਨਾ ਤੇ ਗੜ ਗੜ ਕਰਦੇ ਬੱਦਲਾਂ ਨੇ ਸੂਰਜ ਨੂੰ ਆ ਘੇਰਾ ਪਾਉਣਾ। ਠੰਢੀ ਹਵਾ ਵੀ ਰੁਮਕ ਪੈਣੀ ਤੇ ਵੇਂਹਦਿਆਂ ਵੇਂਹਦਿਆਂ ਸਾਉਣ ਨੇ ਰਿਮਝਿਮ ਰਿਮਝਿਮ ਆ ਲਾਉਣੀ।
ਬੱਸ ਫਿਰ ਕੀ, ਨਿਆਣਿਆਂ ਨੇ ਆਪਣੇ ਕੈਦੇ ਤੇ ਫੱਟੀਆਂ ਰੱਖਣੇ ਗੁਰੂ ਘਰ ਦੇ ਅੰਦਰ ਤੇ ਵੱਸਦੇ ਮੀਂਹ ਵਿਚ ਉਛਲ ਕੁਦ ਦੇ ਨਾਲ ਹੀ ਸ਼ੁਰੂ ਨਾਲ ਹੋ ਜਾਣਾ ਸਹਿਗਾਣ, ‘ਕਾਲੀਆਂ ਇੱਟਾਂ, ਕਾਲੇ ਰੋੜ, ਰੱਬਾ ਮੀਂਹ ਵੱਸਾ ਦੇ ਜ਼ੋਰੋ ਜ਼ੋਰ।’
ਸਾਉਣ ਮਹੀਨਾ ਕੀ ਚੜ੍ਹਨਾ, ਪਿੰਡ ਦੇ ਲੋਕਾਂ ਲਈ ਜੇਠ-ਹਾੜ੍ਹ ਦੀ ਤਪਸ਼ ਮਗਰੋਂ ਸਾਉਣ ਤਾਂ ਕੁਦਰਤ ਦਾ ਵਰਦਾਨ ਹੀ ਹੋ ਨਿਬੜਨਾ। ਜਿਮੀਂਦਾਰਾਂ ਨੇ ਸ਼ੁਕਰ ਕਰਨਾ ਕਿ ਸਾਉਣ ‘ਚ ਰੱਜ ਕੇ ਮੀਂਹ ਪਊ, ਫਸਲਾਂ ਸੋਹਣੀਆਂ ਹੋਣਗੀਆਂ, ਸਾਲ ਭਰ ਦੇ ਰਿਜ਼ਕ ਲਈ ਕੋਠੀਆਂ ਭੜੋਲੇ ਭਰ ਲਵਾਂਗੇ।
ਉਦੋਂ ਜਿਮੀਂਦਾਰ ਗਰੀਬ ਜ਼ਰੂਰ ਹੁੰਦੇ ਸਨ ਪਰ ਹੁਣ ਵਾਂਗ ਨਾ ਹੀ ਕਰਜਾਈ ਸਨ ਅਤੇ ਨਾ ਹੀ ਹੁਣ ਵਾਂਗ ਫਾਹੇ ਲੱਗ ਲੱਗ ਜਾਨਾਂ ਦਿੰਦੇ ਸਨ, ਥੋੜ੍ਹੇ ਵਿਚ ਗੁਜ਼ਾਰਾ ਕਰਕੇ ਸੁਖੀ ਜੀਵਨ ਜਿਉਂਦੇ ਸਨ। ਭੋਲੇ ਭਾਲੇ, ਸਿੱਧੇ ਸਾਦੇ ਲੋਕ ਤਾਂ ਰੱਬ ਜੀ ਨਾਲ ਸਹਿਜ ਸੁਭਾਅ ਗੱਲਾਂ ਵੀ ਕਰ ਲੈਂਦੇ। ਨਾਲ ਹੀ ਅੰਬ ਤੇ ਜਾਮਣੂੰ ਪੱਕ ਪੈਣੇ, ਨਿਕੇ ਨਿਕੇ ਚੂਸਣ ਵਾਲੇ ਅੰਬ ਮਿਸ਼ਰੀ ਤੋਂ ਵੀ ਮਿੱਠੇ। ਅੰਬ ਦੇ ਬੂਟੇ ‘ਤੇ ਬੈਠ ਕੇ ਜਦ ਕੋਇਲ ਨੇ ਪੰਚਮ ਦੀ ਸੁਰ ਵਿਚ ਬਿਰਹਾ ਦਾ ਗੀਤ ਗਾਉਣਾ ਤਾਂ ਪਿਤਾ ਜੀ ਨੇ ਕਹਿਣਾ, ਇਹ ਕੋਇਲ ਵੀ ਸਾਉਣ ਦੀ ਰੁਤੇ ਪ੍ਰਭੂ ਨੂੰ ਮਿਲਣ ਲਈ ਪੁਕਾਰ ਪਈ ਕਰਦੀ ਹੈ। ਕੋਇਲ ਦੀ ਆਵਾਜ਼ ਸੁਣਦੇ ਹੀ ਗੁਰੂ ਘਰ ਦੇ ਨਾਲ ਵਗਦੀ ਬੇਈਂ ਨਦੀ ਦੇ ਕਿਨਾਰੇ ਦਰਖਤਾਂ ਦੀ ਝੰਗੀ ਵਿਚ ਰਹਿੰਦੇ ਮੋਰਾਂ ਵੀ ਪੈਲਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ। ਵਾਹ! ਮੇਰੇ ਰਬ ਜੀਓ, ਕੁਦਰਤ ਦੇ ਕਾਦਰ ਜੀਓ, ਉਹ ਕੈਸੇ ਮਨਮੋਹਣੇ ਤੇ ਸੋਹਣੇ ਨਜ਼ਾਰੇ ਸਨ ਜਿਨ੍ਹਾਂ ਨੂੰ ਚੇਤੇ ਕਰਕੇ ਹੀ ਮੰਤਰ ਮੁਗਧ ਹੋ ਜਾਈਦਾ ਹੈ।
ਜਿਸ ਦਿਨ ਲੰਮੀ ਝੜੀ ਲੱਗ ਜਾਣੀ ਤਾਂ ਬਜ਼ੁਰਗ ਮਾਂਵਾਂ ਨੇ ਆਖਣਾ ‘ਸਾਉਣ ਦੀ ਝੜੀ ਤੇ ਸੂਤਰ ਦੀ ਲੜੀ।’ ਬਸ ਫਿਰ ਕੀ, ਮੌਜਾਂ ਹੀ ਮੌਜਾਂ। ਮਾਂਵਾਂ ਨੇ ਖੀਰ ਦੇ ਪਤੀਲੇ ਚੁੱਲਿਆਂ ‘ਤੇ ਰੱਖ ਦੇਣੇ ਅਤੇ ਨਾਲ ਹੀ ਮਾਲ ਪੂੜੇ ਪੱਕਣੇ ਸ਼ੁਰੂ ਹੋ ਜਾਣੇ। ਵਾਹ ਜੀ ਵਾਹ! ਗੁੜ ਦੇ ਮਿੱਠੇ ਪੂੜੇ ਅਤੇ ਨਮਕੀਨ ਪੂੜੇ-ਖੀਰ ਤੇ ਪੂੜਿਆਂ ਦਾ ਉਹ ਸਵਾਦ, ਉਹ ਨਜ਼ਾਰਾ ਹੁਣ ਕਿੱਥੇ? ਬੱਚਿਆਂ ਨੇ ਪੂਣੀ ਬਣਾ ਕੇ ਪੂੜੇ ਹੱਥਾਂ ਵਿਚ ਫੜ੍ਹ ਲੈਣੇ ਅਤੇ ਹੋ ਜਾਣਾ ਸ਼ੁਰੂ, ‘ਖੀਰ ਪੂੜੇ ਖਾਵਾਂਗੇ, ਮੀਂਹ ਦੇ ਵਿਚ ਨਹਾਵਾਂਗੇ।’
ਸਾਉਣ ਚੜ੍ਹਨ ‘ਤੇ ਵੀਰਾਂ ਨੇ ਸਜ ਵਿਆਹੀਆਂ ਭੈਣਾਂ ਨੂੰ, ਉਨ੍ਹਾਂ ਦੇ ਸਹੁਰਿਆਂ ਤੋਂ ਜਾ ਕੇ ਲੈ ਆਉਣਾ। ਨਵ ਵਿਆਹੀਆਂ ਨੇ ਪਿੱਪਲ ‘ਤੇ ਪੀਂਘ ਆ ਪਾਉਣੀ। ਬਾਹਵਾਂ ਵਿਚ ਰੱਤੇ ਚੂੜੇ, ਹੱਥਾਂ ‘ਤੇ ਲਾਲ ਸੁਰਖ ਮਹਿਕਾਂ ਵੰਡਦੀ ਮਹਿੰਦੀ, ਲਾਲ ਦੰਦਾਸੇ, ਪੈਰੀਂ ਛਣ ਛਣ ਕਰਦੀਆਂ ਝਾਂਜਰਾਂ, ਰੰਗ-ਬਰੰਗੇ ਸੂਟ, ਕਈਆਂ ਦੇ ਸਿਰ ਫੁਲਕਾਰੀ, ਕਈਆਂ ਦੇ ਗੋਟੇ ਕਿਨਾਰੀ ਤੇ ਸਿਤਾਰਿਆਂ ਜੜੀਆਂ ਚੁੰਨੀਆਂ। ਪਿੜ ਬੰਨ੍ਹ ਕੇ ਗਿਧੇ ਵਿਚ ਵਾਰੀ ਵਾਰੀ ਬੋਲੀਆਂ ਪਾ ਕੇ ਮਾਹੀਏ ਨੂੰ ਯਾਦ ਕਰਨਾ, ਪਿੱਪਲ ਦੀ ਟੀਸੀ ਤੱਕ ਜਿਦ ਜਿਦ ਉਚੀਆਂ ਪੀਘਾਂ ਚੜ੍ਹਾਉਣੀਆਂ ਤੇ ਪਿੱਪਲ ਦੇ ਪੱਤੇ ਤੋੜ ਲਿਆਉਣੇ। ਇੰਜ ਸਾਉਣ ਦਾ ਪੂਰਾ ਮਹੀਨਾ ਹੀ ਇਕ ਲੰਮਾ ਤਿਉਹਾਰ ਬਣ ਜਾਣਾ। ਜਰਾ ਕੁ ਮੀਂਹ ਹਟਣਾ ਤਾਂ ਮਾਂਵਾਂ ਤੇ ਭਰਜਾਈਆਂ ਨੇ ਵਿਹੜਿਆਂ ਵਿਚ ਗੋਹੇ ਪੋਚੇ ਫੇਰ ਕੇ ਘਰਾਂ ਦੀ ਨੁਹਾਰ ਹੀ ਬਦਲ ਦੇਣੀ ਪਰ ਮੇਘੜੇ ਨੇ ਵੀ ਝਟ ਪਟ ਆ ਕੇ ਸਾਰਾ ਗੋਹਾ ਪੋਚਾ ਰੋੜ੍ਹ ਕੇ ਲੈ ਜਾਣਾ। ਜੇ ਕਿਸੇ ਦੇ ਘਰ ਖੀਰ ਪੂੜੇ ਨਾ ਵੀ ਪੱਕਣੇ ਤਾਂ ਆਂਢ ਗੁਆਂਢ ਨੇ ਆਪੇ ਹੀ ਫੜ੍ਹਾ ਆਉਣੇ। ਭਲਾ ਸਾਉਣ ਵਿਚ ਕੋਈ ਖੀਰ ਪੂੜੇ ਖਾਧੇ ਬਗੈਰ ਕਿਵੇਂ ਰਹਿ ਸਕਦਾ ਹੈ, ‘ਸਾਵਣ ਖੀਰ ਨਾ ਖਾਧੀ ਆ, ਕਿਉਂ ਜੀਵੇਂ ਅਪਰਾਧੀਆ।’
ਜਵਾਨ ਧੀਆਂ ਨੇ ਚਾਅ ਪੂਰੇ ਕਰਨੇ ਅਤੇ ਨਿਕੀਆਂ ਬਾਲੜੀਆਂ ਨੇ ਗੁੱਡੀਆਂ-ਪਟੋਲਿਆਂ ਦੀ ਖੇਡ ਵਿਚ ਮਸਤ ਰਹਿਣਾ। ਜੇ ਔੜ ਲੱਗ ਜਾਣੀ, ਮੇਘੜੇ ਨੇ ਰੁਸ ਬਹਿਣਾ ਤਾਂ ਨਿੱਕੀਆਂ ਨਿੱਕੀਆਂ ਧੀਆਂ ਨੇ ਰੁਸੇ ਹੋਏ ਮੇਘੇ ਨਾਲ ਰੋਸ ਜ਼ਾਹਰ ਕਰਨ ਲਈ ਆਪਣਾ ਗੁੱਡੀ-ਗੁੱਡਾ ਸਾੜਨ ਜਾਣਾ ਅਤੇ ਗਾਉਣਾ, ‘ਵੱਸ ਮੀਂਹਾਂ ਕਾਲਿਆ, ਮੈਂ ਗੁੱਡੀ-ਗੁੱਡਾ ਸਾੜਿਆ। ਵੱਸ ਮੀਂਹਾਂ ਚਿੱਟਿਆ, ਮੈਂ ਗੁੱਡੀ-ਗੁੱਡਾ ਪਿੱਟਿਆ।’ ਮੇਘੜੇ ਨੇ ਵੀ ਝਟ ਆਪਣੀਆਂ ਫੌਜਾਂ ਲੈ ਕੇ ਅਸਮਾਨ ‘ਤੇ ਚੜ੍ਹ ਆਉਣਾ ਤੇ ਇੰਨੀ ਜੋਰ ਦੀ ਵੱਸਣਾ ਕਿ ਹਰ ਪਾਸੇ ਜਲ ਥਲ ਕਰ ਦੇਣੀ। ਪਿਆਸੀ ਧਰਤੀ ਨੇ ਤ੍ਰਿਪਤ ਹੋ ਕੇ ਸੁਖ ਦਾ ਸਾਹ ਲੈਣਾ, ਹਰ ਪਾਸੇ ਹਰੀਆਂ ਭਰੀਆਂ ਫਸਲਾਂ ਲਹਿਰਾਉਂਦੀਆਂ ਵੇਖ ਕੇ ਕੀ ਇਨਸਾਨ ਤੇ ਕੀ ਪਸੂ-ਪੰਛੀ ਸਭ ਝੂਮ ਉਠਣੇ, ਬਨਸਪਤੀ ਨੇ ਤਾਂ ਇਵੇਂ ਝੂਮਣਾ ਜਿਵੇਂ ਕਾਦਰ ਨੂੰ ਚਵਰ ਝੁਲਾ ਰਹੀ ਹੋਵੇ। ਇਹ ਵੇਖ ਭਲਾ ਕੁਦਰਤ ਰਾਣੀ ਕਿਵੇਂ ਚੁੱਪ ਬੈਠੀ ਰਵੇ, ‘ਮਉਲੀ ਧਰਤੀ ਮਉਲਿਆ ਅਕਾਸੁ॥
ਹਰ ਪਾਸੇ ਵਿਸਮਾਦ ਹੀ ਵਿਸਮਾਦ। ਕੁਦਰਤ ਰਾਣੀ ਨੇ ਵੀ ਅਸਮਾਨ ‘ਤੇ ਪੀਂਘ ਪਾ ਕੇ ਉਤੇ ਬੈਠ ਜਾਣਾ ਅਤੇ ਖੂਬ ਪੀਂਘ ਝੂਟਣੀ। ਜਦ ਕੁਦਰਤ ਰਾਣੀ ਨੂੰ ਪੀਂਘ ਝੂਟਦੀ ਵੇਖਣਾ ਤਾਂ ਮੋਰ, ਪਪੀਹੇ, ਕੋਇਲਾਂ-ਸਭ ਵਜਦ ਵਿਚ ਆ ਜਾਣੇ, ਡੱਡੂਆਂ ਨੇ ਵੀ ਚੁਪ ਨਾ ਬੈਠਣਾ ਤੇ ਆਖਣਾ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਹਾਂ ਜੋ ਇਨ੍ਹਾਂ ਨਜ਼ਾਰਿਆਂ ਦਾ ਅਨੰਦ ਨਾ ਮਾਣੀਏ! ਉਨ੍ਹਾਂ ਨੇ ਵੀ ਖੂਬ ਸ਼ੋਰ ਪਾਉਣਾ ਤੇ ਗੜੈਂ ਗੜੈਂ ਦੇ ਗੀਤ ਰੱਜ ਰੱਜ ਗਾਉਣੇ, ਸ਼ਾਮ ਪੈਣੀ ਤਾਂ ਮੱਛਰਾਂ ਨੇ ਆ ਡੇਰੇ ਲਾਉਣੇ ਤੇ ਕੰਨਾਂ ਕੋਲ ਮੂੰਹ ਕਰ ਕਰ ਗੀਤਰ ਗਾਉਣਾ। ਬੰਦੇ ਤੋਂ ਲੈ ਕੇ ਪਸੂਆਂ ਤੱਕ ਨੂੰ ਦੰਦੀਆਂ ਵੱਢ ਵੱਢ ਖਾਈ ਜਾਣਾ ਕਿ ਸਾਡੇ ਗੀਤਰ ਵੀ ਜ਼ਰੂਰ ਸੁਣੋ।
ਕਾਲੀ ਰਾਤ ਵਿਚ ਟਟੈਹਣਿਆਂ ਦਾ ਟਿਮ ਟਿਮ ਕਰਨਾ ਅਤੇ ਬੀਂਡਿਆਂ ਦੀਆਂ ਸੁਰੀਲੀਆਂ ਆਵਾਜ਼ਾਂ ਅੱਜ ਵੀ ਸੁਣਦੀਆਂ ਹਨ। ਅਜੇ ਛੱਤਾਂ ‘ਤੇ ਮੰਜੀਆਂ ਡਾਹ ਕੇ ਲੰਮਿਆਂ ਪੈਣ ਹੀ ਲੱਗਣਾ ਤਾਂ ਕਿਣ ਮਿਣ, ਕਿਣ ਮਿਣ ਸ਼ੁਰੂ ਹੋ ਜਾਣੀ। ਕਿਆ ਨਜ਼ਾਰੇ ਸਨ-ਮੀਂਹ ਦੀਆਂ ਕਣੀਆਂ ਵਿਚ ਵੀ ਚਾਦਰਾਂ ਉਤੇ ਲੈ ਕੇ ਢੀਠ ਜਿਹੇ ਹੋ ਕੇ ਪਏ ਰਹਿਣਾ। ਪਰ ਮੁੜਨਾ ਮੀਂਹ ਨੇ ਵੀ ਨਾ। ਮੰਜੇ-ਬਿਸਤਰੇ ਲੈ ਕੇ ਅੰਦਰੀਂ ਵੜਨਾ ਤਾਂ ਹੁੰਮਸ ਨੇ ਖਾਣ ਨੂੰ ਪੈਣਾ, ਨਾਲ ਹੀ ਮੀਂਹ ਵੀ ਬੰਦ ਹੋ ਜਾਣਾ। ਨਿਕੀ ਨਿਕੀ ਪੌਣ ਰੁਮਕ ਪੈਣੀ ਤਾਂ ਮਾਂ ਨੇ ਆਖਣਾ ਠੰਢੀ ਹਵਾ ਆਈ ਏ, ਕੋਈ ਧੀਆਂ ਦਾ ਬਾਬੁਲ ਬੈਠਾ ਹੈ, ਹਵਾ ਚਲਾਉਣ ਲਈ ਤਾਂ ਫਿਰ ਛੱਤਾਂ ‘ਤੇ ਜਾ ਚੜ੍ਹਨਾ।
ਇਹ ਸਭ ਹੁਣ ਜਦੋਂ ਚੇਤੇ ਆਉਂਦਾ ਹੈ ਤਾਂ ਸੁਤੇ ਸਿਧ ਹੀ ਅੰਦਰ ਕੁਝ ਟੁੱਟਦਾ ਹੈ, ਕੁਝ ਮਰਦਾ ਹੈ ਕਿ ਅਸੀਂ ਕੀ ਸਾਂ ਤੇ ਕੀ ਬਣ ਗਏ। ਪਰਿਵਰਤਨ ਤਾਂ ਕੁਦਰਤ ਦਾ ਨਿਯਮ ਹੈ। ਰੁੱਤਾਂ, ਮੌਸਮ, ਰੀਤੀ-ਰਿਵਾਜ ਸਭ ਕੁਝ ਬਦਲਦਾ ਰਹਿੰਦਾ ਹੈ ਪਰ ਜਿੰਨਾ ਅਸੀਂ ਬਦਲ ਗਏ ਹਾਂ, ਇਹ ਕੁਝ ਬਹੁਤਾ ਹੀ ਹੈ। ਇੰਨੀ ਤਰੱਕੀ, ਇੰਨੀ ਸਿਆਣਪ-ਬੰਦਾ ਤਾਂ ਬੰਦਾ ਹੀ ਨਹੀਂ ਰਿਹਾ। ਰੱਬ ਨੂੰ ਤਾਂ ਕੀ, ਬੰਦਾ ਆਪਣੇ ਆਪ ਨੂੰ ਵੀ ਭੁੱਲ ਬੈਠਾ ਹੈ ਅਤੇ ਤੇਜ ਰਫਤਾਰ ਮਸ਼ੀਨ ਵਾਂਗ ਬਿਨਾ ਬਰੇਕ ਦੌੜਿਆ ਜਾ ਰਿਹਾ ਹੈ। ਨਾ ਪਰਿਵਾਰ, ਨਾ ਰਿਸ਼ਤੇ-ਜਦ ਅਸੀਂ ਆਪੇ ਨੂੰ ਹੀ ਭੁੱਲ ਬੈਠੇ ਹਾਂ ਤਾਂ ਸਾਉਣ ਮਹੀਨਾ ਕਿਥੇ? ਜਿਧਰ ਗਈਆਂ ਬੇੜੀਆਂ, ਉਧਰ ਗਏ ਮਲਾਹ।
ਪਰ ਮੈਨੂੰ ਕੁਝ ਨਹੀਂ ਭੁੱਲਾ, ਸਭ ਯਾਦ ਹੈ ਤੇ ਯਾਦ ਰੱਖਦੀ ਹਾਂ, ਉਹ ਬੇਈਂ ਦਾ ਕੰਢਾ, ਕੰਢੇ ‘ਤੇ ਮਸੀਤ ਵਿਚ ਗੁਰਦੁਆਰਾ, ਦਰੱਖਤਾਂ ਦੇ ਸੰਘਣੇ ਝੁੰਡ, ਪਿਤਾ ਜੀ ਦਾ ਫੁੱਲ ਬੂਟਿਆਂ ਤੇ ਸਬਜੀਆਂ ਦਾ ਵਾੜਾ, ਗੁਰਦੁਆਰੇ ਦੀ ਖੂਹੀ ‘ਤੇ ਪਿੰਡ ਵਾਲਿਆਂ ਦਾ ਪਾਣੀ ਭਰਨਾ, ਬੇਈਂ ਦੇ ਰੇਤਲੇ ਪੱਤਣ ਤੇ ਪਿੰਡ ਦੀਆਂ ਔਰਤਾਂ ਦਾ ਕੱਪੜੇ ਧੋਣਾ, ਬੇਈਂ ਵਿਚ ਬੱਚਿਆਂ ਦਾ ਨਹਾਉਣਾ, ਸਭ ਨੇ ਰੇਤੇ ਦੇ ਘਰ ਬਣਾਉਣੇ, ਚਸ਼ੀਆਂ ਨਾਲ ਖੇਡਣਾ ਅਤੇ ਰੇਤੇ ਵਿਚੋਂ ਸਿੱਪੀਆਂ-ਘੋਗੇ ਲੱਭਣੇ, ਸਾਉਣ ‘ਚ ਮੀਂਹ ਮਗਰੋਂ ਟੁੱਟੀਆਂ ਵੰਗਾਂ ਦੇ ਟੋਟੇ ਲੱਭਣੇ ਅਤੇ ਗੁੱਡੀਆਂ ਪਟੋਲਿਆਂ ਨਾਲ ਖੇਡਣਾ-ਸਭ ਕੁਝ ਯਾਦ ਹੈ ਅਤੇ ਵਾਅਦਾ ਹੈ ਸਭ ਕੁਝ ਯਾਦ ਰੱਖਾਂਗੀ। ਹੋ ਸਕੇ ਤਾਂ ਤੁਸੀਂ ਵੀ ਜ਼ਰੂਰ ਯਾਦ ਰਖਣਾ, ਜੇ ਹੋਰ ਕੁਝ ਨਹੀਂ ਤਾਂ ਸਾਉਣ ਮਹੀਨੇ ਨੂੰ ਜ਼ਰੂਰ ਯਾਦ ਰਖੀਏ, ਸਾਵਣ ਆਇਆ, ਸਾਵਣ ਆਇਆ।